Welcome to Canadian Punjabi Post
Follow us on

21

January 2025
 
ਸੰਪਾਦਕੀ

ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ

November 28, 2023 12:34 AM

-ਜਤਿੰਦਰ ਪਨੂੰ
ਪਿਛਲੇ ਦਿਨੀਂ ਇੱਕ ਸਮਾਜੀ ਸਮਾਗਮ ਵਿੱਚ ਉਸ ਵੇਲੇ ਬੜੀ ਅਜੀਬ ਸਥਿਤੀ ਹੋ ਗਈ, ਜਦੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ਵਿੱਚੋਂ ਇੱਕ ਜਣਾ ਦਿੱਸ ਪਿਆ, ਪਰ ਦੂਰ ਖੜਾ ਏਦਾਂ ਵੇਖੀ ਜਾਵੇ, ਜਿਵੇਂ ਮਿਲਣਾ ਚਾਹੁੰਦਾ ਸੀ, ਬੱਸ ਮੌਕਾ ਉਡੀਕਦਾ ਪਿਆ ਸੀ। ਸਾਡੇ ਨਾਲ ਕੁਝ ਇਹੋ ਜਿਹੇ ਲੋਕ ਖੜੇ ਸਨ, ਜਿਹੜੇ ਇਸ ਵਕਤ ਭਾਜਪਾ ਆਗੂ ਹਨ ਤੇ ਕਦੇ ਉਹ ਵੀ ਉਸ ਨਾਲ ਕਾਂਗਰਸ ਪਾਰਟੀ ਵਿੱਚ ਹੁੰਦੇ ਸਨ। ਉਹ ਖੁਦ ਵੀ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਤੇ ਬਾਅਦ ਵਿੱਚ ਕਾਂਗਰਸ ਵੱਲ ਵਾਪਸ ਆਇਆ ਸੀ। ਉਸ ਦੀ ਦੋਚਿੱਤੀ ਵੇਖ ਕੇ ਅਸੀਂ ਖੁਦ ਉਸ ਵੱਲ ਜਾਣ ਦਾ ਮਨ ਬਣਾਇਆ ਤਾਂ ਸਾਨੂੰ ਆਉਂਦੇ ਵੇਖ ਕੇ ਉਹ ਖੁਦ ਹੀ ਸਾਡੇ ਵੱਲ ਤੁਰ ਪਿਆ। ਬਾਅਦ ਵਿੱਚ ਅਸੀਂ ਗੱਲਾਂ ਵਿੱਚ ਉਸ ਤੋਂ ਪੁੱਛਿਆ ਕਿ ਦੂਰੋਂ ਕਿਉਂ ਵੇਖੀ ਜਾਂਦਾ ਸੀ ਤੇ ਉਹ ਕੋਲ ਕਿਉਂ ਨਹੀਂ ਸੀ ਆ ਰਿਹਾ! ਉਸ ਦਾ ਸਿੱਧਾ ਜਵਾਬ ਸੀ ਕਿ ਤੁਹਾਡੇ ਕੋਲ ਭਾਜਪਾ ਦਾ ਫਲਾਣਾ ਆਗੂ ਖੜਾ ਸੀ, ਇਸ ਲਈ ਮੈਂ ਓਥੇ ਨਹੀਂ ਸੀ ਆਉਣਾ ਚਾਹੁੰਦਾ। ਮੈਂ ਹੱਸ ਕੇ ਕਿਹਾ ਕਿ ਉਸ ਤੋਂ ਪਹਿਲਾਂ ਤੁਸੀਂ ਵੀ ਭਾਜਪਾ ਵਿੱਚ ਗਏ ਸੀ, ਫਿਰ ਵਾਪਸ ਆ ਗਏ, ਇਹ ਵੀ ਚੰਗਾ ਤਮਾਸ਼ਾ ਹੈ। ਉਸ ਨੇ ਲੁਕਾਉਣ ਬਿਨਾਂ ਕਿਹਾ ਕਿ ਏਸੇ ਆਗੂ ਦੇ ਵਿਰੋਧ ਕਾਰਨ ਓਥੇ ਗਿਆ ਸਾਂ, ਜਦੋਂ ਇਹ ਵੀ ਓਥੇ ਪਹੁੰਚ ਗਿਆ ਤਾਂ ਮੈਂਮੋੜਾ ਪਾ ਲਿਆ। ਮੈਂ ਅਗਲਾ ਸਵਾਲ ਪੁੱਛ ਲਿਆ ਕਿ ਜੇ ਕੱਲ੍ਹ ਨੂੰ ਉਹਆਗੂ ਵੀ ਫਿਰ ਕਾਂਗਰਸ ਵੱਲਮੁੜ ਆਇਆ ਤਾਂ ਤੁਸੀਂ ਕਿੱਥੇਜਾਉਗੇ? ਅੱਗੋਂ ਉਸ ਨੇ ਮੋੜਵਾਂ ਸਵਾਲ ਸਾਡੇ ਅੱਗੇ ਰੱਖ ਦਿੱਤਾ ਕਿ ਕੀ ਉਹਬੰਦਾ ਵੀ ਸੱਚਮੁੱਚ ਵਾਪਸੀ ਕਰ ਸਕਦਾ ਹੈ?
ਪਤਾ ਨਹੀਂ ਕਿਉਂ ਉਸ ਨੂੰ ਇਹ ਗੱਲ ਪੱਲੇ ਨਹੀਂ ਸੀ ਪੈਂਦੀ ਕਿ ਭਾਰਤ ਦੀ ਰਾਜਨੀਤੀ ਵਿੱਚ ਏਦਾਂ ਕਰਨ ਵਾਸਤੇ ਕਿਸੇ ਨੂੰ ਰੂਟ ਪਰਮਿਟ ਕਦੇ ਨਹੀਂ ਲੈਣਾ ਪੈਂਦਾ, ਬਹੁਤ ਸਾਰੇ ਲੋਕ ਇਸ ਤਰ੍ਹਾਂ ਆਪਣੀ ਪਾਰਟੀ ਛੱਡ ਕੇ ਦੂਜੀ ਵੱਲ ਜਾਂਦੇ ਅਤੇ ਫਿਰ ਪਹਿਲੀ ਪਾਰਟੀ ਵੱਲ ਮੁੜਦੇ ਰਹਿੰਦੇ ਹਨ। ਏਦਾਂ ਦਾ ਕੰਮ ਕਦੇ ਕਿਸੇ ਇੱਕ ਜਾਂ ਦੂਸਰੀ ਪਾਰਟੀ ਤੀਕਰ ਸੀਮਤ ਨਹੀਂ ਰਿਹਾ, ਕਾਂਗਰਸ ਅਤੇ ਭਾਜਪਾ ਵਰਗੀਆਂ ਦੇਸ਼ ਦੀ ਰਾਜ-ਗੱਦੀ ਵਾਸਤੇ ਲੜਦੀਆਂ ਧਿਰਾਂ ਤੋਂ ਲੈ ਕੇ ਕਿਸੇ ਰਾਜ ਦੀ ਕਿਸੇ ਟੁੱਟੀ-ਭੱਜੀ ਧਿਰ ਤੱਕ ਸਾਰੀਆਂ ਵਿੱਚ ਇਹ ਕੁਝ ਹੁੰਦਾ ਰਹਿੰਦਾ ਹੈ, ਪਰ ਕਮਾਲ ਦੀ ਗੱਲ ਹੈ ਕਿ ਜਿਹੜੇ ਲੀਡਰ ਨੂੰ ਇਸ ਦਾ ਤਜਰਬਾ ਇੱਕ ਵਾਰ ਹੋ ਗਿਆ ਹੋਵੇ, ਇਸ ਤਰ੍ਹਾਂ ਕਰਨ ਤੋਂ ਉਹ ਵੀ ਨਹੀਂ ਰਹਿੰਦਾ। ਸਾਡੇ ਪੰਜਾਬ ਦਾ ਤਜਰਬਾ ਵੀ ਇਹੋ ਹੈ ਤੇ ਭਾਰਤ ਦੇਸ਼ ਦੀ ਰਾਜਨੀਤੀ ਦਾ ਵੀ ਮੁੱਢਲੇ ਦਿਨਾਂ ਤੋਂ ਅੱਜ ਤੱਕ ਦਾ ਇਤਹਾਸਕ ਰਿਕਾਰਡ ਇਹੋ ਹੈ।
ਇੱਕ ਕਾਂਗਰਸੀ ਲੀਡਰ ਅਤੇ ਕੇਂਦਰੀ ਮੰਤਰੀ ਹੇਮਵਤੀ ਨੰਦਨ ਬਹੁਗੁਣਾ ਹੁੰਦਾ ਸੀ, ਜਿਸ ਨੂੰ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਬਣਨ ਦਾ ਮੌਕਾ ਇੰਦਰਾ ਗਾਂਧੀ ਨੇ ਦਿੱਤਾ ਸੀ। ਉਹ ਇੰਦਰਾ ਗਾਂਧੀ ਦਾ ਸਾਥ ਛੱਡ ਕੇ ਪਹਿਲਾਂ ਕਾਂਗਰਸ ਫਾਰ ਡੈਮੋਕਰੇਸੀ ਬਣਾਉਣ ਵਾਲਿਆਂਵਿੱਚ ਸ਼ਾਮਲ ਹੋਇਆ, ਓਥੋਂ ਜਨਤਾ ਪਾਰਟੀ ਵਿੱਚ ਗਿਆ ਤੇ ਫਿਰ ਚੌਧਰੀ ਚਰਨ ਸਿੰਘ ਦੀ ਸਰਕਾਰ ਦਾ ਥੋੜ੍ਹਾ ਚਿਰ ਖਜ਼ਾਨਾ ਮੰਤਰੀ ਰਿਹਾ। ਪੌਣੇ ਤਿੰਨ ਸਾਲ ਪਿੱਛੋਂ ਇੰਦਰਾ ਕਾਂਗਰਸਵਾਲੀ ਟਿਕਟ ਉੱਤੇ ਉਹ ਪਾਰਲੀਮੈਂਟ ਮੈਂਬਰ ਬਣਿਆ ਅਤੇ ਦੋ ਸਾਲਾਂ ਪਿੱਛੋਂ ਫਿਰ ਛੱਡ ਗਿਆ। ਬਾਅਦ ਵਿੱਚ ਉਸ ਦਾ ਪੁੱਤਰ ਵਿਜੇ ਬਹੁਗੁਣਾ ਓਸੇ ਕਾਂਗਰਸ ਪਾਰਟੀ ਵੱਲੋਂ ਉੱਤਰਾ ਖੰਡ ਦਾ ਮੁੱਖ ਮੰਤਰੀ ਬਣਿਆ, ਪਰ ਜਦੋਂ ਗੱਦੀ ਖੁੱਸ ਗਈ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਅੱਜਕੱਲ੍ਹ ਉਸੇ ਵਿਜੇ ਬਹੁਗੁਣਾ ਦਾ ਪੁੱਤਰ ਸੌਰਭ ਬਹੁਗੁਣਾ ਭਾਜਪਾ ਵੱਲੋਂ ਪਾਰਲੀਮੈਂਟ ਮੈਂਬਰ ਹੈ ਤੇ ਵਿਜੇ ਦੀ ਭੈਣ ਰੀਟਾ ਬਹੁਗੁਣਾ ਜੋਸ਼ੀ ਵੀ ਭਾਜਪਾ ਦੀ ਪਾਰਲੀਮੈਂਟ ਮੈਂਬਰ ਹੈ। ਕਿਸੇ ਸਮੇਂ ਇਹੋ ਰੀਤਾ ਬਹੁਗੁਣਾ ਹਰ ਚੈਨਲ ਉੱਤੇ ਭਾਜਪਾ ਦੇ ਖਿਲਾਫ ਬੋਲਣ ਜਾਂਦੀ ਹੁੰਦੀ ਸੀ। ਬਾਬੂ ਜਗਜੀਵਨ ਰਾਮ ਦੇਸ਼ ਦੀ ਆਜ਼ਾਦੀ ਮਿਲਣੋਂ ਪਹਿਲਾਂ ਅੰਗਰੇਜ਼ਾਂ ਵੇਲੇ ਬਣਾਈ ਗਈ ਭਾਰਤ ਦੀ ਕੱਚੀ ਸਰਕਾਰ ਦਾ ਕਾਂਗਰਸ ਨੇ ਕਿਰਤ ਮੰਤਰੀ ਬਣਾਇਆ ਸੀ। ਆਜ਼ਾਦੀ ਮਿਲਣਪਿੱਛੋਂ ਸਾਢੇ ਉਨਤਾਲੀ ਸਾਲ ਲਗਭਗ ਹਰ ਕੇਂਦਰੀ ਸਰਕਾਰ ਵਿੱਚ ਕਾਂਗਰਸ ਦਾ ਮੰਤਰੀ ਬਣਿਆ ਰਿਹਾ ਤੇ ਜਨਤਾ ਪਾਰਟੀ ਦੀ ਚੜ੍ਹਤ ਹੁੰਦੀ ਵੇਖ ਕੇ ਇੰਦਰਾ ਗਾਂਧੀ ਨੂੰ ਛੱਡ ਕੇ ਉਨ੍ਹਾਂ ਨਾਲ ਜਾ ਰਲਿਆ ਸੀ। ਜਦੋਂ ਜਨਤਾ ਪਾਰਟੀ ਸਰਕਾਰ ਦਾ ਭੋਗ ਪੈ ਗਿਆ ਅਤੇ ਹੋਰ ਸਾਰੇ ਹੀਲੇ ਪਰਖ ਕੇ ਅਸਫਲ ਹੋ ਗਿਆ ਤਾਂ ਫਿਰ ਕਾਂਗਰਸ ਵੱਲ ਮੁੜ ਆਇਆ ਸੀ। ਏਦਾਂ ਦੇ ਕਿੰਨੇ ਕੁ ਆਗੂ ਕਿਹੜੀ ਪਾਰਟੀ ਵਿੱਚ ਕਿਹੜੇ ਭਾਰਤੀ ਰਾਜ ਵਿੱਚ ਗਏ ਅਤੇ ਮੁੜੇ ਹਨ, ਗਿਣਤੀ ਕਰਨੀ ਔਖੀ ਹੋ ਜਾਂਦੀ ਹੈ।
ਪੰਜਾਬ ਵਿੱਚ ਸਭ ਤੋਂ ਵੱਧ ਪਲਟੀਆਂ ਮਾਰਨ ਦਾ ਰਿਕਾਰਡ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਦਾ ਹੈ। ਉਹ ਜਵਾਨੀ ਵੇਲੇ ਕਾਮਰੇਡਾਂ ਦਾ ਸਾਥੀ ਹੁੰਦਾ ਸੀ, ਬਦਲ ਗਏ ਹਾਲਾਤ ਵਿੱਚ ਤਾਏ ਦੇ ਕਹਿਣ ਉੱਤੇ ਅਕਾਲੀ ਦਲ ਵੱਲੋਂ ਚੋਣ ਲੜ ਕੇ ਜਿੱਤੀ ਅਤੇ ਫਿਰ ਉਸ ਪਾਸੇ ਤੋਂ ਰਾਜ ਦਾ ਖਜ਼ਾਨਾ ਮੰਤਰੀ ਰਿਹਾ ਸੀ। ਤਾਏ ਦੇ ਪੁੱਤ ਨਾਲ ਸੁਭਾਅ ਨਾ ਮਿਲ ਸਕਣ ਕਾਰਨ ਉਸ ਨੇ ਅਕਾਲੀ ਦਲ ਛੱਡ ਕੇ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਤੇ ਮੁੱਖ ਮੰਤਰੀ ਬਣਨ ਦੇ ਸੁਫਨੇ ਲੈਂਦਾ ਸੁਣਿਆ ਗਿਆ ਸੀ। ਜਦੋਂ ਅੰਗੂਰ ਖੱਟੇ ਨਿਕਲੇ ਤਾਂ ਕਾਂਗਰਸ ਵਿੱਚ ਸ਼ਾਮਲ ਹੋ ਕੇ ਓਧਰੋਂ ਖਜ਼ਾਨਾ ਮੰਤਰੀ ਬਣ ਗਿਆ, ਪਰ ਜਦੋਂ ਪਿਛਲੇ ਸਾਲ ਕਾਂਗਰਸ ਪਾਰਟੀ ਹਾਰ ਗਈ ਤਾਂ ਪੰਜਵੀਂ ਥਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ। ਅੱਗੋਂ ਉਹ ਕਿਸ ਪਾਸੇ ਵੱਲ ਜਾਵੇਗਾ, ਪਤਾ ਨਹੀਂ, ਪਰ ਆਗੂ ਹੋਣ ਕਰ ਕੇ ਗਾਰੰਟੀ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਭਾਜਪਾ ਵੱਲ ਗਏ ਕਈ ਹੋਰ ਆਗੂ ਅੱਜਕੱਲ੍ਹ ਏਦਾਂ ਕਹਿੰਦੇ ਹਨ ਕਿ ‘ਆਉਣ ਦਾ ਖਾਸ ਫਾਇਦਾ ਨਹੀਂ ਹੋਇਆ’, ਉਨ੍ਹਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਹੈ ਜਾਂ ਨਹੀਂ, ਇਹ ਤਾਂ ਕਿਸੇ ਨੇ ਦੱਸਿਆ ਨਹੀਂ, ਪਰ ਪਿਛਲਾ ਤਜਰਬਾਇਹੋਹੀ ਹੈ ਕਿ ਭਵਿੱਖ ਵਿੱਚ ਵੀ ਉਹ ਬੰਦਾ ‘ਜਿੱਥੇ ਵੇਖੋ ਤਵਾ-ਪਰਾਤ, ਓਥੇ ਗੁਜ਼ਾਰ ਦਿਉ ਸਾਰੀ ਰਾਤ’ ਵਾਲੀ ਰਾਜਨੀਤੀ ਉੱਤੇ ਚੱਲ ਸਕਦਾ ਹੈ।
ਉਂਜ ਪੰਜਾਬ ਦੀ ਰਾਜਨੀਤੀ ਵਿੱਚ ਇਸ ਰੁਝਾਨ ਦੇ ਮੁੱਢ ਦਾ ਸਭ ਤੋਂ ਵੱਡਾ ਪ੍ਰਤੀਕ ਪ੍ਰਤਾਪ ਸਿੰਘ ਕੈਰੋਂ ਕਿਹਾ ਜਾ ਸਕਦਾ ਹੈ। ਉਸ ਨੇ ਰਾਜਨੀਤੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਸੀ, ਬਾਅਦ ਵਿੱਚ ਕਾਂਗਰਸ ਵੱਲੋਂ ਪੰਜਾਬ ਦਾ ਮੰਤਰੀ ਵੀ ਬਣਿਆ ਅਤੇ ਮੁੱਖ ਮੰਤਰੀ ਵੀ ਤੇ ਉਸ ਦੌਰ ਵਿੱਚ ਉਹ ਅਕਾਲੀਆਂ ਦਾ ਸਭ ਤੋਂ ਵੱਡਾ ਵਿਰੋਧੀ ਗਿਣਿਆ ਜਾਂਦਾ ਸੀ। ਜਦੋਂ ਉਸ ਦਾ ਦੇਹਾਂਤ ਹੋ ਗਿਆ, ਉਸ ਦਾ ਪੁੱਤਰ ਸੁਰਿੰਦਰ ਸਿੰਘ ਕੈਰੋਂ ਪਹਿਲੀ ਚੋਣ ਵੇਲੇ ਅਕਾਲੀ ਉਮੀਦਵਾਰ ਬਣਿਆ ਅਤੇ ਜਿੱਤਿਆ, ਪਰ ਦੂਜੀ ਚੋਣ ਤੱਕ ਕਾਂਗਰਸ ਵੱਲ ਨੂੰਮੁੜ ਪਿਆ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਤੀਸਰੀ ਵਾਰ ਮੁੱਖ ਮੰਤਰੀ ਬਣਨ ਵੇਲੇ ਉਹੋ ਸੁਰਿੰਦਰ ਸਿੰਘ ਕੈਰੋਂ ਕੁੜਮਾਚਾਰੀ ਦੇ ਦਬਾਅ ਸਦਕਾ ਆਪਣੇ ਪੁੱਤਰ ਆਦੇਸ਼ ਪ੍ਰਤਾਪ ਸਿੰਘ ਨੂੰ ਟਿਕਟ ਦਿਵਾ ਕੇ ਅਕਾਲੀ ਦਲ ਦਾ ਵਿਧਾਇਕ ਤੇ ਮੰਤਰੀ ਬਣਾਉਣ ਵਿੱਚ ਸਫਲ ਹੋ ਗਿਆ ਅਤੇਪੁੱਤਰ ਨਾਲ ਉਹ ਅਕਾਲੀ ਦਲ ਵਿੱਚ ਚਲਾ ਗਿਆ ਸੀ। ਬੀਰ ਦਵਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਦੇ ਕੇਸ ਵੀ ਸਾਡੇ ਸਾਹਮਣੇ ਹਨ। ਅਕਾਲੀ ਦਲ ਤੋਂ ਤੁਰੇ ਇਹ ਦੋਵੇਂ ਜਣੇ ਉਸ ਪਾਰਟੀ ਨੂੰ ਛੱਡਣ ਅਤੇ ਕਾਂਗਰਸ ਵਿੱਚ ਜਾਣ ਨੂੰ ਮਜਬੂਰ ਕਰ ਦਿੱਤੇ ਗਏ ਸਨ, ਪਰ ਲੰਮਾ ਮੋੜਾ ਕੱਟਣ ਪਿੱਛੋਂ ਫਿਰ ਅਕਾਲੀ ਦਲ ਵੱਲ ਮੁੜਦੇ ਵੇਖੇ ਗਏ, ਵੱਖਰੀ ਗੱਲ ਹੈ ਕਿ ਅਕਾਲੀ ਦਲ ਵਿੱਚਪੈਰ ਨਹੀਂ ਸਨ ਲੱਗ ਸਕੇ ਤੇਫਿਰ ਉਸ ਪਾਰਟੀ ਤੋਂ ਨਿਕਲਣ ਲਈ ਮਜਬੂਰ ਕਰ ਦਿੱਤੇ ਗਏ ਸਨ। ਏਦਾਂ ਦੇ ਹੋਰ ਬਹੁਤ ਸਾਰੇ ਆਗੂ ਵੀ ਸਾਡੇ ਪੰਜਾਬ ਵਿੱਚ ਆਰਾਮ ਨਾਲ ਮਿਲ ਜਾਣਗੇ, ਜਿਨ੍ਹਾਂ ਦੀ ਲੰਮੀ ਸੂਚੀ ਪੜ੍ਹਨ ਦਾ ਕੋਈ ਫਾਇਦਾ ਨਹੀਂ।
ਉੱਘੜਵੀਂ ਮਿਸਾਲ ਕੈਪਟਨ ਅਮਰਿੰਦਰ ਸਿੰਘ ਦੀ ਹੈ। ਇੰਦਰਾ ਗਾਂਧੀ ਦੇ ਇੱਕ ਵਾਰ ਰਾਜ ਗੁਆ ਲੈਣ ਪਿੱਛੋਂ ਉਸ ਦੀ ਦੋਬਾਰਾ ਚੜ੍ਹਤ ਵੇਲੇ ਅਮਰਿੰਦਰ ਸਿੰਘ ਉਸ ਦੀ ਕਾਂਗਰਸ ਵੱਲੋਂ ਲੋਕ ਸਭਾ ਚੋਣ ਜਿੱਤਿਆ ਸੀ, ਪਰ ਚਾਰ ਸਾਲ ਪਿੱਛੋਂ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਚਲਾ ਗਿਆ ਸੀ। ਬੇਅੰਤ ਸਿੰਘ ਦੀ ਸਰਕਾਰ ਵੇਲੇ ਉਹ ਅਕਾਲੀ ਵਿਧਾਇਕ ਹੁੰਦਾ ਸੀ, ਅਗਲੀ ਵਾਰੀ ਜਦੋਂ ਅਕਾਲੀ ਦਲ ਦੀ ਕਮਾਂਡ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਗਈ ਅਤੇ ਉਸ ਨੇ ਵਿਧਾਨ ਸਭਾ ਚੋਣਾਂ ਦੀ ਟਿਕਟ ਵੀ ਨਾ ਦਿੱਤੀ ਤਾਂ ਕਾਂਗਰਸ ਵੱਲ ਪਰਤ ਗਿਆ। ਇਸ ਦੇ ਬਾਅਦ ਉਸ ਨੇ ਕਾਂਗਰਸ ਦੀ ਅਗਵਾਈ ਕੀਤੀ ਤੇ ਦੋ ਵਾਰੀ ਓਸੇ ਪ੍ਰਕਾਸ਼ ਸਿੰਘ ਬਾਦਲ ਤੋਂ ਰਾਜ ਖੋਹਿਆ, ਪਰ ਜਦੋਂ ਕਾਂਗਰਸੀ ਰਾਜ ਦੇ ਨਜ਼ਾਰੇ ਖਤਮ ਹੋਏ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ। ਅੱਜਕੱਲ੍ਹ ਉਹ ਭਾਜਪਾ ਦੀ ਕੇਂਦਰੀ ਟੀਮ ਦਾ ਮੈਂਬਰ ਹੈ ਤੇ ਉਸ ਦੀ ਵਫਾਦਾਰੀ ਵਾਲੇ ਜਿਹੜੇ ਪੁਰਾਣੇ ਕਾਂਗਰਸੀ ਆਗੂ ਭਾਜਪਾ ਵੱਲ ਦੌੜਦੇ ਦਿੱਸਦੇ ਸਨ, ਉਹ ਕੈਪਟਨ ਦੀ ਛਤਰਛਾਇਆ ਦੀ ਝਾਕ ਵਿੱਚ ਗਏ ਸਨ। ਓਥੇ ਜਾ ਕੇ ਪਤਾ ਲੱਗਾ ਕਿ ਹਾਲਾਤ ਭਾਜਪਾ ਵਿੱਚ ਵੀ ਉਨ੍ਹਾਂ ਵਾਸਤੇ ਸੁਖਾਵੇਂ ਨਹੀਂ, ਹਰ ਕੋਈ ਇਹੋ ਗੱਲਾਂ ਕਰਦਾ ਸੀ ਕਿ ਪੰਜਾਬ ਦਾ ਖਜ਼ਾਨਾ ਚੱਬਣ ਵਾਲੀ ਇਹ ਸਾਰੀ ਢਾਣੀ ਏਥੇ ਆ ਗਈ ਹੈ, ਇਨ੍ਹਾਂ ਨੂੰ ਲੈ ਕੇ ਅਸੀਂ ਤੁਰੇ ਤਾਂ ਪੰਜਾਬ ਦੇ ਲੋਕਾਂ ਨੂੰ ਮੂੰਹ ਨਹੀਂ ਵਿਖਾਇਆ ਜਾਣਾ। ਇਸ ਕਰ ਕੇ ਭਾਜਪਾ ਵਿੱਚ ਘੁਟਨ ਮਹਿਸੂਸ ਕਰ ਕੇ ਕੈਪਟਨ ਦੇ ਕਈ ਚੇਲੇਪਿੱਛੇ ਮੁੜ ਆਏ ਹਨ। ਕਾਂਗਰਸ ਹਾਈ ਕਮਾਨ ਜ਼ਰਾ ਕੁ ਹਾਮੀ ਭਰੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਆਉਣ ਨੂੰ ਝੱਟ ਤਿਆਰ ਹੋ ਸਕਦਾ ਹੈ। ਉਸ ਨੂੰ ਭਾਜਪਾ ਜਾਂ ਕਾਂਗਰਸ, ਅਕਾਲੀ ਜਾਂ ਕੋਈ ਵੀ ਧਿਰ ਆਪਣੀ ਨਹੀਂ ਲੱਗਦੀ, ਦੁਆਨੀ ਦੇਲਾਭਹੋਣ ਦੀ ਆਸ ਹੋਵੇ ਤਾਂ ਉਹ ਅਕਾਲੀ ਪਾਰਟੀ ਵਿੱਚ ਜਾ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵੀ ਮੰਨ ਸਕਦਾ ਹੈ, ਜਿਸ ਨੂੰ ਆਪਣੇ ਪਹਿਲੇ ਰਾਜ ਵੇਲੇ ਖੁਦ ਜੇਲ੍ਹ ਭੇਜਣ ਵਾਸਤੇ ਤਾਣ ਲਾ ਦਿੱਤਾ ਸੀ। ਭਾਵ ਇਹ ਕਿ ਲਗਭਗ ਸਾਰੇ ਏਹੋ ਜਿਹੇ ਹਨ।
ਜਿਹੜੇ ਸਿਆਸੀ ਆਗੂ ਇੱਕ ਜਾਂ ਦੂਸਰੀ ਠਾਹਰ ਦੀ ਝਾਕ ਜਾਂ ਭਵਿੱਖ ਦੇ ਕਿਸੇ ਵੱਡੇ ਦਾਅ ਲਈ ਏਧਰ-ਓਧਰ ਦੌੜਾਂ ਲਾਉਂਦੇ ਫਿਰਦੇ ਹਨ, ਮਾਰੂਥਲ ਦੀ ਰੇਤ ਨੂੰ ਪਾਣੀ ਮੰਨ ਕੇ ਦੌੜਾਂ ਲਾਉਣ ਵਾਲੇ ਹਿਰਨ ਵਾਂਗ ਉਨ੍ਹਾਂ ਦੀ ਇਹ ਦੌੜ ਕਿਸੇ ਪਾਸੇ ਲੱਗਣੀ ਨਹੀਂ। ਉਨ੍ਹਾਂ ਵਿੱਚੋਂ ਕੋਈ ਜਣਾ ਕਿਸੇ ਪਾਸੇ ਲੱਗਣ ਲੱਗੇਤਾਂ ਪਹਿਲਾਂ ਵੇਖ਼ਦਾ ਹੈ ਕਿ ਉਸ ਦੇ ਸਿਆਸੀ ਰਕੀਬ ਉਸ ਪਾਸੇ ਤਾਂ ਨਹੀਂ, ਫਿਰ ਅਗਲਾ ਰਸਤਾ ਧਾਰਨ ਕਰਦਾ ਹੈ ਅਤੇ ਜੇ ਸਿਆਸੀ ਰਕੀਬ ਉਸ ਪਾਸੇ ਦਿੱਸ ਪਵੇ ਤਾਂ ਕੂਹਣੀ ਮੋੜ ਕੱਟ ਕੇ ‘ਘਰ ਵਾਪਸੀ’ ਦਾ ਨਾਟਕ ਕਰਨ ਲੱਗ ਜਾਂਦਾ ਹੈ। ਇਸ ਦੇਸ਼ ਦਾ ਅਗਲਾ ਸਮਾਂ ਉਨ੍ਹਾਂ ਸਭਨਾਂ ਲਈ ਏਨੇ ਬੇਯਕੀਨੇ ਮਾਹੌਲ ਦੇ ਸੰਕੇਤ ਦੇਂਦਾ ਹੈ, ਜਿਸ ਦਾ ਉਨ੍ਹਾਂ ਆਗੂਆਂ ਨੂੰ ਕੀ, ਰਾਜਨੀਤੀ ਦੇ ਕਿਸੇ ਨਿਰਪੱਖ ਵਿਸ਼ਲੇਸ਼ਕ ਨੂੰ ਵੀ ਅੰਦਾਜ਼ਾ ਲਾਉਣਾ ਔਖਾ ਹੋਵੇਗਾ। ਜਦੋਂ ਅੱਖਾਂਮੂਹਰੇ ਇਸ ਦੇਸ਼ ਦਾ ਕੋਈ ਭਵਿੱਖ ਨਕਸ਼ਾ ਨਾ ਦਿੱਸਦਾ ਪਿਆ ਹੋਵੇ, ਸਿਰਫ ਅਤੇ ਸਿਰਫ ਸਰਕਾਰਾਂ ਬਣਾਉਣ ਅਤੇ ਗੱਦੀਆਂ ਉੱਤੇ ਪਹੁੰਚਣ ਅਤੇ ਪਹੁੰਚ ਜਾਣ ਤਾਂ ਉਨ੍ਹਾਂ ਗੱਦੀਆਂ ਉੱਤੇ ਟਿਕੇ ਰਹਿਣ ਦੀ ਮੋਰਚੇਬੰਦੀ ਹੀ ਪ੍ਰਮੁੱਖ ਮੁੱਦਾਬਣੀ ਹੋਈ ਹੋਵੇ ਤਾਂ ਫਿਰ ਲੀਡਰਾਂ ਇਕੱਲਿਆਂ ਲਈ ਨਹੀਂ, ਉਸ ਦੇਸ਼ ਦੇ ਆਮ ਲੋਕਾਂ ਵਾਸਤੇ ਵੀ ਇਹ ਘੜੀ ਕੁਲਹਿਣੀ ਕਹੀ ਜਾ ਸਕਦੀ ਹੈ। ਇਹ ਬੜਾਹਨੇਰਾ ਸਮਾਂ ਹੈ, ਭਾਰਤਦੇਸ਼ ਦੇ ਵਰਤਮਾਨ ਤੇ ਭਵਿੱਖ ਦੋਵਾਂ ਲਈ, ਜਿੱਥੇ ਰਾਹ ਦਿਖਾਉਣ ਵਾਲਾ ਕੋਈ ਜੁਗਨੂੰ ਵੀ ਨਹੀਂ ਲੱਭਦਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ