Welcome to Canadian Punjabi Post
Follow us on

21

January 2025
 
ਸੰਪਾਦਕੀ

ਗੁਜਰਾਤ, ਹਿਮਾਚਲ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ

December 16, 2022 02:25 AM

-ਜਤਿੰਦਰ ਪਨੂੰ
ਬੀਤੇ ਦਿਨੀਂ ਭਾਰਤ ਦੇ ਦੋ ਰਾਜਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਆ ਗਏ ਹਨ ਅਤੇ ਕਿਸੇ ਰਾਜ ਵਰਗੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦਾ ਨਤੀਜਾ ਵੀ ਆ ਚੁੱਕਾ ਹੈ। ਪਹਿਲਾਂ ਦਿੱਲੀ ਵਾਲੀ ਨਗਰ ਨਿਗਮ ਦਾ ਨਤੀਜਾ ਆਇਆ, ਜਿਸ ਵਿੱਚ ਪੰਦਰਾਂ ਸਾਲਾਂ ਤੋਂ ਕਬਜ਼ਾ ਕਰੀ ਬੈਠੀ ਭਾਜਪਾ ਨੂੰ ਲਾਂਭੇ ਧੱਕ ਕੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਸ਼ਹਿਰ ਦੀ ਜਿ਼ਮੇਵਾਰੀ ਮਿਲੀ ਹੈ। ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਾਸਤੇ ਕੁੱਲ ਵੋਟਰ ਤਿਰਵੰਜਾ ਲੱਖ ਤੋਂ ਥੋੜ੍ਹੇ ਜਿਹੇ ਘੱਟ ਸਨ, ਪਰ ਦਿੱਲੀ ਨਗਰ ਨਿਗਮ ਦੇ ਵੋਟਰਾਂ ਦੀ ਗਿਣਤੀ ਇੱਕ ਕਰੋੜ ਪੰਜਤਾਲੀ ਲੱਖ ਤੋਂ ਵੱਧ ਹੋਣ ਕਾਰਨ ਉਹ ਆਪਣੇ ਆਪ ਵਿੱਚ ਇੱਕ ਪੂਰੇ ਰਾਜ ਵਰਗੀ ਗਿਣੀ ਜਾਂਦੀ ਹੈ। ਇੱਕ ਮੌਕੇ ਦਿੱਲੀ ਵਿੱਚ ਭਾਜਪਾ ਦੀ ਜਿੱਤ ਹੋਈ ਤੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਦਿੱਲੀ ਦੀ ਜਿੱਤ ਨੂੰ ਅਸਲ ਵਿੱਚ ‘ਮਿੰਨੀ ਹਿੰਦੁਸਤਾਨ’ ਦੀ ਜਿੱਤ ਕਹਿਣਾ ਚਾਹੀਦਾ ਹੈ, ਕਿਉਂਕਿ ਇਸ ਸ਼ਹਿਰ ਵਿੱਚ ਭਾਰਤ ਦੇ ਹਰ ਰਾਜ ਤੋਂ ਲੋਕ ਰਹਿੰਦੇਹਨ। ਇਸ ਲਈ ਜਦੋਂ ਦਿੱਲੀ ਸ਼ਹਿਰ ਦੀ ਜਿੱਤ ਹੋਈ ਤਾਂ ਆਮ ਆਦਮੀ ਪਾਰਟੀ ਦੇ ਆਗੂ ਅਟਲ ਬਿਹਾਰੀ ਵਾਜਪਾਈ ਦੇ ਸ਼ਬਦਾਂ ਵਾਲੀ ਜਿੱਤ ਹੀ ਮਹਿਸੂਸ ਕਰਦੇ ਤੇ ਕਾਫੀ ਜੋਸ਼ ਵਿੱਚ ਸਨ। ਅਗਲੇ ਦਿਨ ਆਏ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੇ ਨਤੀਜਿਆਂ ਨੇ ਉਨ੍ਹਾਂ ਦੀ ਦਿੱਲੀ ਜਿੱਤਣ ਦੀ ਖੁਸ਼ੀ ਖਰਾਬ ਕਰ ਦਿਤੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਤਾਂ ਉਹ ਚੋਣ ਮੁਹਿੰਮ ਤੋਂ ਅਗੇਤੇ ਹੀ ਕੰਨੀ ਖਿਸਕਾ ਗਏ ਸਨ, ਗੁਜਰਾਤ ਵਿੱਚ ਉਨ੍ਹਾਂ ਨੂੰ ਵੱਡੀ ਆਸ ਸੀ ਤੇ ਇਸੇ ਕਾਰਨ ਓਥੇ ਸਰਕਾਰ ਬਣਾ ਲੈਣ ਦੇ ਦਾਅਵੇ ਵੀ ਕਰੀ ਜਾ ਰਹੇ ਸਨ, ਪਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਝਟਕਾ ਲੱਗਾ ਹੈ।

ਹਿਮਾਚਲ ਵਿਚ ਅਗਨੀਵੀਰ ਸਕੀਮ ਅਤੇ ਸੇਬਾਂ ਵਾਲੇ ਕਿਸਾਨਾਂ ਨੇ ਹਵਾ ਦਾ ਰੁਖ ਬਦਲਿਆ
ਕਾਂਗਰਸ ਪਾਰਟੀ ਦਾਅਵੇ ਭਾਵੇਂ ਲੱਖ ਕਰਦੀ ਰਹੇ, ਅਸਲ ਵਿੱਚ ਉਸ ਨੂੰ ਨਾ ਗੁਜਰਾਤ ਵਿੱਚ ਜਿੱਤਣ ਵਾਲੀ ਆਸ ਸੀ ਤੇ ਨਾ ਹਿਮਾਚਲ ਪ੍ਰਦੇਸ਼ ਵਿੱਚ ਉਸ ਦੇ ਵਰਕਰਾਂ ਦਾ ਦਿਲ ਧੀਰਜ ਧਰਦਾ ਸੀ। ਕਿਸੇ ਯੋਗ ਅਗਵਾਈ ਤੋਂ ਸੱਖਣੀ ਇਹ ਪਾਰਟੀ ਜਿੰਨੀ ਵੱਡੀ ਚਿੰਤਾ ਵਿੱਚ ਸੀ, ਉਸ ਦੀ ਰਕੀਬ ਭਾਜਪਾ ਦੇ ਆਗੂ ਇਹ ਦਾਅਵਾ ਕਰਨੋਂ ਨਹੀਂ ਸੀ ਹਟਦੇ ਕਿ ਇਸ ਰਾਜ ਦੀ ਹਰ ਵਾਰੀ ਸਰਕਾਰ ਬਦਲਣ ਦੀ ਰਿਵਾਇਤ ਤੋੜ ਕੇ ਉਹ ਲਗਾਤਾਰ ਦੂਸਰੀ ਵਾਰੀ ਸਰਕਾਰ ਬਣਾਉਣਗੇ। ਜਦੋਂ ਮਸਾਂ ਦੋ ਦਿਨ ਵੋਟਾਂ ਪੈਣ ਵਿੱਚ ਰਹਿ ਗਏ ਤਾਂ ਅਚਾਨਕ ਹਵਾ ਦਾ ਰੁਖ ਬਦਲਿਆ ਤੇ ਭਾਰਤ ਸਰਕਾਰ ਵੱਲੋਂ ਚਲਾਈ ਗਈ ਫੌਜ ਦੇ ਅਗਨੀਵੀਰ ਜਵਾਨਾਂ ਦੀ ਸਕੀਮ ਦੀ ਕੌੜ ਉੱਭਰ ਪਈ। ਛੋਟਾ ਜਿਹਾ ਰਾਜ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਤੋਂ ਬਹੁਤ ਵੱਡੀ ਗਿਣਤੀ ਲੋਕ ਫੌਜ ਦੀ ਸੇਵਾ ਕਰਦੇ ਹਨ ਤੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਵਿੱਚ ਵੀ ਬੜੀ ਵੱਡੀ ਗਿਣਤੀ ਇਸ ਰਾਜ ਦੇ ਫੌਜੀਆਂ ਦੀ ਹੈ। ਇਹੀ ਨਹੀਂ, ਭਾਰਤੀ ਫੌਜ ਦੇ ਜਰਨੈਲਾਂ ਤੇ ਸੇਵਾ ਮੁਕਤ ਜਰਨੈਲਾਂ ਵਿੱਚ ਵੀ ਬਹੁਤ ਸਾਰੇ ਇਸ ਰਾਜ ਵਿੱਚੋਂ ਹਨ ਅਤੇ ਉਹ ਅਗਨੀਵੀਰ ਸਕੀਮ ਨੂੰ ਭਵਿੱਖ ਦੇ ਫੌਜੀ ਬਣਨ ਵਾਲੇ ਨੌਜਵਾਨਾਂ ਲਈ ਗਲਤ ਸਮਝਦੇ ਹੋਣ ਕਰ ਕੇ ਇਸ ਦੇ ਖਿਲਾਫ ਸਨ। ਦੂਸਰਾ ਸੇਬਾਂ ਵਾਲੇ ਕਿਸਾਨ ਭਾਜਪਾ ਰਾਜ ਵਿੱਚ ਬੁਰੀ ਤਰ੍ਹਾਂ ਲੁੱਟੇ ਗਏ ਸਨ। ਇਨ੍ਹਾਂ ਦੋਂਹ ਅਹਿਮ ਪੱਖਾਂ ਦਾ ਨਾਂਹ-ਪੱਖੀ ਅਸਰ ਭਾਜਪਾ ਲੀਡਰਸਿ਼ਪ ਨੇ ਕਦੀ ਸੋਚਿਆ ਤੱਕ ਨਹੀਂ ਸੀ ਤੇ ਜਦੋਂ ਅਚਾਨਕ ਇਹ ਅਸਰ ਸਾਹਮਣੇ ਆਇਆ, ਓਦੋਂ ਵਿਗੜੀ ਹੋਈ ਗੱਲ ਸੁਧਾਰਨ ਦਾ ਸਮਾਂ ਨਾ ਹੋਣ ਕਾਰਨ ਭਾਜਪਾ ਮਾਰ ਖਾ ਗਈ ਹੈ।

ਗੁਜਰਾਤ ਵਿਚ ਜਿੱਤ ਦਾ ਇੱਕ ਕਾਰਨ ਹਿੰਦੂਤੱਵ ਦਾ ਉਭਾਰ ਵੀ
ਗੁਜਰਾਤ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਲੱਖ ਬਹਾਨੇ ਬਣਾਉਣ, ਅਸਲ ਵਿੱਚ ਇਹ ਮੰਨਣ ਦੀ ਲੋੜ ਹੈ ਕਿ ਓਥੇ ਭਾਜਪਾ ਦੀ ਪਕੜ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਈ ਹੈ, ਜਿਸ ਦੇ ਕਈ ਕਾਰਨਾਂ ਵਿੱਚੋਂ ਇੱਕ ਹਿੰਦੂਤੱਵ ਦਾ ਉਭਾਰ ਵੀ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਭੇੜ ਵਿੱਚ ਸੈਕੂਲਰ ਵੋਟਾਂ ਵੰਡੇ ਜਾਣ ਨਾਲ ਭਾਜਪਾ ਵੱਡੀ ਗਿਣਤੀ ਸੀਟਾਂ ਜਿੱਤਣ ਵਿੱਚ ਸਫਲ ਰਹੀ ਹੈ, ਪਰ ਇਹ ਗੱਲ ਠੀਕ ਨਹੀਂ। ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਨ੍ਹਾਂ ਹਲਕਿਆਂ ਵਿੱਚ ਆਹਮੋ ਸਾਹਮਣੇ ਭਿੜੀਆਂ ਅਤੇ ਉਨ੍ਹਾਂ ਦੋਵਾਂ ਦੀਆਂ ਵੋਟਾਂ ਮਿਲਾ ਕੇ ਭਾਜਪਾ ਦੇ ਜੇਤੂ ਉਮੀਦਵਾਰ ਨਾਲੋਂ ਵੱਧ ਹਨ, ਉਹ ਮਸਾਂ ਪੈਂਤੀ ਸੀਟਾਂ ਬਣਦੀਆਂ ਹਨ। ਭਾਜਪਾ ਨੂੰ ਇੱਕ ਸੌ ਛਪੰਜਾ ਸੀਟਾਂ ਮਿਲੀਆਂ ਹਨ, ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਮਿਲਾ ਕੇ ਵਧਣ ਵਾਲੀਆਂ ਇਹ ਪੈਂਤੀ ਸੀਟਾਂ ਇੱਕੋ ਜਗ੍ਹਾ ਪੈ ਜਾਂਦੀਆਂ ਤਾਂ ਭਾਜਪਾ ਦੀਆਂ ਜੇਤੂ ਸੀਟਾਂ ਪੈਂਤੀ ਘਟਣੀਆਂ ਸਨ ਤੇ ਫਿਰ ਵੀ ਇੱਕ ਸੌ ਇੱਕੀ ਬਣਨੀਆਂ ਸਨ, ਕਿਸੇ ਵੀ ਹੋਰ ਪਾਰਟੀ ਨੇ ਉਸ ਦੇ ਨੇੜੇ ਨਹੀਂ ਸੀ ਪੁੱਜ ਸਕਣਾ। ਓਥੇ ਭਾਜਪਾ ਦੀ ਪਕੜ ਕਿਸੇ ਨੂੰ ਚੰਗੀ ਲੱਗੇ ਜਾਂ ਨਾ, ਪਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਓਥੇ ਕਈ ਹਲਕਿਆਂ ਵਿੱਚ ਸੱਤਰ ਫੀਸਦੀ ਤੋਂ ਵੱਧ ਵੋਟਾਂ ਭਾਜਪਾ ਦੇ ਉਮੀਦਵਾਰਾਂ ਲਈ ਪਈਆਂ ਹਨ। ਦੋ ਹਲਕਿਆਂ ਵਿੱਚ ਤਾਂ ਕੁੱਲ ਪੋਲ ਹੋਈਆਂ ਵੋਟਾਂ ਦਾ ਇਕਾਸੀ ਤੇ ਬਿਆਸੀ ਫੀਸਦੀ ਹਿੱਸਾ ਵੀ ਭਾਜਪਾ ਦੇ ਉਮੀਦਵਾਰਾਂ ਵੱਲ ਭੁਗਤਿਆ ਹੈ ਤਾਂ ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਫਿਰਕੂ ਕਤਾਰਬੰਦੀ ਉਸ ਰਾਜ ਵਿੱਚ ਚੋਖੀ ਹੈ, ਇਸ ਕਾਰਨ ਹਿੰਦੂਤੱਵ ਦੀ ਲੈਬਾਰਟਰੀ ਕਿਹਾ ਜਾਂਦਾ ਉਹ ਰਾਜ ਇੱਕ ਵਾਰ ਫਿਰ ਭਾਜਪਾ ਨੇ ਜਿੱਤ ਲਿਆ ਹੈ।


ਜਿੱਤ ਤੇ ਹਾਰ ਤੋਂ ਬਾਅਦਹਰ ਪਾਰਟੀ ਨੂੰ ਅੱਗੇ ਵੱਲ ਵੇਖਣ ਦੀ ਫੌਰੀ ਲੋੜ
ਜੋ ਵੀ ਹੋਇਆ ਹੋਵੇ, ਇਹ ਚੋਣਾਂ ਅਤੇ ਇਨ੍ਹਾਂ ਨਾਲ ਜੁੜੀ ਹੋਈ ਜਿੱਤ ਤੇ ਹਾਰ ਅਤੇ ਇਸ ਨਾਲ ਜੁੜੇ ਵਿਸ਼ਲੇਸ਼ਣਾਂ ਦੇ ਨਾਲ ਹਰ ਪਾਰਟੀ ਨੂੰ ਅੱਗੇ ਵੱਲ ਵੇਖਣਾ ਸ਼ੁਰੂ ਕਰਨ ਦੀ ਫੌਰੀ ਲੋੜ ਹੈ। ਵਿਧਾਨ ਸਭਾ ਚੋਣਾਂ ਦਾ ਅਗਲਾ ਦੌਰ ਅਗਲੇ ਸਾਲ ਮਾਰਚ ਮਹੀਨੇ ਵਿੱਚ ਆਉਣਾ ਹੈ ਅਤੇ ਉਨ੍ਹਾਂ ਚੋਣਾਂ ਵਾਲੇ ਰਾਜਾਂ ਵਿੱਚ ਆਮ ਆਦਮੀ ਪਾਰਟੀ ਕਿਸੇ ਲੇਖੇ ਵਿੱਚ ਨਹੀਂ ਜਾਪਦੀ। ਇਸ ਲਈ ਭਾਜਪਾ ਅਤੇ ਇਸ ਦੀ ਕੇਂਦਰ ਸਰਕਾਰ ਨਾਲ ਚੱਲਦਾ ਨਿੱਤ ਦਾ ਆਢਾ ਕੁਝ ਸਮਾਂ ਟਾਲ ਕੇ ਦਿੱਲੀ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਵਿਕਾਸ ਦੇ ਕੰਮ ਕਰਨ ਲਈ ਸਹਿਯੋਗ ਦੀ ਨੀਤੀ ਸੋਚਣੀ ਚਾਹੀਦੀ ਹੈ। ਬੀਤੇ ਸਮੇਂ ਵਿੱਚ ਜਿਸ ਟਕਰਾਅ ਨੇ ਬਹੁਤਾ ਫਾਇਦਾ ਨਹੀਂ ਕੀਤਾ, ਭਵਿੱਖ ਵਿੱਚ ਵੀ ਹਰ ਵੇਲੇ ਉਸੇ ਤਰ੍ਹਾਂ ਆਢਾ ਲਾਉਣ ਦਾ ਕੋਈ ਲਾਭਨਹੀਂ ਹੋਣਾ। ਸਿਆਣੇ ਕਹਿੰਦੇ ਹਨ ਕਿ ਤੁਸੀਂ ਦੋਸਤ ਤਾਂ ਮਰਜ਼ੀ ਦੇ ਚੁਣ ਸਕਦੇ ਹੋ, ਗਵਾਂਢੀ ਕਦੇ ਮਰਜ਼ੀ ਦਾ ਨਹੀਂ ਚੁਣ ਸਕਦੇ, ਜਿਹੜਾ ਮਿਲ ਜਾਂਦਾ ਹੈ, ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਉਸ ਨਾਲ ਦਿਨ ਕੱਟਣ ਦਾ ਮਾਹੌਲ ਬਣਾਉਣਾ ਪੈਂਦਾ ਹੈ। ਗਵਾਂਢ ਹਰਿਆਣੇ ਦੀ ਭਾਜਪਾ ਸਰਕਾਰ ਜਾਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰਹੋਵੇ, ਉਸ ਨੂੰ ਆਮ ਆਦਮੀ ਪਾਰਟੀ ਸੋਚ ਦੇ ਘੋੜੇ ਦੌੜਾ ਕੇ ਨਹੀਂ ਪਛਾੜ ਸਕਦੀ, ਵਿਕਾਸ ਦੇ ਕੰਮਾਂ ਰਾਹੀਂਲੋਕਾਂ ਨਾਲ ਆਪਣੀ ਸਾਂਝ ਪਕੇਰੀ ਕਰ ਕੇ ਆਪਣਾ ਆਧਾਰ ਮਜ਼ਬੂਤ ਕਰਨਾ ਪਵੇਗਾ। ਅਗਲੀਆਂ ਪਾਰਲੀਮੈਂਟ ਚੋਣਾਂ ਹੋਣ ਵਿੱਚ ਮਸਾਂ ਡੇਢ ਸਾਲ ਬਾਕੀ ਰਹਿ ਗਿਆ ਹੈ, ਜੇ ਉਸ ਵੇਲੇ ਭੁਆਂਟਣੀ ਨਹੀਂ ਖਾਣੀ ਤਾਂ ਨਿੱਤ ਦੇ ਕਲੇਸ਼ ਦਾ ਸੁਭਾਅ ਵੀ ਛੱਡਣਾ ਪਵੇਗਾ। ਦਿੱਲੀ ਦੇ ਨਿੱਤ ਦੇ ਕਲੇਸ਼ ਵਿੱਚ ਆਮ ਆਦਮੀ ਪਾਰਟੀ ਦੀ ਸਾਖ ਵਧੀ ਹੋ ਸਕਦੀ ਹੈ, ਇੱਕ ਜਗ੍ਹਾ ਦੀ ਮਿਸਾਲ ਕਿਸੇ ਦੂਸਰੇ ਥਾਂ ਇੰਨ-ਬਿੰਨ ਲਾਗੂ ਨਹੀਂ ਹੋ ਸਕਦੀ। ਹਰ ਰਾਜ ਦੇ ਲੋਕਾਂ ਦਾ ਸੁਭਾਅ ਵੱਖਰਾ ਅਤੇ ਹਾਲਾਤ ਵੱਖਰੇ ਹੁੰਦੇ ਹਨ ਤੇ ਜਿੱਥੇ ਕਿਸੇ ਪਾਰਟੀ ਨੇ ਚੱਲਣਾ-ਵਿਗਸਣਾ ਹੈ, ਓਥੋਂ ਦੇ ਹਾਲਾਤ ਵੇਖ ਕੇ ਓਥੇ ਨਵਾਂ ਤਜਰਬਾ ਕਰਨਾ ਹੁੰਦਾ ਹੈ। ਪੰਜਾਬ ਦੀ ਸਰਕਾਰ ਤੇ ਇਸ ਦੇ ਮੁਖੀ ਨੂੰ ਹਰ ਗੱਲ ਲਈ ਦਿੱਲੀ ਵੱਲ ਵੇਖਣ ਦੀ ਲੋਕ-ਚਰਚਾ ਅਮਲ ਵਿੱਚ ਪਛਾੜਨੀ ਚਾਹੀਦੀ ਹੈ।


ਇਹ ਗੱਲ ਸਾਨੂੰ ਇਸ ਲਈ ਕਹਿਣੀ ਪਈ ਹੈ ਕਿ ਪੰਜਾਬ ਦੀ ਅਜੋਕੀ ਸਰਕਾਰ ਬਣਨ ਤੋਂ ਨੌਂ ਮਹੀਨੇ ਚੱਲਣ ਤੱਕ ਹਰ ਗੱਲ ਵਿੱਚ ਇਹ ਸੁਣਿਆ ਜਾਂਦਾ ਹੈ ਕਿ ਦਿੱਲੀ ਵਿੱਚ ਅਸੀਂ ਆਹ ਕੀਤਾ ਸੀ ਅਤੇ ਪੰਜਾਬ ਵਿੱਚ ਕਰਾਂਗੇ। ਪਿਛਲੇ ਸਮੇਂ ਵਿੱਚ ਜਿੰਨੀ ਲੋੜ ਸੀ, ਉਹ ਮਿਸਾਲਾਂ ਵਰਤ ਲੈਣ ਵਿੱਚ ਹਰਜ ਨਹੀਂ ਸੀ, ਪਰ ਇਹ ਲੁਕਮਾਨ ਹਕੀਮ ਦਾ ਫਾਰਮੂਲਾ ਨਹੀਂ ਹੈ, ਏਸੇ ਲਈ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੋਵਾਂ ਥਾਂਵਾਂ ਦੇ ਵੋਟਰਾਂ ਨੇ ਇਸ ਦਾ ਹੁੰਗਾਰਾ ਨਹੀਂ ਭਰਿਆ। ਇਹੋ ਗੱਲ ਨੋਟ ਕਰ ਕੇ ਪੰਜਾਬ ਦੀ ਸਰਕਾਰ ਨੂੰ ਚੱਲਣਾ ਪਵੇਗਾ ਅਤੇ ਏਥੋਂ ਦੇ ਲੋਕਾਂ ਵਿੱਚ ਜਿਹੜੇ ਰੋਸ ਉਪਜਦੇ ਜਾਂ ਵਧੀ ਜਾ ਰਹੇ ਹਨ, ਉਨ੍ਹਾਂ ਵੱਲ ਧਿਆਨ ਦੇ ਕੇ ਹਾਲਾਤ ਦੇ ਮੁਤਾਬਕ ਕਦਮ ਚੁੱਕ ਕੇ ਪਿਛਲੀ ਕਸਰ ਕੱਢਣੀ ਹੋਵੇਗੀ। ਖਾਸ ਗੱਲ ਇਸ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਅਤੇ ਜਿ਼ਲਾ ਪੱਧਰ ਦੇ ਆਗੂਆਂ ਦੇ ਬਾਅਦ ਆਮ ਵਰਕਰਾਂ ਵਿੱਚ ਵੀ ਜਿਹੜੇ ਕਾਂਗਰਸੀਆਂ ਅਤੇ ਅਕਾਲੀਆਂ ਵਾਲੇ ਰੁਝਾਨ ਦਿੱਸਣੇ ਸ਼ੁਰੂ ਹੋ ਗਏ ਹਨ, ਹਰ ਕਿਸੇ ਨਾਲ ਆਢਾ ਲਾਈ ਰੱਖਣ ਤੇ ਆਪਣੀ ਸਰਕਾਰ ਦੇ ਦਾਬੇ ਮਾਰਨ ਦਾ ਇਹ ਕੰਮ ਰੋਕਣਾ ਹੋਵੇਗਾ। ਸਰਕਾਰੀ ਦਫਤਰਾਂ ਅਤੇ ਅਫਸਰਾਂ ਨਾਲ ਵੀ ਮੰਤਰੀ ਗੱਲ ਕਰਨ ਜਾਂ ਵਿਧਾਇਕ, ਜੇ ਵਿਧਾਇਕਾਂ ਦੇ ਪਰਵਾਰਾਂ ਦੇ ਜੀਅ ਅਤੇ ਉਨ੍ਹਾਂ ਨਾਲ ਜੁੜੇ ਹੋਏ ਦੁੱਕੜ-ਤਿੱਕੜਵੀ ਆਪਣੇ ਆਪ ਨੂੰ ਵਿਧਾਇਕ ਸਮਝਦੇ ਅਤੇ ਓਦਾਂ ਦੀ ਹਕੂਮਤੀ ਬੋਲੀ ਬੋਲਦੇ ਹਨ ਤਾਂ ਮੁਸ਼ਕਲਾਂ ਇਸ ਸਰਕਾਰ ਲਈ ਵਧਣਗੀਆਂ। ਸਰਕਾਰ ਦਾ ਮੁਖੀ ਇਸ ਨੂੰ ਮਹਿਸੂਸ ਕਰੇ ਜਾਂ ਨਾ ਕਰੇ, ਆਮ ਲੋਕ ਇਸ ਬਾਰੇ ਸੱਥਾਂ ਵਿੱਚ ਚਰਚਾ ਕਰਦੇ ਸੁਣੇ ਜਾਣ ਲੱਗ ਪਏ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ‘ਆਵਾਜ਼ੇ ਖਲਕਤ, ਨਗਾਰਾ-ਇ-ਖੁਦਾ’ ਵਾਲਾ ਮੁਹਾਵਰਾ ਵੀ ਜ਼ਰੂਰ ਪਤਾ ਹੋਵੇਗਾ। ਅੱਗੋਂ ਉਸ ਨੇ ਕੀ ਕਰਨਾ ਹੈ, ਜਿ਼ਮੇਵਾਰੀ ਵੀ ਉਸ ਦੀ ਹੈ ਅਤੇ ਮਰਜ਼ੀ ਵੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ