ਪੰਜਾਬੀ ਪੋਸਟ ਸੰਪਾਦਕੀ
10 ਸਤੰਬਰ 2022 ਨੂੰ ਹੋਣ ਵਾਲੀ ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਰੇਸ ਦਿਨੋ ਦਿਨ ਕਈ ਪੱਖਾਂ ਤੋਂ ਦਿਲਚਸਪ ਬਣਦੀ ਜਾ ਰਹੀ ਹੈ। ਹੋਰਾਂ ਸਮੇਤ ਦਿਲਚਸਪੀ ਦਾ ਇੱਕ ਵੱਡਾ ਕਾਰਣ ਪੀਅਰੇ ਪੋਲੀਵੀਅਰੇ ਦੀ ਬਾਕੀ ਚਾਰੇ ਉਮੀਦਵਾਰਾਂ (Scott Aitichison, Roman Baber, Jean Charest, Leslyn Lewis) ਦੇ ਮੁਕਾਬਲੇ ਬੇਤਹਾਸ਼ਾ ਚੜਤ ਹੈ। ਹੁਣ ਤੱਕ ਆਏ ਸਾਰੇ ਸਰਵੇਖਣਾਂ ਵਿੱਚ ਉਸਦੀ ਪੁਜ਼ੀਸ਼ਨ ਹੋਰ ਉਮੀਦਵਾਰਾਂ ਨਾਲੋਂ ਕਿਤੇ ਬਿਹਤਰ ਹੈ। ਮਿਸਾਲ ਦੇ ਤੌਰ ਉੱਤੇ ਸੱਭ ਤੋਂ ਹਾਲੀਆ ਸਰਵੇਖਣ ਆਈਪੋਸ (IPSOS) ਅਤੇ ਲੀਜਰ (Leger) ਦੇ ਉਪਲਬਧ ਹਨ ਜਿਹਨਾਂ ਵਿੱਚ ਪੋਲੀਵੀਅਰੇ ਨੂੰ ਕਰਮਵਾਰ 34% ਅਤੇ 48% ਕੰਜ਼ਰਵੇਟਿਵ ਸਮਰੱਥਕਾਂ ਨੇ ਹਾਮੀ ਭਰੀ ਹੈ। ਮੇਨਸਟਰੀਟ ਅਤੇ ਐਨਗਸ ਰੀਡ ਦੇ ਸਰਵੇਖਣਾਂ ਵਿੱਚ 52.6 ਅਤੇ 57% ਸਮਰੱਥਕ ਉਸਦੇ ਪਿੱਛੇ ਖੜੇ ਹਨ। ਇਸਦਾ ਜੇ ਹੋਰ ਦਾਅਵੇਦਾਰਾਂ ਨਾਲ ਮੁਕਾਬਲਾ ਕਰਨਾ ਹੋਵੇ ਤਾਂ ਦੂਜੇ ਨੰਬਰ ਉੱਤੇ ਨਾਮ ਜੀਨ ਚਾਰੈਸਟ ਦਾ ਆਉਂਦਾ ਹੈ। ਜੀਨ ਚਾਰੈਸਟ ਨੂੰ ਕਿਸੇ ਵੀ ਸਰਵੇਖਣ ਵਿੱਚ ਵੱਧ ਤੋਂ ਵੱਧ 23% ਸਮਰੱਥਨ ਮਿਲਿਆ ਹੈ। ਜੇ ਹੋਰ ਨੇੜੇ ਨਜ਼ਰ ਮਾਰਨੀ ਹੋਵੇ ਤਾਂ 5 ਜੁਲਾਈ ਨੂੰ ਲੀਡਰਸਿ਼ੱਪ ਵਿੱਚੋਂ ਕੱਢੇ ਜਾਣ ਤੱਕ ਪੈਟਰਿਕ ਬਰਾਊਨ ਨੂੰ ਵੱਧ ਤੋਂ ਵੱਧ ਕਿਸੇ ਸਰਵੇਖਣ ਵਿੱਚ 10% ਪਾਰਟੀ ਮੈਂਬਰ ਸਮਰੱਥਨ ਦੇਂਦੇ ਨਜ਼ਰ ਆਏ ਸਨ।
ਪੈਸੇ ਧੇਲੇ ਦਾ ਕਿਸੇ ਵੀ ਚੋਣ ਵਿੱਚ ਵੱਡਾ ਰੋਲ ਹੁੰਦਾ ਹੈ। ਪੀਅਰੇ ਪੋਲੀਵੀਅਰੇ ਵਾਹਦ ਇੱਕੋ ਇੱਕ ਉਮੀਦਵਾਰ ਜੋ ਇਸ ਮਹਰਲੇ ਉੱਤੇ ਵੀ ਬਾਕੀਆਂ ਨਾਲੋਂ ਕਿਤੇ ਅੱਗੇ ਹੈ। ਨੈਸ਼ਨਲ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਉਸ ਕੱਲੇ’ ਨੇ ਅਪਰੈਲ, ਮਈ ਅਤੇ ਜੂਨ ਮਹੀਨਿਆਂ ਵਿੱਚ ਐਨਾ ਫੰਡ ਰੇਜ਼ ਕੀਤਾ ਹੈ ਜਿੰਨਾ ਬਾਕੀ ਸਾਰੇ ਲੀਡਰਸਿ਼ੱਪ ਰੇਸ ਦੇ ਉਮੀਦਵਾਰਾਂ ਨੇ ਕੁੱਲ ਮਿਲਾ ਕੇ ਨਹੀਂ ਕੀਤਾ। ਉਸਨੇ ਅਪਰੈਲ, ਮਈ ਅਤੇ ਜੂਨ ਦੇ ਛੋਟੇ ਜਿਹੇ ਅਰਸੇ ਵਿੱਚ 4 ਮਿਲੀਅਨ ਡਾਲਰ ਫੰਡ ਰੇਜ਼ ਕੀਤਾ ਹੈ। ਉਸਦੀ ਲੀਡਰਸਿ਼ੱਪ ਕੰਪੇਨ ਕੋਲ ਹੁਣ ਤੱਕ ਸਵਾ ਚਾਰ ਮਿਲੀਅਨ ਡਾਲਰ ਤੋਂ ਵੱਧ ਫੰਡ ਜਮਾਂ ਹੋ ਚੁੱਕੇ ਹਨ। ਇੱਕਲੀ ਫੰਡ ਦੀ ਮਾਤਰਾ ਹੀ ਨਹੀਂ ਸਗੋਂ ਉਸਨੂੰ ਫੰਡ ਦੇਣ ਵਾਲੇ ਦਾਨੀਆਂ ਦਾ ਆਧਾਰ ਵੀ ਬਹੁਤ ਮੋਕਲਾ ਹੈ। ਪੀਅਰੇ ਪੋਲੀਵੀਅਰੇ ਨੂੰ ਡੋਨੇਸ਼ਨ ਦੇਣ ਵਾਲੇ ਕੰਜ਼ਰਵੇਟਿਵਾਂ ਮੈਂਬਰਾਂ ਦੀ ਗਿਣਤੀ 36,804 ਹੈ। ਇਸਦੇ ਮੁਕਾਬਲੇ ਬਾਕੀ ਚਾਰੇ ਉਮੀਦਵਾਰਾਂ ਨੂੰ ਫੰਡ ਦੇਣ ਵਾਲਿਆਂ ਦੀ ਗਿਣਤੀ ਮਹਿਜ਼ 14966 ਹੈ। ਪੀਅਰੇ ਨੂੰ 62 ਐਮ ਪੀਆਂ, 7 ਸੀਨੇਟਰਾਂ, 35 ਪ੍ਰੋਵਿੰਸ਼ੀਅਲ ਲੀਡਰਾਂ ਅਤੇ 19 ਸਾਬਕਾ ਐਮ ਪੀਆਂ ਨੇ ਐਂਡਰੋਸ ਕੀਤਾ ਹੈ। ਉਸਨੂੰ ਐਂਡਰੋਸਮੈਂਟ ਕਰਨ ਵਾਲਿਆਂ ਦੀ ਗਿਣਤੀ ਵੀ ਬਾਕੀ ਸਾਰਿਆਂ ਦੇ ਕੁੱਲ ਜੋੜ ਨਾਲੋਂ ਵੱਧ ਹੈ।
ਅਗਲੀਆਂ ਚੋਣਾਂ ਵਿੱਚ ਕੰਜ਼ਰਵੇਟਿਵਾਂ ਦਾ ਲੀਡਰ ਬਣ ਕੇ ਕੌਣ ਲਿਬਰਲਾਂ ਦਾ ਮੁਕਾਬਲਾ ਕਰੇਗਾ, ਇਹ ਹਾਲੇ ਦੂਰ ਦੀ ਗੱਲ ਹੈ। ਪਾਰਟੀ ਦੇ ਪੌਣੇ ਸੱਤ ਲੱਖ ਦੇ ਕਰੀਬ ਮੈਂਬਰ ਵੋਟ ਪਾਉਣ ਦੇ ਯੋਗ ਹਨ ਜਿਹਨਾਂ ਵਿੱਚੋਂ ਇੱਕ ਲੱਖ ਦੇ ਕਰੀਬ ਨੇ ਆਪਣੀ ਪਸੰਦ ਦੱਸ ਕੇ ਬੈਲਟ ਵਾਪਸ ਭੇਜ ਵੀ ਦਿੱਤੇ ਹਨ। ਪਾਰਟੀ ਵੱਲੋਂ ਮੈਂਬਰਾਂ ਨੂੰ ਹਦਾਇਤਾਂ ਭੇਜੀਆਂ ਗਈਆਂ ਹਨ ਕਿ ਉਹ ਪਹਿਲੀ, ਦੂਜੀ, ਤੀਜੀ, ਚੌਥੀ ਜਾਂ ਪੰਜਵੀਂ ਪਹਿਲ ਨੂੰ ਜ਼ਾਹਰ ਕਰਕੇ ਆਪਣਾ ਬੈਲਟ ਪਾਰਟੀ ਹੈਡਕੁਆਰਟਰ ਵਿੱਚ 6 ਸਤੰਬਰ ਤੱਕ ਭੇਜਣ। ਇਹਨਾਂ ਮਿਲੇ ਬੈਲਟਾਂ ਦੀ ਗਿਣਤੀ ਮਿਣਤੀ 10 ਸਤੰਬਰ ਨੂੰ ਲੀਡਰ ਚੁਣੇ ਜਾਣ ਲਈ ਵਰਤੀ ਜਾਵੇਗੀ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ 45 ਤੋਂ 50% ਮੈਂਬਰ ਆਪਣੇ ਬੈਲਟ ਜਰੂਰ ਭੇਜਣਗੇ।
ਸਟੀਫਨ ਹਾਰਪਰ ਦੀ 2015 ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਫੈਡਰਲ ਕੰਜ਼ਰਵੇਟਿਵ ਪਾਰਟੀ ਨੂੰ ਕੋਈ ਅਜਿਹਾ ਲੀਡਰ ਨਹੀਂ ਲੱਭਿਆ ਜੋ ਜਿੱਤਣ ਵਾਲੀ ਰੇਸ ਦਾ ਘੋੜਾ ਸਾਬਤ ਹੋ ਸਕਦਾ। 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਕਰਮਵਾਰ 34.34% ਅਤੇ 33.74% ਵੋਟਾਂ ਲੈ ਕੇ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਕੰਜ਼ਰਵੇਟਿਵਾਂ ਨੇ ਲਿਬਰਲਾਂ ਨੂੰ ਵੀ ਮਾਤ ਕੀਤਾ ਸੀ। ਇਸਦੇ ਬਾਵਜੂਦ ਸੀਟਾਂ ਜਿੱਤਣ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ‘ਫੌਜ ਜਿੱਤ ਕੇ ਵੀ ਹਾਰਦੀ’ ਰਹੀ ਹੈ। ਅਰਥਾਤ ਬਹੁਮਤ ਵੋਟਾਂ ਮਿਲੀਆਂ ਪਰ ਬਹੁਮਤ ਸਰਕਾਰ ਨਾ ਮਿਲੀ ਜਿਸਦਾ ਇੱਕੋ ਇੱਕ ਕਾਰਣ ਅਸਰਦਾਰ ਲੀਡਰ ਦੀ ਅਣਹੋਂਦ ਸੀ। 2019 ਵਿੱਚ ਐਂਡਰੀਊ ਸ਼ੀਅਰ ਅਤੇ 2021 ਵਿੱਚ ਐਰਿਨ ਓ ਟੂਲ ਪ੍ਰਭਾਵਹੀਣ ਲੀਡਰ ਸਾਬਤ ਹੋਏ। ਜੋ ਭਰੋਸਾ ਹੁਣ ਤੱਕ ਕੰਜ਼ਰਵੇਟਿਵ ਮੈਂਬਰਾਂ ਵੱਲੋਂ ਪੀਅਰੇ ਪੋਲੀਵੀਅਰੇ ਵਿੱਚ ਵਿਖਾਇਆ ਜਾ ਰਿਹਾ ਹੈ, ਉਸਤੋਂ ਜਿੱਥੇ ਕੰਜ਼ਰਵੇਟਿਵ ਇੱਕ ਆਸ ਦੀ ਕਿਰਣ ਵੇਖ ਰਹੇ ਹਨ, ਉੱਥੇ ਲਿਬਰਲ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਵਾਚ ਕਰ ਰਹੇ ਹਨ।