Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਨਜਰਰੀਆ

ਸੋਸ਼ਲ ਮੀਡੀਆ: ਸ਼ਹਿਦ ਜਾਂ ਜ਼ਹਿਰ

December 06, 2021 01:48 AM

-ਅਸ਼ੋਕ ਸੋਨੀ
ਸੋਸ਼ਲ ਮੀਡੀਆ, ਇੰਟਰਨੈਟ ਕ੍ਰਾਂਤੀ ਨਾਲ ਇੰਨਾ ਤਾਕਤਵਰ ਅਤੇ ਆਮ ਹੋ ਗਿਆ ਹੈ ਕਿ ਅੱਜ ਮੰਤਰੀਆਂ, ਪਾਰਟੀ ਪ੍ਰਧਾਨਾਂ ਦੇ ਅਸਤੀਫੇ ਤੋਂ ਪਿੰਡ ਵਿੱਚ ਪਾਣੀ ਆਲੀ ਟੂਟੀ ਆਉਣ ਦੇ ਟਾਈਮ ਤੱਕ ਦੱਸ ਰਿਹਾ ਹੈ। ਖਬਰਾਂ ਦੇ ਖੇਤਰ ਵਿੱਚ ਜਿੱਥੇ ਅੱਜ ਸੋਸ਼ਲ ਮੀਡੀਆ ਸਭ ਤੋਂ ਤਾਕਤਵਰ ਹਥਿਆਰ ਬਣ ਚੁੱਕਾ ਹੈ, ਉਥੇ ਸਿੱਖਿਆ, ਵਿਚਾਰ, ਸੂਚਨਾ ਅਤੇ ਸਹਿਤ ਦੇ ਪ੍ਰਚਾਰ ਪ੍ਰਸਾਰ ਦਾ ਵੀ ਅਦਭੁੱਤ ਸੋਮਾ ਬਣ ਗਿਆ ਹੈ। ਮਨੋਰੰਜਨ ਹੀ ਨਹੀਂ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਵੀ ਸਾਧਨ ਏ, ਲਾਕਡਾਊਨ ਵਿੱਚ ਪੂਰੀ ਦੁਨੀਆ ਦੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਰਾਹੀਂ ਜਿੱਦਾਂ ਆਪਣੀ ਪੜ੍ਹਾਈ ਜਾਰੀ ਰੱਖੀ, ਉਹ ਬਾਕਮਾਲ ਸੀ। ਭਿ੍ਰਸ਼ਟਾਚਾਰ ਨੂੰ ਠੱਲ੍ਹ ਪਾਉਣ ਤੇ ਧੱਕੇਸ਼ਾਹੀ ਵਿਰੁੱਧ ਲੋਕਲਹਿਰ ਬਣਾਉਣ ਵਿੱਚ, ਵੱਡੇ ਵੱਡੇ ਵਪਾਰਾਂ ਤੇ ਕਾਰੋਬਾਰਾਂ ਵਿੱਚ, ਸਰਕਾਰੀ ਤੇ ਪ੍ਰਾਈਵੇਟ ਵਿਭਾਗਾਂ ਦਾ ਸੁਚਾਰੂ ਕੰਮ ਚਲਾਉਣ ਵਿੱਚ, ਸੋਸ਼ਲ ਮੀਡੀਆ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ ਅਣਗਿਣਤ ਛਿਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਫਰਸ਼ ਤੋਂ ਅਰਸ਼ ਤੀਕ ਪਹੁੰਚਾ ਰਿਹਾ ਹੈ।
ਇਸ ਦੇ ਬਾਵਜੂਦ ਸੋਸ਼ਲ ਮੀਡੀਆ ਨੇ ਨੈਤਿਕ ਕਦਰਾਂ ਕੀਮਤਾਂ ਦਾ ਵੱਡੇ ਪੱਧਰ ਉੱਤੇ ਘਾਣ ਵੀ ਕੀਤਾ। ਦੇਸ਼ ਵਿੱਚ ਅਫਵਾਹਾਂ ਰਾਹੀਂ ਨਫਰਤ ਫੈਲਾਉਣ ਵਿੱਚ ਸਭ ਤੋਂ ਵੱਡਾ ਰੋਲ ਵੀ ਸੋਸ਼ਲ ਮੀਡੀਆ ਦਾ ਹੈ। ਸੌੜੇ ਹਿੱਤਾਂ ਲਈ ਦੇਸ਼ ਵਿਰੋਧੀ ਲੋਕ ਇਸ ਨੂੰ ਹਥਿਆਰ ਵਜੋਂ ਵਰਤਦੇ ਨੇ। ਖੁੰਭਾਂ ਵਾਂਗ ਪੈਦਾ ਹੋਏ ਵੈੱਬ-ਚੈਨਲ ਤੇ ਅਖੌਤੀ ਕੱਚੇ-ਪਿੱਲੇ ਪੱਤਰਕਾਰਾਂ ਰਾਹੀਂ ਬਿਨਾਂ ਸਿਰ ਪੈਰ ਦੀਆਂ ਝੂਠੀਆਂ ਖਬਰਾਂ ਦੀ ਹਨੇਰੀ ਚੱਲ ਰਹੀ ਏ, ਜਿਸ ਨੇ ਮੁਲਕ ਦੀ ਫਿਜ਼ਾ ਬੇਭਰੋਸਗੀ ਦੇ ਮਾਹੌਲ ਨੂੰ ਸਿਰਜਣਾ ਕੀਤੀ ਹੈ। ਵਿਡੰਬਨਾ ਹੈ ਕਿ ਸੱਚ ਲੋਕਾਂ ਤੀਕ ਅਪੜਨ ਤੋਂ ਪਹਿਲਾਂ ਹੀ ਦਮ ਤੋੜ ਜਾਂਦਾ ਏ। ਸੋਸ਼ਲ ਮੀਡੀਆ, ਜਿੱਥੇ ਪੋਰਨੋਗਰਾਫੀ ਤੇ ਅਸ਼ਲੀਲ ਸਮੱਗਰੀ ਫੈਲਾਉਣ ਦਾ ਸਭ ਤੋਂ ਵੱਡਾ ਸੋਮਾ ਹੈ, ਉਥੇ ਇਸ ਨਾਲ ਨਿੱਜੀ ਸੂਚਨਾਵਾਂ ਚੋਰੀ ਕਰਨ ਦੇ ਵੱਡੇ ਪੱਧਰ ਤੇ ਦੋਸ਼ ਲੱਗਦੇ ਹਨ। ਪਿੱਛੇ ਜਿਹੇ ਸਰਕਾਰ ਨਾਲ ਇਸ ਸੰਬੰਧੀ ਵੱਡਾ ਵਿਵਾਦ ਵੀ ਲੰਮਾ ਸਮਾਂ ਜਾਰੀ ਰਿਹਾ ਸੀ। ਪੈਸੇ ਨਾਲ ਖਰੀਦੇ ਝੂਠੇ ਲਾਈਕ-ਵਿਊਜ਼ ਦੇ ਵਿਵਾਦ ਵੀ ਜੱਗ ਜ਼ਾਹਰ ਨੇ। ਅੱਜਕੱਲ੍ਹ ਵੱਡੇ ਪੱਧਰ ਉੱਤੇ ਸੋਸ਼ਲ ਮੀਡੀਆ ਰਾਹੀਂ ਸਾਈਬਰ ਠੱਗੀਆਂ ਤੇ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਸਰਗਰਮ ਹਨ, ਉਥੇ ਜਾਅਲੀ ਆਈਡੀ ਨਾਲ ਕਿੰਨੇ ਹੀ ਲੋਕਾਂ ਨੂੰ ਰਗੜਾ ਲੱਗ ਚੁੱਕਾ ਏ, ਸੋਸ਼ਲ ਮੀਡੀਆ ਉਤੇ ਫੋਨ ਕਾਲ ਰਿਕਾਰਡ ਦੀ ਪੇਚੀਦਗੀ ਕਾਰਨ ਅਪਰਾਧਕ ਗਤੀਵਿਧੀਆਂ ਨੂੰ ਹੱਲ ਕਰਨ ਵਿੱਚ ਪੁਲਸ ਵੀ ਕਈ ਵਾਰ ਨਾਕਾਮ ਹੋ ਜਾਂਦੀ ਏ।
ਸੋਸ਼ਲ ਮੀਡੀਆ ਕਾਰਨ ਹਰ ਕੋਈ ਹਉਮੈ ਦੀ ਬਿਮਾਰੀ ਤੋਂ ਇਸ ਤਰ੍ਹਾਂ ਗ੍ਰਸਤ ਏ ਕਿ ਜੇ ਕੋਈ ਵੀ ਸਾਥੀ ਤੁਹਾਡੀ ਗੱਲ ਸੋਸ਼ਲ ਮੀਡੀਆ ਉੱਤੇ ਕੱਟਦਾ ਏ ਤਾਂ ਸਿਰਫ ਆਪਣੇ ਆਪ ਨੂੰ ਵੱਧ ਸਿਆਣਾ ਤੇ ਸਹੀ ਸਾਬਤ ਕਰਨ ਹਿੱਤ ਤੁਸੀਂ ਬਹਿਸ ਜਿੱਤਣ ਲਈ ਪੂਰੀ ਵਾਹ ਲਾ ਦਿੰਦੇ ਹੋ। ਬਹਿਸ ਤੁਸੀਂ ਭਾਵੇਂ ਜਿੱਤ ਜਾਂਦੇ ਓ, ਪਰ ਉਹ ਸਾਥੀ ਹਮੇਸ਼ਾ ਲਈ ਗਵਾ ਦਿੰਦੇ ਓ। ਹਾਲਾਤ ਇਹ ਹਨ ਕਿ ਸੋਸ਼ਲ ਮੀਡੀਆ ਦੇ ਝਗੜੇ ਅਕਸਰ ਡਾਂਗਾਂ ਤਲਵਾਰਾਂ, ਥਾਣਿਆਂ ਅਤੇ ਅਦਾਲਤਾਂ ਤੀਕ ਅੱਪੜ ਜਾਂਦੇ ਨੇ, ਜਿਨ੍ਹਾਂ ਵਿੱਚ ਆਮ ਲੋਕ ਹੀ ਨਹੀਂ, ਵੱਡੀਆਂ ਹਸਤੀਆਂ ਵੀ ਸ਼ਾਮਲ ਨੇ। ਸਾਡੇ ਵਿੱਚੋਂ ਬਹੁਤੇ ਲੋਕ ਸੋਸ਼ਲ ਮੀਡੀਆ ਰੂਪੀ ਨਸ਼ੇ ਦੀ ਲਗਾਤਾਰ ਹੱਦੋਂ ਵੱਧ ਵਰਤੋਂ ਕਰ ਕੇ ਅਮਲੀ ਬਣ ਚੁੱਕੇ ਨੇ। ਸੋਸ਼ਲ ਮੀਡੀਆ ਕਾਰਨ ਅੱਜ ਸਿਰੇ ਦੇ ਵਿਹਲੇ ਬੰਦੇ ਵੀ ਇੰਨੇ ਮਸ਼ਰੂਫ ਹਨ ਕਿ ਚੱਲਦੇ ਮੋਟਰ ਸਾਈਕਲਾਂ ਤੱਕ ਉੱਤੇ ਸਟੇਟਸ ਅਪਡੇਟ ਕਰਦੇ ਰਹਿੰਦੇ ਹਨ। ਇਸ ਖ਼ਬਤ ਕਾਰਨ ਪਰਵਾਰ ਦੇ ਮੈਂਬਰਾਂ ਵਿੱਚ ਦੂਰੀ ਲਗਾਤਾਰ ਬਹੁਤ ਜ਼ਿਆਦਾ ਵਧ ਰਹੀ ਹੈ।
ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਸਾਨੂੰ ਸੋਸ਼ਲ ਮੀਡੀਆੇ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ? ਨਹੀਂ। ਦੁਨੀਆ ਦੇ ਨਾਲ ਚੱਲਣ ਲਈ ਇਹ ਸਮੇਂ ਦਾ ਸਭ ਤੋਂ ਮਹੱਤਵ ਪੂਰਨ ਸਾਧਨ ਹੈ, ਪਰ ਇਸ ਦੀ ਹੱਦੋਂ ਵੱਧ, ਅਨੈਤਿਕ ਕੇ ਲਾਪਰਵਾਹੀ ਨਾਲ ਕੀਤੀ ਵਰਤੋਂ, ਦੁਰਵਰਤੋਂ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਸੰਬੰਧੀ ਜਿੱਥੇ ਸਰਕਾਰ ਨੂੰ ਹੋਰ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ, ਉਥੇ ਸਾਨੂੰ ਵੀ ਸਾਇੰਸ ਦੀ ਇਸ ਲਾਸਾਨੀ ਕਾਢ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।

 
Have something to say? Post your comment