Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਨਜਰਰੀਆ

ਅਠਿਆਨੀ ਤੋਂ ਵੱਡੀ ਚਵਾਨੀ

September 28, 2021 02:37 AM

-ਰਵਿੰਦਰ ਰੁਪਾਲ ਕੌਲਗੜ੍ਹ
ਇੱਕ ਦਹਾਕਾ ਪਹਿਲਾਂ ਤੀਹ ਜੂਨ ਦੋ ਹਜ਼ਾਰ ਗਿਆਰਾਂ ਨੂੰ ਕੇਂਦਰ ਸਰਕਾਰ ਨੇ ਰੁਪਈਏ ਦਾ ਚੌਥਾ ਹਿੱਸਾ, ਭਾਵ ‘ਚਵਾਨੀ’ ਭਾਰਤੀ ਮਾਰਕੀਟ ਵਿੱਚੋਂ ਸਦਾ ਲਈ ਗਾਇਬ ਕਰ ਦਿੱਤੀ ਸੀ। ਉਸ ਦਿਨ ਉਸ ਚਵਾਨੀ ਦੇ ਗਾਇਬ ਹੋਣ ਨਾਲ ਮੈਨੂੰ ਮੇਰੀ ਗੁਆਚੀ ਚਵਾਨੀ ਦੀ ਬਹੁਤ ਯਾਦ ਆਈ। ਮੇਰੀ ਚਵਾਨੀ ਸੀ ਮੇਰੇ ਚਾਚੇ ਦਾ ਪੁੱਤ ਧੀਰਾ। ਉਹ ਨਿੱਕਾ ਹੁੰਦਾ ਹੀ ਬੜੀਆਂ ਅਲੌਕਿਕ ਜਿਹੀਆਂ ਗੱਲਾਂ ਕਰਦਾ ਹੁੰਦਾ ਸੀ, ਬਹਤ ਸਿਆਣਿਆਂ ਵਰਗੀਆਂ। ਉਮਰ ਵਿੱਚੋਂ ਮੈਥੋਂ ਉਹ ਕੋਈ ਡੇਢ ਕੁ ਸਾਲ ਛੋਟਾ ਸੀ। ਸਕੂਲ ਵਿੱਚ ਉਸ ਨੂੰ ਮੈਥੋਂ ਦੋ ਸਾਲ ਮਗਰੋਂ ਦਾਖਲ ਕਰਾਇਆ ਗਿਆ ਸੀ। ਜਿਹੋ ਜਿਹੀਆਂ ਉਹ ਗੱਲਾਂ ਕਰਿਆ ਕਰਦਾ ਸੀ, ਸੁਣਨ ਵਾਲਿਆਂ ਨੂੰ ਇਉਂ ਲੱਗਦਾ ਕਿ ਪਿਛਲੇ ਜਨਮ ਦਾ ਜ਼ਰੂਰ ਕੋਈ ਨਾ ਕੋਈ ਮਹਾਂਪੁਰਸ਼ ਹੋਵੇਗਾ। ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਤਰ੍ਹਾਂ ਦਾ ਅਜੀਬ ਜਿਹਾ ਸਰੂਰ ਰਹਿੰਦਾ।
ਅਸੀਂ ਦੋਵੇਂ ਭਰਾ ਅਕਸਰ ਇਕੱਠੇ ਰਹਿੰਦੇ, ਖੇਤਾਂ ਨੂੰ ਜਾਣ ਵੇਲੇ ਜਾਂ ਸਕੂਲ ਨੂੰ ਜਾਣ ਵੇਲੇ ਵੀ। ਜਿੱਧਰ ਘਰਦਿਆਂ ਨੇ ਮੈਨੂੰ ਕਿਸੇ ਕੰਮ ਭੇਜਣਾ ਤਾਂ ਮੈਂ ਉਸ ਨੂੰ ਆਪਣੇ ਨਾਲ ਲੈ ਜਾਣਾ ਤੇ ਜਦੋਂ ਉਸ ਨੇ ਕਿਸੇ ਕੰਮ ਨੂੰ ਘਰੋਂ ਬਾਹਰ ਜਾਣਾ ਤਾਂ ਉਸ ਨੇ ਮੈਨੂੰ ਆਪਣੇ ਨਾਲ ਤੋਰ ਲੈਣਾ। ਸਾਡੀ ਗੱਲ ‘ਸੱਗੀ ਨਾਲ ਪਰਾਂਦਾ’ ਭਾਵ ‘ਅਠਿਆਨੀ-ਚਵਾਨੀ' ਵਾਲੀ ਹੋਈ ਪਈ ਸੀ। ਸਾਡਾ ਆਪਸ ਵਿੱਚ ਪਿਆਰ ਹੀ ਏਨਾ ਗੂੜ੍ਹਾ ਸੀ ਕਿ ਦੇਖਣ ਸੁਣਨ ਵਾਲੇ ਹੈਰਾਨ ਰਹਿ ਜਾਂਦੇ।
ਗੱਲ ਸਾਢੇ ਚਾਰ ਦਹਾਕੇ ਪਹਿਲਾਂ ਦੀ ਹੈ। ਸਾਡੇ ਨਾਲ ਦੇ ਪਿੰਡ ਸ਼ਮਸਪੁਰ ਵਿਖੇ ਬਾਬਾ ਅਰਜਨ ਸਿੰਘ ਹਰੇਕ ਸਾਲ ਸਤੰਬਰ ਮਹੀਨੇ ਤਿੰਨ ਦਿਨਾਂ ਮੇਲਾ ਲਾਉਂਦਾ ਹੁੰਦਾ ਸੀ ਜਿਸ ਬਾਰੇ ਅਸੀਂ ਆਪਣੇ ਭੈਣ-ਭਰਾਵਾਂ ਤੋਂ ਸੁਣਿਆ ਹੋਇਆ ਸੀ। ਕਿਉਂਕਿ ਸਾਥੋਂ ਵੱਡੇ ਭੈਣ ਭਰਾ ਸਾਰੇ ਸ਼ਮਸਪੁਰ ਹਾਈ ਸਕੂਲ ਵਿੱਚ ਪੜ੍ਹਦੇ ਸਨ, ਪਰ ਅਸੀਂ ਅਜੇ ਪਿੰਡ ਵਾਲੇ ਪ੍ਰਾਇਮਰੀ ਸਕੂਲ ਵਿੱਚ ਸਾਂ। ਉਸ ਪ੍ਰੋਗਰਾਮ ਦੇ ਤੀਜੇ ਦਿਨ ਉਥੇ ਭੋਗ ਪੈਂਦਾ, ਕੀਰਤਨ ਹੁੰਦਾ, ਰਾਗੀ ਢਾਡੀ ਤੇ ਗਵੱਈਏ ਲੱਗਦੇ ਜਿਸ ਵਿੱਚ ਯਮਲਾ ਜੱਟ ਦੇ ਦੋਵੇਂ ਸ਼ਾਗਿਰਦ ਕਰਮ ਸਿੰਘ, ਰਾਮ ਸਿੰਘ ਅਲਬੇਲਾ, ਢਾਡੀ ਤੇਜਾ ਸਿੰਘ ਤੂਫਾਨ, ਲੱਖੀ ਵਣਜਾਰਾ ਤੇ ਹੋਰ ਕਈ ਗਵੱਈਆਂ ਦਾ ਆਥਣ ਤੱਕ ਗਾਉਣ ਲੱਗਦਾ। ਉਸ ਦਿਨ ਮੇਲੇ ਦਾ ਅਖੀਰਲਾ ਦਿਨ ਸੀ। ਅਸੀਂ ਦੋਵੇਂ ਭਰਾਵਾਂ ਨੇ ਘਰ ਦਿਆਂ ਨੂੰ ਬਗੈਰ ਦੱਸੇ ਮੇਲਾ ਦੇਖਣ ਦੀ ਤਿਆਰੀ ਕਰ ਲਈ। ਮੇਲਾ ਦੇਖਣ ਲਈ ਮੇਰੇ ਕੋਲ ਅਠਿਆਈ ਅਤੇ ਧੀਰੇ ਕੋਲ ਚਵਾਨੀ ਦਾ ਸਿੱਕਾ ਸੀ। ਸਾਨੂੰ ਏਨਾ ਚਾਅ ਚੜ੍ਹਿਆ, ਜਿਵੇਂ ਅਸੀਂ ਸਾਰਾ ਮੇਲਾ ਹੀ ਖਰੀਦ ਲਿਆਵਾਂਗੇ।
ਸਾਡੇ ਪਿੰਡੋਂ ਅੱਧ ਤੋਂ ਵੱਧ ਲੋਕ ਮੇਲਾ ਦੇਖਣ ਜਾਂਦੇ ਹੁੰਦੇ। ਸਾਨੂੰ ਰਸਤੇ ਦਾ ਪਤਾ ਸੀ। ਮੇਲੇ ਬਾਰੇ ਸੁਣਿਆ ਹੋਇਆ ਸੀ ਕਿ ਉਹ ਹਾਈ ਸਕੂਲ ਦੇ ਨੇੜੇ ਲੱਗਦਾ ਹੈ। ਪਿੰਡੋਂ ਕਈ ਜਣੇ ਪਹੇ ਪਹੇ ਤੁਰੇ ਜਾ ਰਹੇ ਸਨ। ਅਸੀਂ ਵੀ ਉਨ੍ਹਾਂ ਦੇ ਮਗਰ ਮਗਰ ਹੋ ਤੁਰੇ। ਚਾਅ ਚਾਅ ਵਿੱਚ ਪਤਾ ਹੀ ਨਹੀਂ ਲੱਗਾ ਕਿ ਅਸੀਂ ਕਿਹੜੇ ਵੇਲੇ ਮੇਲੇ ਵਿੱਚ ਪਹੁੰਚ ਗਏ। ਅਸੀਂ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ। ਮੇਲੇ ਵਿੱਚ ਭੀੜ ਵੀ ਬਹੁਤ ਸੀ। ਉਥੇ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ, ਜਲੇਬੀਆਂ ਵਾਲੀ, ਪਕੌੜਿਆਂ ਵਾਲੀਆਂ ਅਤੇ ਹੋਰ ਵੱਖੋ-ਵੱਖਰੇ ਖਿਡੌਣਿਆਂ ਦੀਆਂ ਦੁਕਾਨਾਂ ਸਨ। ਅਸੀਂ ਕੋਈ ਅੱਧਾ ਘੰਟਾ ਮੇਲੇ ਵਿੱਚ ਘੁੰਮਣ ਤੋਂ ਬਾਅਦ ਪਹਿਲਾਂ ਵੀਹ ਪੈਸੇ ਦੇ ਪਕੌੜੇ ਖਾਧੇ। ਫੇਰ ਅੱਧੇ ਕੁ ਘੰਟੇ ਪਿੱਛੋਂ ਵੀਹ ਪੈਸੇ ਦੀਆਂ ਜਲੇਬੀਆਂ ਲੈ ਕੇ ਖਾਧੀਆਂ। ਫਿਰ ਅਸੀਂ ਘੰਟਾ ਕੁ ਭਰ ਕਵੀਸ਼ਰੀ ਸੁਣਦੇ ਰਹੇ। ਪਤਾ ਨਹੀਂ ਧੀਰੇ ਦੇ ਮਨ ਵਿੱਚ ਕੀ ਆਇਆ, ਕਹਿੰਦਾ ‘ਚੱਲੀਏ ਘਰ ਨੂੰ।’ ਮੈਂ ਕਿਹਾ, ‘ਚੱਲ।’ ਜਿਉਂ ਹੀ ਮੈਂ ਹਾਮੀ ਭਰੀ, ਅਸੀਂ ਤੁਰੰਤ ਪੰਡਾਲ ਵਿੱਚੋਂ ਬਾਹਰ ਨਿਕਲੇ ਤੇ ਘਰ ਨੂੰ ਤੁਰਨ ਦੀ ਕੀਤੀ। ਥੋੜ੍ਹਾ ਅੱਗੇ ਆਏ ਸੀ ਕਿ ਅਮਰੂਦਾਂ ਵਾਲਾ ਭਾਈ ਬੈਠਾ ਦਿਸਿਆ। ਮੈਂ ਆਪਣੇ ਕੋਲ ਰਹਿੰਦੇ ਦਸ ਪੈਸਿਆਂ ਦੇ ਅਮਰੂਦ ਕਟਵਾ ਲਏ। ਉਨ੍ਹਾਂ ਉਤੇ ਲੂਣ ਪੁਆ ਲਿਆ। ਭਾਈ ਨੇ ਅਖਬਾਰ ਵਿੱਚ ਲਪੇਟ ਕੇ ਅਮਰੂਦ ਸਾਨੂੰ ਫੜਾ ਦਿੱਤੇ। ਮੇਲਾ ਅਜੇ ਹੋਰ ਭਰ ਰਿਹਾ ਸੀ, ਅਸੀਂ ਦੋਵੇਂ ਜਣੇ ਸਭ ਤੋਂ ਪਹਿਲਾਂ ਪਿੰਡ ਨੂੰ ਤੁਰ ਪਏ। ਮੇਰੇ ਕੋਲ ਜਿਹੜੇ ਪੈਸੇ ਸਨ, ਉਹ ਖਰਚ ਹੋ ਚੁੱਕੇ ਸਨ। ਮੈਂ ਪ੍ਰਵਾਹ ਨਹੀਂ ਸੀ ਕਰ ਰਿਹਾ। ਸੋਚਿਆ ਫਿਰ ਕੀ ਹੋਇਆ, ਧੀਰੇ ਕੋਲ ਚਵਾਨੀ ਹੈ ਜੇ ਲੋੜ ਪਈ।
ਮੇਲੇ ਤੋਂ ਤੁਰ ਕੇ ਪਿੰਡ ਆਉਣ ਵਾਲੇ ਪਹੇ ਤੱਕ ਅਸੀਂ ਸਾਰੇ ਅਮਰੂਦ ਖਾ ਲਏ ਸਨ। ਪਹੇ ਤੋਂ ਪਿੱਛੇ ਇੱਕ ਨਲਕਾ ਹੁੰਦਾ ਸੀ। ਅਸੀਂ ਉਥੇ ਆਪਣੇ ਹੱਥ ਧੋਤੇ ਅਤੇ ਪਾਣੀ ਪੀਤਾ। ਜਦੋਂ ਅਸੀਂ ਸੜਕ ਤੋਂ ਪਿੰਡ ਵਾਲੇ ਪਹੇ ਵੱਲ ਨੂੰ ਮੁੜਨ ਲੱਗੇ ਤਾਂ ਯਕਦਮ ਮੈਨੂੰ ਖਿਆਲ ਆਇਆ ਕਿ ਇਸ ਰਸਤੇ ਉਤੇ ਮੜ੍ਹੀਆਂ ਨੇ ਸੋਂਸਪੁਰ ਪਿੰਡ ਦੀਆਂ। ਮੜ੍ਹੀਆਂ ਬਾਰੇ ਸੋਚ ਕੇ ਅਸੀਂ ਡਰ ਗਏ। ਪਿੰਡ ਨੂੰ ਜਾਣ ਲਈ ਇੱਕ ਰਸਤਾ ਹੋਰ ਸੀ, ਜੋ ਥੋੜ੍ਹਾ ਦੂਰ ਦੀ ਸੀ, ਪਰ ਉਸ ਰਸਤੇ ਉੱਤੇ ਸਾਡੇ ਪਿੰਡ ਦੀਆਂ ਮੜ੍ਹੀਆਂ ਸਨ, ਜਾਈਏ ਤਾਂ ਕਿਧਰ ਜਾਈਏ? ਅਸੀਂ ਮੋੜ ਉੱਤੇ ਆ ਕੇ ਖੜ੍ਹ ਗਏ ਤੇ ਉਡੀਕਣ ਲੱਗੇ ਕਿ ਕੋਈ ਜਣਾ ਸਾਡੇ ਪਿੰਡ ਵੱਲ ਨੂੰ ਜਾਣ ਵਾਲਾ ਆਵੇ ਤਾਂ ਅਸੀਂ ਉਸ ਦੇ ਨਾਲ ਜਾਈਏ, ਪਰ ਕਿੰਨੀ ਦੇਰ ਉਥੇ ਖੜ੍ਹਨ ਤੋਂ ਬਾਅਦ ਸਾਡੇ ਪਿੰਡ ਵੱਲ ਜਾਣ ਵਾਲਾ ਕੋਈ ਰਾਹਗੀਰ ਨਹੀਂ ਸੀ ਆਇਆ। ਅਖੀਰ ਅਸੀਂ ਹੌਲੀ-ਹੌਲੀ ਉਸੇ ਰਸਤੇ ਤੁਰ ਪਏ।
ਧੀਰਾ ਕਹਿਣ ਲੱਗਿਆ, ਜਿਹਦੇ ਕੋਲ ਲੋਹਾ ਹੁੰਦੇ, ਉਸ ਨੂੰ ਭੂਤ ਪ੍ਰੇਤ ਨਹੀਂ ਚਿੰਬੜਦੇ, ਸਾਡੀਆਂ ਬਾਹਵਾਂ ਵਿੱਚ ਕੜੇ ਵੀ ਨਹੀਂ ਸਨ ਪਾਏ ਹੋਏ। ਅੱਗੇ ਤੁਰੇ ਜਾਂਦੇ ਅਸੀਂ ਇਉਂ ਮਹਿਸੂਸ ਕਰੀਏ, ਜਿਵੇਂ ਪਿੱਛੇ ਨੂੰ ਪੈਰ ਪੁੱਟ ਰਹੇ ਹੋਈਏ। ਡਰ ਨਾਲ ਮਨ ਕੰਬ ਹੀ ਰਿਹਾ ਸੀ, ਸਰੀਰ ਵਿੱਚ ਵੀ ਕੰਬਣੀ ਛਿੜ ਰਹੀ ਸੀ। ਸੋਚਿਆ ਅਸੀਂ ਇਕੱਲੇ ਘਰ ਨਹੀਂ ਜਾਂਦੇ, ਅੱਜ ਸਾਡੇ ਨਾਲ ਭੂਤ ਪ੍ਰੇਤ ਵੀ ਜਾਣਗੇ ਮੜ੍ਹੀਆਂ ਵਿੱਚੋਂ। ਉਪਰੋਂ ਟਿਕਿਆ ਸਿਖਰ ਦੁਪਹਿਰ। ਅੱਸੂ ਦੀ ਧੁੱਪ ਵੀ ਤਨਾਂ ਨੂੰ ਤਪਾ ਰਹੀ ਸੀ। ਮੜ੍ਹੀਆਂ ਤੋਂ ਥੋੜ੍ਹਾ ਜਿਹਾ ਉਰ੍ਹੇ ਧੀਰੇ ਨੂੰ ਇੱਕ ਸਕੀਮ ਸੁੱਝੀ। ਉਹ ਮੈਨੂੰ ਕਹਿਣ ਲੱਗਿਆ, ਇਉਂ ਕਰਦੇ ਹਾਂ, ਮੜ੍ਹੀਆਂ ਦੇ ਬਰੋਬਰ ਜਾ ਕੇ ਆਪੋ-ਆਪਣੀਆਂ ਅੱਖਾਂ ਦੇ ਕੋਲ ਖੱਬੇ ਹੱਥਾਂ ਨਾਲ ਛੱਜੇ ਜਿਹੇ ਬਣਾ ਲੈਂਦੇ ਹਾਂ ਤਾਂ ਕਿ ਸਾਡੀ ਨਿਗਾਹ ਮੜ੍ਹੀਆਂ ਆਲੇ ਪਾਸੇ ਨਾ ਜਾ ਸਕੇ। ਫਿਰ ਉਸ ਨੇ ਜੇਬ੍ਹ ਵਿੱਚੋਂ ਜਵਾਨੀ ਕੱਢ ਕੇ ਮੈਨੂੰ ਕਿਹਾ, ‘‘ਲੈ ਬਣ ਗਈ ਗੱਲ, ਆਪਣੇ ਕੋਲ ਤਾਂ ਲੋਹਾ ਹੈਗੈ। ਅੱਧੀ ਚਵਾਨੀ ਤੂੰ ਫੜ, ਅੱਧੀ ਮੈਂ ਫੜਦਾ ਹਾਂ। ਆਪਾਂ ਮੜ੍ਹੀਆਂ ਲੰਘ ਜਾਵਾਂਗੇ।”
ਉਦੋਂ ਸਾਡੀ ਬੁੱਧੀ ਕਮਜ਼ੋਰ ਅਤੇ ਵਿਸ਼ਵਾਸ ਬਹੁਤ ਮਜ਼ਬੂਤ ਹੋ ਗਿਆ ਸੀ। ਮੈਂ ਸੱਜੇ ਹੱਥ ਨਾਲ ਚਵਾਨੀ ਫੜ ਲਈ ਅਤੇ ਖੱਬੇ ਹੱਥ ਨਾਲ ਆਪਣੀ ਅੱਖ ਦੇ ਬਰਾਬਰ ਇਉਂ ਛੱਜਾ ਜਿਹਾ ਕਰ ਲਿਆ, ਜਿਵੇਂ ਸ਼ਹਿਰ ਜਾਣ ਵੇਲੇ ਘੋੜੇ ਨੂੰ ‘ਖੋਪੇ' ਲਾਏ ਹੁੰਦੇ ਨੇ। ਉਸ ਨੇ ਵੀ ਸੱਜੇ ਹੱਥ ਨਾਲ ਅੱਧੀ ਚਵਾਨੀ ਫੜੀ ਅਤੇ ਹੱਥ ਮੇਰੇ ਵੱਲ ਕਰ ਲਿਆ, ਖੱਬਾ ਹੱਥ ਆਪਣੀਆਂ ਅੱਖਾਂ ਦੇ ਬਰਾਬਰ ਛੱਜੇ ਵਾਂਗ ਕਰ ਲਿਆ। ਅਸੀਂ ਆਪੋ ਆਪਣੀਆਂ ਅੱਖਾਂ ਵੀ ਬੰਦ ਕਰ ਲਈਆਂ। ਵਿੱਚ ਕਦੇ ਕਦੇ ਅੱਖਾਂ ਖੋਲ੍ਹਦੇ ਹੋਏ, ਹੌਲੀ-ਹੌਲੀ ਡਿੰਗਾਂ ਭਰਨ ਲੱਗੇ। ਕੋਈ ਵੀ ਖੜਾਕ ਕੀਤੇ ਬਗੈਰ ਤੁਰ ਰਹੇ ਸਾਂ। ਮੜ੍ਹੀਆਂ ਲੰਘਣ ਲੱਗਿਆਂ ਮੈਂ ਵੱਡਾ ਹੋਣ ਕਰ ਕੇ ਮੜ੍ਹੀਆਂ ਵਾਲੇ ਪਾਸੇ ਸੀ। ਓਨੀ ਦੇਰ ਅਸੀਂ ਆਪਸ ਵਿੱਚ ਤਾਂ ਬੋਲਣਾ ਕੀ ਸੀ, ਆਪਣਾ ਸਾਹ ਵੀ ਉੱਚੀ ਨਹੀਂ ਸੀ ਕੱਢ ਰਹੇ, ਕਿਤੇ ਭੂਤਾਂ ਨੂੰ ਸਾਡੇ ਲੰਘਦਿਆਂ ਦਾ ਖੜਕਾ ਨਾ ਸੁਣ ਜਾਵੇ। ਮੇਲਾ ਦੇਖਣ ਦਾ ਸਾਰਾ ਚਾਅ, ਪਾਰੇ ਵਾਂਗ ਹੇਠਾਂ ਨੂੰ ਉਤਰ ਗਿਆ। ਮੜ੍ਹੀਆਂ ਕੋਲੋਂ ਲੰਘਦੇ ਸਮੇਂ ਅਸੀਂ ਠੰਢੇ ਯਖ਼ ਹੋ ਗਏ। ਮੈਂ ਮਨ ਵਿੱਚ ਸੋਚ ਰਿਹਾ ਸੀ, ‘‘ਹੇ ਰੱਬਾ, ਅੱਜ ਸੁੱਖੀ ਸਾਂਦੀ ਪਾਰ ਲੰਘਾ ਦੇ। ਮੁੜ ਕੇ ਇਸ ਪਹੇ ਪੈਰ ਨਹੀਂ ਪਾਉਂਦੇ।” ਅਸੀਂ ਦੋਵੇਂ ਜਣਿਆਂ ਨੇ ਚਵਾਨੀ ਨੂੰ ਪੂਰੇ ਜ਼ੋਰ ਨਾਲ ਘੁੱਟ ਕੇ ਫੜਿਆ ਹੋਇਆ ਸੀ। ਜਿਉਂ ਜਿਉਂ ਮੜ੍ਹੀਆਂ ਲੰਘ ਰਹੇ ਸੀ, ਤਿਉਂ ਤਿਉਂ ਅਸੀਂ ਚਵਾਨੀ ਨੂੰ ਹੋਰ ਘੁੱਟ ਰਹੇ ਸੀ। ਅਖੀਰ ਅਸੀਂ ਮੜ੍ਹੀਆਂ ਲੰਘ ਗਏ। ਉਹ ਬਹੁਤ ਪਿੱਛੇ ਰਹਿ ਗਈਆਂ, ਪਰ ਅਸੀਂ ਹਾਲੇ ਤੱਕ ਆਪਣੀਆਂ ਗਰਦਨਾਂ ਕਿਧਰੇ ਵੀ ਨਹੀਂ ਸੀ ਹਿਲਾ ਰਹੇ। ਹੌਲੀ-ਹੌਲੀ ਸਿੱਧੇ ਸਤੋਰ ਤੁਰ ਰਹੇ ਸਾਂ।
ਸ਼ੁਕਰ ਸ਼ੁਕਰ ਕਰ ਕੇ ਘਰੇ ਪਹੁੰਚੇ। ਅਸੀਂ ਅੱਜ ਘਰਦਿਆਂ ਤੋਂ ਚੋਰੀ ਮੇਲਾ ਦੇਖਣ ਗਏ ਸਾਂ। ਘਰ ਗੱਲ ਨਹੀਂ ਸੀ ਕਰ ਸਕਦੇ, ਪਰ ਸਾਡਾ ਸਹਿਮ ਏਨਾ ਵਧਿਆ ਹੋਇਆ ਸੀ ਕਿ ਸਾਨੂੰ ਘਰਦਿਆਂ ਸਾਹਮਣੇ ਸੱਚ ਬੋਲਣਾ ਪਿਆ। ਕੁਝ ਸੁਰਤ ਟਿਕਾਣੇ ਸਿਰ ਆਉਣ ਨਾਲ ਮੈਂ ਕਹਿ ਰਿਹਾ ਸੀ, ‘‘ਜੇ ਮੇਰੇ ਕੋਲ ਅੱਜ ਅਠਿਆਨੀ ਨਾ ਹੁੰਦੀ ਤਾਂ ਅਸੀਂ ਮੇਲੇ ਵਿੱਚ ਗਿਆਂ ਨੇ ਭੁੱਖੇ ਮਰ ਜਾਣਾ ਸੀ।” ਧੀਰਾ ਕਹੇ, ‘‘ਜੇ ਅੱਜ ਮੇਰੇ ਕੋਲ ਚਵਾਨੀ ਨਾ ਹੁੰਦੀ ਤਾਂ ਅਸੀਂ ਵੈਸੇ ਹੀ ਮਰ ਜਾਣਾ ਸੀ।” ਉਹ ਚਵਾਨੀ ਕੱਢ ਕੇ ਕਹਿ ਰਿਹਾ ਸੀ, ‘‘ਦੇਖਿਆ ਮੇਰੀ ਚਵਾਨੀ, ਤੇਰੀ ਅਠਿਆਨੀ ਤੋਂ ਬੜੀ ਕੀਮਤੀ ਨਿਕਲੀ, ਜਿਹੜੀ ਸਾਨੂੰ ਜਿਊਂਦੇ ਜਾਗਦਿਆਂ ਨੂੰ ਘਰ ਮੋੜ ਲਿਆਈ।” ਘਰ ਦੇ ਸਾਰੇ ਮੈਂਬਰ ਗੁੱਸੇ ਹੋਣ ਦੀ ਥਾਂ ਧੀਰੇ ਨੂੰ ਪਿਆਰ ਕਰ ਰਹੇ ਸਨ ਤੇ ਨਾਲੇ ਕਹਿ ਰਹੇ ਸੀ ਕਿ ਭਾਈ ਤੇਰੀ ਚਵਾਨੀ ਤਾਂ ਵਾਕਿਆ ਹੀ ਬੜੀ ਐ, ਇਹਦੀ ਅਠਿਆਨੀ ਨਾਲੋਂ। ਇਹ ਸੁਣ ਕੇ ਮੈਨੂੰ ਗੁੱਸਾ ਚੜ੍ਹੇ ਕਿ ਮੈਂ ਕੁਰਬਾਨੀ ਕਰ ਦਿੱਤੀ ਅਠਿਆਨੀ ਖਰਚਣ ਲਈ, ਉਹਦਾ ਕੋਈ ਮੁੱਲ ਹੀ ਨਹੀਂ, ਜਿਹੜਾ ਆਪਣੀ ਚਵਾਨੀ ਵੀ ਘਰ ਮੋੜ ਲਿਆਇਆ ਕੰਜੂਸ, ਉਹਨੂੰ ਸ਼ਾਬਾਸ਼ੇ ਸ਼ਾਬਾਸ਼ੇ ਹੋਈ ਪਈ ਹੈ।
ਖੈਰ! ਸਮਾਂ ਬੀਤਣ ਨਾਲ ਜਦੋਂ ਤਰਕ-ਸਾਹਿਤ ਨੇ ਮੇਰਾ ਤੀਜਾ ਨੇਤਰ ਖੋਲ੍ਹਿਆ ਤਾਂ ਪਤਾ ਲੱਗਿਆ ਕਿ ਭੂਤ-ਪ੍ਰੇਤ ਮਹਿਜ਼ ਮਨ ਦਾ ਵਹਿਮ ਹੁੰਦੇ ਹਨ। ਉਸ ਰਸਤੇ ਉਤੋਂ ਦੀ ਅਨੇਕਾਂ ਵਾਰ ਲੰਘਦੇ ਵਕਤ ਸਾਨੂੰ ਸਾਡੀ ਉਸ ਬੇਵਕੂਫੀ ਉਤੇ ਹਾਸਾ ਆ ਜਾਂਦਾ।

 
Have something to say? Post your comment