Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਨਜਰਰੀਆ

ਪੂਰੀਆਂ ਪਾਉਣ ਵਾਲੇ ਰੰਗ ਨਾ ਹੋਏ ਕਾਂਗਰਸ ਦੇ ਤਾਂ ਫਿਰ ਹੋਊਗਾ ਕੀ?

September 27, 2021 03:07 AM

-ਜਤਿੰਦਰ ਪਨੂੰ
ਪਿਛਲੇ ਦਿਨੀਂ ਪੰਜਾਬ ਸਰਕਾਰ ਦਾ ਮੁਖੀ ਬਦਲੇ ਜਾਣ ਦੀਆਂ ਘਟਨਾਵਾਂ ਮਗਰੋਂ ਲੱਗਭਗ ਹਰ ਕਿਸੇ ਪੱਤਰਕਾਰ ਨੇ ਆਪੋ-ਆਪਣੀ ਸੋਚ ਦੇ ਮੁਤਾਬਕ ਇਸ ਉੱਤੇ ਟਿਪਣੀਆਂ ਕੀਤੀਆਂ ਸਨ। ਜਿਹੜੀ ਟਿਪਣੀ ਸਭ ਤੋਂ ਜਿ਼ਆਦਾ ਠੀਕ ਲੱਗੀ, ਉਹ ਇਹ ਸੀ ਕਿ ਪੰਜਾਬ ਦੀ ਕਾਂਗਰਸ ਇੱਕ ਵਾਰ ਫਿਰ ਓਸੇ ਹਾਲ ਵਿੱਚ ਜਾ ਪਹੁੰਚੀ ਹੈ, ਜਿਸ ਵਿੱਚ ਓਦੋਂ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਉਸ ਨੂੰ ਹਟਾ ਕੇ ਮੁੱਖ ਮੰਤਰੀ ਬਣੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਆਪੋ ਵਿੱਚ ਲੱਗੇ ਆਢੇ ਨੇ ਪੁਚਾਈ ਸੀ। ਓਦੋਂ ਭੱਠਲ ਬੀਬੀ ਨੂੰ ਪਹਿਲਾਂ ਡਿਪਟੀ ਮੁੱਖ ਮੰਤਰੀ ਬਣਾਇਆ ਸੀ ਤੇ ਫਿਰ ਨਵੰਬਰ ਵਿੱਚ ਮੁੱਖ ਮੰਤਰੀ ਬਣਾ ਕੇ ਅਗਲੀਆਂ ਚੋਣਾਂ ਦੇ ਨੇੜੇ ਕੀਤੀ ਤਬਦੀਲੀ ਨੇ ਕਾਂਗਰਸ ਦਾ ਕੁਝ ਨਹੀਂ ਸੀ ਸੰਵਾਰਿਆ। ਸਾਬਕਾ ਮੁੱਖ ਹਰਚਰਨ ਸਿੰਘ ਬਰਾੜ ਤੇ ਉਸ ਦਾ ਧੜਾ ਬੀਬੀ ਭੱਠਲ ਤੋਂ ਡਰਦਾ ਘਰੀਂ ਜਾ ਬੈਠਾ ਅਤੇ ਅੰਦਰ-ਖਾਤਿਉਂ ਆਪਣੀ ਪਾਰਟੀ ਵਿਰੁੱਧ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਰਾਜਸੀ ਗੱਠਜੋੜ ਦੀ ਮਦਦ ਕਰਦਾ ਰਿਹਾ ਸੀ। ਇਸ ਵਾਰ ਸਤੰਬਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡਣੀ ਪਈ ਹੈ, ਪਰ ਉਹ ਹਰਚਰਨ ਸਿੰਘ ਬਰਾੜ ਵਾਂਗ ਚੁੱਪ ਕੀਤਾ ਘਰੇ ਬਹਿਣ ਵਾਲਾ ਨਹੀਂ, ਸਿੱਧਾ ਭੇੜ ਭਿੜਨ ਦੇ ਦਬਕੇ ਮਾਰਦਾ ਹੈ ਤੇ ਤਬਦੀਲੀ ਪਿੱਛੋਂ ਉਸ ਦਾ ਧੜਾ ਵੀ ਰਾਜ ਵਿੱਚੋਂ ਆਪਣਾ ਹਿੱਸਾ ਲੈਣ ਲਈ ਸਾਰਾ ਤਾਣ ਲਾ ਰਿਹਾ ਹੈ। ਦੋ ਡਿਪਟੀ ਮੁੱਖ ਮੰਤਰੀ ਬਣਉਣ ਦੇ ਵਕਤ ਵੀ ਇੱਕ ਜਣਾ ਕੈਪਟਨ ਧੜੇ ਤੋਂ ਲੈਣ ਲਈ ਪਾਰਟੀ ਦਾ ਮਜਬੂਰੀ ਵਿੱਚ ਮੰਨਣਾ ਇਸ ਦਾ ਸਬੂਤ ਹੈ ਕਿ ਉਸ ਧੜੇ ਨੂੰ ਨਾਰਾਜ਼ ਰੱਖਣ ਦਾ ਨੁਕਸਾਨ ਪਾਰਟੀ ਜਾਣਦੀ ਹੈ ਤੇ ਕੈਪਟਨ ਧੜਾ ਵੀ ਇਸ ਸਥਿਤੀ ਵਿੱਚ ਸ਼ਰੀਕਾਂ ਅੱਗੇ ਹਥਿਆਰ ਸੁੱਟਣ ਦੀ ਬਜਾਏ ਵਜ਼ੀਰੀਆਂ ਦੀ ਵੰਡ ਤੋਂ ਬਾਅਦ ਟਿਕਟਾਂ ਦੀ ਵੰਡ ਵਿੱਚ ਵੀ ਲੱਤ ਅੜਾਉਣ ਦੇ ਲਈ ਪੂਰੀ ਤਿਆਰੀ ਵੱਟੀ ਬੈਠਾ ਹੈ।
ਕਿਸੇ ਵੀ ਰਾਜ ਕਰਦੀ ਪਾਰਟੀ ਦਾ ਨਾਰਾਜ਼ ਧੜਾ ਜੋ ਵੀ ਕਰਦਾ ਫਿਰੇ, ਉਸ ਨੂੰ ਕੋਈ ਰੋਕਦਾ ਨਹੀਂ ਹੁੰਦਾ ਤੇ ਰਾਜ ਕਰਦੇ ਧੜੇ ਉੱਤੇ ਜਿ਼ੰਮੇਵਾਰੀ ਪੈ ਜਾਂਦੀ ਹੈ ਕਿ ਉਹ ਨਾਰਾਜ਼ ਧੜੇ ਨੂੰ ਵੀ ਨਾਲ ਲੈ ਕੇ ਚੱਲੇ ਤੇ ਉਨ੍ਹਾਂ ਦਾ ਗੁੱਸਾ-ਗਿਲ੍ਹਾ ਕੁਝ ਠੰਢਾ ਕਰਨ ਦਾ ਯਤਨ ਕਰੇ। ਇਸ ਮਾਮਲੇ ਵਿੱਚ ਇਸ ਵਾਰੀ ਰਾਜ ਸੰਭਾਲਣ ਵਾਲੇ ਧੜੇ ਦੇ ਆਗੂ ਸੁਚੇਤ ਹੋ ਕੇ ਨਹੀਂ ਚੱਲ ਸਕੇ ਅਤੇ ਜਿਨ੍ਹਾਂ ਕੋਲੋਂ ਰਾਜ ਖੋਹਿਆ ਹੈ, ਉਨ੍ਹਾਂ ਨੂੰ ਹਰ ਨਵੇਂ ਦਿਨ ਨਵੀਂ ਹੁੱਝ ਮਾਰਨ ਦੇ ਯਤਨ ਕਰਦੇ ਪਏ ਹਨ। ਨਤੀਜਾ ਇਸ ਦਾ ਇਹ ਹੋਵੇਗਾ ਕਿ ਉਨ੍ਹਾਂ ਨੇ ਜੇ ਕੋਈ ਵਿਰੋਧ ਅੰਦਰ-ਖਾਤੇ ਵੀ ਕਰਨਾ ਸੀ ਤਾਂ ਇਸ ਦੀ ਲੋੜ ਨਹੀਂ ਰਹਿਣੀ, ਉਹ ਨੰਗੇ ਧੜ ਇਸ ਧੜੇ ਦੀ ਅਗਵਾਈ ਹੇਠ ਚੱਲਦੀ ਸਰਕਾਰ ਤੇ ਪਾਰਟੀ ਦਾ ਵਿਰੋਧ ਕਰਨਗੇ। ਨਵਾਂ ਮੁੱਖ ਮੰਤਰੀ ਬਣਾ ਲੈਣ ਦੇ ਬਾਵਜੂਦ ਇੱਕ ਹਫਤਾ ਇਹੋ ਤਹਿ ਨਹੀਂ ਕੀਤਾ ਜਾ ਸਕਿਆ ਕਿ ਮੰਤਰੀ ਕੌਣ-ਕੌਣ ਬਣਾਉਣਾ ਹੈ ਤੇ ਇਸ ਕੰਮ ਲਈ ਹਰ ਦੂਸਰੇ ਦਿਨ ਦਿੱਲੀ ਨੂੰ ਦੌੜ ਲੱਗਦੀ ਰਹੀ ਹੈ। ਇਹ ਦੌੜ ਹੀ ਸਰਕਾਰ ਦੀ ਕਮਜ਼ੋਰੀ ਜਾਹਰ ਕਰਦੀ ਹੈ।
ਦੂਸਰੀ ਗੱਲ ਇਹ ਕਿ ਜਿਨ੍ਹਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੜਾਈ ਲੜੀ ਤੇ ਆਖਰ ਉਸ ਨੂੰ ਕੁਰਸੀ ਛੱਡਣ ਨੂੰ ਮਜਬੂਰ ਕੀਤਾ, ਉਨ੍ਹਾਂ ਤੋਂ ਡਰ ਕੇ ਹਰਚਰਨ ਸਿੰਘ ਬਰਾੜ ਵਾਂਗ ਚੁੱਪ ਹੋਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੇ ਖੜੇ ਪੈਰ ਉਨ੍ਹਾਂ ਨਾਲ ਮੋੜਵਾਂ ਆਢਾ ਲਾ ਲਿਆ ਹੈ। ਉਹ ਇਸ ਗੱਲ ਵਿੱਚ ਕਾਮਯਾਬ ਰਿਹਾ ਕਿ ਹੋਰ ਜਿਸ ਨੂੰ ਵੀ ਅੱਗੇ ਲਾ ਲਵੋ, ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਸੁਨੀਲ ਜਾਖੜ ਨਹੀਂ ਬਣਨ ਦੇਣੇ। ਕਾਂਗਰਸ ਹਾਈ ਕਮਾਂਡ ਨੂੰ ਇਸ ਉੱਤੇ ਝੁਕਣਾ ਪਿਆ ਤਾਂ ਚਰਨਜੀਤ ਸਿੰਘ ਚੰਨੀ ਦਾ ਗੁਣਾ ਪੈ ਗਿਆ, ਜਿਸ ਦਾ ਇਸ ਅਹੁਦੇ ਲਈ ਅੱਗੇ ਕਦੀ ਨਾਂਅ ਨਹੀਂ ਸੀ ਸੁਣਿਆ, ਪਰ ਖੇਡ ਵਿਗਾੜਨ ਦਾ ਅਗਲਾ ਰਾਹ ਕੈਪਟਨ ਧੜੇ ਤੋਂ ਵੱਧ ਕੈਪਟਨ-ਵਿਰੋਧੀਆਂ ਨੇ ਇਸ ਤਰ੍ਹਾਂ ਫੜ ਲਿਆ ਹੈ ਕਿ ਜੇ ਉਹ ਨਾ ਸੁਧਰੇ ਤਾਂ ਸਰਕਾਰ ਤੇ ਪਾਰਟੀ ਦੋਵਾਂ ਨੂੰ ਲੈ ਬੈਠਣਗੇ। ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੁੰਦਾ ਹੈ, ਜਿੰਨੀ ਦੇਰ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਨਹੀਂ ਸੀ ਮਿਲਿਆ, ਓਦੋਂ ਤੱਕ ਹੋਰ ਗੱਲ ਸੀ, ਮੁੱਖ ਮੰਤਰੀ ਬਣਨ ਪਿੱਛੋਂ ਉਸ ਨੂੰ ਕੰਮ ਵੀ ਕਰਨ ਦੇਣਾ ਚਾਹੀਦਾ ਹੈ, ਪਰ ਉਸ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਟੋਲੀ ਆਮ ਲੋਕਾਂ ਨੂੰ ਇਹ ਦੱਸਣ ਰੁੱਝੀ ਹੋਈ ਹੈ ਕਿ ਇਸ ਨੂੰ ਬਣਾਇਆ ਅਸੀਂ ਹੈ ਤਾਂ ਚਲਾਉਂਦੇ ਵੀ ਅਸੀਂ ਹਾਂ। ਇਸ ਨਾਲ ਚਰਨਜੀਤ ਸਿੰਘ ਚੰਨੀ ਦੀ ਪੁਜ਼ੀਸ਼ਨ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਜੇ ਇਹ ਹੋਰ ਕਮਜ਼ੋਰ ਹੋਈ ਤਾਂ ਇਸ ਦਾ ਲਾਭ ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਫਿਰ ਪਾਰਟੀ ਵਿਚਲੇ ਕੈਪਟਨ ਧੜੇ ਨੂੰ ਹੋਵੇਗਾ। ਇਹ ਗੱਲ ਉਹ ਟੀਮ ਨਹੀਂ ਸੋਚਦੀ।
ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਭਾਜਪਾ ਅਜੇ ਤੱਕ ਪੰਜਾਬ ਵਿੱਚ ਆਪਣੇ ਪੈਰ ਨਹੀਂ ਲਾ ਸਕੀ ਤੇ ਲਾਉਣ ਦੀ ਹਾਲੇ ਗੁੰਜਾਇਸ਼ ਵੀ ਕੋਈ ਨਹੀਂ ਲੱਗਦੀ, ਪਰ ਕਾਂਗਰਸ ਲਈ ਮੈਦਾਨ ਖਾਲੀ ਨਹੀਂ। ਆਮ ਆਦਮੀ ਪਾਰਟੀ ਵਿੱਚ ਇਸ ਦੇ ਕੌਮੀ ਕਨਵੀਨਰ ਦੀਆਂ ਗਲਤ ਗਿਣਤੀਆਂ ਕਾਰਨ ਅਜੇ ਤੱਕ ਕਈ ਤਰ੍ਹਾਂ ਦੀਆਂ ਉਲਝਣਾਂ ਹਨ, ਪਰ ਉਲਝਣਾਂ ਹੁੰਦੇ ਹੋਏ ਵੀ ਇਸ ਵੇਲੇ ਆਮ ਲੋਕਾਂ ਵਿੱਚ ਇਸ ਪਾਰਟੀ ਵੱਲ ਇੱਕ ਖਾਸ ਤਰ੍ਹਾਂ ਦੀ ਖਿੱਚ ਮੌਜੂਦ ਹੈ। ਪਾਰਟੀ ਦੀ ਹਾਈ ਕਮਾਨ ਅੱਜ ਉਲਝਣਾਂ ਦੂਰ ਕਰ ਕੇ ਸਿੱਧੇ ਮੂੰਹ ਚੱਲ ਪਵੇ ਤਾਂ ਇਹ ਪਾਰਟੀ ਚੋਖੀ ਖੱਟੀ ਖੱਟ ਰਹੀ ਜਾਪਦੀ ਹੈ, ਪਰ ਬਦਕਿਸਮਤੀ ਨਾਲ ਕੇਜਰੀਵਾਲ ਸਾਹਿਬ ਨੇ ਕੀ ਕਰਨਾ ਹੈ, ਸ਼ਾਇਦ ਖੁਦ ਉਸ ਨੂੰ ਵੀ ਬਹੁਤੀ ਵਾਰ ਪਤਾ ਨਹੀਂ ਹੁੰਦਾ ਅਤੇ ਸੋਚਾਂ ਵਿੱਚ ਵਕਤ ਲੰਘਾ ਕੇ ਆਖਰੀ ਵਕਤ ਅਟਕਲ-ਪੱਚੂ ਚਾਲਾਂ ਚੱਲਣ ਲੱਗਦਾ ਹੈ। ਜਿਹੜੀ ਗੱਲ ਬਾਰੇ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਦੇ ਲੀਡਰ ਅਜੇ ਤੱਕ ਇਹ ਸੋਚ ਕੇ ਅਵੇਸਲੇ ਹਨ ਕਿ ਆਮ ਲੋਕਾਂ ਨੇ ਉਸ ਪਾਰਟੀ ਨੂੰ ਮੂੰਹ ਹੀ ਨਹੀਂ ਲਾਉਣਾ, ਪਿਛਲੇ ਦਿਨਾਂ ਦੀ ਸਰਗਰਮੀ ਵਿੱਚ ਉਸ ਅਕਾਲੀ ਦਲ ਦੀਆਂ ਰੈਲੀਆਂ ਤੇ ਹੋਰ ਪ੍ਰੋਗਰਾਮਾਂ ਵਿੱਚ ਭੀੜ ਅੱਗੇ ਨਾਲੋਂ ਵਧਣ ਲੱਗ ਪਈ ਹੈ। ਜਦੋਂ ਉਨ੍ਹਾਂ ਦੀ ਹਰ ਰੈਲੀ ਤੇ ਹਰ ਮਾਰਚ ਦੇ ਵਕਤ ਕਿਸਾਨਾਂ ਨਾਲ ਜਾਂ ਕਿਸੇ ਹੋਰ ਪੰਥਕ ਧਿਰ ਸਿੱਧਾ ਪੇਚਾ ਪੈਣ ਦਾ ਖਤਰਾ ਹੋਵੇ, ਉਸ ਵਕਤ ਵੀ ਜੇ ਇਸ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਭੀੜ ਵਧਦੀ ਹੈ ਤਾਂ ਇਸ ਨੂੰ ਨੋਟ ਕਰਨਾ ਚਾਹੀਦਾ ਹੈ। ਆਮ ਆਦਮੀ ਇਹ ਨਹੀਂ ਸੋਚਦਾ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਵਿੱਚ ਅਟਪਟੀਆਂ ਗੱਲਾਂ ਕਿੰਨੀਆਂ ਹਨ, ਜਦੋਂ ਆਮ ਲੋਕ ਰਾਜ ਕਰਦੀ ਧਿਰ ਦੇ ਮੁਕਾਬਲੇ ਦਾ ਬਦਲ ਲੱਭਣ ਤੁਰ ਪੈਣ ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਕੇ ਉਸ ਪਾਰਟੀ ਨਾਲ ਵੀ ਤੁਰ ਪੈਂਦੇ ਹੁੰਦੇ ਹਨ, ਜਿਸ ਨੂੰ ਦਿਲੋਂ ਕਈ ਵਾਰੀ ਉਹ ਪਸੰਦ ਨਹੀਂ ਕਰਦੇ ਹੁੰਦੇ। ਏਦਾਂ ਹੁੰਦਾ ਅਸੀਂ ਕਈ ਵਾਰ ਵੇਖਿਆ ਹੈ। ਅਕਾਲੀ ਦਲ ਦੇ ਮਗਰ ਵੀ ਇਸ ਵਕਤ ਜਾਂਦੀ ਭੀੜ ਇਸ ਵੇਲੇ ਚੱਲ ਰਹੇ ਕਾਂਗਰਸੀ ਰਾਜ ਦਾ ਬਾਦਲ ਲੱਭਣ ਵਾਲੀ ਜਾਪਦੀ ਹੈ। ਅੱਜ ਕੇਜਰੀਵਾਲ ਆਪਣੀ ਪਾਰਟੀ ਦੀਆਂ ਉਲਝਣਾਂ ਖਤਮ ਕਰ ਕੇ ਇੱਕ ਠੋਸ ਨੀਤੀ ਲੋਕਾਂ ਮੂਹਰੇ ਰੱਖ ਕੇ ਚੱਲ ਪਵੇ ਤਾਂ ਸਥਿਤੀ ਉਸ ਵੱਲ ਨੂੰ ਝੁਕ ਸਕਦੀ ਹੈ, ਪਰ ਕਿਉਂਕਿ ਉਹ ਏਦਾਂ ਦਾ ਕੁਝ ਕਰ ਨਹੀਂ ਰਿਹਾ, ਇਸ ਲਈ ਮੌਜੂਦਾ ਸਥਿਤੀ ਵਿੱਚ ਆਮ ਲੋਕ ਰਾਜ ਕਰਦੀ ਧਿਰ ਦਾ ਬਦਲ ਲੱਭਣ ਲਈ ਕਿੱਧਰ ਨੂੰ ਖਿਸਕ ਸਕਦੇ ਹਨ, ਸਾਰਿਆਂ ਨੂੰ ਪਤਾ ਹੈ। ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਦੇ ਦੌਰਾਨ ਜਿਹੜਾ ਅਕਾਲੀ ਦਲ ਇੱਕ ਲੋਕ ਸਭਾ ਉੱਪ ਚੋਣ ਬੁਰੀ ਤਰ੍ਹਾਂ ਹਾਰ ਚੁੱਕਾ ਸੀ ਅਤੇ ਬੁਰੀ ਤਰ੍ਹਾਂ ਵੰਡਿਆ ਪਿਆ ਸੀ, ਅਕਾਲੀ ਦਲ ਦੇ ਸੱਤ ਧੜੇ ਸ੍ਰੀ ਅਕਾਲ ਤਖਤ ਨੂੰ ਸਮੱਰਪਿਤ ਹੋਣ ਦੇ ਬਹਾਨੇ ਹੇਠ ਪ੍ਰਕਾਸ਼ ਸਿੰਘ ਬਾਦਲ ਨੂੰ ਥੱਲੇ ਲਾਉਣਾ ਚਾਹੁੰਦੇ ਸਨ, ਉਸ ਵਕਤ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਉਹੀ ਇਕੱਲਾ ਬਾਦਲ ਧੜਾ ਦੋ ਸੀਟਾਂ ਜਿੱਤ ਕੇ ਬਹੁਤ ਵੱਡੀ ਧਿਰ ਬਣ ਗਿਆ ਸੀ। ਕਾਰਨ ਇਹ ਨਹੀਂ ਸੀ ਕਿ ਲੋਕਾਂ ਨੂੰ ਬਾਦਲ ਕੋਈ ਚੰਗਾ ਲੀਡਰ ਲੱਗਣ ਲੱਗ ਪਿਆ ਸੀ, ਅਸਲ ਇਹ ਸੀ ਕਿ ਬਾਦਲ ਉਸ ਵਕਤ ਰਾਜ ਕਰਦੀ ਧਿਰ ਦਾ ਬਦਲ ਪੇਸ਼ ਕਰਦਾ ਪਿਆ ਸੀ ਤੇ ਦੂਸਰੇ ਹੋਰਨਾਂ ਖੇਡਾਂ ਵਿੱਚ ਰੁੱਝੇ ਹੋਏ ਸਨ।
ਇਸ ਵੇਲੇ ਫਿਰ ਲੋਕਾਂ ਨੂੰ ਇੱਕ ਬਦਲ ਦੀ ਲੋੜ ਜਾਪਦੀ ਹੈ। ਕਾਂਗਰਸ ਪਾਰਟੀ ਅਜੇ ਵੀ ਇਸ ਵਹਿਮ ਵਿੱਚ ਹੈ ਕਿ ਸਾਡੇ ਮੁਕਾਬਲੇ ਦੀ ਕੋਈ ਧਿਰ ਹੀ ਨਹੀਂ ਤਾਂ ਅਸੀਂ ਭਾਵੇਂ ਛਿੱਤਰੀਂ ਦਾਲ ਵੰਡੀ ਜਾਈਏ, ਲੋਕਾਂ ਨੂੰ ਵੋਟ ਫਿਰ ਵੀ ਸਾਨੂੰ ਹੀ ਪਾਉਣੀ ਪੈਣੀ ਹੈ। ਅਮਲੀ ਵੀ ਏਸੇ ਝਾਕ ਵਿੱਚ ਬੇਰੀ ਹੇਠ ਜਾ ਸੁੱਤਾ ਸੀ ਕਿ ਬੇਰ ਜਦੋਂ ਵੀ ਡਿੱਗੇਗਾ ਤਾਂ ਮੇਰਾ ਮੂੰਹ ਖੁ਼ੱਲ੍ਹਾ ਵੇਖ ਕੇ ਏਸੇ ਵਿੱਚ ਡਿੱਗੇਗਾ। ਕਾਂਗਰਸ ਪਾਰਟੀ ਵੀ ਏਸੇ ਝਾਕ ਵਿੱਚ ਲੋਕਾਂ ਦੀ ਚਿੰਤਾ ਛੱਡ ਕੇ ਤਖਤ ਉੱਤੇ ਕਬਜ਼ੇ ਕਰਨ ਦੀ ਜੰਗ ਵਿੱਚ ਸਾਰਾ ਤਾਣ ਲਾਈ ਜਾਂਦੀ ਹੈ ਤੇ ਹੇਠੋਂ ਖਿਸਕਦੀ ਜਾਂਦੀ ਜ਼ਮੀਨ ਬਾਰੇ ਚਿੰਤਾ ਕਰ ਸਕਣੀ ਉਸ ਦੇ ਵੱਸ ਦੀ ਗੱਲ ਹੀ ਨਹੀਂ ਜਾਪਦੀ। ਕੁਰਸੀਆਂ ਦੀ ਇਹ ਖੇਡ ਕਾਂਗਰਸ ਪਾਰਟੀ ਨੂੰ ਲੈ ਬੈਠੇਗੀ, ਪਰ ਉਸ ਦਾ ਬਦਲ ਲੱਭਣ ਦੇ ਲਈ ਲੋਕ ਕਿਹੜੀ ਧਿਰ ਵਿੱਚ ਭਰੋਸਾ ਕਰਨਗੇ, ਇਹ ਕਹਿਣਾ ਅੱਜ ਦੀ ਘੜੀ ਔਖਾ ਹੁੰਦਿਆਂ ਵੀ ਹਾਲਾਤ ਜਿੱਧਰ ਜਾ ਰਹੇ ਹਨ, ਇਸ ਬਾਰੇ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਸਕਦੇ ਹਨ, ਫਿਰ ਵੀ ਅਸੀਂ ਲਾਵਾਂਗੇ ਨਹੀਂ। ਸਿਰਫ ਇਹ ਕਹਿ ਸਕਦੇ ਹਾਂ ਕਿ ਹੋਰ ਤਾਂ ਸਭ ਕੁਝ ਸੰਭਵ ਹੈ, ਪਰ ਜਿਹੜੀ ਗੱਲ ਕਹਿ ਕੇ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਕੁਰਸੀ ਛੁਡਾਈ ਹੈ, ਨਾ ਉਸ ਦਾ ਕੋਈ ਲਾਭ ਉਨ੍ਹਾਂ ਨੂੰ ਹੁੰਦਾ ਜਾਪਦਾ ਹੈ, ਨਾ ਕੈਪਟਨ ਦੇ ਮੋੜੇ ਦਾ ਰਾਹ ਖੁੱਲ੍ਹ ਸਕਣਾ ਹੈ।

 
Have something to say? Post your comment