ਟੋਰਾਂਟੋ, 13 ਮਈ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮਹੀਨੇ ਦੇ ਅੰਤ ਵਿੱਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਕੋਵਿਡ-19 ਵੈਕਸੀਨ ਅਪੁਆਇੰਟਮੈਂਟ ਬੁੱਕ ਕਰਵਾਉਣ ਦੇ ਯੋਗ ਹੋ ਜਾਣਗੇ।
ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਫੋਰਡ ਨੇ ਆਖਿਆ ਕਿ 31 ਮਈ ਤੋਂ ਸੁ਼ਰੂ ਕਰਕੇ 12 ਤੋਂ 17 ਸਾਲ ਉਮਰ ਵਰਗ ਦੇ ਬੱਚੇ ਤੇ ਨੌਜਵਾਨਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ, ਜਿਹੜੇ ਵੈਕਸੀਨ ਨਹੀਂ ਲਵਾ ਸਕੇ, ਫਾਈਜ਼ਰ ਵੈਕਸੀਨ ਦੀ ਪਹਿਲੀ ਡੋਜ਼ ਲਈ ਅਪੁਆਇੰਟਮੈਂਟ ਬੁੱਕ ਕਰਵਾਉਣ ਦੇ ਸਮਰੱਥ ਹੋ ਸਕਣਗੇ।
ਇਸ ਮਹੀਨੇ ਦੇ ਸ਼ੁਰੂ ਵਿੱਚ ਹੈਲਥ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਫਾਈਜ਼ਰ-ਬਾਇਓਐਨਟੈਕ ਦੇਣਾ ਸੇਫ ਹੈ। ਇਹ ਫੈਸਲਾ ਫਾਈਜ਼ਰ ਬਾਇਓਐਨਟੈਕ ਦੇ ਫੇਜ਼ 3 ਦੇ ਕਲੀਨਿਕਲ ਟ੍ਰਾਇਲ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ। ਇਸ ਟ੍ਰਾਇਲ ਵਿੱਚ 12 ਤੋਂ 15 ਸਾਲ ਦੇ 2,260 ਕਿਸ਼ੋਰ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ।