Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਚੀਨ ਦਾ ਮੁਕਾਬਲਾ ਕਿਉਂ ਨਹੀਂ ਕਰ ਸਕਦੇ?

November 21, 2018 09:18 AM

-ਬਲਰਾਜ ਸਿੱਧੂ ਐਸ ਪੀ
ਜਦੋਂ ਵੀ ਦੀਵਾਲੀ, ਲੋਹੜੀ ਆਉਂਦੀ ਹੈ ਤਾਂ ਅਨੇਕਾਂ ਲੋਕ ਸੋਸ਼ਲ ਮੀਡੀਆ ਉੱਤੇ ਦੇਸ਼ ਭਗਤ ਜਨਤਾ ਨੂੰ ਅਪੀਲਾਂ ਕਰਨ ਲੱਗ ਪੈਂਦੇ ਹਨ ਕਿ ਚੀਨ ਵਿੱਚੋਂ ਬਣਿਆ ਸਾਮਾਨ ਨਾ ਖਰੀਦਿਆ ਜਾਵੇ ਤਾਂ ਜੋ ਸਾਡੇ ਕਾਰੀਗਰਾਂ ਨੂੰ ਰੁਜ਼ਗਾਰ ਮਿਲ ਸਕੇ। ਇਹ ਬਿਜਲੀ ਦੀਆਂ ਲੜੀਆਂ ਆਦਿ ਚੀਨ ਦੇ ਉਤਪਾਦਾਂ ਦਾ ਇਕ ਫੀਸਦੀ ਵੀ ਨਹੀਂ। ਚੀਨ ਨੇ ਇਲੈਕਟ੍ਰਾਨਿਕਸ, ਸਾਫਟਵੇਅਰ, ਹੈਵੀ ਮਸ਼ੀਨਰੀ ਅਤੇ ਸੜਕਾਂ ਰੇਲਵੇ ਬਣਾਉਣ ਦੇ ਖੇਤਰ ਵਿੱਚ ਉਹ ਤਰੱਕੀ ਕੀਤੀ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ। ਸਾਡੀਆਂ ਜ਼ਿਆਦਾਤਰ ਸੜਕਾਂ, ਪੁਲ ਤੇ ਰੇਲਵੇ ਆਦਿ ਨੀਂਹ ਪੱਥਰ ਰੱਖਣ ਦੀ ਰਸਮ ਤੋਂ ਅੱਗੇ ਨਹੀਂ ਵਧਦੇ। ਕਈ ਪ੍ਰਾਜੈਕਟਾਂ ਦੇ ਦੋ ਤਿੰਨ ਵਾਰ ਨੀਂਹ ਪੱਥਰ ਰੱਖੇ ਜਾਂਦੇ ਹਨ। ਠੇਕੇਦਾਰ ਚੰਗਾ ਮਿਲ ਜਾਵੇ ਤਾਂ ਭਾਵੇਂ ਕੰਮ ਪੂਰਾ ਹੋ ਜਾਵੇ, ਨਹੀਂ ਤਾਂ ਸਾਲ ਦਰ ਸਾਲ ਲੋਕਾਂ ਦੇ ਸਿਰ ਵਿੱਚ ਖੇਹ ਪੈਂਦੀ ਰਹਿੰਦੀ ਹੈ। ਇਕ ਸਾਲ 'ਚ ਪੂਰਾ ਹੋਣ ਵਾਲਾ ਕੰਮ 20 ਸਾਲਾਂ ਵਿੱਚ ਵੀ ਪੂਰਾ ਨਹੀਂ ਹੁੰਦਾ। ਉਸ ਦੀ ਲਾਗਤ ਕੀਮਤ ਬਿਨਾਂ ਇਤਰਾਜ਼ ਦੇ ਵਧੀ ਜਾਂਦੀ ਹੈ। 100 ਕਰੋੜ ਵਿੱਚ ਬਣ ਜਾਣ ਵਾਲਾ ਪ੍ਰਾਜੈਕਟ 1000 ਕਰੋੜ ਤੱਕ ਪਹੁੰਚ ਜਾਂਦਾ ਹੈ। ਸਾਰਾ ਖਰਚ ਚੁੱਪਚਾਪ ਸਰਕਾਰ ਦੇ ਸਿਰ ਪਾ ਦਿੱਤਾ ਜਾਂਦਾ ਹੈ।
ਇਥੇ ਚੀਨ ਦੇ ਦੋ ਤਿੰਨ ਚਮਤਕਾਰੀ ਸੜਕੀ ਤੇ ਰੇਲਵੇ ਪ੍ਰਾਜੈਕਟਾਂ ਦੀ ਮਿਸਾਲ ਦੇਣੀ ਬਣਦੀ ਹੈ। ਕੁਝ ਦਿਨ ਪਹਿਲਾਂ ਚੀਨ ਦੇ ਰਾਸ਼ਟਰਪਤੀ ਨੇ ਸੰਸਾਰ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ ਹੈ। 55 ਕਿਲੋਮੀਟਰ ਲੰਬਾ ਇਹ ਪੁਲ ਹਾਂਗਕਾਂਗ ਤੇ ਮਕਾਊ ਟਾਪੂ ਨੂੰ ਚੀਨ ਦੇ ਮੁੱਖ ਸ਼ਹਿਰ ਜੂਹਾਈ ਨਾਲ ਜੋੜਦਾ ਹੈ। 200 ਕਰੋੜ ਡਾਲਰ ਦੀ ਕੀਮਤ ਨਾਲ ਇਹ ਪੁਲ ਰਿਕਾਰਡ ਨੌਂ ਸਾਲਾਂ ਵਿੱਚ ਬਣ ਗਿਆ। ਕਰੀਬ ਇੰਨੇ ਹੀ ਸਮੇਂ ਤੋਂ ਸਾਡਾ ਮੋਹਾਲੀ-ਖਰੜ ਫਲਾਈਓਵਰ ਬਣ ਰਿਹਾ ਹੈ, ਜਿਸ ਦੇ ਅਜੇ ਨੇੜਲੇ ਭਵਿੱਖ ਵਿੱਚ ਤਿਆਰ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ। ਚੀਨ ਦਾ ਪੁਲ ਖਤਰਨਾਕ ਸਮੁੰਦਰੀ ਲਹਿਰਾਂ ਉੱਤੇ ਬਣਿਆ ਸੀ ਤੇ ਸਾਡਾ ਸਾਫ ਮੈਦਾਨ ਵਿੱਚ ਬਣਦਾ ਹੈ। ਚੀਨ ਦੇ ਪੁਲ ਵਿੱਚ ਐਨਾ ਇਸਪਾਤ ਲੱਗਾ ਹੈ ਕਿ ਇਸ ਨਾਲ 60 ਐਫਿਲ ਟਾਵਰ ਬਣਾਏ ਜਾ ਸਕਦੇ ਹਨ। ਸਮੁੰਦਰੀ ਜਹਾਜ਼ਾਂ ਨੂੰ ਰਸਤਾ ਦੇਣ ਲਈ ਰਸਤੇ ਵਿੱਚ ਸੱਤ ਕਿਲੋਮੀਟਰ ਲੰਬੀ ਸੁਰੰਗ ਬਣੀ ਹੈ। ਇਸ ਪੁਲ ਨੂੰ ਮੁਕੰਮਲ ਕਰਨ ਲਈ ਜਿੰਨਾ ਸਮਾਂ ਦਿੱਤਾ ਗਿਆ ਸੀ, ਇਹ ਓਨੇ ਸਮੇਂ ਵਿੱਚ ਹੀ ਬਣ ਕੇ ਤਿਆਰ ਹੋਇਆ ਹੈ।
ਚੀਨ ਦਾ ਦੂਜਾ ਚਮਤਕਾਰੀ ਪ੍ਰਾਜੈਕਟ ਕਿੰਗਾਈ ਤਿੱਬਤ ਰੇਲਵੇ ਲਾਈਨ ਹੈ। ਇਹ ਰੇਲ ਲਾਈਨ ਚੀਨ ਦੇ ਕਿੰਗਾਈ ਪ੍ਰਾਂਤ ਨੂੰ ਤਿੱਬਤ ਦੀ ਰਾਜਧਾਨੀ ਲਹਾਸਾ ਨਾਲ ਜੋੜਦੀ ਹੈ। 1956 ਕਿਲੋਮੀਟਰ ਲੰਬਾ ਇਹ ਪ੍ਰਾਜੈਕਟ ਸਿਰਫ 15 ਸਾਲ ਵਿੱਚ ਬਣ ਕੇ ਤਿਆਰ ਹੋਇਆ ਹੈ। ਇਕ ਜੁਲਾਈ 2006 ਨੂੰ ਇਸ ਦਾ ਉਦਘਾਟਨ ਹੋਇਆ ਸੀ, ਉਦੋਂ ਤੋਂ ਅੱਜ ਤੱਕ ਬਿਨਾਂ ਰੁਕਾਵਟ ਜਾਂ ਹਾਦਸੇ ਦੇ ਚੱਲ ਰਿਹਾ ਹੈ। ਇਹ ਸਾਰਾ ਹਿਮਾਲਿਆ ਪਰਬਤ ਦੀਆਂ ਉਚੀਆਂ ਚੋਟੀਆਂ ਦਰਮਿਆਨ ਬਣਿਆ ਹੋਇਆ ਹੈ। ਇਸ ਦੀ ਇਕ ਜਗ੍ਹਾ (ਤੰਗੁਲਾ ਦੱਰਾ) ਉੱਤੇ ਉਚਾਈ 16,640 ਫੁੱਟ ਹੈ, ਜੋ ਸੰਸਾਰ ਵਿੱਚ ਸਭ ਤੋਂ ਉਚੀ ਰੇਲਵੇ ਲਾਈਨ ਹੈ। ਇਸ ਦਾ ਤੰਗੁਲਾ ਰੇਲਵੇ ਸਟੇਸ਼ਨ ਸੰਸਾਰ ਦਾ ਸਭ ਤੋਂ ਉਚਾ ਰੇਲਵੇ ਸਟੇਸ਼ਨ ਹੈ। ਫੈਂਗਹੌਊਸ਼ਨ ਸੁਰੰਗ ਸਭ ਤੋਂ ਉਚਾਈ ਉੱਤੇ ਰੇਲਵੇ ਸੁਰੰਗ ਅਤੇ ਗੁੰਜੀਆਉ ਸਭ ਤੋਂ ਲੰਬੀ ਰੇਲਵੇ ਸੁਰੰਗ ਹੈ। ਇਸ ਰੇਲਵੇ ਲਾਈਨ ਦਾ 80 ਫੀਸਦੀ ਹਿੱਸਾ ਸਮੁੰਦਰ ਤਲ ਤੋਂ 13,123 ਫੁੱਟ ਤੋਂ ਵੱਧ ਉਚਾ ਹੈ। ਇਸ ਵਿੱਚ 675 ਪੁਲ ਹਨ। ਇਸ ਲਾਈਨ ਦਾ 550 ਕਿਲੋਮੀਟਰ ਹਿੱਸਾ ਮਿੱਟੀ ਦੀ ਬਜਾਏ ਜੰਮੀ ਹੋਈ ਬਰਫ 'ਤੇ ਵਿਛਾਇਆ ਗਿਆ ਹੈ। ਇਸ ਦੇ ਮੁਕਾਬਲੇ ਸਾਡੀ ਜੰਮੂ ਸ੍ਰੀਨਗਰ ਰੇਲ ਲਾਈਨ ਵਿਛਾਈ ਜਾ ਰਹੀ ਹੈ। ਇਸ ਦਾ ਨੀਂਹ ਪੱਥਰ 1983 ਵਿੱਚ ਰੱਖਿਆ ਸੀ, ਖਰਬਾਂ ਰੁਪਏ ਅਤੇ 35 ਸਾਲ ਦੇ ਸਮੇਂ ਤੋਂ ਬਾਅਦ ਵੀ ਅਜੇ ਜੰਮੂ ਅਤੇ ਸ੍ਰੀਨਗਰ ਦਾ ਆਪਸ ਵਿੱਚ ਮਿਲਾਪ ਨਹੀਂ ਹੋ ਸਕਿਆ। ਬਨਿਹਾਲ ਤੋਂ ਲੈ ਕੇ ਸ੍ਰੀਨਗਰ ਤੱਕ 119 ਕਿਲੋਮੀਟਰ ਟੋਟਾ ਅਜੇ ਵੀ ਅਧੂਰਾ ਹੈ। ਇਸ ਦੇ ਮੁਕੰਮਲ ਹੋਣ ਦੀਆਂ ਤਰੀਕਾਂ ਵਾਰ-ਵਾਰ ਐਲਾਨ ਹੁੰਦੀਆਂ ਹਨ, ਪਰ ਹਰ ਵਾਰ ਅੱਗੇ ਵਧਾਈਆਂ ਜਾਂਦੀਆਂ ਹਨ। ਲੱਗਦਾ ਹੈ ਕਿ ਅਜੇ ਦਿੱਲੀ ਤੋਂ ਸ੍ਰੀਨਗਰ ਦੇ ਸਫਰ ਲਈ ਕੁਝ ਹੋਰ ਸਾਲ ਉਡੀਕਣਾ ਪਵੇਗਾ। ਚੀਨ ਨੇ ਇਕ ਚਮਤਕਾਰ ਲੂਜਿੰਗ ਸ਼ਹਿਰ ਨੂੰ ਸੜਕ ਅਤੇ ਰੇਲਵੇ ਰਾਹੀਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨਾਲ ਜੋੜ ਕੇ ਕੀਤਾ ਹੈ।
ਲੂਜਿੰਗ ਤੋਂ ਕਾਸ਼ਗਾਰ ਤੱਕ 5411 ਕਿਲੋਮੀਟਰ ਰੇਲਵੇ ਲਾਈਨ ਵਿਛਾਈ ਹੈ ਤੇ ਕਾਸ਼ਗਾਰ ਤੋਂ ਇਸਲਾਮਾਬਾਦ ਤੱਕ 14,341 ਕਿਲੋਮੀਟਰ ਸੜਕ ਵਿਛਾਈ ਹੈ। ਸਾਰੀ ਸੜਕ ਹਿਮਾਲਿਆ ਪਰਬਤਾਂ ਨੂੰ ਚੀਰ ਕੇ ਤਿਆਰ ਕੀਤੀ ਹੈ। ਇਸ ਨਾਲ ਚੀਨ ਤੇ ਪਾਕਿਸਤਾਨ ਦੇ ਆਪਸੀ ਵਪਾਰ ਦਾ ਅਥਾਹ ਵਾਧਾ ਹੋਵੇਗਾ ਅਤੇ ਚੀਨ ਨੂੰ ਮੱਧ ਏਸ਼ੀਆ ਤੱਕ ਸਿੱਧਾ ਰਸਤਾ ਮਿਲ ਜਾਵੇਗਾ। ਇਸ ਦੇ ਉਲਟ ਜਿਹੜੇ ਲੋਕ ਠੰਢੇ ਮੌਸਮ ਦਾ ਆਨੰਦ ਮਾਣਨ ਲਈ ਮਨਾਲੀ ਗਏ ਹੋਣਗੇ, ਉਨ੍ਹਾਂ ਵੇਖਿਆ ਹੋਵੇਗਾ ਕਿ ਕੀਰਤਪੁਰ ਸਾਹਿਬ ਤੋਂ ਮਨਾਲੀ ਤੱਕ ਫੋਰਲੇਨ ਹੋ ਰਹੀ ਸੜਕ ਦਾ ਕੀ ਹਾਲ ਹੈ? ਸੁਰੱਖਿਆ ਪੱਖੋਂ ਅਹਿਮ ਇਸ ਸੜਕ ਨੂੰ ਬਣਦੇ ਹੋਏ 10 ਸਾਲ ਤੋਂ ਵੱਧ ਹੋ ਗਏ, ਅਜੇ ਗੋਹੜੇ ਵਿੱਚੋਂ ਪੂਣੀ ਨਹੀਂ ਕੀਤੀ ਗਈ। ਮਨਾਲੀ-ਲੇਹ ਨਾਲ ਜੋੜਨ ਵਾਲੀ ਰੋਹਤਾਂਗ ਸੁਰੰਗ ਅਜੇ ਮੁਕੰਮਲ ਹੋਣ ਦੇ ਨੇੜੇ ਵੀ ਨਹੀਂ। ਇਸ ਦੇ ਮੁਕੰਮਲ ਹੋਣ ਨਾਲ ਲੇਹ ਨੂੰ ਸਾਰਾ ਸਾਲ ਆਵਾਜਾਈ ਚੱਲਣੀ ਤੇ ਰਸਤਾ ਕਈ ਮੀਲ ਘਟਣਾ ਹੈ। ਹਾਲੇ ਤੱਕ ਮੀਲਾਂ ਲੰਬੇ ਜਾਮ ਆਦਮੀ ਦੀ ਸੁਰਤ ਭੁਲਾ ਦਿੰਦੇ ਹਨ।
ਸੜਕਾਂ, ਰੇਲਵੇ ਅਤੇ ਪੁਲ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਅਹਿਮ ਹਿੱਸਾ ਪਾਉਂਦੇ ਹਨ। ਸਾਡੇ ਦੇਸ਼ ਵਿੱਚ ਸੜਕ ਬਣਨ ਵੇਲੇ ਕਈ ਸਰਕਾਰੀ ਵਿਭਾਗਾਂ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਇਨ੍ਹਾਂ ਵਿਭਾਗਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਹੈ। ਸੜਕ ਬਣਨ ਵੇਲੇ ਆਮ ਤੌਰ 'ਤੇ ਗਰੀਨ ਟਿ੍ਰਬਿਊਨਲ ਰੁੱਖ ਕੱਟਣ 'ਤੇ ਪਾਬੰਦੀ ਲਾ ਦਿੰਦਾ ਹੈ। ਇਸੇ ਨੂੰ ਕਈ ਸਾਲ ਲੰਘ ਜਾਂਦੇ ਹਨ। ਜੇ ਕਿਤੇ ਠੇਕੇਦਾਰ ਦੀ ਕ੍ਰਿਪਾ ਨਾਲ ਸੜਕ ਮੁਕੰਮਲ ਹੋ ਵੀ ਜਾਵੇ ਤਾਂ ਫਲਾਈਓਵਰ ਬਣਾਉਣ ਦੀ ਮਨਜ਼ੂਰੀ ਰੇਲਵੇ ਮਹਿਕਮਾ ਕਈ ਸਾਲ ਨਹੀਂ ਦਿੰਦਾ। ਅਨੇਕਾਂ ਸੜਕਾਂ ਰੇਲਵੇ ਦੀ ਮਨਜ਼ੂਰੀ ਨਾ ਮਿਲਣ ਕਾਰਨ ਅਧੂਰੀਆਂ ਪਈਆਂ ਹਨ। ਸੜਕਾਂ ਬਣਨ ਵੇਲੇ ਰੁੱਖ ਐਨੀ ਤੇਜ਼ੀ ਨਾਲ ਵੱਢੇ ਜਾਂਦੇ ਹਨ ਜਿਵੇਂ ਸੜਕ ਦੀ ਉਸਾਰੀ ਵਿੱਚ ਸਭ ਤੋਂ ਵੱਡੀ ਰੁਕਾਵਟ ਇਹੋ ਹਨ। ਮੋਹਾਲੀ ਤੋਂ ਲਾਂਡਰਾਂ ਜਾਂਦੀ ਸੜਕ ਤੋਂ ਕਰੀਬ 6-7 ਸਾਲ ਪਹਿਲਾਂ ਰੁੱਖ ਐਨੀ ਤੇਜ਼ੀ ਨਾਲ ਵੱਢੇ ਗਏ ਸਨ ਜਿਵੇਂ ਅਗਲੇ ਦਿਨ ਹੀ ਸੜਕ ਬਣ ਜਾਣੀ ਹੋਵੇ। ਲਾਂਡਰਾਂ ਚੌਕ ਲਾਗੇ ਸੜਕ ਦੀ ਹਾਲਤ ਸਭ ਦੇ ਸਾਹਮਣੇ ਹੈ। ਰਾਜਪੁਰੇ ਤੋਂ ਅੰਮ੍ਰਿਤਸਰ ਨੂੰ ਜਾਂਦੀ ਜੀ ਟੀ ਰੋਡ 'ਤੇ ਕਈ ਜਗ੍ਹਾ ਨਾ ਮੁਕੰਮਲ ਪੁਲ ਇਸ ਤਰ੍ਹਾਂ ਖੜੇ ਹਨ, ਜਿਵੇਂ ਇਨ੍ਹਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ। ਸਬੰਧਤ ਮਹਿਕਮੇ ਦਾ ਇਨ੍ਹਾਂ ਵੱਲ ਧਿਆਨ ਹੀ ਨਹੀਂ। ਰਾਜਪੁਰੇ ਤੋਂ ਸਰਹਿੰਦ ਨੂੰ ਨਿਕਲਦਿਆਂ ਸਾਰ ਕਈ ਸਾਲ ਪਹਿਲਾਂ ਬਣਿਆਂ ਫਲਾਈਓਵਰ, ਰਾਮਾ ਮੰਡੀ (ਜਲੰਧਰ) ਅਤੇ ਪੀ ਏ ਪੀ ਚੌਕ 'ਚ ਖੜਾ ਫਲਾਈਓਵਰ ਇਸ ਦੀਆਂ ਮਿਸਾਲਾਂ ਹਨ। ਇਹ ਪੁਲ ਕਿਸੇ ਪਰਬਤੀ ਇਲਾਕੇ ਵਿੱਚ ਨਹੀਂ, ਮੈਦਾਨ ਵਿੱਚ ਹਨ। ਇਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ। ਇਨ੍ਹਾਂ ਕੋਲੋਂ ਲੰਘਦੇ ਲੋਕ ਸੋਚਦੇ ਹੋਣਗੇ ਕਿ ਟ੍ਰੈਫਿਕ ਵਿੱਚ ਰੁਕਾਵਟ ਪਾਉਣ ਨਾਲੋਂ ਚੰਗਾ ਸੀ ਇਹ ਨਾ ਹੀ ਬਣਦੇ। ਜੂੰ ਦੀ ਚਾਲੇ ਮੁਕੰਮਲ ਹੋ ਰਹੇ ਚੰਡੀਗੜ੍ਹ-ਲੁਧਿਆਣਾ ਵਰਗੇ ਸੜਕੀ ਪ੍ਰਾਜੈਕਟ ਵੀ ਜਨਤਾ ਲਈ ਪਰੇਸ਼ਾਨੀ ਪੈਦਾ ਕਰਦੇ ਹਨ।
ਅਸੀਂ ਜੇ ਚੀਨ ਵਰਗੇ ਦੇਸ਼ਾਂ ਦਾ ਮੁਕਾਬਲਾ ਕਰਨਾ ਹੈ ਤਾਂ ਉਨ੍ਹਾਂ ਦੀ ਰੀਸ ਤਰੱਕੀ ਅਤੇ ਟਾਈਮ ਦੀ ਪਾਬੰਦੀ ਦੇ ਪੱਖੋਂ ਕਰਨੀ ਪਵੇਗੀ। ਸਰਕਾਰੀ ਕੰਮ ਨੂੰ ਆਪਣਾ ਸਮਝ ਕੇ ਕਰਨਾ ਪਵੇਗਾ। ਉਥੇ ਕਿਸੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਸਮਾਂ ਹੱਦ ਮਿੱਥੀ ਜਾਂਦੀ ਹੈ। ਕੰਸਟ੍ਰਕਸ਼ਨ ਕੰਪਨੀਆਂ ਆਪਣੀ ਔਕਾਤ ਵੇਖ ਕੇ ਕੰਮ ਫੜਦੀਆਂ ਹਨ। ਮਿੱਥੇ ਸਮੇਂ 'ਚ ਕੰਮ ਮੁਕੰਮਲ ਨਾ ਹੋਣ 'ਤੇ ਸਖਤ ਸਜ਼ਾਵਾਂ ਅਤੇ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ। ਪ੍ਰਾਈਵੇਟ ਠੇਕੇਦਾਰ ਅਤੇ ਸਰਕਾਰੀ ਅਫਸਰ ਬਰਾਬਰ ਦੇ ਜ਼ਿੰਮੇਵਾਰ ਠਹਿਰਾਏ ਜਾਂਦੇ ਹਨ। ਇਸ ਲਈ ਅਣਗਹਿਲੀ ਅਤੇ ਗਲਤੀ ਦੀ ਗੁੰਜਾਇਸ਼ ਨਾ ਦੇ ਬਰਾਬਰ ਹੁੰਦੀ ਹੈ। ਸਾਡੇ ਇਥੇ ਕਦੇ ਇਕ ਅੱਧੇ ਮਾਮਲੇ ਵਿੱਚ ਹੀ ਠੇਕੇਦਾਰ ਖਿਲਾਫ ਕਾਰਵਾਈ ਹੁੰਦੀ ਹੈ। ਦੇਸ਼ ਭਗਤੀ ਚੰਗੀ ਗੱਲ ਹੈ ਪਰ ਨਾਲ ਹੀ ਦੇਸ਼ ਨੂੰ ਅੱਗੇ ਲਿਜਾਉਣ ਵਿੱਚ ਚੀਨ ਦੇ ਮਿਹਨਤੀ ਲੋਕਾਂ ਅਤੇ ਪ੍ਰਸ਼ਾਸਨ ਦੀ ਨਕਲ ਵੀ ਕਰਨੀ ਚਾਹੀਦੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’