ਓਟਵਾ, 23 ਸਤੰਬਰ (ਪੋਸਟ ਬਿਊਰੋ) : ਫੈਡਰਲ ਚੋਣ ਮੁਹਿੰਮ ਦੌਰਾਨ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੇ ਲਿਬਰਲ ਆਗੂ ਜਸਟਿਨ ਟਰੂਡੋ ਦੀਆਂ ਨਜ਼ਰਾਂ ਟੋਰਾਂਟੋ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ ਸਬਅਰਬ ਉੱਤੇ ਲੱਗੀਆਂ ਹੋਈਆਂ ਹਨ। ਦੋਵਾਂ ਆਗੂਆਂ ਨੂੰ ਇੱਥੋਂ ਥੋੜ੍ਹਾ ਬਹੁਤ ਸਮਰਥਨ ਹਾਸਲ ਹੋਣ ਦੀ ਉਮੀਦ ਹੈ।
ਟਰੂਡੋ ਲਈ ਇਸ ਸਬਅਰਬਨ ਵਿੱਚ ਇਹ ਲਗਾਤਾਰ ਦੂਜਾ ਦਿਨ ਹੈ। ਉਨ੍ਹਾਂ ਐਤਵਾਰ ਵੀ ਬਰੈਂਪਟਨ, ਓਨਟਾਰੀਓ ਵਿੱਚ ਹੀ ਗੁਜ਼ਾਰਿਆ। ਜਿਸ ਦੌਰਾਨ ਟਰੂਡੋ ਨੇ ਕਈ ਬਿਲੀਅਨ ਡਾਲਰ ਟੈਕਸਾਂ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਤੇ ਇਸ ਦੇ ਨਾਲ ਹੀ ਸੈੱਲਫੋਨ ਬਿੱਲਾਂ ਵਿੱਚ 25 ਫੀ ਸਦੀ ਕਟੌਤੀ ਦਾ ਵਾਅਦਾ ਵੀ ਕੀਤਾ। ਟਰੂਡੋ ਸੋਮਵਾਰ ਨੂੰ ਹੈਮਿਲਟਨ ਵਿੱਚ ਸਨ। ਇੱਥੇ ਸਾਫ ਨਜ਼ਰ ਆਇਆ ਕਿ ਟਰੂਡੋ ਬਲੈਕਫੇਸ ਤੇ ਬ੍ਰਾਊਨਫੇਸ ਵਾਲੇ ਪਿਛਲੇ ਹਫਤੇ ਛਿੜੇ ਵਿਵਾਦ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸਨ। ਪਰ ਐਨੀ ਜਲਦੀ ਲੱਗਦਾ ਹੈ ਕਿ ਅਜਿਹੇ ਵਿਵਾਦਾਂ ਤੋਂ ਟਰੂਡੋ ਦਾ ਖਹਿੜਾ ਛੁੱਟਣ ਵਾਲਾ ਨਹੀਂ ਹੈ ਕਿਉਂਕਿ ਇਸ ਵਿਵਾਦ ਕਾਰਨ ਲਿਬਰਲਾਂ ਦੀ ਚੋਣ ਮੁਹਿੰਮ ਨੂੰ ਪਹੁੰਚੇ ਨੁਕਸਾਨ ਦੀ ਝਲਕ ਸਾਫ ਵੇਖਣ ਨੂੰ ਮਿਲੀ।
ਪ੍ਰਿੰਸ ਐਡਵਰਡ ਆਈਲੈਂਡ ਦਾ ਦੌਰਾ ਕਰਨ ਤੋਂ ਬਾਅਦ ਇਸੇ ਦੌਰਾਨ ਸ਼ੀਅਰ ਵਾਅਨ, ਓਨਟਾਰੀਓ ਦੇ ਸਬਅਰਬਨ ਕਮਿਊਨਿਟੀ ਵਿੱਚ ਪਹੁੰਚੇ। ਉੱਥੇ ਸ਼ੀਅਰ ਨੇ ਕੈਨੇਡਾ ਦੇ ਸਾਬਕਾ ਸੈਨਿਕਾਂ ਲਈ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਸਗੋਂ ਉਨ੍ਹਾਂ ਦੀਆਂ ਅਰਜ਼ੀਆਂ ਉੱਤੇ ਵੀ ਨਿਜੀ ਤੌਰ ਉੱਤੇ ਧਿਆਨ ਦੇਣ ਦਾ ਭਰੋਸਾ ਦਿਵਾਇਆ। ਐਨਡੀਪੀ ਆਗੂ ਜਗਮੀਤ ਸਿੰਘ ਤੇ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਆਪਣੀ ਇਸ ਜੰਗ ਨੂੰ ਐਟਲਾਂਟਿਕ ਕੈਨੇਡਾ ਲੈ ਗਏ। ਜਿੱਥੇ ਜਗਮੀਤ ਸਿੰਘ ਹੈਲੀਫੈਕਸ ਜਾਣ ਤੋਂ ਪਹਿਲਾਂ ਨਵੇਂ ਸਟਾਰ ਉਮੀਦਵਾਰ ਨੂੰ ਬਾਥਰਸਟ, ਨਿਊ ਬਰੰਜ਼ਵਿੱਕ ਵਿੱਚ ਵੋਟਰਾਂ ਦੇ ਰੂ-ਬ-ਰੂ ਕਰਨਗੇ। ਮੇਅ ਫਰੈਡਰਿਕਟਨ ਵਿਖੇ ਐਲਾਨ ਕਰੇਗੀ।
ਗੈਟਿਨਿਊ, ਕਿਊਬਿਕ ਵਿੱਚ ਪੜਾਅ ਦੌਰਾਨ ਜਗਮੀਤ ਸਿੰਘ ਨੇ ਫੈਡਰਲ ਸਰਕਾਰ ਦੇ ਡਿਜ਼ਾਜ਼ਸਟਰ ਮਿਟੀਗੇਸ਼ਨ ਫੰਡ ਵਿੱਚ 2.5 ਬਿਲੀਅਨ ਡਾਲਰ ਹੋਰ ਜੋੜਨ ਦਾ ਵਾਅਦਾ ਕੀਤਾ। ਉਨ੍ਹਾਂ ਆਖਿਆ ਕਿ ਅਜਿਹਾ ਕਰਨ ਪਿੱਛੇ ਇਹੋ ਆਈਡੀਆ ਹੈ ਕਿ ਅਜਿਹੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਜਿਹੜੇ ਕਿਸੇ ਤਰ੍ਹਾਂ ਦੀ ਕੁਦਰਤੀ ਮੁਸੀਬਤ ਵਿੱਚ ਫਸਦੇ ਹਨ ਜਿਵੇਂ ਕਿ ਪੱਛਮੀ ਕਿਊਬਿਕ ਦੇ ਲੋਕ ਪਿੱਛੇ ਜਿਹੇ ਹੜ੍ਹਾਂ ਵਿੱਚ ਫਸੇ ਸਨ।