Welcome to Canadian Punjabi Post
Follow us on

20

September 2020
ਬ੍ਰੈਕਿੰਗ ਖ਼ਬਰਾਂ :
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲਬਿਲ ਦੇ ਵਿਰੋਧ 'ਚ ਵੋਟ ਪਾਉਣ ਬਾਰੇ ਕੋਰਾ ਝੂਠ ਬੋਲ ਰਹੇ ਹਨ ਸੁਖਬੀਰ ਸਿੰਘ ਬਾਦਲ : ਭਗਵੰਤ ਮਾਨ
ਸੰਪਾਦਕੀ

ਫੈਡਰਲ ਚੋਣਾਂ 2019--ਬਰੈਂਪਟਨ ਸਾਊਥ ਲਿਬਰਲ ਕਬਜ਼ੇ ਵਾਲੀ ਇੱਕ ਦਿਲਚਸਪ ਰਾਈਡਿੰਗ

September 23, 2019 09:54 AM

ਪੰਜਾਬੀ ਪੋਸਟ ਵਿਸ਼ੇਸ਼:

ਬਰੈਂਪਟਨ ਸਾਊਥ ਫੈਡਰਲ ਰਾਈਡਿੰਗ ਤੋਂ ਵਰਤਮਾਨ ਵਿੱਚ ਸੋਨੀਆ ਸਿੱਧੂ (ਸਤਿੰਦਰਪਾਲ ਕੌਰ ਸਿੱਧੂ) ਮੈਂਬਰ ਪਾਰਲੀਮੈਂਟ ਹਨ ਜਿਹਨਾਂ ਨੇ ਇਸ ਨਵੀਂ ਬਣੀ ਰਾਈਡਿੰਗ ਤੋਂ 2015 ਵਿੱਚ ਕੰਜ਼ਰਵੇਟਿਵ ਪਾਰਟੀ ਦੇ ਬਰੈਂਪਟਨ ਵੈਸਟ ਤੋਂ ਤਤਕਾਲੀ ਮੈਂਬਰ ਪਾਰਲੀਮੈਂਟ ਕਾਇਲ ਸੀਬੈਕ ਨੂੰ ਮਿਲੀਆਂ 15,929 ਵੋਟਾਂ ਦੇ ਮੁਕਾਬਲੇ 23,681 ਵੋਟਾਂ ਪ੍ਰਾਪਤ ਕਰਕੇ ਹਰਾਇਆ ਸੀ। ਸੋਨੀਆ ਸਿੱਧੂ ਬਾਰੇ ਕਿਹਾ ਜਾ ਸਕਦਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਜਿੰਨੀ ਕੁ ਰਾਈਡਿੰਗ ਵਿੱਚ ਕਾਫੀ ਮਿਹਨਤ ਕੀਤੀ ਪਰ ਨਾਲ ਹੀ ਉਸਨੇ ਮੀਡੀਆ ਖਾਸ ਕਰਕੇ ਪੰਜਾਬੀ ਮੀਡੀਆ ਦੇ ਕੁੱਝ ਆਊਟਲੈੱਟਾਂ ਰਾਹੀਂ ਚਰਚਾ ਵਿੱਚ ਰਹਿਣ ਲਈ ਵੀ ਕਾਫੀ ਮਿਹਨਤ ਕੀਤੀ ਹੈ। ਜਿਵੇਂ ਕਿ ਅਕਸਰ ਹੁੰਦਾ ਹੈ, ਇਸ ਰਾਈਡਿੰਗ ਦੇ ਵੋਟਰਾਂ ਦਾ ਇੱਕ ਹਿੱਸਾ ਸੋਨੀਆ ਦੇ ਚਾਰ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਥੋੜਾ ਇਹ ਮਹਿਸੂਸ ਕਰਨ ਲੱਗਾ ਹੈ ਕਿ ਉਹਨਾਂ ਦੀਆਂ ਆਸ਼ਾਵਾਂ ਦੇ ਅਨੁਕੂਲ ਕੰਮ ਨਹੀਂ ਹੋਇਆ। ਇਹ ਵੱਖਰੀ ਗੱਲ ਹੈ ਕਿ ਇਹ ਆਸ਼ਾਵਾਂ ਜਿ਼ਆਦਾਤਰ ਕੇਸਾਂ ਵਿੱਚ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਭਾਰਤ ਜਾਂ ਹੋਰ ਮੁਲਕਾਂ ਤੋਂ ਵਿਜ਼ਟਰ ਵੀਜ਼ਾ ਦੁਆਉਣ ਦੀ ਮੰਗ ਦੇ ਆਲੇ ਦੁਆਲੇ ਘੁੰਮਦੀਆਂ ਰਹੀਆਂ ਹਨ। ਇਹ ਇੱਕ ਅਜਿਹੀ ਮੰਗ ਹੈ ਜਿਸਨੂੰ ਕਿਸੇ ਵੀ ਮੈਂਬਰ ਪਾਰਲੀਮੈਂਟ ਵਾਸਤੇ ਪੂਰਾ ਕਰਨਾ ਸੌਖਾ ਕੰਮ ਨਹੀਂ ਹੁੰਦਾ, ਸੋ ਸੋਨੀਆ ਸਿੱਧੂ ਕੋਈ ਅਪਵਾਦ ਨਹੀਂ ਹੈ।

ਜੇ ਵਰਤਮਾਨ ਉੱਤੇ ਚੱਲ ਰਹੀ ਜ਼ਮੀਨੀ ਹਕੀਕਤ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕੈਲਕੁਲੇਟਡ ਪਾਲਿਟਿਕਸ (Calculated Politics) ਵੱਲੋਂ ਕੀਤੇ ਗਏ ਵੱਖ 2 ਚੋਣ ਸਰਵੇਖਣਾਂ ਦਾ ਮੁਤਾਲਿਆ ਕਰਨ ਤੋਂ ਬਾਅਦ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਰਾਈਡਿੰਗ ਵਿੱਚ ਸੋਨੀਆ ਸਿੱਧੂ 48% ਵੋਟਰਾਂ ਦਾ ਸਮਰੱਥਨ ਹਾਸਲ ਕਰਕੇ ਆਪਣੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਮਨ ਬਰਾੜ (34%) ਨਾਲੋਂ ਕਾਫੀ ਅੱਗੇ ਚੱਲ ਰਹੀ ਹੈ। ਐਨ ਡੀ ਪੀ ਉਮੀਦਵਾਰ ਮੈਂਡੀ (ਮਨਦੀਪ) ਕੌਰ ਬਰਾੜ ਨੂੂੰ 9% ਅਤੇ ਗਰੀਨ ਪਾਰਟੀ ਦੀ ਉਮੀਦਵਾਰ ਕੈਰਨ ਫਰੇਜ਼ਰ ਨੂੰ ਵੀ 9% ਵੋਟਾਂ ਮਿਲਣ ਦੀ ਸੰਭਾਵਨਾ ਹੈ। ਪੀਪਲਜ਼ ਪਾਰਟੀ ਆਫ ਕੈਨੇਡਾ ਦਾ ਉਮੀਦਵਾਰ ਰਾਜਵਿੰਦਰ ਘੁੰਮਣ ਹੈ ਜਿਸਨੂੰ ਜਿ਼ਕਰਯੋਗ ਵੋਟਾਂ ਮਿਲਣ ਦੀ ਸੰਭਾਵਨਾ ਨਹੀਂ ਹੈ। ਖੈਰ ਰਾਜਵਿੰਦਰ ਘੁੰਮਣ ਨੂੰ ਜੋ ਵੀ ਵੋਟਾਂ ਮਿਲਣਗੀਆਂ, ਉਹ ਸਿੱਧੇ ਰੂਪ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਖੇਮੇ ਵਿੱਚੋਂ ਮਨਫ਼ੀ ਹੋਣਗੀਆਂ ਜਿਸਦਾ ਲਾਭ ਲਿਬਰਲ ਪਾਰਟੀ ਨੂੰ ਹੋਵੇਗਾ। 338Canada.com ਅਨੁਮਾਨ ਵੀ ਲਹਿਰ ਨੂੰ ਲਿਬਰਲ ਪਾਰਟੀ ਦੇ ਹੱਕ ਵਿੱਚ ਦੱਸਦੇ ਹਨ। ਇਸ ਖੋਜ ਵੈੱਬਸਾਈਟ ਮੁਤਾਬਕ 1 ਲੱਖ 21 ਹਜ਼ਾਰ 185 ਵਾਸੀਆਂ ਵਾਲੀ ਇਸ ਰਾਈਡਿੰਗ ਵਿੱਚ ਲਿਬਰਲ ਪਾਰਟੀ ਨੂੰ 43%, ਕੰਜ਼ਰਵੇਟਿਵ ਪਾਰਟੀ 35.8%, ਗਰੀਨ ਪਾਰਟੀ ਨੂੰ 9.3% ਅਤੇ ਗਰੀਨ ਪਾਰਟੀ ਨੂੰ 7.8% ਵੋਟਾਂ ਮਿਲਣ ਦੀ ਆਸ ਹੈ।

ਬਰੈਂਪਟਨ ਸਾਊਥ ਬਾਰੇ ਇੱਕ ਦਿਲਚਸਪ ਤੱਥ ਇਹ ਹੈ ਕਿ ਇੱਥੋਂ ਤੋਂ ਮੁੱਖ ਪਾਰਟੀਆਂ ਲਿਬਰਲ ਅਤੇ ਕੰਜ਼ਰਵੇਟਿਵ ਦੇ ਉਮੀਦਵਾਰ ਸਥਿਤੀਆਂ ਅਤੇ ਹਾਲਾਤਾਂ ਦੇ ਮੋੜ ਨਾਲ ਸਿਆਸਤ ਵਿੱਚ ਆਏ ਸਨ। ਸੋਨੀਆ ਸਿੱਧੂ ਦੇ ਪਤੀ ਗੁਰਜੀਤ ਸਿੰਘ ਕਮਿਉਨਿਟੀ ਦੇ ਜਾਣੇ ਪਹਿਚਾਣੇ ਹਸਤਾਖਰ ਹਨ ਜਿਹਨਾਂ ਦੀ 2015 ਵਿੱਚ ਚੋਣ ਲੜਨ ਦੀ ਤੀਬਰ ਇੱਛਾ ਸੀ। ਗੁਰਜੀਤ ਦੀ ਕੁੱਝ ਕਾਰਣਾਂ ਕਰਕੇ ਉਮੀਦਵਾਰੀ ਪਰਵਾਨ ਨਾ ਹੋ ਸਕੀ ਜਿਸਦੇ ਸਿੱਟੇ ਵਜੋਂ ਦੋ ਦਹਾਕਿਆਂ ਤੱਕ ਸ਼ੱਕਰ ਰੋਗ ਬਾਰੇ ਕਮਿਉਨਿਟੀ ਕੋਆਰਡੀਨੇਟਰ ਵਜੋਂ ਕੰਮ ਕਰਨ ਦਾ ਅਨੁਭਵ ਰੱਖਣ ਵਾਲੀ ਸੋਨੀਆ ਸਿੱਧੂ ਨੂੰ ਅਚਾਨਕ ਸਿਆਸਤ ਵਿੱਚ ਕੁੱਦਣਾ ਪਿਆ। 2015 ਵਿੱਚ ਲਿਬਰਲ ਪਾਰਟੀ ਦੇ ਹੱਕ ਵਿੱਚ ਉੱਠੀ ਮੁਹਿੰਮ ਦਾ ਲਾਭ ਲੈਂਦੇ ਹੋਏ ਉਹ ਮੈਂਬਰ ਪਾਰਲੀਮੈਂਟ ਚੁਣੀ ਗਈ ਜਿਸ ਦੌਰਾਨ ਉਸਨੇ ਪਾਰਲੀਮੈਂਟ ਦੀਆਂ ਹੈਲਥ ਅਤੇ ਸਟੈਟਸ ਆਫ ਵੂਮੈਨ (ਔਰਤਾਂ ਦਾ ਦਰਜ਼ਾ) ਕਮੇਟੀਆਂ ਉੱਤੇ ਬੈਠਣ ਦਾ ਅਨੁਭਵ ਹਾਸਲ ਕੀਤਾ ਹੈ। ਉਹ ਸ਼ੱਕਰ ਰੋਗ ਬਾਰੇ ਕੈਨੇਡਾ ਦੀ ਆਲ ਪਾਰਟੀ ਕਾਕਸ ਦੀ ਚੇਅਰ ਵੀ ਹੈ।

ਇਸੇ ਤਰਾਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਮਨ (ਰਮਨਦੀਪ) ਬਰਾੜ ਵੱਲੋਂ ਦਿੱਤੇ ਇੱਕ ਕਥਨ ਮੁਤਾਬਕ ਉਹਨਾਂ ਦਾ ਸਿਅਸਤ ਵਿੱਚ ਕੁੱਦਣ ਦਾ ਕੋਈ ਇਰਾਦਾ ਨਹੀਂ ਸੀ। ਕੰਜ਼ਰਵੇਟਿਵ ਪਾਰਟੀ ਦੇ ਨੌਜਵਾਨ ਆਗੂ ਹਰਦੀਪ ਗਰੇਵਾਲ ਨਾਲ ਹੋਈ ਅਚਾਨਕ ਮੀਟਿੰਗ ਤੋਂ ਉਤਸ਼ਾਹਿਤ ਹੋ ਕੇ ਉਸਨੇ ਸਿਆਸਤ ਵਿੱਚ ਆਉਣ ਦਾ ਫੈਸਲਾ ਕੀਤਾ। ਦਿਲਚਸਪ ਗੱਲ ਇਹ ਕਿ ਬਰੈਂਪਟਨ ਸਾਊਥ ਤੋਂ ਉਸਨੇ ਕੰਜ਼ਰਵੇਟਿਵ ਪਾਰਟੀ ਦੀ ਸੱਭ ਤੋਂ ਵੱਡੀ ਸਮਝੀ ਜਾਂਦੀ ਨੌਮੀਨੇਸ਼ਨ ਵਿੱਚ ਹਰਦੀਪ ਗਰੇਵਾਲ, ਸਾਬਕਾ ਐਮ ਪੀ ਐਂਡਰੀਊ ਕਾਨੀਆ ਅਤੇ ਭਾਵੇਸ਼ ਭੱਟ ਨੂੰ ਹਰਾ ਕੇ ਉਮੀਦਵਾਰ ਬਣਨ ਦਾ ਹੱਕ ਹਾਸਲ ਕੀਤਾ। ਰਮਨ ਬਰਾੜ ਦਾ ਟਰੱਕਿੰਗ ਇੰਡਸਟਰੀ ਵਿੱਚ ਕੰਮ ਕਰਨ ਦਾ ਲੰਬਾ ਤਜੁਰਬਾ ਹੈ ਅਤੇ ਉਹ 1994 ਵਿੱਚ ਕਾਮਨਵੈਲਥ ਜਿੱਤਣ ਵਾਲੀ ਭਾਰਤੀ ਹਾਕੀ ਦੀਮ ਦਾ ਮੈਂਬਰ ਰਿਹਾ ਹੈ। ਫੂਡ ਸਾਇੰਸ ਅਤੇ ਤਕਨਾਲੋਜੀ ਵਿੱਚ ਪੀ ਐਚ ਡੀ ਹੋਣ ਕਾਰਣ ਆਪਣੀ ਨੌਮੀਨੇਸ਼ਨ ਚੋਣ ਦੌਰਾਨ ਉਹ ਕਮਿਉਨਿਟੀ ਵਿੱਚ ਡਾਕਟਰ ਰਮਨ ਬਰਾੜ ਵਜੋਂ ਮਸ਼ਹੂਰ ਹੋਇਆ ਸੀ ਪਰ ਅੱਜ ਕੱਲ ਉਹ ਸਿਰਫ਼ ਰਮਨ ਬਰਾੜ ਲਿਖਣ ਨੂੰ ਤਰਜੀਹ ਦੇ ਰਿਹਾ ਹੈ। ਰਮਨ ਇੱਕ ਮਿਹਨਤੀ ਵਿਅਕਤੀ ਹੈ ਅਤੇ ਕੈਨੇਡਾ ਵਿੱਚ ਫੀਲਡ ਹਾਕੀ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਜੁੜਿਆ ਰਿਹਾ ਹੈ ਜਿਸ ਵਿੱਚ ਫੀਲਡ ਹਾਕੀ ਉਂਟੇਰੀਓ ਦਾ ਪ੍ਰਧਾਨ ਹੋਣਾ ਸ਼ਾਮਲ ਹੈ। ਕੀ ਖੇਡਾਂ ਅਤੇ ਟਰੱਕਿੰਗ ਸੈਕਟਰ ਵਾਗੂੰ ਕਮਿਉਨਿਟੀ ਮੁੱਦਿਆਂ ਉੱਤੇ ਉਸਦੀ ਪਕੜ ਕਿਹੋ ਜਿਹੀ ਹੈ, ਇਸ ਬਾਰੇ ਸਮਾਂ ਪਾ ਕੇ ਪਤਾ ਚੱਲ ਸਕੇਗਾ।

ਐਨ ਡੀ ਪੀ ਉਮੀਦਵਾਰ ਮਨਦੀਪ (ਮੈਂਡੀ) ਕੌਰ ਬਰਾੜ ਆਪਣੀ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਕੈਂਪ ਵਿੱਚ ਕੰਮ ਕਰਨ ਦਾ ਅਨੁਭਵ ਰੱਖਦੀ ਹੈ ਜਿਸ ਬਦੌਲਤ ਉਸਨੂੰ ਸਿਆਸਤ ਵਿਸ਼ੇਸ਼ ਕਰਕੇ ਖੱਬੇ ਪੱਖੀ ਕੈਨੇਡੀਅਨ ਸਿਆਸਤ ਦੀ ਬਣਦੀ ਸਮਝ ਹੈ। ਮਨਦੀਪ ਕੌਰ ਲੰਬੇ ਸਮੇਂ ਤੋਂ ਫਾਈਨਾਂਸ਼ੀਅਲ ਸੈਕਟਰ ਵਿੱਚ ਮਾਰਟਗੇਜ ਸਪੈਸ਼ਲਿਸਟ ਵਜੋਂ ਕੰਮ ਕਰਦੀ ਆ ਰਹੀ ਹੈ। ਮਨਦੀਪ ਕੌਰ ਦੀ ਕਮਿਉਨਿਟੀ ਮੁੱਦਿਆਂ ਬਾਰੇ ਜਾਣਕਾਰੀ ਉੱਤੇ ਕਿੰਨੀ ਕੁ ਪਕੜ ਹੈ, ਇਸ ਬਾਰੇ ਯਕੀਨੀ ਢੰਗ ਨਾਲ ਕੁੱਝ ਆਖਣਾ ਔਖਾ ਹੈ ਪਰ ਉਹ ਇੱਕ ਚੰਗੀ ਬੁਲਾਰਾ ਜਰੂਰ ਹੈ।

70, 449 ਰਜਿਸਟਰਡ ਵੋਟਰਾਂ ਵਾਲੀ ਇਸ ਰਾਈਡਿੰਗ ਵਿੱਚ 50% ਦੇ ਕਰੀਬ ਵੋਟਰ ਪਰਵਾਸੀ ਮੂਲ ਦੇ ਹਨ ਜਿਹਨਾਂ ਵਿੱਚੋਂ ਇੱਕ ਚੌਥਾਈ ਭਾਰਤੀ ਮੂਲ ਦੇ ਪਰਵਾਸੀ ਹਨ। ਹੋਰ ਦਿਲਸਚਪ ਤੱਥ ਇਹ ਕਿ ਇਸ ਰਾਈਡਿੰਗ ਦੇ 19% ਵੋਟਰ ਸਿੱਖ ਕਮਿਉਨਿਟੀ ਨਾਲ ਸਬੰਧ ਰੱਖਦੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਸਿੱਖ ਭਾਈਚਾਰੇ ਨਾਲ ਸਬੰਧਿਤ ਕਿਉਂ ਹਨ। ਡਾਊਨ ਟਾਊਨ ਬਰੈਂਪਟਨ (ਸਿਟੀ ਹਾਲ, ਗਾਰਡਨ ਸਕੁਐਰ, ਰੋਜ਼ ਥੀਏਟਰ, ਸੈ਼ਰੀਡਾਨ ਕਾਲਜ) ਨੂੰ ਕਵਰ ਕਰਦੀ ਇਹ ਰਾਈਡਿੰਗ ਪੋਰਟ ਕਰੈਡਿਟ ਮਿਸੀਸਾਗਾ ਤੋਂ ਚੱਲ ਕੇ ਆਉਣ ਵਾਲੀ ਵਿਵਾਦਗ੍ਰਸਤ ਐਲ ਆਰ ਟੀ (LRT)ਦਾ ਰੂਟ ਵੀ ਇਸ ਰਾਈਡਿੰਗ ਦਾ ਹਿੱਸਾ ਹੈ। ਜੋ ਰੁਝਾਨ ਹੁਣ ਤੱਕ ਉਪਲਬਧ ਹਨ, ਉਹਨਾਂ ਮੁਤਾਬਕ ਇਸ ਮਹੱਤਵਪੂਰਣ ਰਾਈਡਿੰਗ ਵਿੱਚ ਲਿਬਰਲ ਸੋਨੀਆ ਸਿੱਧੂ ਦੀ ਜਿੱਤਣਾ ਕੋਈ ਅੰਚਭਾ ਨਹੀਂ ਹੋਵੇਗਾ ਬਸ਼ਰਤੇ ਬਰਾਊਨ ਫੇਸ/ਬਲੈਕ ਫੇਸ ਵਰਗੀਆਂ ਵਿਵਾਦਪੂਰਣ ਉਥਲ ਪੁਥਲਾਂ ਲਿਬਰਲ ਪਾਰਟੀ ਨੂੰ ਨੁਕਸਾਨ ਨਾ ਕਰਨ।

Have something to say? Post your comment