* ਹਰ ਪੰਥ ਦੋਖੀ ਨਾਲ ਸਿਰਸਾ ਦਾ ਕੀ ਰਿਸ਼ਤਾ ਹੁੰਦੈ: ਜੀ ਕੇ
ਨਵੀਂ ਦਿੱਲੀ, 22 ਸਤੰਬਰ (ਪੋਸਟ ਬਿਊਰੋ)- ਵਿਵਾਦ ਵਿੱਚ ਫਸੇ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਕੱਲ੍ਹ ਹੋਈ ਮੁਲਾਕਾਤ ਦੇ ਬਾਅਦ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਮਨਜਿੰਦਰ ਸਿੰਘ ਸਿਰਸਾ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਉਸ ਨੇ ਕਿਹਾ ਕਿ ਕੱਲ੍ਹ ਗਾਇਕ ਮੂਸੇਵਾਲਾ ਦਾ ਯੂ-ਟਿਊਬ ਉੱਤੇ ਇੱਕ ਗੀਤ ਆਇਆ ਸੀ, ਜਿਸ ਵਿੱਚ ਉਹ ਸਿੱਖ ਜਰਨੈਲ ਮਾਈ ਭਾਗੋ ਦਾ ਮੁਕਾਬਲਾ ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਨਾਲ ਕਰਨ ਦੀ ਗੁਸਤਾਖੀ ਕੀਤੀ ਹੈ। ਸੋਨਮ ਬਾਜਵਾ ਦਾ ਅਸ਼ਲੀਲ ਪਹਿਰਾਵਾ ਮਾਈ ਭਾਗੋ ਦੀ ਸ਼ਖਸੀਅਤ ਦਾ ਮੁਕਾਬਲਾ ਨਹੀਂ ਕਰ ਸਕਦਾ।
ਵਰਨਣ ਯੋਗ ਹੈ ਕਿ ਸਿੱਖਾਂ ਦੇ ਭਾਰੀ ਰੋਸ ਤੋਂ ਬਾਅਦ ਭਾਵੇਂ ਕੱਲ੍ਹ ਹੀ ਮੂਸੇਵਾਲਾ ਨੇ ਫੇਸਬੁਕ 'ਤੇ ਲਾਈਵ ਹੋ ਕੇ ਸਿੱਖ ਕੌਮ ਪਾਸੋਂ ਮੁਆਫੀ ਮੰਗ ਲਈ ਹੈ, ਪਰ ਇਹ ਵਿਵਾਦ ਹਾਲੇ ਮੱਠਾ ਨਹੀਂ ਪਿਆ। ਮਨਜੀਤ ਸਿੰਘ ਜੀ ਕੇ ਨੇ ਇਸ ਬਾਰੇ ਕਿਹਾ ਕਿ ਅਕਾਲੀ ਦਲ ਨੇ ਕੱਲ੍ਹ ਮੂਸੇਵਾਲਾ ਨੂੰ ਤੁਰੰਤ ਗ੍ਰਿਫਤਾਰ ਕਰਨ ਦਾ ਬਿਆਨ ਦਿੱਤਾ ਸੀ, ਪਰ ਉਸ ਬਿਆਨ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਘਰ ਮੂਸੇਵਾਲਾ ਦਾ ਆਉਣਾ ਅਕਾਲੀ ਦਲ ਦੇ ਦੋਹਰੇ ਮਾਪਦੰਡ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਅਤੇ ਅਕਾਲੀ ਦਲ ਦਾ ਜਨਰਲ ਸਕੱਤਰ ਉਸ ਸ਼ਖਸ ਨਾਲ ਗੁਪਤ ਮੀਟਿੰਗ ਕਰ ਰਿਹਾ ਹੈ, ਜਿਸ ਨੂੰ ਉਸ ਦੀ ਪਾਰਟੀ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਨੂੰ ਮੁਆਫੀ ਦੇਣ ਲਈ ਜਥੇਦਾਰਾਂ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਚੰਡੀਗੜ੍ਹ ਵਿੱਚ ਧਮਕਾਇਆ ਸੀ ਤੇ ਡੇਰਾ ਸਿਰਸਾ ਦੇ ਮੁਖੀ ਨਾਲ ਮਿਲ ਕੇ ਸਿਰਸਾ ਨੇ ਅੰਦਰਖਾਤੇ ਮੁਆਫੀਨਾਮਾ ਤਿਆਰ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਦੀ ਵੱਡੀ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਮੂਸੇਵਾਲਾ ਨਾਲ ਜੱਫੀ ਪਾਉਣ ਦੀਆਂ ਤਸਵੀਰਾਂ ਸਾਬਿਤ ਕਰਦੀਆਂ ਹਨ ਕਿ ਸਿਰਸਾ ਦਾ ਸਿੱਖ ਧਰਮ ਅਤੇ ਸਿਧਾਂਤ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੈ। ਮਨਜੀਤ ਸਿੰਘ ਜੀ ਕੇ ਨੇ ਸਵਾਲ ਕੀਤਾ ਕਿ ਸਿੱਖ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨਾਲ ਸਿਰਸੇ ਦੇ ਇਸ ਪਿਆਰ ਤੇ ਰਿਸ਼ਤੇ ਨੂੰ ਕੀ ਨਾਂਅ ਦੇਵਾਂਗੇ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਾ ਇਸ ਤਰ੍ਹਾਂ ਪੰਥ ਦੋਖੀਆਂ ਨੂੰ ਹਿਫਾਜ਼ਤ ਦੇਣਾ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲਾ ਹੈ।