· ਮੱਧ ਵਰਗ ਲਈ ਲਿਬਰਲਾਂ ਵੱਲੋਂ ਟੈਕਸਾਂ ਵਿੱਚ ਕਟੌਤੀਆਂ ਦਾ ਐਲਾਨ, ਸੈੱਲਫੋਨ ਬਿੱਲਜ਼ ਵੀ ਘਟਾਏ ਜਾਣਗੇ
ਓਟਵਾ, 22 ਸਤੰਬਰ (ਪੋਸਟ ਬਿਊਰੋ) : ਬਲੈਕਫੇਸ ਤੇ ਬ੍ਰਾਊਨਫੇਸ ਵਿਵਾਦ ਦਰਮਿਆਨ ਲਿਬਰਲ ਆਗੂ ਜਸਟਿਨ ਟਰੂਡੋ ਨੇ ਐਤਵਾਰ ਨੂੰ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਦੀ ਕੈਂਪੇਨ ਵਿੱਚ ਪਹੁੰਚ ਕੇ ਟੈਕਸ ਵਿੱਚ ਕਟੌਤੀਆਂ ਤੇ ਸੈੱਲਫੋਨ ਬਿੱਲਜ਼ ਵਿੱਚ ਕਟੌਤੀਆਂ ਦਾ ਐਲਾਨ ਕੀਤਾ।
ਟਰੂਡੋ ਨੇ ਇਸ ਮੌਕੇ ਆਖਿਆ ਕਿ ਸਾਡੀ ਯੋਜਨਾ ਤਹਿਤ ਮੱਧ ਵਰਗੀ ਕੈਨੇਡੀਅਨਾਂ ਨੂੰ ਆਪਣੀ ਆਮਦਨ ਦੇ ਪਹਿਲੇ 15000 ਡਾਲਰਾਂ ਉੱਤੇ ਟੈਕਸ ਨਹੀਂ ਦੇਣੇ ਪੈਣਗੇ। ਇੱਕ ਨਿਊਜ਼ ਰਲੀਜ਼ ਵਿੱਚ ਲਿਬਰਲਾਂ ਨੇ ਇਹ ਦਾਅਵਾ ਕੀਤਾ ਕਿ ਟੈਕਸ ਵਿੱਚ ਇਨ੍ਹਾਂ ਕਟੌਤੀਆਂ ਕਾਰਨ ਔਸਤ ਕੈਨੇਡੀਅਨ ਪਰਿਵਾਰ ਨੂੰ ਸਾਲ ਦੇ 585 ਡਾਲਰ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ ਲਿਬਰਲਾਂ ਨੇ ਇਹ ਵੀ ਆਖਿਆ ਕਿ ਉਹ ਸਾਲ ਵਿੱਚ 147,000 ਡਾਲਰ ਤੋਂ ਵੀ ਘੱਟ ਕਮਾਈ ਕਰਨ ਵਾਲੇ ਕੈਨੇਡੀਅਨਾਂ ਲਈ ਬੇਸਿਕ ਪਰਸਨਲ ਐਮਾਊਂਟ ਟੈਕਸ ਕ੍ਰੈਡਿਟ ਵਿੱਚ 2000 ਡਾਲਰ ਦਾ ਵਾਧਾ ਕਰਨਗੇ।
ਟਰੂਡੋ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਸੈੱਲਫੋਨ ਬਿੱਲਜ਼ ਵਿੱਚ 25 ਫੀ ਸਦੀ ਕਟੌਤੀ ਕਰੇਗੀ। ਇਸ ਨਾਲ ਚਾਰ ਜੀਆਂ ਵਾਲੇ ਕੈਨੇਡੀਅਨ ਪਰਿਵਾਰਾਂ ਨੂੰ ਹਰ ਸਾਲ 976 ਡਾਲਰ ਦੀ ਬਚਤ ਹੋਵੇਗੀ। ਪ੍ਰਸਤਾਵਿਤ ਲਿਬਰਲ ਯੋਜਨਾ ਅਨੁਸਾਰ ਸਰਕਾਰ ਸੈੱਲਫੋਨ ਪ੍ਰੋਵਾਈਡਰਜ਼ ਤੋਂ ਅਗਲੇ ਦੋ ਸਾਲਾਂ ਦੇ ਅੰਦਰ ਅੰਦਰ ਫੀਸਾਂ ਵਿੱਚ ਕਟੌਤੀ ਕਰਨ ਦੀ ਮੰਗ ਕਰੇਗੀ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਕੰਪਨੀਆਂ ਨੂੰ ਵਧੇਰੇ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਹੋਵੇਗਾ। ਇਸ ਤਰ੍ਹਾਂ ਦਾ ਵਾਅਦਾ ਐਨਡੀਪੀ ਵੱਲੋਂ ਵੀ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਵਿੱਚ ਕੀਤਾ ਗਿਆ ਸੀ। ਐਨਡੀਪੀ ਨੇ ਵੀ ਸੈੱਲਫੋਨ ਤੇ ਇੰਟਰਨੈੱਟ ਸੇਵਾਵਾਂ ਉੱਤੇ ਪ੍ਰਾਈਸ ਕੈਪ ਦਾ ਐਲਾਨ ਕੀਤਾ ਸੀ।
ਇਸ ਦੌਰਾਨ ਟਰੂਡੋ ਤੋਂ ਬਲੈਕਫੇਸ ਤੇ ਬ੍ਰਾਊਨਫੇਸ ਵਿਵਾਦ ਦੇ ਚੱਲਦਿਆਂ ਇਹ ਪੁੱਛਿਆ ਗਿਆ ਕਿ ਉਹ ਕੈਨੇਡੀਅਨਾਂ ਦਾ ਵਿਸ਼ਵਾਸ ਦੇ ਭਰੋਸਾ ਕਿਸ ਤਰ੍ਹਾਂ ਵਾਪਿਸ ਹਾਸਲ ਕਰਨਗੇ। ਇਸ ਉੱਤੇ ਟਰੂਡੋ ਨੇ ਆਖਿਆ ਕਿ ਉਨ੍ਹਾਂ ਵੱਲੋਂ ਆਪਣੇ ਦੋਸਤਾਂ ਤੇ ਕੁਲੀਗਜ਼ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਸੀ ਕਿ ਉਹ ਕਿਸ ਤਰ੍ਹਾਂ ਅੱਗੇ ਵੱਧਣ, ਕੈਨੇਡੀਅਨਾਂ ਨੂੰ ਅੱਗੇ ਕਿਵੇਂ ਲਿਆਂਦਾ ਜਾਵੇ, ਉਨ੍ਹਾਂ ਦਾ ਦੇਸ਼ ਨਸਲਵਾਦ ਤੇ ਅਸਹਿਣਸ਼ੀਲਤਾ ਖਿਲਾਫ ਰਲ ਕੇ ਕਿਵੇਂ ਲੜ ਸਕਦਾ ਹੈ। ਟਰੂਡੋ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਜਾਣਦੇ ਸਨ ਕਿ ਬ੍ਰਾਊਨਫੇਸ ਤੇ ਬਲੈਕਫੇਸ ਵਜੋਂ ਡਰੈੱਸ ਕਰਨਾ ਨਸਲਵਾਦੀ ਹੈ ਤਾਂ ਟਰੂਡੋ ਨੇ ਸਿੱਧੇ ਤੌਰ ਉੱਤੇ ਕੋਈ ਜਵਾਬ ਨਹੀਂ ਦਿੱਤਾ।
ਇਸ ਦੌਰਾਨ ਦਿਨ ਵੇਲੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਲਿਬਰਲ ਆਗੂ ਦੀਆਂ ਤਸਵੀਰਾਂ ਤੋਂ ਇਹ ਕਿਵੇਂ ਲੱਗਦਾ ਹੈ ਕਿ ਕੈਨੇਡਾ ਵਿੱਚ ਨਸਲਵਾਦ ਕਿੰਨਾ ਕੁ ਵਿਆਪਕ ਹੈ ਤਾਂ ਸ਼ੀਅਰ ਨੇ ਆਖਿਆ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲੋਕਾਂ ਨੇ ਇਸ ਨੂੰ ਨਿਜੀ ਤੌਰ ਉੱਤੇ ਭੋਗਿਆ ਹੈ। ਪੁਲਿਸ ਏਜੰਸੀਆਂ ਤੇ ਐਡਵੋਕੇਸੀ ਗਰੁੱਪਜ਼ ਦੀਆਂ ਰਿਪੋਰਟਾਂ ਤੋਂ ਵੀ ਇਹ ਪਤਾ ਲੱਗਦਾ ਹੈ ਕਿ ਇਹ ਅਹਿਮ ਮੁੱਦਾ ਹੈ। ਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਨਾਲ ਜਸਟਿਨ ਟਰੂਡੋ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਸਾਫ ਵੇਖਣ ਨੂੰ ਮਿਲਦਾ ਹੈ।
ਐਤਵਾਰ ਨੂੰ ਇੱਕ ਇੰਟਰਵਿਊ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਮੌਜੂਦਾ ਘਟਨਾਕ੍ਰਮ ਦੇ ਬਾਵਜੂਦ ਲਿਬਰਲਾਂ ਨਾਲ ਘੱਟ ਗਿਣਤੀ ਸਰਕਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਉਹ ਅਜੇ ਬ੍ਰਾਊਨਫੇਸ ਤੇ ਬਲੈਕਫੇਸ ਵਾਲੇ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਟਰੂਡੋ ਨੂੰ ਨਹੀਂ ਮਿਲੇ ਹਨ ਜਦਕਿ ਇਸ ਤਰ੍ਹਾਂ ਦੀ ਮੀਟਿੰਗ ਦੀ ਲਿਬਰਲ ਖੇਮੇ ਵੱਲੋਂ ਗੁਜ਼ਾਰਿਸ਼ ਕੀਤੀ ਗਈ ਸੀ। ਟਰੂਡੋ ਨੇ ਆਖਿਆ ਸੀ ਕਿ ਉਹ ਨਿਜੀ ਤੌਰ ਉੱਤੇ ਜਗਮੀਤ ਸਿੰਘ ਨਾਲ ਮੁਲਾਕਾਤ ਕਰਕੇ ਮੁਆਫੀ ਮੰਗਣਾ ਚਾਹੁੰਦੇ ਹਨ।