ਓਟਵਾ, 22 ਸਤੰਬਰ (ਪੋਸਟ ਬਿਊਰੋ) : ਜਸਟਿਨ ਟਰੂਡੋ ਦੀਆਂ ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਐਨਡੀਪੀ ਆਗੂ ਜਗਮੀਤ ਸਿੰਘ ਨੇ ਲਿਬਰਲਾਂ ਨਾਲ ਘੱਟ ਗਿਣਤੀ ਸਰਕਾਰ ਵਿੱਚ ਰਹਿ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਹੈ। ਐਤਵਾਰ ਨੂੰ ਇੱਕ ਇੰਟਰਵਿਊ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਟਰੂਡੋ ਵੱਲੋਂ ਤਿੰਨ ਵੱਖ ਵੱਖ ਘਟਨਾਵਾਂ ਵਿੱਚ ਆਪਣੇ ਵਿਵਹਾਰ ਉੱਤੇ ਖੁਦ ਹੀ ਅਫਸੋਸ ਪ੍ਰਗਟਾਇਆ ਗਿਆ ਹੈ ਤੇ ਉਹ ਆਪ ਵੀ ਆਪਣੀਆਂ ਇਨ੍ਹਾਂ ਹਰਕਤਾਂ ਨੂੰ ਨਸਲਵਾਦੀ ਦੱਸਦੇ ਹਨ ਤਾਂ ਕੀ ਅਜਿਹੇ ਵਿੱਚ ਲਿਬਰਲਾਂ ਨਾਲ ਘੱਟ ਗਿਣਤੀ ਸਰਕਾਰ ਬਣਾਏ ਜਾਣ ਦੀ ਕੋਈ ਸੰਭਾਵਨਾ ਹੈ ਤਾਂ ਉਨ੍ਹਾਂ ਆਖਿਆ ਕਿ ਜਿਹੜੀ ਪਾਰਟੀ ਐਨਡੀਪੀ ਦੀਆਂ ਅਗਾਂਹਵਧੂ ਨੀਤੀਆਂ ਦੇ ਹਿਸਾਬ ਨਾਲ ਉਨ੍ਹਾਂ ਨਾਲ ਰਲ ਕੇ ਕੰਮ ਕਰਨਾ ਚਾਹੇਗੀ ਤਾਂ ਉਹ ਉਸ ਨਾਲ ਜ਼ਰੂਰ ਕੰਮ ਕਰਨ ਲਈ ਰਾਜ਼ੀ ਹਨ। ਉਨ੍ਹਾਂ ਆਖਿਆ ਕਿ ਉਹ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹਨ ਤੇ ਜੋ ਕੋਈ ਵੀ ਕੈਨੇਡੀਅਨਾਂ ਦੀ ਜਿ਼ੰਦਗੀ ਵਿੱਚ ਸੁਧਾਰ ਲਿਆਉਣ ਦੇ ਉਨ੍ਹਾਂ ਦੇ ਟੀਚੇ ਨਾਲ ਸਹਿਮਤ ਹੈ ਤਾਂ ਉਹ ਵੀ ਉਸ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੋਣਗੇ। ਜਗਮੀਤ ਸਿੰਘ ਇਹ ਵੀ ਆਖ ਚੁੱਕੇ ਹਨ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੰਜ਼ਰਵੇਟਿਵ ਘੱਟਗਿਣਤੀ ਸਰਕਾਰ ਬਣਾਉਣ ਵਾਲੀ ਸਥਿਤੀ ਵਿੱਚ ਆਉਣਗੇ। ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ 2005 ਵਿੱਚ ਸਮਲਿੰਗੀ ਵਿਆਹਾਂ ਦੇ ਖਿਲਾਫ ਦਿੱਤੇ ਬਿਆਨ ਦੀ ਲਿਬਰਲਾਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਦੇ ਸੰਦਰਭ ਵਿੱਚ ਜਗਮੀਤ ਸਿੰਘ ਨੇ ਇਹ ਆਖਿਆ ਸੀ। ਇਸ ਵੀਡੀਓ ਲਈ ਸ਼ੀਅਰ ਵੱਲੋਂ ਮੁਆਫੀ ਵੀ ਨਹੀਂ ਮੰਗੀ ਗਈ। ਉਨ੍ਹਾਂ ਆਖਿਆ ਕਿ ਸ਼ੀਅਰ ਦੀਆਂ ਨੀਤੀਆਂ ਕਿਸੇ ਵੀ ਮਾਮਲੇ ਵਿੱਚ ਸਪਸ਼ਟ ਨਹੀਂ ਹਨ ਇਸ ਲਈ ਉਹ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਸਕਣਗੇ। ਕਿਸੇ ਵੀ ਪਾਰਟੀ ਨੂੰ ਬਹੁਗਿਣਤੀ ਸਰਕਾਰ ਬਣਾਉਣ ਲਈ ਹਾਊਸ ਆਫ ਕਾਮਨਜ਼ ਦੀਆਂ 338 ਸੀਟਾਂ ਵਿੱਚੋਂ 170 ਸੀਟਾਂ ਉੱਤੇ ਜਿੱਤੇ ਹਾਸਲ ਕਰਨੀ ਹੋਵੇਗੀ। ਮੌਜੂਦਾ ਰੁਝਾਨ ਨੂੰ ਵੇਖਦਿਆਂ ਆਖਿਆ ਜਾ ਸਕਦਾ ਹੈ ਕਿ ਕੰਜ਼ਰਵੇਟਿਵਾਂ ਤੇ ਲਿਬਰਲਾਂ ਦਰਮਿਆਨ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਪਰ ਹੁਣ ਜਦੋਂ ਚੋਣਾਂ ਵਿੱਚ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ ਤੇ ਹਾਲਾਤ ਤੇਜ਼ੀ ਨਾਲ ਬਦਲ ਵੀ ਸਕਦੇ ਹਨ। ਇਸ ਦੀ ਇੱਕ ਮਿਸਾਲ ਤਾਂ ਟਰੂਡੋ ਦੀਆਂ ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਤਸਵੀਰਾਂ ਦੇ ਸਾਹਮਣੇ ਆਉਣ ਨਾਲ ਲਿਬਰਲਾਂ ਦੀ ਚੋਣ ਕੈਂਪੇਨ ਨੂੰ ਲੱਗੀ ਢਾਹ ਤੋਂ ਸਾਫ ਵੇਖਣ ਨੂੰ ਮਿਲਦੀ ਹੈ। ਜਿ਼ਕਰਯੋਗ ਹੈ ਕਿ ਇਸ ਚੋਣ ਮੁਹਿੰਮ ਵਿੱਚ ਜਗਮੀਤ ਸਿੰਘ ਹੀ ਅਜਿਹੇ ਆਗੂ ਹਨ ਜਿਹੜੇ ਦੂਜੀ ਨਸਲ ਨਾਲ ਸਬੰਧਤ ਹਨ ਤੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹਨ। ਪਰ ਟਰੂਡੋ ਦੇ ਇਸ ਵਿਵਾਦ ਦੇ ਸਬੰਧ ਵਿੱਚ ਜਿਹੋ ਜਿਹੀ ਹਲੀਮੀ ਦਾ ਸਬੂਤ ਜਗਮੀਤ ਸਿੰਘ ਵੱਲੋਂ ਦਿੱਤਾ ਗਿਆ ਹੈ ਉਸ ਤੋਂ ਸਾਰੇ ਪਾਸੇ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਵਿਵਾਦ ਤੋਂ ਜਿਨ੍ਹਾਂ ਲੋਕਾਂ ਦੇ ਦਿਲ ਦੁਖੇ ਹਨ ਉਨ੍ਹਾਂ ਦੇ ਪੱਖ ਉੱਤੇ ਉਹ ਇੱਕਲੇ ਗੱਲ ਨਹੀਂ ਕਰ ਸਕਦੇ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਮੌਜੂਦਾ ਘਟਨਾਕ੍ਰਮ ਦੇ ਬਾਵਜੂਦ ਲਿਬਰਲਾਂ ਨਾਲ ਘੱਟ ਗਿਣਤੀ ਸਰਕਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਉਹ ਅਜੇ ਬ੍ਰਾਊਨਫੇਸ ਤੇ ਬਲੈਕਫੇਸ ਵਾਲੇ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਟਰੂਡੋ ਨੂੰ ਨਹੀਂ ਮਿਲੇ ਹਨ ਜਦਕਿ ਇਸ ਤਰ੍ਹਾਂ ਦੀ ਮੀਟਿੰਗ ਦੀ ਲਿਬਰਲ ਖੇਮੇ ਵੱਲੋਂ ਗੁਜ਼ਾਰਿਸ਼ ਕੀਤੀ ਗਈ ਸੀ। ਟਰੂਡੋ ਨੇ ਆਖਿਆ ਸੀ ਕਿ ਉਹ ਨਿਜੀ ਤੌਰ ਉੱਤੇ ਜਗਮੀਤ ਸਿੰਘ ਨਾਲ ਮੁਲਾਕਾਤ ਕਰਕੇ ਮੁਆਫੀ ਮੰਗਣਾ ਚਾਹੁੰਦੇ ਹਨ।