ਚੰਡੀਗੜ੍ਹ, 22 ਸਤੰਬਰ (ਪੋਸਟ ਬਿਊਰੋ)- ਅਪਰੇਸ਼ਨ ਬਲਿਊ ਸਟਾਰ ਵੇਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰਲੇ ਕੇਂਦਰੀ ਸਿੱਖ ਅਜਾਇਬਘਰ ਵਿਚਲੀ ਸਿੱਖ ਰੈਫਰੈਂਸ ਲਾਇਬਰੇਰੀ ਵਿੱਚੋਂ ਤੇ ਗੁਰੂ ਰਾਮਦਾਸ ਲਾਇਬਰੇਰੀ 'ਚੋਂ ਫੌਜ ਵੱਲੋਂ ਲਿਜਾਈਆਂ ਗਈਆਂ ਸਿੱਖ ਧਰਮ ਦੀਆਂ ਹੱਥ-ਲਿਖਤਾਂ, ਸਾਹਿਤ ਤੇ ਕਲਾਕ੍ਰਿਤਾਂ ਵਾਪਸ ਲਿਆ ਕੇ ਸੰਗਤ ਦੇ ਦਰਸ਼ਨ ਲਈ ਰੱਖਣ ਦੀ ਮੰਗ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ।
ਪਤਾ ਲੱਗਾ ਹੈ ਕਿ ਨਵਾਂ ਸ਼ਹਿਰ ਦੇ ਸਤਿੰਦਰ ਸਿੰਘ ਨੇ ਐਡਵੋਕੇਟ ਗੁਰਸ਼ਰਨ ਕੌਰ ਮਾਨ ਦੇ ਰਾਹੀਂ ਦਿੱਤੀ ਅਰਜ਼ੀ ਵਿੱਚ ਕਿਹਾ ਹੈ ਕਿ ਹਾਈ ਕੋਰਟ ਵਿੱਚ ਪਹਿਲਾਂ ਵੀ ਸਾਲ 2003 ਵਿੱਚ ਇੱਕ ਪਟੀਸ਼ਨ ਪੇਸ਼ ਕਰ ਕੇ ਇਸ ਸਮੱਗਰੀ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ ਸੀ ਤੇ ਹਾਈ ਕੋਰਟ ਨੇ 26 ਅਪ੍ਰੈਲ 2004 ਨੂੰ ਕੇਸ ਦਾ ਨਿਪਟਾਰਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਇੱਕ ਸੂਚੀ ਕੇਂਦਰ ਸਰਕਾਰ ਨੂੰ ਹਾਸਲ ਕਰਵਾਉਣ ਲਈ ਕਿਹਾ ਸੀ। ਮਿਲੇ ਹਵਾਲਿਆਂ ਦੇ ਨਾਲ ਇਸ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਥ ਪੇਸ਼ ਕਰੇ ਕਿ ਉਸ ਨੂੰ ਭਾਰਤੀ ਫੌਜ, ਸੀ ਬੀ ਆਈ ਅਤੇ ਕੇਂਦਰ ਸਰਕਾਰ ਵੱਲੋਂ ਵਾਪਸ ਕੀਤੀਆਂ ਹੱਥ ਲਿਖਤਾਂ, ਕਲਾਕ੍ਰਿਤਾਂ ਤੇ ਧਾਰਮਿਕ ਸਾਹਿਤ ਕਿੱਥੇ ਹੈ ਤੇ ਇਨ੍ਹਾਂ ਦਾ ਕੀ ਹੋਇਆ। ਇਹ ਮੰਗ ਵੀ ਕੀਤੀ ਗਈ ਹੈ ਕਿ ਇਨ੍ਹਾਂ ਲਿਖਤਾਂ ਤੇ ਕ੍ਰਿਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਤੇ ਮੁੜ ਲਾਇਬਰੇਰੀ ਵਿੱਚ ਦਰਸ਼ਨਾਂ ਤੇ ਖੋਜ ਲਈ ਪੇਸ਼ ਕੀਤਾ ਜਾਵੇ। ਹਾਈ ਕੋਰਟ ਵਿੱਚ ਇਸ ਪਟੀਸ਼ਨ 'ਤੇ ਸੁਣਵਾਈ ਸੱਤ ਨਵੰਬਰ 'ਤੇ ਪਾ ਦਿੱਤੀ ਗਈ ਹੈ।