Welcome to Canadian Punjabi Post
Follow us on

26

February 2020
ਅੰਤਰਰਾਸ਼ਟਰੀ

ਅਮਰੀਕਾ ਦੇ ਐਲਾਨ ਤੋਂ ਬਾਅਦ ਈਰਾਨ ਵੀ ਭੜਕਿਆ

September 23, 2019 09:26 AM

ਦੁਬਈ, 22 ਸਤੰਬਰ (ਪੋਸਟ ਬਿਊਰੋ)- ਖਾੜੀ ਦੇ ਦੇਸ਼ਾਂ ਵਿੱਚ ਅਮਰੀਕੀ ਫੌਜੀਆਂ ਦੀ ਗਿਣਤੀ ਵਧਾਏ ਜਾਣ ਦੇ ਐਲਾਨ ਨਾਲ ਈਰਾਨ ਭੜਕ ਗਿਆ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਉਤੇ ਕਿਸੇ ਵੀ ਤਰ੍ਹਾਂ ਹਮਲਾ ਕੀਤਾ ਗਿਆ ਤਾਂ ਉਹ ਹਮਲਾ ਕਰਨ ਵਾਲੇ ਦੇਸ਼ ਨੂੰ ਤਬਾਹ ਕਰ ਦੇਵੇਗਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਦੀ ਹਵਾਈ ਅਤੇ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਾਧੂ ਅਮਰੀਕੀ ਫੌਜੀ ਭੇਜਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਦਮ ਇੱਕ ਹਫਤਾ ਪਹਿਲਾਂ ਸਾਊਦੀ ਅਰਬ ਦੀ ਤੇਲ ਕੰਪਨੀ ਅਰੈਮਕੋ ਦੇ ਦੋ ਪਲਾਂਟਾਂ ਉੱਤੇ ਹੋਏ ਡਰੋਨ ਹਮਲੇ ਦੇ ਬਾਅਦ ਚੁੱਕਿਆ ਗਿਆ ਹੈ। ਅਮਰੀਕਾ ਅਤੇ ਸਾਊਦੀ ਅਰਬ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਕਿਹਾ ਹੈ, ਪਰ ਇਰਾਨ ਦਾ ਕਹਿਣਾ ਹੈ ਕਿ ਉਸ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ, ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਈਰਾਨ ਪੱਖੀ ਹਾਊਦੀ ਬਾਗੀਆਂ ਨੇ ਲਈ ਹੈ।
ਹੋਰ ਜਿ਼ਆਦਾ ਅਮਰੀਕੀ ਫੌਜਾਂ ਦੀ ਤੈਨਾਤੀ ਦਾ ਐਲਾਨ ਉੱਤੇ ਈਰਾਨ ਦੀ ਵਿਸ਼ੇਸ਼ ਸੁਰੱਖਿਆ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਮੇਜਰ ਜਨਰਲ ਹੁਸੈਨ ਸਲਾਮੀ ਨੇ ਕੱਲ੍ਹ ਕਿਹਾ, ‘ਸਾਵਧਾਨ ਰਹੋ। ਸੀਮਿਤ ਹਮਲਾ ਸੀਮਿਤ ਨਹੀਂ ਰਹੇਗਾ। ਅਸੀਂ ਹਮਲਾਵਰ ਦਾ ਉਦੋਂ ਤੱਕ ਪਿੱਛਾ ਕਰਾਂਗੇ, ਜਦੋਂ ਤੱਕ ਅਸੀਂ ਉਸ ਨੂੰ ਬਰਬਾਦ ਨਹੀਂ ਕਰ ਦੇਂਦੇ।’ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਟਵੀਟ ਕਰ ਕੇੇ ਕਿਹਾ ਕਿ ਜੇ ਕਿਸੇ ਨੇ ਸਾਡੀ ਸਰਹੱਦ ਟੱਪੀ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਵਾਧੂ ਫੌਜਾਂ ਦੀ ਤੈਨਾਤੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਸਾਊਦੀ ਅਰਬ ਦੀ ਬੇਨਤੀ ਉੱਤੇ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਬਲਾਂ ਦੀ ਤੈਨਾਤੀ ਨੂੰ ਮਨਜ਼ੂਰੀ ਦਿੱਤੀ ਹੈ। ਉਹ ਸੁਰੱਖਿਆ ਲਈ ਤੈਨਾਤ ਹੋਣਗੇ। ਇਸ ਬਾਰੇ ਯੂ ਏ ਈ ਨੇ ਵੀ ਬੇਨਤੀ ਕੀਤੀ ਹੈ, ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਗਿਣਤੀ ਵਿੱਚ ਅਮਰੀਕੀ ਫੌਜੀ ਭੇਜੇ ਜਾਣਗੇ।
ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਮੇਜਰ ਜਨਰਲ ਹੁਸੈਨ ਸਲਾਮੀ ਨੇ ਡੇਗੇ ਗਏ ਅਮਰੀਕੀ ਡਰੋਨ ਦੇ ਟੁਕੜੇ ਕੱਲ੍ਹ ਦਿਖਾਏ। ਉਸ ਨੇ ਆਪਣੇ ਸਰਹੱਦੀ ਖੇਤਰ ਵਿੱਚ ਬੀਤੀ ਜੂਨ ਵਿੱਚ ਇਸ ਅਮਰੀਕੀ ਡਰੋਨ ਨੂੰ ਡੇਗਿਆ ਸੀ। ਇਸ ਤੋਂ ਬਾਅਦ ਟਰੰਪ ਨੇ ਈਰਾਨ ਉਤੇ ਹਮਲੇ ਦਾ ਹੁਕਮ ਦਿੱਤਾ ਸੀ, ਪਰ ਹਮਲੇ ਤੋਂ ਸਿਰਫ 10 ਮਿੰਟ ਪਹਿਲਾਂ ਉਹ ਇਸ ਤੋਂ ਪਿੱਛੇ ਹਟ ਗਏ ਸਨ। ਆਪਣੇ ਸਹਿਯੋਗੀ ਦੇਸ਼ ਸਾਊਦੀ ਅਰਬ ਦੇ ਤੇਲ ਪਲਾਂਟਾਂ ਉਤੇ ਹਮਲੇ ਪਿੱਛੋਂ ਅਮਰੀਕਾ ਨੇ ਈਰਾਨ 'ਤੇ ਕਈ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਵਿੱਚ ਖਾਸ ਤੌਰ 'ਤੇ ਈਰਾਨ ਦੇ ਕੇਂਦਰੀ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਪਾਬੰਦੀਆਂ ਉੱਤੇ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਨੇ ਕਿਹਾ ਕਿ ਇਹ ਖਤਰਨਾਕ ਤੇ ਨਾ ਮੰਨਣ ਯੋਗ ਹਨ, ਕਿਉਂਕਿ ਇਹ ਈਰਾਨੀ ਨਾਗਰਿਕਾਂ ਦੇ ਭੋਜਨ ਤੇ ਦਵਾਈਆਂ ਹਾਸਲ ਕਰਨ ਦੇ ਰਾਹ 'ਚ ਰੁਕਾਵਟ ਪਾਉਣ ਦਾ ਯਤਨ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ