ਗੁਰਦਾਸਪੁਰ, 21 ਸਤੰਬਰ (ਪੋਸਟ ਬਿਊਰੋ)- ਕਈ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਨਾਇਕ ਵਜੋਂ ਦੇਸ਼ ਦੀ ਸੇਵਾ ਕਰ ਕੇ ਰਿਟਾਇਰ ਹੋਏ ਜਵਾਨ ਦਾ ਪੁੱਤਰ ਪੈਸਿਆਂ ਦੇ ਲਾਲਚ 'ਚ ਆ ਕੇ ਦੇਸ਼ ਨਾਲ ਗੱਦਾਰੀ ਕਰ ਬੈਠਾ। ਉਹ 10 ਲੱਖ ਰੁਪਏ ਦੇ ਲਾਲਚ 'ਚ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਖੁਫੀਆ ਸੂਚਨਾਵਾਂ ਪਾਕਿਸਤਾਨ ਨੂੰ ਭੇਜਦਾ ਰਿਹਾ।
ਇਹ ਸਾਰੀ ਜਾਣਕਾਰੀ ਤਿੰਨ ਦਿਨ ਪਹਿਲਾਂ ਫੌਜ ਵੱਲੋਂ ਫੜੇ ਜਾਸੂਸ ਵਿਪਨ ਸਿੰਘ ਤੋਂ ਪੁੱਛਗਿੱਛ ਦੌਰਾਨ ਮਿਲੀ ਹੈ। ਉਸ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਜਿਸ ਨੂੰ ਦੇਖ ਕੇ ਉਸ ਨੂੰ ਜੁਆਇੰਟ ਇਨਵੈਸਟੀਗੇਸ਼ਨ ਸੈਂਟਰ ਅੰਮ੍ਰਿਤਸਰ ਭੇਜਣ ਦਾ ਫੈਸਲਾ ਕੀਤਾ ਗਿਆ ਹੈ, ਜਿਥੇ ਕਈ ਸੁਰੱਖਿਆ ਏਜੰਸੀਆਂ ਵੱਲੋਂ ਉਸ ਤੋਂ ਪੁੱਛਗਿੱਛ ਕਰਨਗੀਆਂ। ਇਸ ਬਾਰੇ ਐਸ ਪੀ ਹੈਡਕੁਆਰਟਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਫੌਜ ਦੀ ਖੁਫੀਆ ਏਜੰਸੀ ਨੇ 17 ਸਤੰਬਰ ਨੂੰ ਤਿਬੜੀ ਛਾਉਣੀ ਵਿਖੇ ਅਸਥਾਈ ਤੌਰ 'ਤੇ ਕੰਮ ਕਰਦੇ ਨੌਜਵਾਨ ਨੂੰ ਸ਼ੱਕੀ ਸਰਗਰਮੀਆਂ ਦੇ ਕਾਰਨ ਫੜਿਆ ਸੀ। ਇਹ ਪਿਛਲੇ ਇਕ ਸਾਲ ਤੋਂ ਹੈਂਡਲੂਮ ਦੀ ਦੁਕਾਨ ਉਤੇ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਕਰ ਰਿਹਾ ਸੀ ਅਤੇ ਕੈਂਟ ਅੰਦਰ ਜਾਣ ਲਈ ਉਸ ਦਾ ਐਂਟਰੀ ਪਾਸ ਬਣਿਆ ਹੋਇਆ ਸੀ। ਉਸ ਦਾ ਬਾਪ ਫੌਜ ਵਿੱਚ ਹੀ ਨਾਇਕ ਦੇ ਅਹੁਦੇ 'ਤੇ ਰਹਿ ਚੁੱਕਾ ਹੈ। ਫੌਜ ਅਧਿਕਾਰੀਆਂ ਨੇ ਇਸ ਨੂੰ ਥਾਣਾ ਪੁਰਾਣਾ ਸ਼ਾਲਾ ਦੇ ਹਵਾਲੇ ਕਰ ਦਿੱਤਾ ਹੈ।
ਫੜੇ ਗਏ ਜਾਸੂਸ ਬਾਰੇ ਫੌਜ ਵੱਲੋਂ ਪੁਲਸ ਨੂੰ ਲਿਖੇ ਪੱਤਰ ਅਨੁਸਾਰ ਵਿਪਨ ਸਿੰਘ ਦਾ ਮੋਬਾਈਲ ਫੋਨ ਚੈਕ ਕੀਤਾ ਤਾਂ ਉਸ 'ਚ ਪਾਕਿਸਤਾਨ ਦੇ ਦੋ ਨੰਬਰ ਮਿਲੇ। ਉਹ ਇਨ੍ਹਾਂ ਨੰਬਰਾਂ ਰਾਹੀਂ ਓਧਰ ਬੈਠੇ ਕਿਸੇ ਵਿਅਕਤੀ ਦੇ ਸੰਪਰਕ 'ਚ ਸੀ। ਫੌਜੀ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੂੰ ਪਾਕਿਸਤਾਨ ਦੇ ਇਕ ਨੰਬਰ ਤੋਂ ਫੋਨ ਆਇਆ ਸੀ, ਜਿਸ ਨੇ ਆਪਣਾ ਨਾਂ ਨਜ਼ੀਰ ਅਹਿਮਦ ਦੱਸਿਆ ਅਤੇ ਕਿਹਾ ਕਿ ਉਸ ਨੂੰ ਤਿਬੜੀ ਕੈਂਟ ਦੀਆਂ ਵੱਖ-ਵੱਖ ਤਸਵੀਰਾਂ ਭੇਜਣ 'ਤੇ 10 ਲੱਖ ਰੁਪਏ ਮਿਲਣਗੇ। ਉਹ ਲਾਲਚ 'ਚ ਆ ਗਿਆ ਅਤੇ ਉਸ ਨੇ ਕੈਂਟ ਦੀਆਂ ਕਈ ਅਹਿਮ ਤਸਵੀਰਾਂ ਲੈ ਕੇ ਵਟਸਐਪ ਰਾਹੀਂ ਪਾਕਿਸਤਾਨ ਭੇਜੀਆਂ ਅਤੇ ਡੇਰਾ ਬਾਬਾ ਨਾਨਕ ਲਾਂਘੇ ਦੀਆਂ ਤਸਵੀਰਾਂ ਵੀ ਭੇਜੀਆਂ। ਇਸ ਦੇ ਬਦਲੇ ਉਸ ਨੂੰ ਪਹਿਲੀ ਵਾਰ ਪਠਾਨਕੋਟ ਸੱਦ ਕੇ 10 ਹਜ਼ਾਰ ਰੁਪਏ ਦਿੱਤੇ ਗਏ। ਦੂਜੀ ਵਾਰ ਦੀਨਾਨਗਰ 'ਚ 20 ਹਜ਼ਾਰ ਰੁਪਏ ਤੇ ਤੀਜੀ ਵਾਰ ਪਰਮਾਨੰਦ ਨੇੜੇ ਟੋਲ ਬੈਰੀਅਰ 'ਤੇ 50 ਹਜ਼ਾਰ ਰੁਪਏ ਦਿੱਤੇ ਗਏ। ਪੈਸੇ ਦੇਣ ਵਾਲੇ ਵਿਅਕਤੀ ਦਾ ਉਸ ਨੂੰ ਪਤਾ ਨਹੀਂ। ਉਸ ਦੇ ਅਨੁਸਾਰ ਉਸ ਨੂੰ ਪਾਕਿਸਤਾਨ ਤੋਂ ਫੋਨ 'ਤੇ ਦੱਸਿਆ ਜਾਂਦਾ ਸੀ ਕਿ ਉਸ ਨੂੰ ਪੈਸੇ ਕਿੱਥੇ ਮਿਲਣਗੇ। ਉਸ ਦਾ ਮੋਟਰ ਸਾਈਕਲ ਨੰਬਰ ਦੇਖ ਕੇ ਉਸ ਨੂੰ ਪੈਸੇ ਦੇ ਦਿੱਤੇ ਜਾਂਦੇ ਸਨ।