Welcome to Canadian Punjabi Post
Follow us on

15

October 2019
ਪੰਜਾਬ

ਸੁਖਪਾਲ ਖਹਿਰਾ ਵੱਲੋਂ ਮੰਗ ਕਾਲੀ ਸੂਚੀ ਵਿੱਚੋਂ ਕੱਢੇ 312 ਲੋਕਾਂ ਦੇ ਨਾਂ ਜਨਤਕ ਕਰੋ

September 21, 2019 09:22 PM

ਜਲੰਧਰ, 21 ਸਤੰਬਰ (ਪੋਸਟ ਬਿਊਰੋ)- ਹਲਕਾ ਭੁਲੱਥ ਤੋਂ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਾਲੀ ਸੂਚੀ ਵਿੱਚੋਂ ਕੱਢੇ ਗਏ 312 ਨਾਂਅ ਜਨਤਕ ਕਰੇ। ਉਨ੍ਹਾਂ ਕਿਹਾ ਕਿ ਕਾਲੀ ਸੂਚੀ ਵਿੱਚੋਂ ਕੱਢੇ ਗਏ ਨਾਵਾਂ ਦਾ ਉਹ ਸਵਾਗਤ ਕਰਦੇ ਹਨ, ਪਰ ਇਸ ਨੂੰ ਜਨਤਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਅਸਲ ਤਸਵੀਰ ਸਾਹਮਣੇ ਆ ਸਕੇ।
ਖਹਿਰਾ ਨੇ ਦਾਅਵਾ ਕੀਤਾ ਕਿ ਵਿਦੇਸ਼ ਵੱਸਦੇ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਉਨ੍ਹਾਂ ਦੇ ਨਾਂ ਕਾਲੀ ਸੂਚੀ ਵਿੱਚ ਪਾਏ ਗਏ ਸਨ ਤੇ ਇਹ ਸੂਚੀ ਦੱਸੇ ਗਏ ਨਾਵਾਂ ਤੋਂ ਕਿਤੇ ਵੱਡੀ ਹੈ। ਉਨ੍ਹਾਂ ਨੇ ਕਿਹਾ ਕਿ 314 ਨਾਵਾਂ ਵਿੱਚੋਂ 312 ਨਾਂ ਕੱਟੇ ਗਏ ਹਨ ਤੇ ਜਿਹੜੇ ਦੋ ਨਾਂ ਕਾਲੀ ਸੂਚੀ ਵਿੱਚ ਰੱਖੇ ਗਏ ਹਨ, ਸਰਕਾਰ ਉਹ ਵੀ ਦੱਸਦੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣੇ ਦੀਆਂ ਚੋਣਾਂ ਸਿਰ ਉੱਤੇ ਹੋਣ ਕਾਰਨ ਭਾਜਪਾ ਇਸ ਦਾ ਸਿਹਰਾ ਸਿਰ ਲੈਣਾ ਚਾਹੁੰਦੀ ਹੈ, ਪਰ ਕਾਲੀ ਸੂਚੀ ਸਰਕਾਰ ਦਾ ਗੈਰ ਕਾਨੂੰਨੀ ਕਦਮ ਹੈ, ਇਸ ਵਿੱਚ ਏਜੰਸੀਆਂ ਨੇ ਉਨ੍ਹਾਂ ਸਾਰੇ ਪ੍ਰਮੁੱਖ ਸਿੱਖਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਵਿਰੁੱਧ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਸਨ। ਇਸ ਸੂਚੀ ਵਿੱਚ ਉਹ ਸਾਰੇ ਲੋਕ ਵੀ ਸ਼ਾਮਲ ਕੀਤੇ ਹਨ, ਜਿਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿੱਚ ਸਿਆਸੀ ਪਨਾਹ ਲੈ ਕੇ ਉਥੇ ਨਾਗਰਿਕਤਾ ਲੈ ਲਈ ਹੈ। ਖਹਿਰਾ ਨੇ ਕਿਹਾ ਕਿ ਸਾਲ 2016 ਵਿੱਚ ਜਦੋਂ ਉਹ ਆਮ ਆਦਮੀ ਪਾਰਟੀ ਲਈ ਸਮਰਥਨ ਮੰਗਣ ਲਈ ਅਮਰੀਕਾ ਤੇ ਕੈਨੇਡਾ ਗਏ ਤਾਂ ਸੈਂਕੜੇ ਸਿੱਖਾਂ ਨੇ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਸਨ।

Have something to say? Post your comment