ਟੋਰਾਂਟੋ, 20 ਸਤੰਬਰ (ਪੋਸਟ ਬਿਊਰੋ) : ਚੈਰੀ ਬੀਚ ਉੱਤੇ ਦੋ ਵੱਖ ਵੱਖ ਘਟਨਾਵਾਂ ਵਿੱਚ ਦੋ ਮਹਿਲਾਵਾਂ ਉੱਤੇ ਜਿਨਸੀ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਟੋਰਾਂਟੋ ਪੁਲਿਸ ਵੱਲੋਂ ਪਬਲਿਕ ਸੇਫਟੀ ਐਲਰਟ ਜਾਰੀ ਕੀਤਾ ਗਿਆ ਹੈ।
ਤਾਜ਼ਾ ਘਟਨਾ ਚੈਰੀ ਬੀਚ ਤੇ ਰੇਗਾਟਾ ਰੋਡ ਉੱਤੇ ਮਾਰਟਿਨ ਗੁੱਡਮੈਲ ਟਰੇਲ ਉੱਤੇ 15 ਸਤੰਬਰ ਨੂੰ ਵਾਪਰੀ। ਪੁਲਿਸ ਨੇ ਆਖਿਆ ਕਿ ਇੱਕ ਮਹਿਲਾ ਸਵੇਰੇ 4:00-5:00 ਵਜੇ ਬੀਚ ਉੱਤੇ ਟਹਿਲ ਰਹੀ ਸੀ ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਉਸ ਉੱਤੇ ਜਿਨਸੀ ਹਮਲਾ ਬੋਲ ਦਿੱਤਾ। ਇੱਕ ਹੋਰ ਮਹਿਲਾ ਉੱਤੇ ਵੀ ਪਹਿਲੀ ਸਤੰਬਰ ਨੂੰ ਤੜ੍ਹਕੇ ਇਸੇ ਤਰ੍ਹਾਂ ਇਸੇ ਇਲਾਕੇ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਜਿਨਸੀ ਹਮਲਾ ਕੀਤਾ ਗਿਆ ਸੀ।
ਮਸ਼ਕੂਕ ਭੂਰੀ ਚਮੜੀ ਵਾਲਾ, ਭਾਰੀ ਕੱਦ ਕਾਠੀ ਦਾ, ਗੋਲ ਮੂੰਹ ਵਾਲਾ, ਕਲੀਨ ਸ਼ੇਵਨ, ਭੂਰੀਆਂ ਅੱਖਾਂ ਤੇ ਵੱਡੇ ਬੁੱਲ੍ਹਾਂ ਵਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 25 ਤੋਂ 30 ਸਾਲ ਤੇ ਕੱਦ ਪੰਜ ਫੁੱਟ ਸੱਤ ਇੰਚ ਜਾਂ ਪੰਜ ਫੁੱਟ ਅੱਠ ਇੰਚ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੇ ਗ੍ਰੇਅ ਰੰਗ ਦੀ ਹੁੱਡ ਵਾਲੀ ਸਵੈੱਟਸ਼ਰਟ ਤੇ ਗੂੜ੍ਹੇ ਰੰਗ ਦੀਆਂ ਟਰੈਕ ਪੈਂਟਸ ਪਾਈਆਂ ਹੋਈਆਂ ਸਨ।