* ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਦਾਅਵਾ
ਲੰਡਨ, 19 ਸਤੰਬਰ (ਪੋਸਟ ਬਿਊਰੋ)- ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦਾ ਕਹਿਣਾ ਹੈ ਕਿ ਭਾਰਤ ਉੱਤੇ ਜੇ ਦੋਬਾਰਾ ਮੁੰਬਈ ਵਰਗਾ ਅੱਤਵਾਦੀ ਹਮਲਾ ਹੁੰਦਾ ਤਾਂ ਯਕੀਨੀ ਤੌਰ 'ਤੇ ਭਾਰਤੀ ਫ਼ੌਜ ਪਾਕਿਸਤਾਨ 'ਤੇ ਹਮਲਾ ਕਰ ਦਿੰਦੀ। ਇਹ ਗੱਲ ਉਨ੍ਹਾਂ ਨੇ ਆਪਣੇ ਰਾਜ ਵੇਲੇ ਹੋਈਆਂ ਘਟਨਾਵਾਂ ਦੀਆਂ ਯਾਦਾਂ ਇਕੱਠੀਆਂ ਕਰ ਕੇ ਲਿਖੀ ਗਈ ਕਿਤਾਬ ਵਿੱਚ ਕਹੀ ਹੈ। ਉਨ੍ਹਾਂ ਆਪਣੀ ਕਿਤਾਬ 'ਚ ਮਨਮੋਹਨ ਸਿੰਘ ਨੂੰ ਸੰਤ ਰੂਪ ਬੰਦਾ ਦੱਸਿਆ ਹੈ।
ਸਾਲ 2010 ਤੋਂ ਲੈ ਕੇ 2016 ਤਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ ਕੈਮਰਨ ਦੇ ਭਾਰਤੀ ਪ੍ਰਧਾਨ ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਦੋਵਾਂ ਨਾਲ ਚੰਗੇ ਸਬੰਧ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਤ ਸਰੂਪ ਮਨਮੋਹਨ ਸਿੰਘ ਨੇ ਸਾਫ਼ ਕਰ ਦਿੱਤਾ ਸੀ ਕਿ ਮੁੰਬਈ ਵਰਗਾ ਅੱਤਵਾਦੀ ਹਮਲਾ ਜੇ ਫਿਰ ਹੋਇਆ ਤਾਂ ਉਨ੍ਹਾਂ ਸਾਹਮਣੇ ਪਾਕਿਸਤਾਨ ਦੇ ਖ਼ਿਲਾਫ਼ ਫ਼ੌਜੀ ਕਾਰਵਾਈ ਤੋਂ ਬਿਨਾ ਕੋਈ ਬਦਲ ਨਹੀਂ ਬਚੇਗਾ। ਮਨਮੋਹਨ ਸਿੰਘ ਨੇ ਇਹ ਗੱਲ ਖ਼ੁਦ ਕੈਮਰਨ ਨੂੰ ਉਨ੍ਹਾਂ ਦੇ ਭਾਰਤ ਦੌਰੇ ਦੌਰਾਨ ਕਹੀ ਸੀ। ਵਰਨਣ ਯੋਗ ਹੈ ਕਿ ਸਾਲ 2008 ਦੇ ਮੁੰਬਈ ਹਮਲੇ ਪਿੱਛੋਂ ਪਾਕਿਸਤਾਨ ਖ਼ਿਲਾਫ਼ ਫ਼ੌਜੀ ਕਾਰਵਾਈ ਕਰਨ ਦੇ ਭਾਰਤ ਕਾਫ਼ੀ ਨੇੜੇ ਪਹੁੰਚ ਗਿਆ ਸੀ ਅਤੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਦਬਾਅ ਮਗਰੋਂ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਕਈ ਅੱਤਵਾਦੀ ਕਮਾਂਡਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਸਾਬਕਾ ਪ੍ਰਧਾਨ ਮੰਤਰੀ ਕੈਮਰਨ ਨੇ ਦੱਸਿਆ ਕਿ ਉਹ ਭਾਰਤ ਨਾਲ ਬਸਤੀਵਾਦੀ ਮਾਨਸਿਕਤਾ 'ਚੋਂ ਬਾਹਰ ਨਿਕਲ ਕੇ ਸਬੰਧ ਵਿਕਸਤ ਕਰਨਾ ਚਾਹੁੰਦੇ ਸਨ। ਦੁਨੀਆ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਵਿਚ ਆਧੁਨਿਕ ਸਮੇਂ ਵਿੱਚ ਲੋੜ ਮੁਤਾਬਕ ਸਹਿਯੋਗ ਦਾ ਸਭ ਤੋਂ ਚੰਗਾ ਤਰੀਕਾ ਹੈ। ਇਸ ਸਿਲਸਿਲੇ 'ਚ ਭਾਰਤੀ ਮੂਲ ਦੇ ਕਈ ਬ੍ਰਿਟਿਸ਼ ਸਨਅਤਕਾਰ ਸਾਡੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਦੇ ਸਭ ਤੋਂ ਚੰਗੇ ਮਾਧਿਅਮ ਬਣ ਸਕਦੇ ਹਨ। ਕੈਮਰਨ ਨੇ ਕਿਤਾਬ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਿਟੇਨ ਦੌਰੇ 'ਚ ਵੇਂਬਲੇ ਸਟੇਡੀਅਮ 'ਚ ਪ੍ਰੋਗਰਾਮ 'ਚ ਇਕੱਠੇ ਸ਼ਾਮਲ ਹੋਣ ਨੂੰ ਵੀ ਯਾਦ ਕੀਤਾ ਅਤੇ ਲਿਖਿਆ ਕਿ ਇਹ ਵੇਂਬਲੇ ਸਟੇਡੀਅਮ 'ਚ ਹੋਏ ਪ੍ਰੋਗਰਾਮਾਂ 'ਚ ਸਭ ਤੋਂ ਵੱਡਾ ਸੀ।