Welcome to Canadian Punjabi Post
Follow us on

25

May 2020
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: ਟਰੂਡੋ ਦੀ ਬਰਾਊਨ-ਫੇਸਿੰਗ ਅਤੇ ਲੀਡਰਾਂ ਦੇ ਅਸਲੀ ਚਿਹਰੇ

September 20, 2019 09:48 AM

 

ਹੁਸਿ਼ਆਪੁਰ ਤੋਂ ਆਏ ਕੈਨੇਡਾ ਆਏ ਸਿੱਖ ਮਾਪਿਆਂ ਦੀ ਧੀ ਲਿੱਲੀ ਸਿੰਘ ਲਈ ਇਹ ਫੈਸਲਾ ਕਰਨਾ ਬਹੁਤ ਔਖਾ ਸਾਬਤ ਹੋਇਆ ਹੋਵੇਗਾ ਕਿ ਵਿਸ਼ਵ ਦੀ ਪਹਿਲੀ ਰੰਗਦਾਰ ਸਿੱਖ ਕੁੜੀ ਹੋਣ ਨਾਤੇ ਐਨ ਬੀ ਸੀ (NBC) ਉੱਤੇ ਆਪਣੇ ਪਹਿਲੇ ਸ਼ੋਅ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਾਜ਼ਰ ਨਾ ਹੋਣ ਲਈ ਆਖਣਾ ਪਿਆ। ਕਾਰਣ ਕਿ ਟਰੂਡੋ ਦੀਆਂ ਚਿਹਰੇ ਉੱਤੇ ਭੁਰੇ ਅਤੇ ਕਾਲੇ ਰੰਗ ਦੇ ਪੇਂਟ ਕਰਕੇ ਖਿਚਵਾਈਆਂ ਤਸਵੀਰਾਂ ਸਾਹਮਣੇ ਆ ਗਈਆਂ ਸਨ। ਟਰੂਡੋ ਦੀ ਵੀ ਮਜ਼ਬੂਰੀ ਇਹ ਰਹੀ ਕਿ ਉਸਨੂੰ 30 ਸਾਲਾ ਲਿੱਲੀ ਸਿੰਘ ਲਈ ਘਰ ਬੈਠ ਕੇ ਟਵਿਟਰ ਉੱਤੇ ‘ਸ਼ੁਭ ਇੱਛਾਵਾਂ’ ਦਾ ਸੁਨੇਹਾ ਦੇਣਾ ਪਿਆ।

 ਇਹ ਗੱਲ ਜੱਗ ਜਾਹਰ ਹੋ ਚੁੱਕੀ ਹੈ ਕਿ ਜਸਟਿਨ ਟਰੂਡੋ ਨੇ ਇੱਕ ਜਾਂ ਦੋ ਵਾਰ ਨਹੀਂ ਸਗੋਂ ਬੀਤੇ ਵਿੱਚ ਤਿੰਨ ਵਾਰ ਆਪਣੇ ਚਿਹਰੇ ਭੂਰੇ ਜਾਂ ਕਾਲੇ ਰੰਗ ਵਿੱਚ ਰੰਗ ਕੇ ਫੋਟੋਆਂ ਖਿਚਵਾਈਆਂ। ਇਸ ਬਾਰੇ ਵਿਸ਼ਵ ਭਰ ਦੇ ਮੀਡੀਆ ਵਿੱਚ ਚਰਚਾ ਹੋ ਰਹੀ ਹੈ ਕਿਉਂਕਿ ਇਸ ਮੁੱਦੇ ਨੂੰ ਉਭਾਰਨ ਵਾਲਾ ਕੋਈ ਐਰਾ ਗੈਰਾ ਮੀਡੀਆ ਨਹੀਂ ਸਗੋਂ ‘ਟਾਈਮ’ ਮੈਗਜ਼ੀਨ ਸੀ। ਇਸ ਮਾਮਲੇ ਨਾਲ ਸਬੰਧਿਤ ਮਿਲੀ ਇੱਕ ਵੀਡੀਓ ਨੂੰ ਕੰਜ਼ਰਵੇਟਿਵ ਪਾਰਟੀ ਦੇ ਕਾਰਕੁਨਾਂ ਨੇ ਗਲੋਬਲ ਨਿਊਜ਼ ਦੇ ਹਵਾਲੇ ਕਰ ਦਿੱਤਾ ਸੀ। ਗਲੋਬਲ ਨਿਊਜ਼ ਕੰਜ਼ਰਵੇਟਿਵ ਪੱਖੀ ਮੀਡੀਆ ਅਦਾਰਾ ਹੈ। ਸ਼ਾਇਦ ਕੰਜ਼ਰਵੇਟਿਵ ਜਾਣਦੇ ਸਨ ਕਿ ਜੇ ਉਹਨਾਂ ਨੇ ਆਪਣਾ ਨੁਕਤਾ ਸੀ ਬੀ ਸੀ ਜਾਂ ਟੋਰਾਂਟੋ ਸਟਾਰ ਵਰਗਿਆਂ ਨਾਲ ਸਾਂਝਾ ਕੀਤਾ ਤਾਂ ਉਸਦਾ ਪ੍ਰਭਾਵ 50% ਤੋਂ ਵੀ ਘੱਟ ਰਹਿ ਜਾਵੇਗਾ। ਸਿਆਸਤ ਦੀ ਖੇਡ ਵਿੱਚ ਅਜਿਹਾ ਕੀਤਾ ਜਾਣਾ ਸੁਭਾਵਿਕ ਹੈ।

 ਜਸਟਿਨ ਟਰੂਡੋ ਦੇ ਚਿਹਰਾ ਪੇਂਟ ਕਰਨ ਦੀਆਂ ਘਟਨਾਵਾਂ ਤੋਂ ਦੋ ਤਿੰਨ ਮੁੱਦੇ ਉੱਠਦੇ ਹਨ। ਪਹਿਲਾ ਹੈ ਕਿ ਜਸਟਿਨ ਟਰੂਡੋ ਹੋਰਾਂ ਤੋਂ ਵਾਰ 2 ਅਜਿਹੀਆਂ ਗਲਤੀਆਂ ਕਿਉਂ ਹੁੰਦੀਆਂ ਹਨ? ਦੂਜਾ ਕਿ ਲੀਡਰਾਂ ਦੀਆਂ ਬੀਤੇ ਵਿੱਚ ਕੀਤੀਆਂ ਗਲਤੀਆਂ ਨੂੰ ਪਬਲਿਕ ਕਿੰਨੀ ਕੁ ਗੰਭੀਰਤਾ ਨਾਲ ਲੈਂਦੀ ਹੈ? ਤੀਜਾ ਮੁੱਦਾ ਹੈ ਕਿ ਜਦੋਂ ਵੱਡੇ ਲੀਡਰ ਗਲਤੀ ਕਰਦੇ ਹਨ ਤਾਂ ਪਾਰਟੀਆਂ ਵੱਲੋਂ ‘ਚਲੋ ਕੋਈ ਨਹੀਂ’ ਵਾਲੀ ਪਹੁੰਚ ਅਪਣਾਈ ਜਾਂਦੀ ਹੈ ਜਦੋਂ ਕਿ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਵਾਲਿਆਂ ਪ੍ਰਤੀ ਬੇਕਿਰਕੀ ਵਰਤੀ ਜਾਂਦੀ ਹੈ।

ਜਸਟਿਨ ਟਰੂਡੋ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਘਰ ਪੈਦਾ ਹੋਣ ਵਾਲਾ ਪਹਿਲਾ ਬੱਚਾ ਹੈ ਜੋ ਸਮਾਂ ਪਾ ਕੇ ਖੁਦ ਪ੍ਰਧਾਨ ਮੰਤਰੀ ਬਣਿਆ। ਉਸ ਬਾਰੇ ਇਹ ਆਮ ਧਾਰਨਾ ਹੈ ਕਿ ਉਹ ਅਮੀਰ ਮਾਹੌਲ ਵਿੱਚ ਪਲਿਆ ਕਿਸੇ ਹੱਦ ਤੱਕ ਐਸ਼ੋ ਆਰਾਮ ਦੀ ਜਿ਼ੰਦਗੀ ਦਾ ਆਦੀ ਹੈ। ਇਹ ਗੱਲ ਸਹੀ ਵੀ ਹੋ ਸਕਦੀ ਹੈ ਪਰ ਉਸ ਵੱਲੋਂ ਬਹੁਤ ਵਾਰ ਅਜਿਹੀਆਂ ਗੱਲਾਂ ਕੀਤੀਆਂ ਗਈਆਂ ਹਨ ਜਿਹੜੀਆਂ ਕਿਸੇ ਆਮ ਲੀਡਰ ਨੂੰ ਸੁਖਾਵੀਆਂ ਨਹੀਂ ਹੋ ਸਕਦੀਆਂ। 6 ਜੁਲਾਈ 2018 ਨੂੰ ਖਬ਼ਰਾਂ ਆਈਆਂ ਸਨ ਕਿ 18 ਸਾਲ ਪਹਿਲਾਂ ਟਰੂਡੋ ਨੇ ਇੱਕ ਨੌਜਵਾਨ ਪੱਤਰਕਾਰ ਲੜਕੀ ਦੇ ਜਿਸਮ ਨਾਲ ਛੇੜਛਾੜ ਕੀਤੀ ਸੀ। 17 ਨਵੰਬਰ 2011 ਨੂੰ ਉਸਨੇ ਇੱਕ ਚੈਰਟੀ ਈਵੈਂਟ ਵਿੱਚ ਸਿਰਫ਼ ਪੈਂਟ ਦੀ ਨੀਵਾਣ ਤੱਕ ਨੰਗਾ ਹੋਣ ਦੀ ਉਚਾਈ ਹਾਸਲ ਕੀਤੀ ਸੀ। ਦਸੰਬਰ 2011 ਵਿੱਚ ਉਸਨੇ ਹਾਊਸ ਆਫ ਕਾਮਨਜ਼ ਵਿੱਚ ਕੰਜ਼ਰਵੇਟਿਵ ਐਮ ਪੀ ਅਤੇ ਮੰਤਰੀ ਪੀਟਰ ਕੈਂਟ ਨੂੰ F ਸ਼ਬਦ ਵਰਤ ਕੇ ਗਾਲ੍ਹ ਕੱਢੀ ਸੀ। 14 ਅਗਸਤ 2019 ਨੂੰ ਐਥਿਕਸ ਕਮਿਸ਼ਨਰ ਨੇ ਨਤੀਜਾ ਕੱਢਿਆ ਸੀ ਕਿ ਐਸ ਐਨ ਸੀ ਲਾਵਾਲਿਨ ਕੇਸ ਵਿੱਚ ਟਰੂਡੋ ਨੇ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੂਲਡ ਉੱਤੇ ਬੋਲੋੜਾ ਦਬਾਅ ਪਾਇਆ ਸੀ। ਇਸ ਪਰੀਪੇਖ ਵਿੱਚ ਵੇਖਿਆ ਉਸਦੀਆਂ ਬਰਾਊਨ ਫੇਸਿੰਗ ਦੀਆਂ ਫੋਟੋਆਂ ਦਾ ਉਜਾਗਰ ਹੋਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਹੋਰ ਵੀ ਕਈ ਕਿੱਸੇ ਹਨ ਜਿਹਨਾਂ ਦਾ ਜਿ਼ਕਰ ਕੀਤਾ ਜਾ ਸਕਦਾ ਹੈ ਪਰ ਤਾਂ ਵੀ ਟਰੂਡੋ ਨੇ ਮੀਡੀਆ ਵਿੱਚ ਅਜਿਹਾ ਅਕਸ ਪੈਦਾ ਕਰ ਲਿਆ ਹੈ ਕਿ ਔਰਤਾਂ ਲਈ ਅਧਿਕਾਰਾਂ, ਚੋਣ ਸੁਧਾਰਾਂ, ਮੂਲਵਾਸੀਆਂ ਦੀ ਸਥਿਤੀ ਅਤੇ ਇੰਮੀਗਰੇਸ਼ਨ ਵਰਗੇ ਮਾਮਲਿਆਂ ਵਿੱਚ ਉਸਤੋਂ ਬਿਹਤਰ ਦਰਦਮੰਦ ਸ਼ਾਇਦ ਹੀ ਕੋਈ ਹੋਰ ਹੋਵੇ।

 ਟਰੂਡੋ ਨੇ ਦਹਾਕਿਆਂ ਪਹਿਲਾਂ ਜੋ ਬਰਾਊਨ ਫੇਸਿੰਗ ਕੀਤੀ, ਕੀ ਉਸ ਬਾਰੇ ਪਬਲਿਕ ਸੱਚਮੁਚ ਚਿੰਤਤ ਹੈ ਜਾਂ ਪਬਲਿਕ ਦੇ ਟਰੂਡੋ ਪ੍ਰਤੀ ਨਿਰਾਸ਼ ਹੋਣ ਦੀ ਉਮੀਦ ਹੈ? ਅੱਜ ਕੈਨੇਡੀਅਨ ਪਬਲਿਕ ਨੂੰ ਇਸ ਗੱਲ ਦਾ ਭਲੀਭਾਂਤ ਅਹਿਸਾਸ ਹੈ ਕਿ ਬੀਤੇ ਵਿੱਚ ਕੀਤੀਆਂ ਗਲਤੀਆਂ ਦਾ ਇਹ ਭਾਵ ਨਹੀਂ ਕਿ ਸਬੰਧਿਤ ਲੀਡਰ ਅੱਜ ਵੀ ਉਹੋ ਹੈ ਜੋ ਪਹਿਲਾਂ ਸੀ। ਇਸ ਤਰੀਕੇ ਦੀ ਸਮਝਦਾਰੀ ਦਾ ਹੋਣਾ ਕਿਸੇ ਵੀ ਸਮਾਜ ਲਈ ਲਾਹੇਵੰਦ ਹੈ ਬਸ਼ਰਤੇ ਬੀਤੀ ਗਲਤੀ ਅਜਿਹੀ ਬੱਜਰ ਨਾ ਹੋਵੇ ਜੋ ਮੁਆਫ ਹੀ ਨਹੀਂ ਕੀਤੀ ਜਾ ਸਕਦੀ। ਪਬਲਿਕ ਦੀ ਇਸ ਦਰਿਆ ਦਿਲੀ ਦਾ ਰਾਜਨੀਤਕ ਨੇਤਾਵਾਂ ਨੂੰ ਗਲਤ ਲਾਭ ਲੈਣ ਦੀ ਕੋਸਿ਼ਸ਼ ਨਹੀਂ ਕਰਨੀ ਚਾਹੀਦੀ। ਮਿਸਾਲ ਵਜੋਂ ਜੇ ਟਰੂਡੋ ਦੀਆਂ ਬੀਤੇ ਦੀਆਂ ਗਲਤੀਆਂ ਮੁਆਫੀ ਮੰਗ ਕੇ ਦਰਗੁਜ਼ਰ ਕਰਨ ਯੋਗ ਹਨ ਤਾਂ ਐਂਡਰੀਊ ਸ਼ੀਅਰ ਦੀ ਪਿਛਲੀ ਉਜਾਗਰ ਹੋਈ ਵੀਡੀਓ ਬਾਰੇ ਲਿਬਰਲ ਪਾਰਟੀ ਨੂੰ ਹੱਲਾ ਗੁੱਲਾ ਕਰਨ ਦਾ ਕੀ ਹੱਕ ਬਣਦਾ ਹੈ? ਸਿਆਸੀ ਪਾਰਟੀਆਂ ਨੂੰ ਇੱਕ ਸਟੈਂਡਰਡ ਤੈਅ ਕਰਨਾ ਚਾਹੀਦਾ ਹੈ ਕਿ ਕਿਸ ਹੱਦ ਤੱਕ ਬੀਤੇ ਦੀਆਂ ਬਦਮਗਜ਼ੀਆਂ ਨੂੰ ਸਹਿਣ ਕੀਤਾ ਜਾ ਸਕਦਾ ਹੈ ਅਤੇ ਕਿਸ ਹੱਦ ਤੋਂ ਬਾਅਦ ਕਿਸੇ ਨੂੰ ਕਿਸ ਹੱਦ ਤੱਕ ਸਜ਼ਾ ਦਾ ਭਾਗੀਦਾਰ ਬਣਾਇਆ ਜਾਣਾ ਚਾਹੀਦਾ ਹੈ। ਪਬਲਿਕ ਜੀਵਨ ਵਿੱਚ ਸਵੱਛਤਾ ਮਜ਼ਬੂਰੀ ਵੱਸ ਨਹੀਂ ਸਗੋਂ ਸਵੈਇੱਛਾ ਨਾਲ ਲਿਆਂਦੀ ਜਾਣੀ ਚਾਹੀਦੀ ਹੈ। ਕੈਨੇਡਾ ਵਰਗੇ ਸੁਘੜ ਅਤੇ ਪਰਪੱਕ ਲੋਕਤੰਤਰ ਵਿੱਚ ਅਜਿਹਾ ਹੋਣਾ ਹੋਰ ਵੀ ਲਾਜ਼ਮੀ ਹੈ।

 ਜਦੋਂ ਲੋਕਤੰਤਰ ਦੀ ਮਜ਼ਬੂਤੀ ਦੀ ਗੱਲ ਆਉਂਦੀ ਹੈ ਤਾਂ ਇਸਦਾ ਆਧਾਰ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਵਾਲੇ ਆਗੂ ਹੁੰਦੇ ਹਨ ਜਿਹੜੇ ਸਿਆਸੀ ਪਾਰਟੀਆਂ ਨੂੰ ਜੀਵਨ ਬਖਸ਼ਦੇ ਹਨ। ਚਿੰਤਾਜਨਕ ਗੱਲ ਹੈ ਕਿ ਜਦੋਂ ਕਦੇ ਜ਼ਮੀਨੀ ਪੱਧਰ ਦੇ ਆਗੂ ਕੋਲੋਂ ਜਾਣੇ ਅਣਜਾਣੇ ਵਿੱਚ ਕੁਤਾਹੀ ਹੋ ਜਾਵੇ ਤਾਂ ਉਸ ਵਾਸਤੇ ਕੋਈ ਬਖਸ਼ਣਹਾਰਾ ਅੱਗੇ ਨਹੀਂ ਆਉਂਦਾ। 2019 ਦੀਆਂ ਚੋਣਾਂ ਦੇ ਪ੍ਰਚਾਰ ਦੇ ਪਹਿਲੇ ਦੋ ਦਿਨਾਂ ਅੰਦਰ ਹੀ ਮੈਨੀਟੋਬਾ ਦੇ ਇੱਕ ਕੰਜ਼ਰਵੇਟਿਵ ਉਮੀਦਵਾਰ ਨੂੰ ਲਾਹ ਮਾਰਿਆ ਗਿਆ ਕਿਉਂਕਿ ਉਸਨੇ ਬੀਤੇ ਵਿੱਚ ਇੰਮੀਗਰਾਂਟਾਂ ਅਤੇ ਮੁਸਲਮਾਨਾਂ ਬਾਰੇ ਕੁੱਝ ਆਖਿਆ ਸੀ। ਲਿਬਰਲ ਪਾਰਟੀ ਨੇ ਮਾਂਟਰੀਅਲ ਵਿਚਲੀ ਇੱਕ ਰਾਈਡਿੰਗ ਤੋਂ ਆਪਣੇ ਇੱਕ ਮੁਸਲਮਾਨ ਉਮੀਦਵਾਰ ਨੂੰ ਪਿਛਲੇ ਮਹੀਨੇ ਇਸ ਲਈ ਹਟਾ ਦਿੱਤਾ ਸੀ ਕਿਉਂਕਿ ਉਸਨੇ ਯਹੂਦੀਆਂ ਬਾਬਤ ਕੁੱਝ ਇਤਰਾਜਯੋਗ ਟਿੱਪਣੀਆਂ ਕੀਤੀਆਂ ਸਨ। ਮਿਸੀਸਾਗਾ ਐਰਿਨ ਮਿਲਜ਼ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਗਾਧਾ ਮੇਲਾਕ ਨੂੰ ਬੀਤੇ ਵਿੱਚ ਕੀਤੀਆਂ ਟਿੱਪਣੀਆਂ ਲਈ ਵਿਰੋਧੀ ਆਗੂ ਉਸਦੀ ਬਲੀ ਮੰਗਣ ਤੋਂ ਗੁਰੇਜ਼ ਨਹੀਂ ਕਰ ਰਹੇ। ਬੇਸ਼ੱਕ ਕੰਜ਼ਰਵੇਟਿਵ ਆਗੂ ਐਂਡਰੀਊ ਸ਼ੀਅਰ ਆਖ ਰਿਹਾ ਹੈ ਕਿ ਹੋਈਆਂ ਗਲਤੀਆਂ ਲਈ ਮੁਆਫੀ ਮੰਗ ਲੈਣ ਵਾਲਿਆਂ ਵਿਰੁੱਧ ਪਾਰਟੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਫੇਰ ਟਰੂਡੋ ਦੀਆਂ ਫੋਟੋਆਂ ਅਤੇ ਵੀਡੀਓ ਨੂੰ ਜੱਗ ਜਾਹਰ ਕਰਕੇ ਉਹ ਕੀ ਹਾਸਲ ਕਰਨਾ ਚਾਹੁੰਦੇ ਹਨ? 2015 ਵਿੱਚ ਜਦੋਂ ਮਿਸੀਸਾਗਾ ਮਾਲਟਨ ਤੋਂ ਜਗਦੀਸ਼ ਗਰੇਵਾਲ ਬਾਰੇ ਬਿਨਾ ਕਿਸੇ ਠੋਸ ਸਬੂਤ ਤੋਂ ਦੋਸ਼ ਲਾਏ ਗਏ ਤਾਂ ਜਸਟਿਨ ਟਰੂਡੋ ਨੇ ਐਮਰਜੰਸੀ ਵਿੱਚ ਬੈਠਕ ਬੁਲਾ ਕੇ ਮੰਗ ਕੀਤੀ ਸੀ ਕਿ ਕੰਜ਼ਰਵੇਟਿਵ ਪਾਰਟੀ ਸਖ਼ਤ ਤੋਂ ਸਖ਼ਤ ਕਦਮ ਚੁੱਕੇ।

 ਜਿੱਥੇ ਤੱਕ ਕੈਨੇਡਾ ਵੱਸਦੇ ਕਾਲੇ ਅਤੇ ਭੂਰੇ ਲੋਕਾਂ ਦਾ ਸੁਆਲ ਹੈ, ਉਹ ਭਲੀਭਾਂਤ ਸਮਝਦੇ ਹਨ ਕਿ ਬੀਤੇ ਵਿੱਚ ਉਹਨਾਂ ਨੂੰ ਕਿਸ ਕਿਸਮ ਦੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਵਿਤਕਰਾ ਕਿਸੇ ਹੱਦ ਤੱਕ ਅੱਜ ਵੀ ਜਾਰੀ ਹੈ ਜਿਸਨੂੰ ਖਤਮ ਕਰਨ ਲਈ ਬਹੁਤ ਮਿਹਤਨ ਨਾਲ ਕੰਮ ਕਰਨ ਦੀ ਲੋੜ ਹੈ। ਇਸ ਲੋੜ ਦੇ ਪੂਰਾ ਹੋਣ ਲਈ ਜਸਟਿਨ ਟਰੂਡੋ ਜਾਂ ਹੋਰਾਂ ਦੀਆਂ ਪੁਰਾਣੀਆਂ ਗਲਤੀਆਂ ਦਾ ਚਿੱਠਾ ਸਹਾਈ ਨਹੀਂ ਹੋ ਸਕਦਾ ਸਗੋਂ ਸੰਗਠਿਤ ਰੂਪ ਵਿੱਚ ਕੰਮ ਕਰਨਾ ਹੋਵੇਗਾ।

Have something to say? Post your comment