ਅਜਿਹੀਆਂ ਹੋਰ ਤਸਵੀਰਾਂ ਵੀ ਹੋ ਸਕਦੀਆਂ ਹਨ
ਓਟਵਾ, 19 ਸਤੰਬਰ (ਪੋਸਟ ਬਿਊਰੋ) : ਲਿਬਰਲ ਆਗੂ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਬ੍ਰਾਊਨਫੇਸ ਜਾਂ ਬਲੈਕਫੇਸ ਵਾਲੇ ਪਹਿਰਾਵੇ ਤੇ ਮੇਕਅੱਪ ਵਾਲੀਆਂ ਜਿਹੜੀਆਂ ਉਨ੍ਹਾਂ ਦੀਆਂ ਤਸਵੀਰਾਂ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਉਹ ਬਿਲਕੁਲ ਵੀ ਸਵੀਕਾਰਯੋਗ ਨਹੀਂ ਹਨ। ਟਰੂਡੋ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਜਿਹਾ ਉਨ੍ਹਾਂ ਵੱਲੋਂ ਕਿੰਨੀ ਵਾਰੀ ਕੀਤਾ ਗਿਆ।
ਚੋਣਾਂ ਦੇ ਮਾਹੌਲ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਨਾਲ ਲਿਬਰਲ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗਿਆ ਹੈ। ਟਰੂਡੋ ਵੱਲੋਂ ਇਹ ਵੀ ਸਵੀਕਾਰ ਕੀਤਾ ਗਿਆ ਹੈ ਕਿ ਉਨ੍ਹਾਂ ਇਸ ਤਰ੍ਹਾਂ ਦੀਆਂ ਆਪਣੀਆਂ ਅਤੀਤ ਦੀਆਂ ਗੱਲਾਂ ਕਿਸੇ ਨਾਲ ਇਸ ਲਈ ਵੀ ਸਾਂਝੀਆਂ ਨਹੀਂ ਕੀਤੀਆਂ ਸਨ ਕਿਉਂਕਿ ਉਹ ਅਜਿਹਾ ਕਰਨ ਉੱਤੇ ਸ਼ਰਮਿੰਦਾ ਸਨ। ਹੁਣ ਜਦੋਂ ਅਜਿਹੀਆਂ ਹੋਰ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਤਾਂ ਟਰੂਡੋ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਕੀ ਅਜਿਹਾ ਉਨ੍ਹਾਂ ਵੱਲੋਂ ਕਿੰਨੀ ਵਾਰੀ ਕੀਤਾ ਗਿਆ ਸੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਚੇਤੇ ਨਹੀਂ ਹੈ ਕਿ ਇਸ ਤਰ੍ਹਾਂ ਦੀ ਹਰਕਤ ਉਹ ਕਿੰਨੀ ਵਾਰੀ ਕਰ ਚੁੱਕੇ ਹਨ।
ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਇਹ ਸੋਚ ਕੇ ਬਹੁਤ ਬੁਰਾ ਲੱਗ ਰਿਹਾ ਹੈ ਕਿ ਜਿਹੜੇ ਲੋਕ ਹਰ ਰੋਜ਼ ਇਸ ਤਰ੍ਹਾਂ ਦੇ ਪੱਖਪਾਤ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਮਹਿਸੂਸ ਕਰ ਪਾ ਰਹੇ ਹਨ ਕਿ ਉਨ੍ਹਾਂ ਦੇ ਅਜਿਹਾ ਕਰਨ ਨਾਲ ਉਨ੍ਹਾਂ ਲੋਕਾਂ ਨੂੰ ਕਿੰਨਾ ਬੁਰਾ ਲੱਗਿਆ ਹੋਵੇਗਾ ਜਿਨ੍ਹਾਂ ਨੂੰ ਆਪਣੀ ਪਛਾਣ ਕਾਰਨ ਅਸਹਿਣਸ਼ੀਲਤਾ ਤੇ ਪੱਖਪਾਤ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਟਰੂਡੋ ਨੇ ਆਖਿਆ ਕਿ ਇਸ ਦਾ ਉਨ੍ਹਾਂ ਨੂੰ ਬਹੁਤ ਪਛਤਾਵਾ ਹੈ। ਵਿਰੋਧੀ ਧਿਰਾਂ ਵੱਲੋਂ ਵੀ ਟਰੂਡੋ ਦੀ ਅਜਿਹੀ ਹਰਕਤ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਜਿ਼ਕਰਯੋਗ ਹੈ ਕਿ 2001 ਦੀ ਪਾਰਟੀ ਵਿੱਚ ਖੁਦ ਨੂੰ ਭੂਰੀ ਚਮੜੀ ਵਾਲਾ ਦਿਖਾਉਣ ਲਈ ਮੇਕਅੱਪ ਕਰਕੇ ਤਸਵੀਰਾਂ ਖਿਚਵਾਉਣ ਵਾਲੇ ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਇਸ ਕਾਰੇ ਲਈ ਸਾਰਿਆਂ ਤੋਂ ਮੁਆਫੀ ਮੰਗੀ ਗਈ ਹੈ। ਇਸ ਈਵੈਂਟ ਦੀਆਂ ਤਸਵੀਰਾਂ ਟਾਈਮ ਮੈਗਜ਼ੀਨ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ। ਬੁੱਧਵਾਰ ਨੂੰ ਟਾਈਮ ਮੈਗਜ਼ੀਨ ਨੇ ਦੱਸਿਆ ਸੀ ਕਿ ਇਹ ਤਸਵੀਰ 2000-2001 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰਾਈਵੇਟ ਡੇਅ ਸਕੂਲ ਵੈਸਟ ਪੁਆਇੰਟ ਗ੍ਰੇਅ ਅਕੈਡਮੀ ਦੀ ਯੀਅਰਬੁੱਕ ਵਿੱਚ ਛਪੀ ਸੀ ਜਿੱਥੇ ਉਸ ਸਮੇਂ ਟਰੂਡੋ ਬੱਚਿਆਂ ਨੂੰ ਪੜ੍ਹਾਉਂਦੇ ਸਨ। ਇਹ ਤਸਵੀਰ ਸਕੂਲ ਦੇ ਸਾਲਾਨਾ ਡਿੰਨਰ ਉੱਤੇ ਲਈ ਗਈ। ਉਸ ਸਮੇਂ ਡਿੰਨਰ ਦਾ ਥੀਮ ਅਰੇਬੀਅਨ ਨਾਈਟਸ ਸੀ। ਟਰੂਡੋ ਨੇ ਇਹ ਮੰਨਿਆ ਹੈ ਕਿ ਉਹ ਉਸ ਸਮੇਂ ਅਲਾਦੀਨ ਬਣੇ ਸਨ। ਇਸ ਤੋਂ ਪਹਿਲਾਂ ਵੀ ਟਰੂਡੋ ਆਖ ਚੁੱਕੇ ਹਨ ਕਿ ਉਨ੍ਹਾਂ ਅਜਿਹਾ ਕਰਕੇ ਬਹੁਤ ਵੱਡੀ ਗਲਤੀ ਕੀਤੀ। ਜਦੋਂ ਉਹ ਤਸਵੀਰ ਲਈ ਗਈ ਸੀ ਤਾਂ ਟਰੂਡੋ 30 ਸਾਲਾਂ ਦੇ ਸਨ। ਇਹ ਪੁੱਛੇ ਜਾਣ ਉੱਤੇ ਕਿ ਕੀ ਉਨ੍ਹਾਂ ਪਹਿਲੀ ਵਾਰੀ ਇਸ ਤਰ੍ਹਾਂ ਦਾ ਮੇਕਅੱਪ ਕੀਤਾ ਸੀ ਤਾਂ ਟਰੂਡੋ ਨੇ ਆਖਿਆ ਕਿ ਜਿਸ ਸਮੇਂ ਉਹ ਹਾਈ ਸਕੂਲ ਵਿੱਚ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਟੇਲੈਂਟ ਸ਼ੋਅ ਲਈ ਅਜਿਹਾ ਮੇਕਅੱਪ ਕਰਕੇ ਡੇਅ-ਓ ਗਾਣਾ ਗਾਇਆ ਸੀ। ਜ਼ਿਕਰਯੋਗ ਹੈ ਕਿ ਇਹ ਜਮਾਇਕਾ ਦਾ ਗਾਣਾ ਹੈ।