ਬਰੈਂਪਟਨ, 17 ਸਤੰਬਰ (ਪੋਸਟ ਬਿਊਰੋ) : “ਜਦੋਂ ਮੇਰੇ ਮਾਪੇ ਪਹਿਲੀ ਵਾਰੀ ਕੈਨੇਡਾ ਇਮੀਗ੍ਰੇਟ ਹੋਏ ਸਨ ਤਾਂ ਉਨ੍ਹਾਂ ਦੇ ਕੈਨੇਡੀਅਨ ਸੁਪਨੇ ਦਾ ਵੱਡਾ ਹਿੱਸਾ ਇੱਥੇ ਘਰ ਲੈਣਾ ਸੀ। ਸਾਡੇ ਰੁਦਰਫੋਰਡ ਡਰਾਈਵ ਵਾਲੇ ਘਰ ਵਿੱਚ ਹੀ ਆਪਣੀ ਵੱਡੀ ਭੈਣ ਤੇ ਨਿੱਕੇ ਭਰਾ ਨਾਲ ਮੇਰੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਹੀ ਉਹ ਘਰ ਸੀ ਜਿੱਥੇ ਮੇਰੀ ਮਾਂ ਦਿਨ ਭਰ ਕੰਮ ਕਰਨ ਤੋਂ ਬਾਅਦ ਥੋੜ੍ਹੀ ਦੇਰ ਲਈ ਆਰਾਮ ਕਰਦੀ ਸੀ। ਇਸੇ ਘਰ ਵਿੱਚ ਹੀ ਜਦੋਂ ਸ਼ਾਮ ਨੂੰ ਮੇਰੇ ਪਿਤਾ ਜੀ ਖਬਰਾਂ ਸੁਣਦੇ ਵੇਖਦੇ ਸਨ ਤਾਂ ਮੈਂ ਵੀ ਉਨ੍ਹਾਂ ਦੇ ਨਾਲ ਬੈਠ ਕੇ ਖਬਰਾਂ ਵੇਖਦੀ ਸੀ ਅਤੇ ਇੱਥੋਂ ਹੀ ਸਿਆਸਤ ਲਈ ਮੇਰੇ ਅੰਦਰ ਪਿਆਰ ਜਾਗਿਆ। ਅੱਜ ਜਿਸ ਘਰ ਵਿੱਚ ਰਹਿ ਕੇ ਮੈਂ ਆਪਣੇ ਛੋਟੇ ਬੇਟੇ ਦੀ ਪਰਵਰਿਸ਼ ਕਰ ਰਹੀ ਹਾਂ, ਆਪਣੀ ਟੀਮ ਨਾਲ ਜੁੜ ਕੇ ਇੱਕ ਵਾਰੀ ਮੁੜ ਬਰੈਂਪਟਨ ਨੌਰਥ ਤੋਂ ਤੁਹਾਡੀ ਨੁਮਾਇੰਦਗੀ ਕਰਨ ਲਈ ਲਿਬਰਲ ਮੈਂਬਰ ਆਫ ਪਾਰਲੀਆਮੈਂਟ ਵਜੋਂ ਕੰਮ ਕਰ ਰਹੀ ਹਾਂ ਉਹ ਘਰ ਮੇਰੇ ਲਈ ਕਾਫੀ ਮਾਇਨੇ ਰੱਖਦਾ ਹੈ।” ਇਹ ਗੱਲ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨੇ ਆਖੀ।
ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਹਰ ਕੋਈ ਸੇਫ ਤੇ ਕਿਫਾਇਤੀ ਘਰ ਦਾ ਹੱਕਦਾਰ ਹੈ। ਸਹੋਤਾ ਨੇ ਅੱਗੇ ਆਖਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਓਟਵਾ ਵਿੱਚ ਉਨ੍ਹਾਂ ਕਈ ਵਾਰੀ ਕਿਫਾਇਤੀ ਘਰਾਂ ਦਾ ਮੁੱਦਾ ਉਠਾਇਆ। ਉਨ੍ਹਾਂ ਆਖਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਫੈਡਰਲ ਲਿਬਰਲ ਸਰਕਾਰ ਦੀ ਨੈਸ਼ਨਲ ਹਾਊਸਿੰਗ ਸਟਰੈਟੇਜੀ ਦੀ ਪੈਰਵੀ ਕਰਨ ਦਾ ਮੌਕਾ ਮਿਲਿਆ। ਸਹੋਤਾ ਨੇ ਅੱਗੇ ਆਖਿਆ ਕਿ ਇਸ ਨੈਸ਼ਨਲ ਸਟਰੈਟੇਜੀ ਰਾਹੀਂ ਸਾਡੀ ਲਿਬਰਲ ਸਰਕਾਰ ਕੈਨੇਡਾ ਭਰ ਦੇ ਪਰਿਵਾਰਾਂ ਲਈ ਘਰਾਂ ਦੀ ਮਲਕੀਅਤ ਦੇ ਸੁਪਨੇ ਨੂੰ ਸੱਚ ਕਰਨ ਵਿੱਚ ਲੱਗੀ ਹੋਈ ਹੈ।
ਸਹੋਤਾ ਨੇ ਆਖਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਦੇ ਕਰੀਅਰ ਅਤੇ ਜੌਬ ਫੇਅਰ ਵਿੱਚ ਹਿੱਸਾ ਲਿਆ ਸੀ, ਸਾਡੀ ਬਰੈਂਪਟਨ ਨੌਰਥ ਯੂਥ ਕਾਉਂਸਲ ਤੋਂ ਫੀਡਬੈਕ ਹਾਸਲ ਕੀਤੀ ਸੀ, ਡੋਰ ਨੌਕਿੰਗ ਕਰਦੇ ਸਮੇਂ ਜਿਹੜੇ ਪਰਿਵਾਰਾਂ ਨਾਲ ਅਸੀਂ ਮਿਲੇ ਸੀ, ਸਾਨੂੰ ਪਤਾ ਹੈ ਕਿ ਬਰੈਂਪਟਨ ਦੀ ਮਹਿੰਗੀ ਹਾਊਸਿੰਗ ਮਾਰਕਿਟ ਨੂੰ ਲੈ ਕੇ ਉਹ ਚਿੰਤਤ ਹਨ। ਦਿਨੋਂ ਦਿਨ ਘਰ ਖਰੀਦਣ ਦਾ ਸੁਪਨਾ ਹੋਰ ਚੁਣੌਤੀਆਂ ਭਰਿਆ ਹੋਣ ਕਾਰਨ ਵੀ ਪਰਿਵਾਰ ਪਰੇਸ਼ਾਨ ਹਨ।
ਇਨ੍ਹਾਂ ਚਿੰਤਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਫੈਡਰਲ ਲਿਬਰਲ ਸਰਕਾਰ ਵੱਲੋਂ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਲਈ ਪਹਿਲੇ ਘਰ ਦੀ ਖਰੀਦ ਉੱਤੇ ਦਸ ਫੀ ਸਦੀ ਦੀ ਛੋਟ ਦਿੱਤੀ ਗਈ ਹੈ। ਬਰੈਂਪਟਨ ਵਰਗੇ ਸਹਿਰਾਂ ਲਈ, ਜਿੱਥੇ ਕੌਮੀ ਔਸਤ ਦੇ ਮੁਕਾਬਲੇ ਘਰਾਂ ਦੀ ਔਸਤ ਕੀਮਤ 60 ਫੀ ਸਦੀ ਜਿਆਦਾ ਹੈ, ਸਾਡੀ ਫੈਡਰਲ ਸਰਕਾਰ ਮੁੜ ਸੱਤਾ ਵਿੱਚ ਆਉਣ ਉੱਤੇ 789,000 ਡਾਲਰ ਦੇ ਘਰ ਉੱਤੇ ਇੰਸੈਟਿਵਜ ਹੋਰ ਵਧਾਵੇਗੀ। ਇਸ ਇਨਸੈਂਟਿਵ ਨਾਲ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਡਾਊਨ ਪੇਅਮੈਂਟ ਵਿੱਚ ਵਾਧਾ ਕੀਤੇ ਬਿਨਾਂ ਆਪਣੀ ਮਹੀਨਾਵਾਰੀ ਮਾਰਗੇਜ ਦੀ ਅਦਾਇਗੀ ਘਟਾਉਣ ਵਿੱਚ ਮਦਦ ਮਿਲੇਗੀ।
ਸਹੋਤਾ ਨੇ ਦੱਸਿਆ ਕਿ ਸਾਡੀ ਲਿਬਰਲ ਸਰਕਾਰ ਅਗਲੇ ਦਸ ਸਾਲਾਂ ਲਈ ਕੈਨੇਡਾ ਦੀ ਪਹਿਲੀ ਨੈਸ਼ਨਲ ਹਾਊਸਿੰਗ ਸਟਰੈਟੇਜੀ ਵੀ ਲਾਂਚ ਕਰੇਗੀ। ਜਿਸ ਨਾਲ 600,000 ਕੈਨੇਡੀਅਨਾਂ ਨੂੰ ਰਹਿਣ ਲਈ ਸੇਫ ਤੇ ਕਿਫਾਇਤੀ ਥਾਂ ਮਿਲੇਗੀ, 2028 ਤੱਕ 140,000 ਹੋਰ ਰਿਹਾਇਸ਼ੀ ਯੂਨਿਟਸ ਦੇ ਨਿਰਮਾਣ ਲਈ ਫੰਡ ਮਿਲਣਗੇ ਅਤੇ 300,000 ਹੋਰ ਕੈਨੇਡੀਅਨਾਂ ਨੂੰ ਕੈਨੇਡਾ ਹਾਊਸਿੰਗ ਬੈਨੇਫਿਟ ਹੋ ਸਕੇਗਾ। ਸਹੋਤਾ ਨੇ ਆਖਿਆ ਕਿ ਲਿਬਰਲ ਸਰਕਾਰ ਦੇ ਇਸ ਉਪਰਾਲੇ ਨਾਲ ਹੁਣ ਵੀ ਕੈਨੇਡੀਅਨਾਂ ਲਈ ਘਰ ਖਰੀਦਣ ਦਾ ਸੁਪਨਾ ਉਸੇ ਤਰ੍ਹਾਂ ਸਾਕਾਰ ਹੋਵੇਗਾ ਜਿਵੇਂ ਉਨ੍ਹਾਂ ਦੇ ਪਰਿਵਾਰ ਤੇ ਮਾਪਿਆਂ ਲਈ ਘਰ ਖਰੀਦਣ ਦਾ ਸੁਪਨਾ ਪਹੁੰਚ ਵਿੱਚ ਸੀ। ਉਨ੍ਹਾਂ ਆਖਿਆ ਕਿ ਉਹ ਲਿਬਰਲ ਪਾਰਟੀ ਆਫ ਕੈਨੇਡਾ ਨਾਲ ਰਲ ਕੇ ਸਖ਼ਤ ਮਿਹਨਤ ਕਰਨੀ ਜਾਰੀ ਰੱਖਣਗੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਰੈਂਪਟਨ ਭਰ ਦੇ ਲੋਕ ਅੱਗੇ ਵੱਧ ਸਕਣ ਤੇ ਆਪਣਾ ਭਵਿੱਖ ਸੰਵਾਰ ਸਕਣ।