Welcome to Canadian Punjabi Post
Follow us on

15

July 2025
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ

September 18, 2019 01:34 AM

ਕਵੀ ਦਰਬਾਰ ਵੀ ਹੋਇਆ

ਬਰੈਂਪਟਨ, (ਡਾ. ਝੰਡ) ਲੰਘੇ ਐਤਵਾਰ 15 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨੇਵਾਰ ਸਮਾਗ਼ਮ ਐੱਫ਼.ਬੀ.ਆਈ. ਸਕੂਲ ਵਿਚ ਹੋਇਆ ਜਿਸ ਵਿਚ ਸਭਾ ਦੇ ਸਰਗ਼ਰਮ ਮੈਂਬਰਾਂ ਪ੍ਰੋ. ਤਲਵਿੰਦਰ ਮੰਡ ਅਤੇ ਅਤੇ ਡਾ. ਜਗਮੋਹਨ ਸੰਘਾ ਨਾਲ ਦਿਲਚਸਪ ਰੂ-ਬ-ਰੂ ਕਰਵਾਇਆ ਗਿਆ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਸਮਾਗ਼ਮ ਦੇ ਇਨ੍ਹਾਂ ਦੋਹਾਂ ਮੁੱਖ-ਬੁਲਾਰਿਆਂ ਦੇ ਨਾਲ ਪ੍ਰੋ. ਰਾਮ ਸਿੰਘ ਅਤੇ ਉੱਘੇ ਕਵੀ ਪ੍ਰੀਤਮ ਧੰਜਲ ਸ਼ਾਮਲ ਸਨ।
ਸਮਾਗ਼ਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਨੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸਣ ਤੋਂ ਬਾਅਦ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਆਏ ਸਮੂਹ-ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਉਨ੍ਹਾਂ ਨੂੰ ਜੀ-ਆਇਆਂ ਕਿਹਾ। ਉਪਰੰਤ, ਸਮਾਗ਼ਮ ਵਿਚ ਉਚੇਚੇ ਤੌਰ ‘ਤੇ ਪਹੁੰਚੀ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਆਪਣੇ ਸੰਬੋਧਨ ਵਿਚ ਮਾਪਿਆਂ ਤੇ ਪੜ-ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਵਿਚ ਗੱਲ ਕਰਨ, ਪੰਜਾਬੀ ਭਾਸ਼ਾ ਦਾ ਗਿਆਨ ਪ੍ਰਾਪਤ ਕਰਨ ਅਤੇ ਉਨ੍ਹਾਂ ਵਿਚ ਸ਼ੁਕਰਾਨਾ ਕਰਨ ਦੀ ਭਾਵਨਾ ਪੈਦਾ ਕਰਨ ਲਈ ਕਿਹਾ।
ਆਪਣੇ ਬਾਰੇ ਗੱਲ ਕਰਦਿਆਂ ਤਲਵਿੰਦਰ ਮੰਡ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਕਿਸਾਨੀ ਪਰਿਵਾਰ ਦਾ ਹੈ ਅਤੇ ਉਨ੍ਹਾਂ ਨੇ ਬਚਪਨ ਵਿਚ ਪਸ਼ੂ ਚਾਰੇ, ਖੇਤੀਬਾੜੀ ਵਿਚ ਆਪਣੇ ਪਿਤਾ ਦਾ ਹੱਥ ਵਟਾਇਆ ਅਤੇ ਉਨ੍ਹਾਂ ਕੋਲੋਂ ਝਿੜਕਾਂ ਵੀ ਖਾਧੀਆਂ। ਉਨ੍ਹਾਂ ਮੈਟ੍ਰਿਕ ਤੀਕ ਪੜ੍ਹਾਈ ਫਗਵਾੜੇ ਦੇ ਆਰੀਆ ਸਮਾਜ ਸਕੂਲ ਵਿਚ ਪ੍ਰਾਪਤ ਕੀਤੀ, ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਤੌਂ ਬੀ.ਏ. ਕਰਨ ਂ ਬਾਅਦ ਐੱਮ.ਏ. ਪੰਜਾਬੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਅਤੇ ਐੱਮ.ਫਿ਼ਲ. ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਕੁਝ ਸਮਾਂ ਗੁਰੂ ਨਾਨਕ ਕਾਲਜ ਨਰੂੜ ਪਾਂਛਟ ਵਿਚ ਪੰਜਾਬੀ ਦਾ ਵਿਸ਼ਾ ਪੜ੍ਹਾਇਆ ਅਤੇ ਹੁਣ ਇੱਥੇ ਕੈਨੇਡਾ ਕੇ ਮਿਹਨਤ ਮੁਸ਼ੱਕਤ ਕਰ ਰਹੇ ਹਨ। ਉਨ੍ਹਾਂ ਮਹਾਨ ਪੰਜਾਬੀ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰੇਕ ਇਨਸਾਨ ਵਿਚ ਕੁਝ ਨਾ ਕੁਝ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਲੋੜ ਇਸ ਨੂੰ ਯੋਗ ਸੇਧ ਦੇਣ ਦੀ ਹੁੰਦੀ ਹੈ। ਆਪਣੇ ਸੰਬੋਧਨ ਵਿਚ ਉਨ੍ਹਾਂ ਮੇਲੇ ਵਿੱਚੋਂ ਲਿਆਂਦਾ ਗਿਆ ‘ਹੀਰ ਰਾਂਝੇ’ ਦਾ ਕਿੱਸਾ ਘਰਦਿਆਂ ਤੋਂ ਚੋਰੀ-ਚੋਰੀ ਪੜ੍ਹਨ ਅਤੇ ਮਨੁੱਖ ਨੂੰ ਆਪਣੀ ਗੱਲ ਦਰਸਾਉਣ ਲਈ ਚਿੰਨਾਂ੍ਹ ਦੀ ਵਰਤੋਂ ਕਰਨ ਅਤੇ ਭਾਸ਼ਾ ਦੀ ਗੱਲ ਬਾਖ਼ੂਬੀ ਕੀਤੀ।ੇ ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਕਵਿਤਾਵਾਂ ਲਈ ਚਿੰਨ੍ਹ ਅਤੇ ਯੋਗ ਸ਼ਬਦ ਆਪਣੇ ਆਲੇ-ਦੁਆਲੇ ਦੇ ਸਮਾਜਿਕ ਵਰਤਾਰੇ ਵਿੱਚੋਂ ਲੈਂਦੇ ਹਨ। ਉਨ੍ਹਾਂ ਨੇ ਆਪਣੀਆਂ ਕੁਝ ਗ਼ਜ਼ਲਾਂ ਦੇ ਸਿ਼ਅਰ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ।
ਸਮਾਗ਼ਮ ਦੇ ਦੂਸਰੇ ਮੁੱਖ- ਬੁਲਾਰੇ ਡਾ. ਜਗਮੋਹਨ ਸਿੰਘ ਸੰਘਾ ਨੇ ਆਪਣੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਕਲ ਵਿਚ ਪੜ੍ਹਦਿਆਂ 13-14 ਸਾਲ ਦੀ ਉਮਰ ਵਿਚ ਲਿਖਣਾ ਆਰੰਭ ਕੀਤਾ ਜਿਸ ਸਦਕਾ ਉਨ੍ਹਾਂ ਨੂੰ ਸਕੂਲ ਦੇ ਮੈਗ਼ਜੀਨ ਦਾ ਸੰਪਾਦਕ ਬਣਾ ਦਿੱਤਾ ਗਿਆ। ਪਿਤਾ ਜੀ ਦੀ ਨੌਕਰੀ ਭਾਰਤੀ ਫ਼ੌਜ ਵਿਚ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਕਰਨੀ ਪਈ ਜਿਸ ਕਾਰਨ ਉਹ ਸ਼ੁਰੂ ਵਿਚ ਪੰਜਾਬੀ ਬਹੁਤ ਘੱਟ ਪੜ੍ਹ ਸਕੇ। ਉਨ੍ਹਾਂ ਅੰਗਰੇਜ਼ੀ ਵਿਚ ਐੱਮ.ਏ. ਕੀਤੀ ਅਤੇ ਫਿਰ ਐੱਲ.ਐੱਲ.ਬੀ. ਤੇ ਜਰਨਲਿਜ਼ਮ ਦਾ ਕੋਰਸ ਵੀ ਕੀਤਾ। ਲਿਖਣਾ ਵੀ ਪਹਿਲਾਂ ਉਨ੍ਹਾਂ ਨੇ ਅੰਗਰੇਜ਼ੀ ਵਿਚ ਹੀ ਆਰੰਭ ਕੀਤਾ ਅਤੇ ਬਾਅਦ ਵਿਚ ਪੰਜਾਬੀ ਵੱਲ ਮੁੜੇ। ਆਪਣੇ ਸੰਬੋਧਨ ਵਿਚ ਉਨ੍ਹਾਂ ਉੱਘੇ ਪਾਕਿਸਤਾਨੀ ਪੰਜਾਬੀ ਲੇਖਕ ਫ਼ੈਜ਼ ਅਹਿਮਦ ਫ਼ੈਜ਼ ਅਤੇ ਭਾਰਤੀ ਲੇਖਕਾਂ ਖ਼ੁਸ਼ਵੰਤ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਨਾਲ ਹੋਈਆਂ ਮੁਲਾਕਾਤਾਂ ਅਤੇ ਉਨ੍ਹਾਂ ਨਾਲ ਕੀਤੀਆਂ ਗਈਆਂ ਇੰਟਰਵਿਊਆਂ ਦਾ ਵੀ ਜਿ਼ਕਰ ਕੀਤਾ ਜੋ ‘ਸਾਊਥ ਏਸ਼ੀਅਨ ਆਬਜ਼ਰਵਰ’,’ਟਾਈਮਜ਼ ਆਫ਼ ਓਮਾਨ’, ਆਦਿ ਅਖ਼ਬਾਰਾਂ ਵਿਚ ਛਪੀਆਂ। ਆਪਣੇ ਸੰਬੋਧਨ ਵਿਚ ਉਨ੍ਹਾਂ ਲਿਬਨਾਨ ਵਿਚ ਖ਼ਲੀਲ ਜਿਬਰਾਨ ਦੀ ਜਨਮ-ਭੂਮੀ ਅਤੇ ਉਸ ਦੀ ਕਬਰ ਵੇਖਣ ਦੀ ਯਾਤਰਾ ਦਾ ਬਾਖ਼ੂਬੀ ਬਿਆਨ ਕੀਤਾ। ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਅਤੇ ਕਹਾਣੀਆਂ ‘ਦੇਸ ਪ੍ਰਦੇਸ’, ‘ਪੰਜਾਬ ਟਾਈਮਜ਼’ ਅਤੇ ਕਈ ਭਾਰਤੀ ਰਿਸਾਲਿਆਂ ਵਿਚ ਛਪਦੀਆਂ ਰਹੀਆਂ ਹਨ ਅਤੇ ਉਨ੍ਹਾਂ ਆਪਣੀਆਂ ਅੰਗਰੇਜ਼ੀ ਕਵਿਤਾਵਾਂ ਦੀ ‘ਕੈਕੋਫ਼ੋਨੀ’ ਨਾਂ ਦੀ ਪੁਸਤਕ ਵੀ ਛਪਵਾਈ। ਆਪਣੀ ਜੀਵਨ-ਕਹਾਣੀ ਬਾਰੇ ਦੱਸਦਿਆਂ ਉਨ੍ਹਾਂ ਬੜਾ ਖ਼ੂਬਸੂਰਤ ਸਿ਼ਅਰ ਕਿਹਾ,”ਜਿ਼ੰਦਗੀ ਦੀ ਕਹਾਣੀ ਕੀ ਦੱਸਾਂ,ਐ ਦੋਸਤੋ! ਇਕ ਬੁਲਬੁਲੇ ਜਿਹੀ ਚੀਜ਼ ਸੀ, ਫੜ੍ਹਦਾ ਹੀ ਰਹਿ ਗਿਆ।”
ਇਨ੍ਹਾਂ ਦੋਹਾਂ ਲੇਖਕਾਂ ਦੀ ਰਚਨਾ-ਪ੍ਰਕ੍ਰਿਆ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਰਾਮ ਸਿੰਘ ਨੇ ਕਿਹਾ,”ਕਿਸੇ ਵੀ ਲੇਖਕ ਦੀ ਰਚਨਾ ਉਸ ਦੇ ਲਈ ਅਹਿਮ ਹੋ ਸਕਦੀ ਹੈ ਪਰ ਇਸ ਤੋਂ ਵੀ ਵਧੇਰੇ ਅਹਿਮ ਗੱਲ ਹੈ ਕਿ ਉਹ ਰਚਨਾ ਸਮਾਜ ਉੱਪਰ ਕੀ ਅਸਰ ਕਰਦੀ ਹੈ ਜਾਂ ਸਮਾਜ ਉਸ ਨੂੰ ਕਿਵੇਂ ਕਬੂਲਦਾ ਹੈ। ਉਨ੍ਹਾਂ ਕਿਹਾ ਕਿ ਤਲਵਿੰਦਰ ਮੰਡ ਨੇ ਆਪਣੇ ਬਾਰੇ ਕਾਫ਼ੀ ਖ਼ੂਬਸੂਰਤ ਗੱਲਾਂ ਸੰਕੇਤਕ ਕੀਤੀਆਂ ਹਨ ਅਤੇ ਏਸੇ ਤਰ੍ਹਾਂ ਜਗਮੋਹਨ ਸੰਘਾ ਨੇ ਖ਼ਲੀਲ ਜਿਬਰਾਨ ਬਾਰੇ ਬਾਖੂਬੀ ਬਿਆਨ ਕੀਤਾ ਹੈ ਜਿਸ ਦੀ ਸਵੈ-ਜੀਵਨੀ ਬਾਅਦ ਵਿਚ ਨਿਕੋਮੀ ਦੁਆਰਾ ਖਲ਼ੀਲ ਦੀ ਸੰਕੇਤਕ ਭਾਸ਼ਾ ਨੂੰ ਸਮਝਦਿਆਂ ਹੋਇਆਂ ਲਿਖੀ ਗਈ ਸੀ ਕਿਉਂਕਿ ਉਹ ਆਖ਼ਰੀ ਸਮੇਂ ਉਦੋਂ ਬੋਲਣ ਦੇ ਸਮਰੱਥ ਨਹੀਂ ਸੀ।
ਉਪਰੰਤ, ਸਮਾਗ਼ਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਦਾ ਸੰਚਾਲਨ ਪਰਮਜੀਤ ਢਿੱਲੋਂ ਵੱਲੋਂ ਕੀਤਾ ਗਿਆ ਜਿਸ ਵਿਚ ਕਵੀਆਂ ਅਤੇ ਗਾਇਕਾਂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਇਨ੍ਹਾਂ ਵਿਚ ਮਕਸੂਦ ਚੌਧਰੀ, ਸੁਰਿੰਦਰ ਸ਼ਰਮਾ, ਮਲਵਿੰਦਰ ਸ਼ਾਇਰ, ਇਕਬਾਲ ਬਰਾੜ, ਸੁਖਮਿੰਦਰ ਰਾਮਪੁਰੀ, ਪਰਮਜੀਤ ਦਿਓਲ, ਸੋਨੀਆ ਸ਼ਰਮਾ, ਰਿੰਟੂ ਭਾਟੀਆ, ਗੁਰਦੇਵ ਚੌਹਾਨ, ਬਿਅੰਤ ਸਿੰਘ ਬਿਰਦੀ, ਗੁਰਦੇਵ ਸਿੰਘ ਰੱਖੜਾ, ਹਰਬੰਸ ਕੌਰ ਗਿੱਲ, ਹਰਮੇਸ਼, ਪ੍ਰੀਤਮ ਧੰਜਲ, ਡਾ. ਪਰਗਟ ਸਿੰਘ ਬੱਗਾ ਤੇ ਹੋਰ ਕਈ ਸ਼ਾਮਲ ਹੋਏ। ਸਮਾਗ਼ਮ ਦੇ ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਵੱਲੋਂ ਆਪਣੇ ਬਾਰੇ ਸੁਹਿਰਦਤਾ ਨਾਲ ਦੱਸਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸਮਾਗ਼ਮ ਵਿਚ ਪਹੁੰਚੇ ਸਮੂਹ ਹਾਜ਼ਰੀਨ ਦਾ ਵੀ ਦਿਲੀ ਧੰਨਵਾਦ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਂ ਅਤੇ ਦਾਦੀ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਹਾਈਵੇਅ 'ਤੇ ਪੱਥਰ ਸੁੱਟਣ ਦੀਆਂ ਕਈ ਘਟਨਾਵਾਂ ਸਬੰਧੀ ਗਵਾਹਾਂ ਦੀ ਭਾਲ ਕਰ ਰਹੀ ਪੁਲਿਸ 3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ