ਕੰਜ਼ਰਵੇਟਿਵ ਉਮੀਦਵਾਰ ਅਰਪਣ ਖੰਨਾ ਵੱਲੋਂ ਆਯੋਜਿਤ ਰੈਲੀ ਵਿੱਚ ਸ਼ੀਅਰ ਦੇ ਸੈਂਕੜੇ ਸਮਰਥਕ ਹੋਏ ਸ਼ਾਮਲ
ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ) : ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਤੇ ਅਗਲਾ ਪ੍ਰਧਾਨ ਮੰਤਰੀ ਬਣਨ ਦੇ ਮੁੱਖ ਦਾਅਵੇਦਾਰ ਐਂਡਰਿਊ ਸ਼ੀਅਰ ਦਾ ਬਰੈਂਪਟਨ ਨੌਰਥ ਪਹੁੰਚਣ ਉੱਤੇ ਉਨ੍ਹਾਂ ਦੇ ਸਮਰਥਕਾਂ ਤੇ ਦੋਸਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਅਰਪਣ ਖੰਨਾ ਵੱਲੋਂ ਆਯੋਜਿਤ ਰੈਲੀ ਵਿੱਚ ਸ਼ੀਅਰ ਦੇ ਸੈਂਕੜੇ ਸਮਰਥਕ ਸ਼ਾਮਲ ਸਨ।
ਇਸ ਮੌਕੇ ਖੰਨਾ ਨਾਲ ਰਲ ਕੇ ਸ਼ੀਅਰ ਨੇ ਆਪਣੇ ਸਕਾਰਾਤਮਕ ਕੰਜ਼ਰਵੇਟਿਵ ਨਜ਼ਰੀਏ ਤੋਂ ਇੱਕਠ ਨੂੰ ਜਾਣੂ ਕਰਵਾਇਆ। ਉਨ੍ਹਾਂ ਆਖਿਆ ਕਿ ਟੈਕਸ ਕਟੌਤੀਆਂ ਤੇ ਟੈਕਸ ਕ੍ਰੈਡਿਟਜ਼, ਜਿਵੇਂ ਕਿ ਨਵਾਂ ਪਬਲਿਕ ਟਰਾਂਜਿ਼ਟ ਟੈਕਸ ਕ੍ਰੈਡਿਟ ਐਲਾਨਿਆ ਗਿਆ ਹੈ, ਨਾਲ ਕੰਜ਼ਰਵੇਟਿਵਜ਼ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੈਨੇਡੀਅਨਾਂ ਦੀ ਜੇਬ੍ਹ ਵਿੱਚ ਵੱਧ ਤੋਂ ਵੱਧ ਪੈਸਾ ਰਹਿ ਸਕੇ। ਸ਼ੀਅਰ ਤੇ ਖੰਨਾਂ ਦੋਵਾਂ ਨੇ ਹੀ ਸਰਕਾਰ ਵਿੱਚ ਤਬਦੀਲੀ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਨੇ ਟੈਕਸਦਾਤਾਵਾਂ ਦੇ ਡਾਲਰਜ਼ ਨੂੰ ਬੇਕਿਰਕੀ ਨਾਲ ਖਰਚਿਆ ਤੇ ਕਈ ਘਪਲੇ ਵੀ ਕੀਤੇ। ਇਹ ਵੀ ਆਖਿਆ ਗਿਆ ਕਿ ਆਰਸੀਐਮਪੀ ਐਸਐਨਸੀ-ਲਾਵਾਲਿਨ ਸਕੈਂਡਲ ਦੀ ਜਾਂਚ ਵੀ ਕਰ ਰਹੀ ਸੀ।
ਇਸ ਮੌਕੇ ਐਂਡਰਿਊ ਸ਼ੀਅਰ ਨੇ ਆਖਿਆ ਕਿ ਉਹ ਅਜਿਹੀ ਸਰਕਾਰ ਚਲਾਉਣਗੇ ਜਿਹੜੀ ਆਪਣੀ ਚਾਦਰ ਵੇਖ ਕੇ ਪੈਰ ਪਸਾਰੇਗੀ ਤੇ ਕੈਨੇਡੀਅਨਾਂ ਦੀਆਂ ਜੇਬ੍ਹਾਂ ਉੱਤੇ ਬੋਝ ਨਹੀਂ ਬਣੇਗੀ। ਉਨ੍ਹਾਂ ਆਖਿਆ ਕਿ ਹੁਣ ਕੈਨੇਡੀਅਨਾਂ ਨੂੰ ਅੱਗੇ ਰੱਖਣ ਦਾ ਸਮਾਂ ਆ ਗਿਆ ਹੈ। ਇਸ ਦੌਰਾਨ ਇੱਕਠੇ ਹੋਏ ਮਹਿਮਾਨਾਂ ਨੂੰ ਖੰਨਾ ਨੇ ਭਰੋਸਾ ਦਿਵਾਇਆ ਕਿ ਉਹ ਕੌਮੀ ਪੱਧਰ ਉੱਤੇ ਬਰੈਂਪਟਨ ਨੂੰ ਹਾਈਲਾਈਟ ਕਰਨਾ ਜਾਰੀ ਰੱਖਣਗੇ ਤੇ ਸਿਟੀ ਲਈ ਉਹ ਤਵੱਜੋ ਹਾਸਲ ਕਰਨਗੇ ਜਿਸ ਦੀ ਉਹ ਹੱਕਦਾਰ ਹੈ। ਇਸ ਮੌਕੇ ਖੰਨਾ ਨੇ ਆਖਿਆ ਕਿ ਉਹ ਜਾਣਦੇ ਹਨ ਕਿ 21 ਅਕਤੂਬਰ ਨੂੰ ਅਸੀਂ ਸਾਰੇ ਨਾ ਸਿਰਫ ਬਰੈਂਪਟਨ ਨੌਰਥ ਨੂੰ ਨੀਲੇ ਰੰਗ ਵਿੱਚ ਰੰਗ ਦੇਵਾਂਗੇ ਸਗੋਂ ਐਂਡਰਿਊ ਸ਼ੀਅਰ ਨੂੰ ਵੀ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਚੁਣਾਂਗੇ।