Welcome to Canadian Punjabi Post
Follow us on

20

September 2020
ਬ੍ਰੈਕਿੰਗ ਖ਼ਬਰਾਂ :
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲਬਿਲ ਦੇ ਵਿਰੋਧ 'ਚ ਵੋਟ ਪਾਉਣ ਬਾਰੇ ਕੋਰਾ ਝੂਠ ਬੋਲ ਰਹੇ ਹਨ ਸੁਖਬੀਰ ਸਿੰਘ ਬਾਦਲ : ਭਗਵੰਤ ਮਾਨ
ਸੰਪਾਦਕੀ

ਫੈਡਰਲ ਚੋਣਾਂ: ਗੰਭੀਰ ਮੁੱਦਿਆਂ ਨੂੰ ਦੋਸ਼ਾਂ ਪ੍ਰਤੀ ਦੋਸ਼ਾਂ ਦੀ ਗੜੇ੍ਹਮਾਰ

September 17, 2019 04:43 PM

ਪੰਜਾਬੀ ਪੋਸਟ ਸੰਪਾਦਕੀ

ਆਮ ਆਖਿਆ ਜਾਂਦਾ ਹੈ ਕਿ ਸਿਆਸਤਦਾਨਾਂ ਦੀ ਯਾਦਸ਼ਕਤੀ ਬਹੁਤ ਕਮਜ਼ੋਰ ਹੁੰਦੀ ਹੈ ਜਿਸ ਕਾਰਣ ਉਹ ਕੀਤੇ ਵਾਅਦਿਆਂ ਨੂੰ ਜਲਦੀ ਭੁੱਲ ਜਾਂਦੇ ਹਨ। ਪਰ ਜਦੋਂ ਵਿਰੋਧੀਆਂ ਦਾ ਘੋਗਾ ਚਿੱਤ ਕਰਨ ਦੀ ਗੱਲ ਆਵੇ ਤਾਂ ਰਾਜਨੀਤਕਾਂ ਦਾ ਚੇਤਾ ਹਾਥੀ ਨਾਲੋਂ ਵੀ ਚੇਤੰਨ ਹੋ ਜਾਂਦਾ ਹੈ। ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਣ ਖੰਨਾ ਨੇ 9 ਸਾਲ ਪਹਿਲਾਂ ਆਪਣੇ ਕਾਲਜ ਦੇ ਦਿਨਾਂ ਵਿੱਚ ਇੱਕ ਟਵੀਟ ਕੀਤਾ ਜਿਸਦੇ ਅੱਸਿਧੇ ਢੰਗ ਨਾਲ ਅਰਥ ਕੱਢੇ ਜਾ ਸਕਦੇ ਹਨ ਕਿ ਅਰਪਣ ਸਮਲਿੰਗੀਆਂ ਬਾਰੇ ਟਿੱਪਣੀ ਕਰ ਰਿਹਾ ਹੈ। ਕੀ ਇਹ ਟਿੱਪਣੀ ਭੇਦਭਾਵ ਭਰੀ ਹੈ, ਇਸ ਬਾਰੇ ਟਵੀਟ ਤੋਂ ਕੁੱਝ ਪਤਾ ਨਹੀਂ ਲੱਗਦਾ। ਲਿਬਰਲ ਪਾਰਟੀ ਨੇ ਉਸ ਟਵੀਟ ਨੂੰ ਇੰਝ ਮੁੜ ਜੀਵੰਤ ਕਰ ਲਿਆ ਹੈ ਜਿਵੇਂ ਇਹ ਕੱਲ ਦੀ ਗੱਲ ਹੋਵੇ ਅਤੇ ਕਿਸੇ ਅਨੁਭਵੀ ਸਿਆਸਤਦਾਨ ਨੇ ਆਖੀ ਹੋਵੇ। ਅਰਪਣ ਉਸ ਵੇਲੇ ਵਿੱਦਿਆਰਥੀ ਸੀ। ਖੈਰ, ਇੱਥੇ ਭਾਵ ਅਰਪਣ ਖੰਨਾਂ ਵੱਲੋਂ ਵਰਤੇ ਗਏ ਸ਼ਬਦਾਂ ਨੂੰ ਸਹੀ ਠਹਿਰਾਉਣਾ ਨਹੀਂ ਹੈ ਜਿਸ ਵਾਸਤੇ ਉਹ ਜਨਤਕ ਰੂਪ ਵਿੱਚ ਮੁਆਫੀ ਵੀ ਮੰਗ ਚੁੱਕਾ ਹੈ, ਸਗੋਂ ਇਹ ਮੁੱਦਾ ਵਿਚਾਰਨਾ ਹੈ ਕਿ ਕਿਵੇਂ ਸਿਆਸੀ ਪਾਰਟੀਆਂ ਅਤੇ ਸਿਆਸਤਦਾਨ ਇੱਕ ਦੂਜੇ ਦੇ ਕਿਰਦਾਰ ਉੱਤੇ ਇਲਜਾ਼ਮ ਲਾਉਣ ਨੂੰ ਹੀ ਸਿਆਸੀ ਮੁੱਦਾ ਬਣਾ ਕੇ ਪਬਲਿਕ ਦਾ ਧਿਆਨ ਹੋਰ ਪਾਸੇ ਲੈ ਜਾਂਦੇ ਹਨ। ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਪ੍ਰਚਾਰ ਦੇ ਦਿਨ ਖੁੱਲਿਆਂ ਨੂੰ ਹਾਲੇ ਮਸਾਂ 2 ਚਾਰ ਦਿਨ ਹੋਏ ਹਨ ਅਤੇ ਮੀਡੀਆ ਵਿੱਚ ਸਮੁੱਚਾ ਮਾਹੌਲ ਦੋਸ਼ਾਂ ਪ੍ਰਤੀ ਦੋਸ਼ਾਂ ਦੀ ਝੜੀ ਵਾਲਾ ਬਣਿਆ ਹੋਇਆ ਹੈ।

 

ਕਿਸੇ ਸਮਾਜ ਲਈ ਇਸ ਤੋਂ ਵੱਧ ਖਤਰਨਾਕ ਗੱਲ ਕੀ ਹੋ ਸਕਦੀ ਹੈ ਕਿ ਦੇਸ਼ ਦੀ ਸਮੁੱਚੀ ਜਨਤਾ ਦਾ ਧਿਆਨ ਗੰਭੀਰ ਮੁੱਦਿਆਂ ਤੋਂ ਹਟਾ ਕੇ ਹੋਛੇ ਦੋਸ਼ਾਂ ਵੱਲ ਲਾ ਦਿੱਤਾ ਜਾਵੇ। ਇਸ ਖੇਡ ਵਿੱਚ ਕੋਈ ਇੱਕ ਸਿਆਸੀ ਪਾਰਟੀ ਨਹੀਂ ਸਗੋਂ ਸਾਰੀਆਂ ਪਾਰਟੀਆਂ ਦੀ ਸ਼ਾਮਲ ਹੋ ਰਹੀਆਂ ਹਨ। ਇੱਕ ਖਾਸ ਕਿਸਮ ਦੀ ਅਸਿਹਣਸ਼ੀਲਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜਿਸਦਾ ਦੇਸ਼, ਸਮਾਜ ਅਤੇ ਕੌਮੀ ਆਰਥਕਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਦੂਜੇ ਉੱਤੇ ਚਿੱਕੜ ਉਛਾਲਣ ਦਾ ਲਾਭ ਹੈ ਕਿ ਸਿਆਸਤਦਾਨਾਂ ਨੂੰ ਇਹ ਦੱਸਣ ਦੀ ਖਜਾਲਤ ਨਹੀਂ ਕਰਨੀ ਪਵੇਗੀ ਕਿ ਆਇਲ ਸੈਂਡ ਖੇਤਰ ਵਿੱਚ 30 ਬਿਲੀਅਨ ਡਾਲਰ ਦੇ ਅਸਾਸੇ ਵੇਚ ਕੇ ਕਈ ਨਾਮੀ ਵਿਦੇਸ਼ੀ ਕੰਪਨੀਆਂ ਕੈਨੇਡਾ ਨੂੰ ਅਲਵਿਦਾ ਕਿਉਂ ਆਖ ਚੁੱਕੀਆਂ ਹਨ ਅਤੇ ਇਸਦਾ ਦੇਸ਼ ਦੀ ਆਰਥਕਤਾ ਉੱਤੇ ਕਿਹੋ ਜਿਹਾ ਚੰਗਾ ਮਾੜਾ ਪ੍ਰਭਾਵ ਪਵੇਗਾ। ਦੇਸ਼ ਦੀ ਇੰਮੀਗਰੇਸ਼ਨ ਪਾਲਸੀ ਵਿੱਚ ਕਿਹੋ ਜਿਹੇ ਸੁਧਾਰਾਂ ਦੀ ਲੋੜ ਹੈ, ਵਿੱਤੀ ਪਾਲਸੀਆਂ ਉੱਤੇ ਵੱਧਦੇ ਬੱਜਟ ਖੱਪਿਆਂ ਦਾ ਕੀ ਅਸਰ ਪੈਂਦਾ ਹੈ, ਇਹੋ ਜਿਹੇ ਗੰਭੀਰ ਮੁੱਦਿਆਂ ਨੂੰ ਸਮਝਾਉਣ ਵਾਸਤੇ ਦਿਮਾਗ ਖਰਾਬ ਕਰਨ ਦੀ ਥਾਂ ਆਪਣੇ ਵਿਰੋਧੀ ਉੱਤੇ ਇਲਜ਼ਾਮ ਲਾ ਕੇ ਸੁਰਖੀਆਂ ਵਿੱਚ ਆਉਣਾ ਸਿਆਸਤਦਾਨਾਂ ਨੂੰ ਸੌਖਾ ਪ੍ਰਤੀਤ ਹੁੰਦਾ ਹੈ।

 

ਇਸ ਸੰਦਰਭ ਵਿੱਚ ਦੱਸਣਾ ਲਾਜ਼ਮੀ ਹੈ ਕਿ ਸਿਆਸੀ ਪਾਰਟੀਆਂ ਆਪਣੀ ਚਮੜੀ ਬਚਾਉਣ ਲਈ ਕਈ ਵਾਰ ‘ਰਾਈ ਦਾ ਪਹਾੜ’ ਬਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ ਅਤੇ ਲੋੜ ਪੈਣ ਉੱਤੇ ‘ਪਹਾੜ ਨੂੰ ਵੀ ਰਾਈ’ ਬਣਾ ਕੇ ਵੇਖਣ ਵਿੱਚ ਭਲੀ ਸਮਝਦੀਆਂ ਹਨ। ਮਿਸਾਲ ਵਜੋਂ ਕੱਲ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕਿਹਾ ਹੈ ਕਿ ਉਸਦੀ ਪਾਰਟੀ ਦਾ ਕੋਈ ਉਮੀਦਵਾਰ ਜਾਂ ਆਗੂ ਬੀਤੇ ਵਿੱਚ ਆਖੀ ਕਿਸੇ ਇਤਰਾਜ਼ਯੋਗ ਗੱਲ ਲਈ ਅੱਜ ਉਹ ਮੁਆਫੀ ਮੰਗ ਲੈਂਦਾ ਹੈ ਤਾਂ ਪਾਰਟੀ ਉਸ ਖਿਲਾਫ਼਼ ਕੋਈ ਅਨੁਸ਼ਸਾਸ਼ਨੀ ਕਦਮ ਨਹੀਂ ਚੁੱਕੇਗੀ। ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਉਬਿੱਕ ਵਿੱਚ ਇਹੋ ਜਿਹੀ ਸੁਰ ਹੀ ਅਪਣਾਈ ਹੈ। ਸਿਧਾਂਤਕ ਰੂਪ ਵਿੱਚ ਇਹ ਪਹੁੰਚ ਸਹੀ ਜਾਪਦੀ ਹੈ ਪਰ ਲਿਬਰਲ ਸਮੇਤ ਇਹ ਦੋਵੇਂ ਪਾਰਟੀਆਂ ਸਮੇਂ 2 ਉੱਤੇ ਆਪੋ ਆਪਣੇ ਉਮੀਦਵਾਰਾਂ ਵਿਰੁੱਧ ਸਖ਼ਤ ਕਦਮ ਲੈ ਚੁੱਕੀਆਂ ਹਨ। ਜਦੋਂ 2015 ਵਿੱਚ ਜਿਸ ਆਰਟੀਕਲ ਕਾਰਣ ਕੈਨੇਡੀਅਨ ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਗਰੇਵਾਲ ਦੀ ਉਮੀਦਵਾਰੀ ਰੱਦ ਕੀਤੀ ਗਈ ਸੀ, ਉਸ ਆਰਟੀਕਲ ਵਿੱਚ ਨਾ ਕਿਸੇ ਤਬਕੇ ਬਾਰੇ ਕੋਈ ਇਤਰਾਯੋਗ ਟਿੱਪਣੀ ਸੀ ਅਤੇ ਨਾ ਹੀ ਕਿਸੇ ਗਰੁੱਪ ਦਾ ਸਿੱਧੇ ਜਾਂ ਅਸਿੱਧੇ ਢੰਗ ਵਿੱਚ ਅਪਮਾਨ ਕੀਤਾ ਗਿਆ ਸੀ। ਪਰ ਮੀਡੀਆ ਨੇ ਸਮੇਂ ਦੀ ਅਜਿਹੀ ਨਜ਼ਾਕਤ ਪੈਦਾ ਕਰ ਦਿੱਤੀ ਕਿ ਵਿਰੋਧੀ ਪਾਰਟੀਆਂ ਦੇ ਦਬਾਅ ਤਹਿਤ ਕੰਜ਼ਰਵੇਟਿਵ ਪਾਰਟੀ ਨੇ ਤੱਟ ਫੱਟ ਵਿੱਚ ਨਾਂ ਪੱਖੀ ਫੈਸਲਾ ਲੈ ਲਿਆ ਸੀ। ਕੀ ਸਮਝਿਆ ਜਾ ਸਕਦਾ ਹੈ ਕਿ ਹੁਣ ਸਿਆਸੀ ਪਾਰਟੀਆਂ ਖੁਦ ਨੂੰ ਨੁਕਸਾਨ ਹੋਣ ਤੋਂ ਬਚਾਉਣ ਵਾਸਤੇ ਵਧੇਰੇ ਸਮਝਦਾਰ ਹੋ ਰਹੀਆਂ ਹਨ?

 

ਇਸ ਚਰਚਾ ਦਾ ਉਦੇਸ਼ ਸਿਆਸਤਦਾਨਾਂ ਅਤੇ ਸਿਆਸੀ ਪਾਰਟੀਆਂ ਨੂੰ ਜੁੰਮੇਵਾਰੀ ਦਾ ਚੋਲਾ ਪਹਿਨਣ ਦੀ ਲੋੜ ਉੱਤੇ ਜੋਰ ਦੇਣਾ ਹੈ ਤਾਂ ਜੋ ਉਹ ਕੈਨੇਡੀਅਨ ਪਬਲਿਕ ਨੂੰ ਹੋਛੇ ਮੁੱਦਿਆਂ ਵਿੱਚ ਉਲਝਾਉਣ ਦੀ ਥਾਂ ਸਾਰਥਕ ਮੁੱਦਿਆਂ ਬਾਰੇ ਆਪਣੀਆਂ ਰਣਨੀਤੀਆਂ ਬਾਰੇ ਜਾਣੂੰ ਕਰਵਾਉਣ।

Have something to say? Post your comment