ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ)- ਟੋਰਾਂਟੋ ਸਥਿਤ ਭਾਰਤੀ ਕੌਂਸਲ ਜਨਰਲ ਦੇ ਦਫ਼ਤਰ ਵਿਚ ਸ਼੍ਰੀ ਦਿਨੇਸ਼ ਭਾਟੀਆ ਤੋਂ ਬਾਅਦ ਹੁਣ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਵਾ ਨੇ ਕੌਂਸਲ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ।ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਇੰਡੀਅਨ ਫੋਰਨ ਸਰਵਿਸ ਦੇ 2001 ਤੋਂ ਡਿਪਲੋਮੈਟ ਹਨ।ਟੋਰਾਂਟੋ ਸਥਿਤ ਕੌਂਸਲ ਜਨਰਲ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਮਿਨਿਸਟਰੀ ਆਫ਼ ਐਕਸਟਰਨਲ ਅਫੇਅਰ ਵਿਚ ਰਹਿ ਚੁੱਕੇ ਹਨ।ਆਪਣੇ 18 ਸਾਲ ਦੇ ਡਿਪਲੋਮੈਟਿਕ ਕਰੀਅਰ ਵਿਚ ਉਨ੍ਹਾਂ ਨੇ ਪੈਰਿਸ ਵਿਖੇ ਇੰਡੀਅਨ ਐਂਬੈਸੀ ’ਚ 2003 ਤੋਂ ਲੈ ਕੇ 2006 ਤੇ ਫੇਰ 2012 ਤੋਂ ਲੈ ਕੇ 2015 ਤੱਕ ਸੇਵਾ ਨਿਭਾਈ।ਇਸ ਤੋਂ ਪਹਿਲਾ ਕਾਠਮੰਡੂ ਵਿਚ ਵੀ 2009 ਤੋਂ ਲੈ ਕੇ 2012 ਤੱਕ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।ਕੱਲ੍ਹ ਉਨ੍ਹਾਂ ਨੂੰ ਟੋਰਾਟੋ ਵਿਖੇ ਜੀ ਆਇਆਂ ਆਖਣ ਲਈ ਜਗਦੀਸ਼ ਗਰੇਵਾਲ, ਅਮਰਜੀਤ ਰਾਏ ਤੇ ਜਸਪਾਲ ਗਹੂਨੀਆ ਨੇ ਇਕ ਸੰਖੇਪ ਮੁਲਾਕਾਤ ਕੀਤੀ।ਜਿਸ ਵਿਚ ਉਨ੍ਹਾਂ ਕਿਹਾ ਕਿ ਟੋਰਾਂਟੋ ਦਾ ਇਹ ਚਾਰਜ ਸੰਭਾਲ ਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਤੇ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦੀ ਹਾਂ ਕਿ ਆਪਣੀ ਟਰਮ ਪੂਰੀ ਹੋਣ ਤੱਕ ਤੁਹਾਨੂੰ ਕੌਂਸਲ ਜਨਰਲ ਦੇ ਦਫ਼ਤਰ ਤੋਂ ਕੋਈ ਨਿਰਾਸ਼ਾ ਨਹੀਂ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਸਮੇਂ ਟੋਰਾਂਟੋ ਕੌਂਸਲ ਜਨਰਲ ਦੇ ਦਫ਼ਤਰ ਵਿਚ ਸਾਡੀ ਬਿਹਤਰੀਨ ਟੀਮ ਹੈ।ਇਕੱਲਾ ਟੋਰਾਂਟੋ ਹੀ ਨਹੀਂ ਭਾਰਤ ਦੀ ਸਰਕਾਰ ਇਸ ਸਮੇਂ ਦੁਨੀਆ ਭਰ ਦੀਆਂ ਕੌਂਸਲ ਜਨਰਲ ਦੀਆਂ ਸੇਵਾਵਾਂ ’ਚ ਵੱਡੇ ਪੱਧਰ ਉਤੇ ਸੁਧਾਰ ਕਰ ਰਹੀ ਹੈ।ਉਨ੍ਹਾਂ ਸਿੱਖ ਭਾਈਚਾਰੇ ਨੂੰ ਆਉਣ ਵਾਲੇ ਸਮੇਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਵੀ ਦਿੱਤੀਆਂ ਤੇ ਇਹ ਇੱਛਾ ਵੀ ਜਤਾਈ ਕਿ ਜੇਕਰ ਕੌਂਸਲ ਜਨਰਲ ਦਾ ਦਫ਼ਤਰ ਇਨ੍ਹਾਂ ਸਮਾਗਮਾਂ ਨੂੰ ਬਿਹਤਰ ਬਣਾਉਣ ’ਚ ਕੋਈ ਯੋਗਦਾਨ ਪਾ ਸਕੇ ਤਾਂ ਜਰੂਰ ਦੱਸਣਾ। ਯਾਦ ਰਹੇ ਕਿ ਸਵ: ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਬੀਤੇ ਸਮਿਆਂ ’ਚ ਇਹ ਐਲਾਨ ਕੀਤਾ ਸੀ ਕਿ ਜਿਥੇ-ਜਿਥੇ ਦੁਨੀਆ ਵਿਚ ਭਾਰਤ ਦੇ ਕੌਂਸਲ ਜਨਰਲ ਦੇ ਦਫ਼ਤਰ ਹਨ, ਉਸ ਹਰ ਮੁਲਖ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਭਾਰਤ ਦੀ ਸਰਕਾਰ ਵਲੋਂ ਵੀ ਗੁਰਪੁਰਬ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇੇਸ਼ ਦੁਨੀਆ ਭਰ ਵਿਚ ਫੈਲਾਉਣ ਦਾ ਯਤਨ ਕੀਤਾ ਜਾਵੇਗਾ।