ਬਰੈਂਪਟਨ, (ਡਾ. ਝੰਡ) -ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਦੀ ਸਰਗ਼ਰਮ ਲੇਡੀ ਮੈਂਬਰ ਪ੍ਰਦੀਪ ਪਾਸੀ ਨੇ ਬੀਤੇ ਐਤਵਾਰ 8 ਸਤੰਬਰ ਨੂੰ ਡਾਊਨ ਟਾਊਨ ਟੋਰਾਂਟੋ ਨੇੜਲੇ ਸੈਂਟਰ ਆਈਲੈਂਡ ਵਿਚ 10 ਕਿਲੋ ਮੀਟਰ ਬੋਟ ਰੱਨ 1 ਘੰਟਾ 2 ਮਿੰਟ ਵਿਚ ਲਗਾ ਕੇ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਉਸ ਦਾ ਇਸ 10 ਕਿਲੋਮੀਟਰ ਦਾ ਹੁਣ ਤੱਕ ਦਾ ਰਿਕਾਰਡ 1 ਘੰਟਾ 10 ਮਿੰਟ ਸੀ। ਇੱਥੇ ਇਹ ਜਿ਼ਕਰਯੋਗ ਹੈ ਕਿ ਪ੍ਰਦੀਪ ਪਾਸੀ ਟੀ.ਪੀ.ਏ.ਆਰ. ਕਲੱਬ ਦੀਆਂ ਪੰਜ ਲੇਡੀ ਮੈਂਬਰਾਂ ਵਿੱਚੋਂ ਸੱਭ ਤੋਂ ਸਰਗ਼ਰਮ ਹੈ ਅਤੇ ਉਹ ਟੋਰਾਂਟੋ ਏਰੀਏ ਵਿਚ ਹੋਣ ਵਾਲੀ ਲੱਗਭੱਗ ਹਰੇਕ 5 ਤੇ 10 ਕਿਲੋਮੀਟਰ ਅਤੇ ਹਾਫ਼ ਮੈਰਾਥਨ ਵਿਚ ਭਾਗ ਲੈਂਦੀ ਹੈ। ਉਹ 21 ਸਤੰਬਰ ਨੂੰ ਹੋਣ ਵਾਲੀ ਰੱਨਵੇਅ ਰੱਨ ਵਿਚ ਕਲੱਬ ਦੇ 80 ਮੈਂਬਰਾਂ ਦੇ ਨਾਲ ਭਾਗ ਲੈ ਰਹੀ ਹੈ। ਇਸ ਦੇ ਨਾਲ ਹੀ ਉਹ ਅਗਲੇ ਮਹੀਨੇ 21 ਅਕਤੂਬਰ ਨੂੰ ਹੋ ਰਹੀ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਬ ਵਿਚ ਹਾਫ਼ ਮੈਰਾਥਨ ਦੌੜ ਵਿਚ ਵੀ ਹਿੱਸਾ ਲੈ ਰਹੀ ਹੈ। ਉਸ ਦੇ ਪਤੀਦੇਵ ਜਸਵੀਰ ਪਾਸੀ ਜੋ ਆਪ ਵੀ ਹਾਫ਼-ਮੈਰਾਥਨ ਦੌੜਾਕ ਹਨ, ਪ੍ਰਦੀਪ ਪਾਸੀ ਨੂੰ ਇਨ੍ਹਾਂ ਦੌੜਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ।