Welcome to Canadian Punjabi Post
Follow us on

24

September 2019
ਟੋਰਾਂਟੋ/ਜੀਟੀਏ

ਪੀ. ਸੀ. ਐੱਚ. ਐੱਸ. ਦੇ ਸੀਨੀਅਜ਼ ਗਰੁੱਪਾਂ ਨੇ ਲਾਇਆ ‘ਟੋਰਾਂਟੋ ਜ਼ੂ’ ਦਾ ਟੂਰ

September 11, 2019 11:37 AM

ਬਰੈਂਪਟਨ, (ਡਾ. ਝੰਡ) -ਲੰਘੇ ਸੋਮਵਾਰ 9 ਸਤੰਬਰ ਨੂੰ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਸੀਨੀਅਜ਼ ਕਲੱਬਾਂ ਦੇ ਪੰਜ ਗਰੁੱਪਾਂ ਨੇ ਟੋਰਾਂਟੋ ਚਿੜੀਆ-ਘਰ ਦਾ ਸਾਂਝਾ ਟੂਰ ਲਗਾਇਆ। ਇਸ ਦਿਨ ਹੋਰ ਕਈ ਸੀਨੀਅਰਜ਼ ਕਲੱਬਾਂ ਦੇ ਮੈਂਬਰ ਵੀ ਆਏ ਹੋਏ ਸਨ ਜਿਸ ਕਾਰਨ ਉੱਥੇ ਪੂਰਾ ਮੇਲੇ ਵਾਲਾ ਮਾਹੌਲ ਸੀ। ਪੀ.ਸੀ ਐੱਚ.ਐੱਸ. ਦੇ ਸੀਨੀਅਰ ਮੈਂਬਰ 9.30 ਵਜੇ ਇਸ ਦੇ ਹੈੱਡ-ਆਫਿ਼ਸ 50 ਸੰਨੀਮੈਡੋ ਦੀ ਪਾਰਕਿੰਗ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਜਿੱਥੋਂ ਦਸ ਕੁ ਵਜੇ ਉਹ ਤਿੰਨ ਸਕੂਲ ਬੱਸਾਂ ਵਿਚ ਟੋਰਾਂਟੋ ਜ਼ੂ ਵੱਲ ਰਵਾਨਾ ਹੋਏ ਅਤੇ ਕੋਆਰਡੀਨੇਟਰਾਂ ਜਗਦੀਸ਼ ਕੌਰ, ਹਰਜੀਤ ਕੌਰ ਅਤੇ ਸਿ਼ਵਾਂਗੀ ਗੌੜ ਦੀ ਅਗਵਾਈ ਵਿਚ ਲੱਗਭੱਗ ਇਕ ਘੰਟੇ ਵਿਚ ਉੱਥੇ ਪਹੁੰਚ ਗਏ।
ਸਮੂਹ ਮੈਂਬਰਾਂ ਨੂੰ ਪੀ.ਸੀ.ਐੱਚ.ਐੱਸ. ਦੇ ਕੋਆਰਡੀਨੇਟਰਾਂ ਵੱਲੋਂ ਖ਼ੁਦ ਪੈਕ ਕੀਤਾ ਹੋਇਆ ਬਰੇਕ-ਫ਼ਾਸਟ ਦਿੱਤਾ ਗਿਆ ਅਤੇ ਫਿਰ ਸਾਰੇ ਵੱਖ-ਵੱਖ ਛੋਟੇ ਗਰੁੱਪਾਂ ਵਿਚ ਜ਼ੂ ਵੇਖਣ ਲਈ ਚੱਲ ਪਏ। ਕੁਝ ਮੈਂਬਰ ਤਾਂ ਪੈਦਲ ਹੀ ਜ਼ੂ ਦੇ ਵੱਖ-ਵੱਖ ਸੈੱਕਸ਼ਨਾਂ ਵੱਲ ਤੁਰ ਪਏ, ਜਦਕਿ ਕਈਆਂ ਨੇ ਵਧੇਰੇ ਬਜ਼ੁਰਗੀ ਦੇ ਕਾਰਨ ਜਾਂ ਫਿਰ ਚੱਲਣ-ਫਿਰਨ ਵਿਚ ਹੋਣ ਵਾਲੀ ਦਿੱਕਤ ਨੂੰ ਮੁੱਖ ਰੱਖਦਿਆਂ ਹੋਇਆਂ ਜ਼ੂ ਦੇ ਬਾਹਰ-ਬਾਹਰ ਸੜਕ 'ਤੇ ਚੱਲਣ ਵਾਲੀ 'ਟਾਇਰਾਂ ਵਾਲੀ ਟਰੇਨ' ਉੱਪਰ ਚੜ੍ਹਨਾ ਵਧੇਰੇ ਮੁਨਾਸਬ ਸਮਝਿਆ। ਜ਼ੂ ਦੇ ਅੰਦਰ ਇੰਡੋ-ਮਲਾਇਆ, ਅਫ਼ਰੀਕਨ ਸਾਵੰਨਾ, ਅਮਰੀਕਨ, ਆਸਟ੍ਰੇਲੇਸ਼ੀਆ ਪਾਵਿਲੀਅਨ, ਟੁੰਡਰਾ ਟਰੇਕ ਅਤੇ ਯੂਰੇਸ਼ੀਆ ਵਾਈਲਡ ਸੈਕਸ਼ਨਾਂ ਵਿਚ ਕੁਦਰਤੀ ਵਾਤਾਵਰਣ ਵਿਚ ਰੱਖੇ ਗਏ ਵੱਖ-ਵੱਖ ਜੰਗਲੀ ਜਾਨਵਰਾਂ, ਪੰਛੀਆਂ, ਮੱਛੀਆਂ, ਕੱਛੂਕੁਮਿਆਂ, ਟਰਟਲਾਂ, ਸੱਪਾਂ ਅਤੇ ਕਈ ਹੋਰ ਜੀਵਾਂ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਬਹੁਤਿਆਂ ਨੇ ਤਾਂ ਇਨ੍ਹਾਂ ਵਿੱਚੋਂ ਕਈ ਜਾਨਵਰ ਤੇ ਪੰਛੀ ਪਹਿਲੀ ਵਾਰ ਵੇਖੇ ਸਨ। ਸੇ਼ਰਾਂ, ਚੀਤਿਆਂ, ਗੋਰੀਲਿਆਂ, ਗੈਂਡਿਆਂ, ਜਿਰਾਫ਼ਾਂ, ਕੰਗਾਰੂਆਂ, ਦੋ ਬਂੰਨ੍ਹਾਂ ਵਾਲੇ ਊਠਾਂ ਅਤੇ ਹੋਰ ਕਈ ਜਾਨਵਰਾਂ ਨੂੰ ਧੁੱਪ ਵਿਚ ਲੇਟਿਆਂ ਅਤੇ ਕਈਆਂ ਨੂੰ ਮਸਤੀ ਵਿਚ ਤੁਰਦੇ-ਫਿਰਦੇ ਵੇਖਦਿਆਂ ਸਾਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਸੀ। ਟਪੂਸੀਆਂ ਮਾਰਦੇ ਬਾਂਦਰ ਅਤੇ ਚੈਂਮਪੈਂਜ਼ੀ ਦਰਸ਼ਕਾਂ ਦਾ ਧਿਆਨ ਬਦੋਬਦੀ ਆਪਣੇ ਵੱਲ ਖਿੱਚ ਰਹੇ ਸਨ।
ਦੁਪਹਿਰ ਦੇ ਦੋ ਵਜੇ ਦੇ ਕਰੀਬ ਸਾਰੇ ਮੈਂਬਰਾਂ ਟਿਮ ਹੌਰਟਿਨ ਦੇ ਸਾਹਮਣੇ ਇਕੱਠੇ ਹੋਣ ਲਈ ਕਿਹਾ ਗਿਆ ਸੀ ਜਿਸ ਦੀ ਪਾਲਣਾ ਕਰਦੇ ਹੋਏ ਉਹ ਕੁਝ ਮਿੰਟਾਂ ਦੀ ਅਗੇਤ-ਪਛੇਤ ਨਾਲ ਉੱਥੇ ਪਹੁੰਚ ਗਏ। ਸਾਰਿਆਂ ਨੂੰ ਗਰਮ-ਗਰਮ ਪੀਜ਼ੇ ਦੇ ਸਲਾਈਸ ਸਰਵ ਕੀਤੇ ਗਏ ਅਤੇ ਨਾਲ ਲਿਆਂਦੇ ਹੋਏ ਕੋਲਡ-ਡਰਿੰਕਸ ਨਾਲ ਇਨ੍ਹਾਂ ਨੂੰ ਗਲ਼ੇ ਤੋਂ ਹੇਠਾਂ ਕਰਦਿਆਂ ਦੁਪਹਿਰ ਦਾ ਵਧੀਆ ਭੋਜਨ ਬਣਾਇਆ ਗਿਆ। ਉੱਥੋਂ ਹੀ ਟਿਮ ਹੌਰਟਿਨ ਤੋਂ ਕਾਫ਼ੀ ਵਗ਼ੈਰਾ ਲੈ ਕੇ ਮੁੜ ਤਰ-ਤਾਜ਼ਾ ਹੋ ਕੇ ਫਿਰ ਜ਼ੂ ਵੱਲ ਚੱਲ ਪਏ। ਸਾਰਾ ਦਿਨ ਆਨੰਦ ਮਾਣਨ ਤੋਂ ਬਾਅਦ ਸ਼ਾਮ ਦੇ ਲੱਗਭੱਗ ਛੇ ਵਜੇ ਸਕੂਲ ਦੀਆਂ ਬੱਸਾਂ ਜ਼ੂ ਦੇ ਬਾਹਰ ਪਾਰਕਿੰਗ ਵਿਚ ਪਹੁੰਚੀਆਂ ਅਤੇ ਉਨ੍ਹਾਂ ਵਿਚ ਸਵਾਰ ਹੋ ਕੇ ਵਾਪਸ ਸਾਢੇ ਸੱਤ ਵਜੇ ਵਾਪਸ ਬਰੈਂਪਟਨ ਪਹੁੰਚੇ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ