ਇਸਲਾਮਾਬਾਦ, 10 ਸਤੰਬਰ (ਪੋਸਟ ਬਿਊਰੋ)- ਭਾਰਤ ਵਿੱਚ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਰਿਹਾ ਅਤੇ ਯੂ ਐੱਨ ਵੱਲੋਂ ਗਲੋਬਲ ਅੱਤਵਾਦੀ ਕਰਾਰ ਦਿੱਤਾ ਜਾ ਚੁੱਕਾ ਅੱਤਵਾਦੀ ਸਰਗਣਾ ਮਸੂਦ ਅਜ਼ਹਰ ਪਾਕਿਸਤਾਨ ਦੀ ਕਿਸੇ ਜੇਲ੍ਹ ਵਿੱਚ ਬੰਦ ਨਹੀਂ, ਸਗੋਂ ਬਹਾਵਲਪੁਰ ਵਿੱਚ ਜੈਸ਼ ਏ ਮੁਹੰਮਦ ਦੇ ਮੁੱਖ ਦਫਤਰ ਵਿੱਚ ਰਹਿੰਦਾ ਹੈ। ਪਾਕਿਸਤਾਨ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿੱਚ ਬੰਦ ਕਰਨ ਦਾ ਦਾਅਵਾ ਕੀਤਾ ਸੀ।
ਪਾਕਿਸਤਾਨ ਸਰਕਾਰ ਦੇ ਇਸ ਕੋਰੇ ਝੂਠ ਦੀ ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ ਹੈ। ਇਨ੍ਹਾਂ ਸੂਤਰਾਂ ਦੇ ਮੁਤਾਬਕ ਮਸੂਦ ਅਜ਼ਹਰ ਦੀ ਆਖਰੀ ਲੋਕੇਸ਼ਨ ਬਹਾਵਲਪੁਰ ਵਿੱਚ ਜੈਸ਼ ਦੇ ਮੁੱਖ ਦਫਤਰ ਵਿੱਚ ਮਰਕਜ਼ ਸੁਭਾਨਅੱਲ੍ਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜੈਸ਼ ਦੇ ਮੁਖੀ ਦੀ ਸਿਹਤ ਠੀਕ ਹੈ, ਪਰ ਉਹ ਬਾਹਰ ਆਉਣ ਤੇ ਉਪਦੇਸ਼ ਦੇਣ ਤੋਂ ਬਚਦਾ ਹੈ।
ਦੂਸਰੇ ਪਾਸੇ ਪਾਕਿਸਤਾਨ ਪੂਰੀ ਦੁਨੀਆ ਸਾਹਮਣੇ ਦਾਅਵਾ ਕਰਦਾ ਹੈ ਕਿ ਉਹ ਆਪਣੀ ਧਰਤੀ ਤੋਂ ਚੱਲਣ ਵਾਲੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਰਿਹਾ ਹੈ। ਅੱਤਵਾਦੀਆਂ ਨੂੰ ਪਨਾਹ ਦੇਣ, ਟਰੇਨਿੰਗ ਦੇਣ, ਜੰਮੂ-ਕਸ਼ਮੀਰ ਭੇਜਣ ਦੇ ਸਬੂਤਾਂ ਤੋਂ ਬਾਅਦ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦਾ ਖੰਡਨ ਕਰਦੇ ਹਨ। ਰਿਪੋਰਟਾਂ ਮੁਤਾਬਕ ਆਧੁਨਿਕ ਸਹੂਲਤਾਂ ਨਾਲ ਲੈਸ ਵੱਡੀ ਇਮਾਰਤ ਮਰਕਜ਼ ਸੁਭਾਨਅੱਲ੍ਹਾ ਵਿੱਚ ਜੈਸ਼ ਅੱਤਵਾਦੀਆਂ ਦੀ ਬੈਠਕ ਹੁੰਦੀ ਹੈ।