ਆਧੁਨਿਕ ਤਕਨੀਕ ਦਾ 3000 ਟੀ.ਸੀ.ਡੀ. ਸਮੇਤ 15 ਮੈਗਾਵਾਟ ਕੋਜੈਨਰੇਸ਼ਨ ਦਾ ਹੋਵੇਗਾ ਨਵਾਂ ਪ੍ਰਾਜੈਕਟ
ਚੰਡੀਗੜ੍ਹ, 16 ਅਕਤੂਬਰ (ਪੋਸਟ ਬਿਊਰੋ): ਸਹਿਕਾਰੀ ਖੰਡ ਮਿੱਲ, ਭੋਗਪੁਰ ਵਿਖੇ ਆਧੁਨਿਕ ਤਕਨੀਕ ਦਾ 3000 ਟੀ.ਸੀ.ਡੀ. ਸਮੇਤ 15 ਮੈਗਾਵਾਟ ਕੋਜੈਨਰੇਸ਼ਨ ਦਾ ਨਵਾਂ ਸ਼ੂਗਰ ਮਿੱਲ ਪ੍ਰਾਜੈਕਟ ਅਗਲੇ ਸਾਲ 31 ਮਾਰਚ ਤੱਕ ਚਾਲੂ ਕਰ ਦਿੱਤਾ ਜਾਵੇਗਾ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਰੱਖੀ ਸਾਰੀਆਂ ਸਬੰਧਤਾਂ ਧਿਰਾਂ ਦੀ ਸਮੀਖਿਆ ਮੀਟਿੰਗ ਉਪਰੰਤ ਕੀਤਾ। ਇਥੇ ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਸ਼ੂਗਰਫੈਡ, ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਸਬੰਧਤ ਕੰਪਨੀ ਉਤਮ ਐਨਰਜੀ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਸਹਿਕਾਰੀ ਖੇਤਰ ਦੀ ਸਭ ਤੋਂ ਪੁਰਾਣੀ ਸਹਿਕਾਰੀ ਖੰਡ ਮਿੱਲ, ਭੋਗਪੁਰ ਜਿਸ ਦੀ ਮੌਜੂਦਾ ਸਮਰੱਥਾ 1016 ਟੀ.ਸੀ.ਡੀ. ਹੈ, ਵਿਖੇ ਆਧੁਨਿਕ ਤਕਨੀਕ ਦਾ 3000 ਟੀ.ਸੀ.ਡੀ. ਦਾ ਨਵਾਂ ਸ਼ੂਗਰ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਵਿੱਚ 15 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ ਜਿਸ ਵਿਚੋਂ ਲੱਗਭੱਗ 8.5 ਮੈਗਾਵਾਟ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵੇਚੀ ਜਾਵੇਗੀ। ਭੋਗਪੁਰ ਵਿਖੇ ਲਗਾਏ ਜਾ ਰਹੇ ਨਵੇਂ ਪ੍ਰਾਜੈਕਟ ਨੂੰ 31 ਮਾਰਚ 2019 ਤੋਂ ਪਹਿਲਾਂ ਹਰ ਹੀਲੇ ਮੁਕੰਮਲ ਕਰਨ ਲਈ ਸੱਦੀ ਅੱਜ ਦੀ ਸਮੀਖਿਆ ਮੀਟਿੰਗ ਦੌਰਾਨ ਦਰਪੇਸ਼ ਤਕਨੀਕੀ ਅਤੇ ਵਿੱਤੀ ਸਮਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਵਿਚਾਰੇ ਗਏ ਮਸਲਿਆਂ ਸਬੰਧੀ ਕੀਤੇ ਗਏ ਫੈਸਲਿਆਂ ਬਾਰੇ ਇੱਕ ਹਫਤੇ ਦੇ ਅੰਦਰ ਅੰਦਰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਦੁਆਬਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਭੋਗਪੁਰ ਵਿਖੇ ਆਧਨਿਕ ਤਕਨੀਕ ਦੀ ਖੰਡ ਮਿੱਲ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਅਤੇ ਪ੍ਰਾਜੈਕਟ ’ਤੇ ਕੰਮ ਕਰ ਰਹੀ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਨੂੰ ਹਰ ਹਾਲਤ ਵਿੱਚ ਪ੍ਰਾਜੈਕਟ ਨੂੰ 31 ਮਾਰਚ 2019 ਤੱਕ ਮੁਕੰਮਲ ਕਰਨ ਲਈ ਕਿਹਾ ਅਤੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਲੋੜੀਂਦੀ ਹਰ ਸਹਾਇਤਾ ਦਿੱਤੀ ਜਾਵੇਗੀ।