ਲੰਡਨ, 9 ਸਤੰਬਰ (ਪੋਸਟ ਬਿਊਰੋ) : ਬ੍ਰਿਟਿਸ਼ ਏਅਰਵੇਅਜ਼ ਏਅਰਲਾਈਨ ਨੇ ਸੋਮਵਾਰ ਨੂੰ ਆਖਿਆ ਕਿ ਉਹ ਅਗਲੇ 48 ਘੰਟਿਆਂ ਲਈ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਰਹੀ ਹੈ। ਤਨਖਾਹਾਂ ਵਿੱਚ ਵਾਧੇ ਨੂੰ ਲੈ ਕੇ ਪਾਇਲਟਾਂ ਵੱਲੋਂ ਕੀਤੀ ਗਈ ਹੜਤਾਲ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ 195,000 ਯਾਤਰੀ ਪ੍ਰਭਾਵਿਤ ਹੋਣਗੇ।
ਯੂਕੇ ਦੀ ਮੁੱਖ ਏਅਰਲਾਈਨਜ਼ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਕੋਲ ਇਹ ਦੱਸਣ ਦਾ ਕੋਈ ਢੰਗ ਨਹੀਂ ਹੈ ਕਿ ਕਿੰਨੇ ਪਾਇਲਟ ਕੰਮ ਉੱਤੇ ਆਉਣਗੇ ਜਾਂ ਫਿਰ ਉਹ ਕਿਹੜੇ ਜਹਾਜ਼ ਉਡਾਉਣ ਦੀ ਯੋਗਤਾ ਰੱਖਦੇ ਹਨ। ਨਤੀਜੇ ਵਜੋਂ ਏਅਰਲਾਈਨਜ਼ ਨੇ ਆਖਿਆ ਕਿ ਉਨ੍ਹਾਂ ਕੋਲ ਸਾਰੀਆਂ ਉਡਾਨਾਂ ਹੜਤਾਲ ਵਾਲੇ ਅਰਸੇ ਦੌਰਾਨ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।
ਬ੍ਰਟਿਸ਼ ਏਅਰਵੇਅਜ਼ ਦਾ ਕਹਿਣਾ ਹੈ ਕਿ ਉਹ ਪਾਇਲਟਾਂ ਦੀ ਯੂਨੀਅਨ (ਬਾਲਪਾ) ਨਾਲ ਮੁੜ ਗੱਲਬਾਤ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਏਅਰਲਾਈਨਜ਼ ਨੇ ਇਹ ਵੀ ਆਖਿਆ ਹੈ ਕਿ ਉਹ ਆਪਣੇ ਕਸਟਮਰਜ਼ ਨੂੰ ਪੂਰੇ ਪੈਸੇ ਰਿਫੰਡ ਕਰਨ ਲਈ ਤਿਆਰ ਹਨ ਤੇ ਉਨ੍ਹਾਂ ਵੱਲੋਂ ਆਪਣੇ ਕਸਟਮਰਜ਼ ਲਈ ਦੁਬਾਰਾ ਬੁਕਿੰਗ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਏਅਰਲਾਈਨ ਵੱਲੋਂ ਇਸ ਹੜਤਾਲ ਲਈ ਕਈ ਹਫਤਿਆਂ ਤੋਂ ਤਿਆਰੀ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਆਪਣੇ ਕਸਟਮਰਜ਼ ਨੂੰ ਅਗਾਊਂ ਨੋਟਿਸ ਵੀ ਦਿੱਤਾ ਸੀ।
ਏਅਰਲਾਈਨ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਉਹ ਬਾਲਪਾ ਵੱਲੋਂ ਹੜਤਾਲ ਦੇ ਚੁੱਕੇ ਗਏ ਕਦਮ, ਪਾਇਲਟਜ਼ ਵਿੱਚ ਪਾਏ ਜਾਣ ਵਾਲੇ ਰੋਹ ਬਾਰੇ ਸਮਝਦੇ ਹਨ। ਪਰ ਏਅਰਲਾਈਨਜ਼ ਨੇ ਆਖਿਆ ਕਿ ਕਈ ਮਹੀਨਿਆਂ ਤੋਂ ਤਨਖਾਹ ਸਬੰਧੀ ਮੁੱਦੇ ਨੂੰ ਸੁਲਝਾਉਣ ਦੀ ਕੋਸਿ਼ਸ਼ ਕਰਨ ਦੇ ਬਾਵਜੂਦ ਸਥਿਤੀ ਇੱਥੇ ਆ ਕੇ ਮੁੱਕੀ ਇਸ ਗੱਲ ਦਾ ਸਾਨੂੰ ਕਾਫੀ ਅਫਸੋਸ ਹੈ। ਬ੍ਰਿਟਿਸ਼ ਏਅਰਵੇਅਜ਼ ਨੇ ਆਖਿਆ ਕਿ ਉਨ੍ਹਾਂ ਪਾਇਲਟਾਂ ਨੂੰ ਤਿੰਨ ਸਾਲਾਂ ਦੇ ਅਰਸੇ ਵਿੱਚ ਤਨਖਾਹ ਵਿੱਚ 11.5 ਫੀ ਸਦੀ ਦੇ ਵਾਧੇ ਦੀ ਪੇਸ਼ਕਸ਼ ਕੀਤੀ ਸੀ ਪਰ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕੰਪਨੀ ਦੇ ਪ੍ਰੌਫਿਟ ਵਿੱਚੋਂ ਵਧੇਰੇ ਹਿੱਸਾ ਚਾਹੁੰਦੇ ਹਨ।