ਬਾਲੀਵੁੱਡ ਵਿੱਚ ਐਕਸ਼ਨ ਹੀਰੋ ਦੇ ਅਕਸ ਵਾਲੇ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਦਿਸੇ ਹਨ। ਅੱਗੋਂ ਉਹ ਆਪਣੀ ਹੋਮ ਪ੍ਰੋਡਕਸ਼ਨ ਦੀ ਫਿਲਮ ‘ਪ੍ਰਸਥਾਨਮ’ ਵਿੱਚ ਮੁੜ ਤੋਂ ਐਕਸ਼ਨ ਕਰਦੇ ਨਜ਼ਰ ਆਉਣਗੇ।
ਸੰਜੇ ਦੱਤ ਕਹਿੰਦੇ ਹਨ, ‘‘ਮੈਂ ‘ਭੂਮੀ’ ਵਿੱਚ ਪਿਤਾ ਦਾ ਕਿਰਦਾਰ ਨਿਭਾਇਆ ਸੀ। ਫਿਲਮ ਦਾ ਅੰਤ ਕੋਰਟ ਰੂਮ ਸੀਕੁਐਂਸ ਨਾਲ ਹੁੰਦਾ ਹੈ। ਇਹ ਫਿਲਮ ਮੇਰੇ ਪ੍ਰਸ਼ੰਸਕਾਂ ਨੂੰ ਖਾਸ ਪਸੰਦ ਨਹੀਂ ਆਈ, ਕਿਉਂਕਿ ਉਹ ਮੈਨੂੰ ਵਿਲੇਨ ਨਾਲ ਐਕਸ਼ਨ ਕਰਦੇ ਵੇਖਣਾ ਚਾਹੁੰਦੇ ਸਨ। ‘ਸਾਹਿਬ ਬੀਵੀ ਔਰ ਗੈਂਗਸਟਰ’ ਵਿੱਚ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਮੇਰੇ ਰੋਲ ਵਿੱਚ ਨੈਗੇਟਿਵ ਇਮੇਜ ਨਹੀਂ ਸੀ। ਫਿਲਮਾਂ ਵਿੱਚ ਮੇਰਾ ਅਕਸ ਐਕਸ਼ਨ ਹੀਰੋ ਦਾ ਹੈ, ਜਿਸ ਤੋਂ ਬਾਹਰ ਆ ਕੇ ਕੁਝ ਨਵਾਂ ਕਰਨਾ ਮੇਰੇ ਲਈ ਮੁਸ਼ਕਲ ਹੈ। ਦਰਸ਼ਕਾਂ ਦੀਆਂ ਉਮੀਦਾਂ ਪੂਰੀਆਂ ਕਰਨਾ ਮੇਰੀ ਜ਼ਿੰਮੇਵਾਰੀ ਹੈ।” ਬਾਲੀਵੁੱਡ ਵਿੱਚ ਦੂਜੀ ਪਾਰੀ ਸ਼ੁਰੂ ਕਰਨ ਵਾਲੇ ਸੰਜੇ ਦੱਤ ਇੱਕ ਅਦਾਕਾਰ ਦੇ ਤੌਰ ਉਤੇ ਕੁਝ ਵੱਖਰਾ ਕਰਨਾ ਚਾਹੁੰਦੇ ਹਨ। ਉਹ ਆਪਣੇ ਸਟੂਡੀਓ ਸੰਜੇ ਐੱਸ ਦੱਤ ਪ੍ਰੋਡਕਸ਼ਨ ਤਹਿਤ ਕੁਝ ਅਰਥ ਭਰਪੂਰ ਫਿਲਮਾਂ ਬਣਾਉਣਾ ਚਾਹੁੰਦੇ ਹਨ।