Welcome to Canadian Punjabi Post
Follow us on

24

September 2019
ਕੈਨੇਡਾ

19 ਸਾਲਾ ਬਿਆਂਕਾ ਨੇ ਸੇਰੇਨਾ ਵਿਲੀਅਮਜ਼ ਦੇ 24ਵੇਂ ਖ਼ਿਤਾਬ ਦਾ ਸੁਪਨਾ ਤੋੜਿਆ

September 09, 2019 08:38 AM

ਨਿਊਯਾਰਕ, 8 ਸਤੰਬਰ, (ਪੋਸਟ ਬਿਊਰੋ)- ਸਿਰਫ 19 ਸਾਲ ਉਮਰ ਵਾਲੀ ਬਿਆਂਕਾ ਐਂਡ੍ਰੀਸਕੂ ਕੈਨੇਡਾ ਦੀ ਪਹਿਲੀ ਗਰੈਂਡ ਸਲੈਮ ਚੈਂਪੀਅਨ ਬਣ ਗਈ ਹੈ। ਉਸ ਨੇ 23 ਵਾਰ ਦੀ ਗਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੂੰ ਸਿੱਧੇ ਸੈੱਟਾਂ ਵਿਚ 6-3, 7-5 ਨਾਲ ਹਰਾ ਕੇ ਯੂ ਐੱਸ ਓਪਨ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ ਹੈ।
ਐਂਡ੍ਰੀਸਕੂ ਪਿਛਲੇ 15 ਸਾਲਾਂ ਵਿਚ ਸਭ ਤੋਂ ਛੋਟੀ ਉਮਰ ਵਾਲੀ ਗਰੈਂਡ ਸਲੈਮ ਚੈਂਪੀਅਨ ਵੀ ਬਣੀ ਹੈ। ਇਸ ਤੋਂ ਪਹਿਲਾਂ ਯੂ ਐੱਸ ਓਪਨ 2004 ਵਿਚ ਸਵੇਤਲਾਨਾ ਕੁਜ਼ਨੇਤਸੋਵਾ ਨੇ ਛੋਟੀ ਉਮਰ ਵਿੱਚ ਖ਼ਿਤਾਬ ਜਿੱਤਿਆ ਸੀ। ਇਸ ਸਾਲ ਦੇ ਸੈਸ਼ਨ ਵਿਚ ਬਿਆਂਕਾ ਦਾ ਚੋਟੀ ਦੇ 10 ਖਿਡਾਰੀਆਂ ਦੇ ਖ਼ਿਲਾਫ਼ ਰਿਕਾਰਡ 8-0 ਸੀ। ਇਸ ਜਿੱਤ ਨਾਲ ਉਹ ਰੈਂਕਿੰਗ ਵਿਚ ਪੰਜਵੇਂ ਥਾਂ ਆ ਜਾਵੇਗੀ। ਬਿਆਂਕਾ ਨੇ ਮੋਨਿਕਾ ਸੈਲੇਸ ਦੀ ਬਰਾਬਰੀ ਕੀਤੀ ਹੈ, ਜਿਨ੍ਹਾਂ ਨੇ 1990 ਵਿਚ ਚੌਥਾ ਗਰੈਂਡ ਸਲੈਮ ਖੇਡਦੇ ਹੋਏ ਖ਼ਿਤਾਬ ਜਿੱਤਿਆ ਸੀ। ਬਿਆਂਕਾ ਨੇ ਵੀ ਚੌਥਾ ਗਰੈਂਡ ਸਲੈਮ ਖੇਡ ਕੇ ਟਰਾਫੀ ਆਪਣੇ ਨਾਂ ਕਰਾਈ ਹੈ।
ਸੇਰੇਨਾ ਵਿਲੀਅਮਜ਼ ਨੇ 1999 ਵਿਚ ਪਹਿਲਾ ਗਰੈਂਡ ਸਲੈਮ ਜਿੱਤਿਆ ਸੀ, ਜਦੋਂਐਂਡ੍ਰੀਸਕੂ ਨੇ ਅਜੇ ਜਨਮ ਨਹੀਂ ਲਿਆ ਸੀ। ਬਿਆਂਕਾ ਨੇ ਬਿੱਗ ਹਿਟਿੰਗ ਬਿੱਗ ਸਰਵਿੰਗ ਦੀ ਹਮਲਾਵਰ ਖੇਡ ਖੇਡਦੇ ਹੋਏ ਸੇਰੇਨਾ ਨੂੰ ਹਰਾ ਕੇ ਨਾ ਸਿਰਫ਼ ਆਪਣਾ ਪਹਿਲਾ ਗਰੈਂਡ ਸਲੈਮ ਜਿੱਤਿਆ, ਸਗੋਂ ਸੇਰੇਨਾ ਨੂੰ ਆਪਣਾ ਰਿਕਾਰਡ 24ਵਾਂ ਗਰੈਂਡ ਸਲੈਮ ਜਿੱਤਣ ਤੋਂ ਵੀ ਰੋਕ ਦਿੱਤਾ। 37 ਸਾਲ ਦੀ ਸੇਰੇਨਾ ਨੂੰ ਲਗਾਤਾਰ ਦੂਸਰੇ ਸਾਲ ਫਲਸ਼ਿੰਗ ਮਿਡੋਸ (ਯੂ ਐੱਸ ਓਪਨ) ਦੇ ਫਾਈਨਲ ਦੀ ਹਾਰ ਹੋਈ ਹੈ। ਪਿਛਲੇ ਸਾਲ ਜਾਪਾਨ ਦੀ ਨਾਓਮੀ ਓਸਾਕਾ ਨੇ ਉਸ ਨੂੰ ਹਰਾਇਆ ਸੀ। ਅੱਗੋਂ ਸੇਰੇਨਾ ਨੂੰ ਸਭ ਤੋਂ ਵੱਧ 24 ਗਰੈਂਡ ਸਲੈਮ ਜਿੱਤਣ ਦੇ ਮਾਰਗਰੇਟ ਕੋਰਟ ਦੇ ਰਿਕਾਰਡ ਦੀ ਬਰਾਬਰੀ ਲਈ ਜਨਵਰੀ ਵਿਚ ਹੋਣ ਵਾਲੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਤਕ ਉਡੀਕ ਕਰਨੀ ਪਵੇਗੀ। ਦੂਜੇ ਪਾਸੇ ਬਿਆਂਕਾ ਓਪਨ ਏਰਾ ਵਿਚ ਯੂ ਐੱਸ ਓਪਨ ਵਾਲੇ ਮੁੱਖ ਡਰਾਅ ਵਿਚ ਸ਼ੁਰੂਆਤ ਦੇ ਨਾਲ ਖ਼ਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ।
ਯੂ ਐੱਸ ਓਪਨ ਦੀ ਟਰਾਫੀ ਜਿੱਤਣ ਵਾਲੀ ਬਿਆਂਕਾ ਐਂਡ੍ਰੀਸਕੂ ਨੇ ਅਮਰੀਕੀ ਜਨਤਾ ਤੋਂ ਮਾਫ਼ੀ ਮੰਗੀ ਹੈ। ਗਰੈਂਡ ਸਲੈਮ ਜਿੱਤਣ ਵਾਲੀ ਕੈਨੇਡਾ ਦੀਪਹਿਲੀ ਖਿਡਾਰਨ ਬਣੀ ਬਿਆਂਕਾ ਨੇ ਕਿਹਾ: ਮੈਂ ਜਾਣਦੀ ਹਾਂ ਕਿ ਤੁਸੀਂ ਲੋਕ ਸੇਰੇਨਾ ਨੂੰ ਉਨ੍ਹਾਂ ਦਾ ਖ਼ਿਤਾਬ ਜਿੱਤਦੇ ਦੇਖਣ ਆਏ ਸੀ, ਇਸ ਲਈ ਮੈਂ ਤੁਹਾਥੋਂ ਮਾਫ਼ੀ ਮੰਗਦੀ ਹਾਂ। ਬਿਆਂਕਾ ਨਾਲ ਖੜੀ ਸੇਰੇਨਾ ਇਸ ਗੱਲ ਉੱਤੇ ਮੁਸਕੁਰਾ ਪਈ, ਕਿਉਂਕਿ ਉਹ ਜਾਣਦੀ ਸੀ ਕਿ ਬਿਆਂਕਾ ਨੇ ਇਤਿਹਾਸ ਰਚ ਦਿੱਤਾ ਹੈ। ਬਿਆਂਕਾ ਨੇ ਕਿਹਾ ਕਿ ਮੈਂ ਸੇਰੇਨਾ ਵਰਗੀ ਦਿੱਗਜ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਵਿਚ ਕਾਮਯਾਬ ਰਹੀ ਹਾਂ।
ਸੇਰੇਨਾ ਵਿਲੀਅਮਜ਼ ਨੇ ਫਾਈਨਲ ਵਿਚ ਆਪਣੇ ਖੇਡ ਦੇ ਪੱਧਰ ਤੋਂ ਨਾਖ਼ੁਸ਼ੀ ਜ਼ਾਹਿਰ ਕੀਤੀ ਹੈ। ਮੈਚ ਪਿੱਛੋਂ ਸੇਰੇਨਾ ਨੇ ਕਿਹਾ ਕਿ ਮੈਨੂੰ ਬਿਆਂਕਾ ਨਾਲ ਪਿਆਰ ਹੈ, ਉਹ ਚੰਗੀ ਕੁੜੀ ਹੈ, ਪਰ ਇਹ ਮੇਰੇ ਲਈ ਟੂਰਨਾਮੈਂਟ ਦਾ ਸਭ ਤੋਂ ਮਾੜਾ ਮੈਚ ਰਿਹਾ। ਮੈਂ ਬਹੁਤ ਖ਼ਰਾਬ ਖੇਡ ਖੇਡੀ। ਪੂਰੇ ਟੂਰਨਾਮੈਂਟ ਵਿਚ ਚੰਗਾ ਖੇਡਣ ਮਗਰੋਂ ਫਾਈਨਲ ਵਿਚ ਅਜਿਹੀ ਖੇਡ ਦੀ ਮੈਨੂੰ ਖ਼ੁਦ ਤੋਂ ਆਸ ਨਹੀਂ ਸੀ। ਮੈਨੂੰ ਲਗਦਾ ਹੈ ਕਿ ਮੈਂ ਏਦੂੰਚੰਗਾ ਖੇਡ ਸਕਦੀ ਸੀ। ਮੈਨੂੰ ਹੋਰ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਮਾਨਦਾਰੀ ਨਾਲ ਕਹਾਂ ਤਾਂ ਇਹ ਕਾਫੀ ਨਿਰਾਸ਼ਾਜਨਕ ਹੈ। ਮੈਂ ਕਾਫੀ ਨੇੜੇ ਸੀ ਤੇ ਕਾਫੀ ਦੂਰ ਹੋ ਗਈ ਹਾਂ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ