ਨਵੀਂ ਦਿੱਲੀ, 23 ਅਗਸਤ (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਰਵਿਦਾਸ ਮੰਦਰ ਨੂੰ ਢਾਹੁਣ ਬਾਰੇ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਤੁਗਲਕਾਬਾਦ ਜਿਥੇ ਡੀ ਡੀ ਏ ਵੱਲੋਂ ਕੁਝ ਦਿਨ ਪਹਿਲਾਂ ਰਵਿਦਾਸ ਮੰਦਰ ਨੂੰ ਤੋੜਿਆ ਗਿਆ, ਉਹ ਜਗ੍ਹਾ ਕੇਂਦਰ ਸਰਕਾਰ ਵਾਪਸ ਦੇ ਦੇਵੇ, ਜਿਸ ਨੂੰ ਕੁਝ ਲੋਕ ਵਣ ਵਿਭਾਗ ਦੀ ਜ਼ਮੀਨ ਦੱਸ ਰਹੇ ਹਨ, ਉਸ ਦੇ ਬਦਲੇ ਉਹ 100 ਏਕੜ ਵਣ ਵਿਕਸਤ ਜ਼ਮੀਨ ਕੇਂਦਰ ਨੂੰ ਦੇਣ ਲਈ ਤਿਆਰ ਹਨ।
ਦਿੱਲੀ ਵਿਧਾਨ ਸਭਾ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ 4-5 ਏਕੜ ਜ਼ਮੀਨ ਦੇ ਦੇਵੇ ਤਾਂ ਉਹ ਉਥੇ ਸੰਤ ਰਵਿਦਾਸ ਜੀ ਦਾ ਵਿਸ਼ਾਲ ਮੰਦਰ ਬਣਵਾਉਣ ਲਈ ਤਿਆਰ ਹਨ ਅਤੇ ਇਸ ਦਾ ਸਾਰਾ ਖਰਚ ਵੀ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੂੰ ਮੰਦਰ ਦੀ ਜ਼ਮੀਨ ਲਈ ਮੁੜ ਅਦਾਲਤ ਜਾਣਾ ਚਾਹੀਦਾ ਹੈ, ਜੇ ਫਿਰ ਵੀ ਸੰਭਵ ਨਾ ਹੋਇਆ ਤਾਂ ਇਸ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰਾਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਇਸ ਮੁੱਦੇ 'ਤੇ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਮਾਮਲਾ 12-15 ਕਰੋੜ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮੰਦਰ ਦੇ ਢਾਹੇ ਜਾਣ ਦਾ ਬਹੁਤ ਦੁੱਖ ਹੈ ਅਤੇ ਮੰਦਰ ਉਥੇ ਹੀ ਬਣਨਾ ਚਾਹੀਦਾ ਹੈ, ਜਿਥੋਂ ਢਾਹਿਆ ਹੈ।