Welcome to Canadian Punjabi Post
Follow us on

24

September 2019
ਭਾਰਤ

ਹਰਿਆਣਾ ਚੋਣਾਂ ਲਈ ਅਕਾਲੀ-ਭਾਜਪਾ ਗੱਠਜੋੜ ਵਿਚਾਲੇ ਹਾਲੇ ਵੀ ਕਈ ਅੜਿੱਕੇ

August 23, 2019 10:36 AM

ਚੰਡੀਗੜ੍ਹ, 22 ਅਗਸਤ (ਪੋਸਟ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਕੱਲ੍ਹ ਅਗਲੀ ਚੋਣ ਦੇ ਲਈ ਜਨ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਰਿਆਣਾ ਦੇ ਦੌਰੇ 'ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਾਲ ਦਸੰਬਰ ਤੱਕ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣੇ ਰਹਿਣਗੇ ਅਤੇ ਪਾਰਟੀ ਉਨ੍ਹਾਂ ਦੀ ਅਗਵਾਈ ਵਿੱਚ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ਵਿਧਾਨ ਸਭਾਵਾਂ ਦੀ ਚੋਣ ਲੜੇਗੀ। ਉਦੋਂ ਤੱਕ ਜੇ ਪੀ ਨੱਢਾ ਇਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੀ ਡਿਊਟੀ ਸੰਭਾਲੀ ਰੱਖਣਗੇ।
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜਿਥੋਂ ਤੱਕ ਅਕਾਲੀ ਦਲ ਨਾਲ ਮਿਲ ਕੇ ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਸਬੰਧ ਹੈ, ਇਸ ਬਾਰੇ ਆਖਰੀ ਫੈਸਲਾ ਭਾਜਪਾ ਹਾਈ ਕਮਾਨ ਜਾਂ ਦੂਜੇ ਸ਼ਬਦਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਰਨਗੇ। ਵਰਨਣ ਯੋਗ ਹੈ ਕਿ ਇਸ ਸਾਲ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਭਾਜਪਾ ਨੇ ਪਾਰਲੀਮੈਂਟ ਚੋਣਾਂ ਲੜੀਆਂ ਸਨ ਤੇ ਅਕਾਲੀ ਦਲ ਨੇ ਕਾਂਗਰਸ ਨੂੰ ਹਰਾਉਣ ਲਈ ਭਾਜਪਾ ਨੂੰ ਪੂਰਾ ਸਹਿਯੋਗ ਦਿੱਤਾ ਸੀ, ਜਿਸ ਨੂੰ ਸਾਹਮਣੇ ਰੱਖ ਕੇ ਅਕਾਲੀ ਹਾਈ ਕਮਾਨ ਭਾਜਪਾ ਤੋਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਘੱਟੋ-ਘੱਟ ਇਕ ਦਰਜਨ ਸੀਟਾਂ ਮੰਗ ਰਹੀ ਹੈ। ਇਨ੍ਹਾਂ ਵਿੱਚ ਅਸੰਧ, ਡੱਬਵਾਲੀ, ਕਾਲਾਂਵਾਲੀ, ਰੱਤੀਆ, ਫਤਿਹਾਬਾਦ, ਪਿਹੋਵਾ, ਨੀਲੋਖੇੜੀ, ਸ਼ਾਹਬਾਦ ਤੇ ਲਾਡਵਾ ਸ਼ਾਮਲ ਹਨ। ਭਾਜਪਾ ਦੇ ਜ਼ਿੰਮੇਵਾਰ ਆਗੂਆਂ ਨੇ ਕਿਹਾ ਹੈ ਕਿ ਇਸ ਵਾਰ ਹਰਿਆਣਾ ਭਾਜਪਾ ਗੁੜਗਾਉਂ-ਫਰੀਦਾਬਾਦ ਤੇ ਮੇਵਾਤ ਜ਼ਿਲਿਆਂ 'ਚ ਉਨ੍ਹਾਂ ਕੁਝ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੂੰ ਵੀ ਕਮਲ ਦੇ ਫੁੱਲ ਉਤੇ ਚੋਣ ਲੜਵਾ ਸਕਦੀ ਹੈ ਜੋ ਭਾਜਪਾ ਦੇ ਚੋਣ ਪ੍ਰੋਗਰਾਮ ਤੇ ਕੌਮੀ ਲੀਡਰਸ਼ਿਪ 'ਤੇ ਵਿਸ਼ਵਾਸ ਪ੍ਰਗਟ ਕਰਦੇ ਹਨ। ਕਈ ਮੁਸਲਮਾਨ ਵਿਧਾਇਕ ਕਾਂਗਰਸ ਜਾਂ ਇਨੈਲੋ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਦੇ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੱਲ੍ਹ ਇੱਕ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਨਾਲ ਸੀਟਾਂ ਦੀ ਐਡਜਸਟਮੈਂਟ ਬਾਰੇ ਭਾਜਪਾ ਦੀ ਹਰਿਆਣਾ ਇਕਾਈ ਨੂੰ ਕੋਈ ਜਾਣਕਾਰੀ ਨਹੀਂ। ਇਹ ਭਾਜਪਾ ਹਾਈ ਕਮਾਨ ਜਾਣੇ ਜਾਂ ਪੰਜਾਬ ਦੀ ਅਕਾਲੀ ਲੀਡਰਸ਼ਿਪ। ਵਰਨਣ ਯੋਗ ਹੈ ਕਿ ਐਸ ਵਾਈ ਐਲ ਨਹਿਰ ਦੇ ਮੁੱਦੇ 'ਤੇ ਭਾਜਪਾ ਤੇ ਅਕਾਲੀ ਆਗੂਆਂ ਦੇ ਰਸਤੇ ਵੱਖੋ-ਵੱਖਰੇ ਹਨ, ਜੋ ਦੋਵੇਂ ਪਾਰਟੀਆਂ ਦੇ ਗੱਠਜੋੜ 'ਚ ਅੜਿੱਕਾ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ