ਨੌਰਥ ਯੌਰਕ, 22 ਅਗਸਤ (ਪੋਸਟ ਬਿਊਰੋ) : ਬੁੱਧਵਾਰ ਰਾਤ ਨੂੰ ਨੌਰਥ ਯੌਰਕ ਵਿੱਚ ਵਾਪਰੇ ਗੋਲੀ ਕਾਂਡ ਵਿੱਚ ਮਾਰਿਆ ਗਿਆ ਵਿਅਕਤੀ ਸਾਲ 2019 ਵਿੱਚ ਟੋਰਾਂਟੋ ਦਾ 40ਵਾਂ ਕਤਲ ਸੀ।
ਐਮਰਜੰਸੀ ਅਮਲੇ ਨੂੰ ਸਿਡਨੀ ਬੈਲਸੇ ਕ੍ਰੀਸੈਂਟ ਤੇ ਵੈਸਟਨ ਰੋਡ, ਜੋ ਕਿ ਜੇਨ ਸਟਰੀਟ ਦੇ ਪੱਛਮ ਵਿੱਚ ਸਥਿਤ ਹੈ, ਉੱਤੇ ਰਾਤ ਦੇ 9:00 ਵਜੇ ਸੱਦਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਗੋਲੀ ਲੱਗੀ ਉਹ ਵੈਸਟਨ ਰੋਡ ਉੱਤੇ ਚਿੱਟੇ ਰੰਗ ਦੀ ਐਸਯੂਵੀ ਵਿੱਚ ਜਾ ਰਿਹਾ ਸੀ ਜਦੋਂ ਇੱਕ ਹੋਰ ਗੱਡੀ ਉਸ ਦੇ ਕੋਲ ਆਈ ਤੇ ਕਿਸੇ ਨੇ ਉਸ ਗੱਡੀ ਵਿੱਚੋਂ ਉਸ ਉੱਤੇ ਗੋਲੀ ਚਲਾਈ। ਘੱਟੋ ਘੱਟ ਇੱਕ ਗੋਲੀ ਉਸ ਵਿਅਕਤੀ ਨੂੰ ਲੱਗੀ ਤੇ ਉਹ ਗੱਡੀ ਤੋਂ ਆਪਣਾ ਸੰਤੁਲਨ ਗੁਆ ਬੈਠਿਆ ਤੇ ਉਸ ਦੀ ਗੱਡੀ ਇੱਕ ਰੁੱਖ ਨਾਲ ਜਾ ਟਕਰਾਈ।
ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਸ਼ਕੂਕ ਦੀ ਗੱਡੀ ਨੂੰ ਆਖਰੀ ਵਾਰੀ ਵੈਸਟਨ ਰੋਡ ਉੱਤੇ ਦੱਖਣ ਵੱਲ ਜਾਂਦਿਆਂ ਵੇਖਿਆ ਗਿਆ। ਜਾਂਚ ਲਈ ਵੈਸਟਨ ਰੋਡ ਨੂੰ ਦੋਵਾਂ ਦਿਸ਼ਾਵਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਇੰਸਪੈਕਟਰ ਜਿੰਮ ਗੋਟਲ ਨੇ ਆਖਿਆ ਕਿ ਟੋਰਾਂਟੋ ਪੁਲਿਸ ਅਜਿਹੇ ਗੋਲੀਕਾਂਡ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਹਰ ਹੀਲਾ ਵਰਤ ਰਹੀ ਹੈ।