ਓਟਵਾ, 21 ਅਗਸਤ (ਪੋਸਟ ਬਿਊਰੋ) : ਨੋਵਾ ਸਕੋਸ਼ੀਆ ਦਾ ਮਸ਼ਹੂਰ ਮਿਊਜਿ਼ਕ ਸਟਾਰ ਹੁਣ ਸਿਆਸਤ ਵਿੱਚ ਉਤਰਨ ਦੀ ਤਿਆਰੀ ਕਰ ਰਿਹਾ ਹੈ।
ਜਾਰਜ ਕੈਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਸੈਂਟਰਲ ਨੋਵਾ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਵਜੋਂ ਚੋਣ ਪਿੜ ਵਿੱਚ ਨਿੱਤਰਣਗੇ। ਇਸ ਹਫਤੇ ਮੌਜੂਦਾ ਕੰਜ਼ਰਵੇਟਿਵ ਉਮੀਦਵਾਰ ਰੌਜਰ ਮੈਕੇਅ ਵੱਲੋਂ ਨਿਜੀ ਕਾਰਨਾਂ ਕਰਕੇ ਚੋਣਾਂ ਤੋਂ ਕਿਨਾਰਾ ਕਰਨ ਤੋਂ ਬਾਅਦ ਹੀ ਕੈਨੀਅਨ ਦਾ ਨਾਂ ਟੋਰੀ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਜਿ਼ਕਰਯੋਗ ਹੈ ਕਿ ਕੈਨੀਅਨ ਆਪਣੇ ਕੰਮ ਲਈ ਕਈ ਜੂਨੋ ਤੇ ਕੈਨੇਡੀਅਨ ਕੰਟਰੀ ਮਿਊਜਿ਼ਕ ਐਸੋਸਿਏਸ਼ਨ ਐਵਾਰਡ ਜਿੱਤ ਚੁੱਕੇ ਹਨ ਤੇ ਇਸ ਵਾਰੀ ਕੈਲਗਰੀ ਫਲੇਮਜ਼ ਗੇਮਜ਼ ਵਿੱਚ ਉਨ੍ਹਾਂ ਨੈਸ਼ਨਲ ਐਂਥਮ ਵੀ ਗਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਟੋਰੀ ਖੇਮੇ ਵਿੱਚ ਸ਼ਾਮਲ ਹੋਣ ਨਾਲ ਚੋਣਾਂ ਵਿੱਚ ਕੰਜ਼ਰਵੇਟਿਵਾਂ ਦਾ ਪੱਲੜਾ ਭਾਰੀ ਹੋ ਜਾਵੇਗਾ। ਇਹ ਹਲਕਾ ਪਹਿਲਾਂ ਵੀ ਸਿਆਸੀ ਸਿਤਾਰਿਆਂ ਦਾ ਗੜ੍ਹ ਰਿਹਾ ਹੈ।
1980ਵਿਆਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਦਾ ਆਗੂ ਬਣਨ ਤੋਂ ਬਾਅਦ ਬ੍ਰਾਇਨ ਮਲਰੋਨੀ ਨੇ ਹਾਊਸ ਆਫ ਕਾਮਨਜ਼ ਵਿੱਚ ਸੀਟ ਹਾਸਲ ਕਰਨ ਲਈ ਇੱਥੋਂ ਹੀ ਚੋਣ ਲੜੀ ਸੀ। ਇਸ ਤੋਂ ਇਲਾਵਾ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਹ ਪੀਟਰ ਮੈਕੇਅ ਦਾ ਗੜ੍ਹ ਰਿਹਾ। ਪੀਟਰ ਮੈਕੇਅ ਨੇ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ ਸੀ। ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਨੇ ਵੀ 2008 ਵਿੱਚ ਇਸ ਹਲਕੇ ਤੋਂ ਚੋਣ ਲੜ ਕੇ ਸੀਟ ਹਾਸਲ ਕਰਨ ਦੀ ਕੋਸਿ਼ਸ਼ ਕੀਤੀ ਸੀ ਪਰ ਉਹ ਮੈਕੇਅ ਹੱਥੋਂ ਹਾਰ ਗਈ।
2015 ਦੀਆਂ ਚੋਣਾਂ ਤੋਂ ਪਹਿਲਾਂ ਮੈਕੇਅ ਵੱਲੋਂ ਆਪਣਾ ਅਹੁਦਾ ਛੱਡੇ ਜਾਣ ਤੋਂ ਬਾਅਦ ਐਟਲਾਂਟਿਕ ਪ੍ਰੋਵਿੰਸਾਂ ਵਿੱਚ ਝੁੱਲੀ ਲਾਲ ਰੰਗ ਦੀ ਹਨ੍ਹੇਰੀ ਵਿੱਚ ਇਹ ਸੀਟ ਲਿਬਰਲਾਂ ਦੀ ਝੋਲੀ ਜਾ ਪਈ। ਇੱਕ ਵਾਰੀ ਫਿਰ ਕੰਜ਼ਰਵੇਟਿਵ ਇਸ ਇਲਾਕੇ ਉੱਤੇ ਆਪਣੀ ਨਜ਼ਰ ਟਿਕਾਈ ਬੈਠੇ ਹਨ ਤੇ ਉਨ੍ਹਾਂ ਨੂੰ ਇਸ ਸੀਟ ਉੱਤੇ ਮੁੜ ਕਬਜਾ ਜਮਾਉਣ ਦਾ ਪੂਰਾ ਭਰੋਸਾ ਹੈ।