Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਮਲੂਕ ਸਿੰਘ ਕਾਹਲੋਂ ਨਾਲ ਰੂ-ਬ-ਰੂ ਤੇ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਵਿਚਾਰਾਂ

August 21, 2019 01:22 AM

-ਕਵੀ ਦਰਬਾਰ ਵੀ ਹੋਇਆ


ਬਰੈਂਪਟਨ, (ਡਾ. ਝੰਡ) -ਲੰਘੇ ਐਤਵਾਰ 18 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਇਸ ਮਹੀਨੇ ਦੇ ਸਮਾਗ਼ਮ ਵਿਚ ਸਭਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਮਲੂਕ ਸਿੰਘ ਕਾਹਲੋਂ ਨਾਲ ਰੂ-ਬਰੂ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬ ਤੋਂ ਇਨ੍ਹੀਂ ਦਿਨੀਂ ਕੈਨੇਡਾ ਆਈਆਂ ਦੋ ਬੀਬੀਆਂ ਸਤਿੰਦਰ ਕੌਰ ਕਾਹਲੋਂ ਤੇ ਸੁਰਜੀਤ ਕੌਰ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ।
ਡਾ. ਸੁਖਦੇਵ ਸਿੰਘ ਝੰਡ ਵੱਲੋਂ ਆਏ ਮਹਿਮਾਨਾਂ ਦੇ ਰਸਮੀ-ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸਭਾ ਦੇ ਸਰਗ਼ਰਮ ਮੁੱਢਲੇ ਮੈਂਬਰ ਮਲੂਕ ਸਿੰਘ ਕਾਹਲੋਂ ਨੂੰ ਕੁਝ ਆਪਣੇ ਬਾਰੇ ਅਤੇ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਬੋਲਣ ਲਈ ਕਿਹਾ ਜਿਨ੍ਹਾਂ ਨੇ ਆਪਣੇ ਬਾਰੇ ਦੱਸਦਿਆ ਕਿਹਾ ਕਿ ਉਨ੍ਹਾਂ ਨੇ ਬੀ.ਕਾਮ. ਤੀਕ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ਸ਼ੁਰੂ ਕੀਤੀ। ਸ਼ੁਰੂ ਤੋਂ ਹੀ ਘਰ ਵਿਚ ਸਾਹਿਤਕ ਮਾਹੌਲ ਹੋਣ ਕਾਰਨ ਉਨ੍ਹਾਂ ਦੀ ਰੁਚੀ ਪੰਜਾਬੀ ਸਾਹਿਤ ਪੜ੍ਹਨ ਵੱਲ ਹੋ ਗਈ ਅਤੇ ਬੈਂਕ ਦੀ ਨੌਕਰੀ ਦੇ ਦੌਰਾਨ ਹੀ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੰਜਾਬੀ ਦੀ ਐੱਮ.ਏ. ਪ੍ਰਾਈਵੇਟ ਵਿਦਿਆਰਥੀ ਵਜੋਂ ਕੀਤੀ। ਇਸ ਤਰ੍ਹਾਂ ਉਨ੍ਹਾਂ ਨੂੰ ਸਾਹਿਤ ਪੜ੍ਹਨ ਦਾ ਸ਼ੌਕ ਮੁੱਢ ਤੋਂ ਹੀ ਸੀ ਅਤੇ ਆਪਣੀ ਨੌਕਰੀ ਦੌਰਾਨ ਉਨ੍ਹਾਂ ਨੇ ਕੁਝ ਮਿੰਨੀ-ਕਹਾਣੀਆਂ ਲਿਖੀਆਂ ਪਰ ਇਹ ਛਪਣ ਲਈ ਕਿਧਰੇ ਨਾ ਭੇਜੀਆਂ। ਕਵਿਤਾਵਾਂ ਉਨ੍ਹਾਂ ਨੇ ਇੱਥੇ ਕੈਨੇਡਾ ਆ ਕੇ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਇਨ੍ਹਾਂ ਦੀ ਪਹਿਲੀ ਪੁਸਤਕ 'ਲੋਕ ਵੇਦਨਾ' 2011 ਵਿਚ ਛਪੀ ਅਤੇ ਦੂਸਰੀ 'ਵਿਰਸੇ ਦੇ ਵਾਰਸ' 2013 ਵਿਚ ਛਪੀ। ਪੰਜਾਬੀ ਭਾਸ਼ਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅੱਜਕੱਲ੍ਹ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਇਸ ਨੂੰ ਬੋਲਣ, ਪੜ੍ਹਨ ਤੇ ਇਸ ਵਿਚ ਲਿਖਣ ਤੋਂ ਲੱਗਭੱਗ ਇਨਕਾਰੀ ਹੋ ਰਹੀਆਂ ਹਨ ਅਤੇ ਉਹ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਨੂੰ ਤਰਜੀਹ ਦੇ ਰਹੀਆਂ ਹਨ।
ਲਹਿੰਦੇ ਪੰਜਾਬ ਤੋਂ ਆਏ ਵਿਦਵਾਨ ਜਨਾਬ ਅਫ਼ਜਲ ਰਜ਼ਾ ਨੇ ਯੂ.ਐੱਨ.ਓ. ਦੀ ਸਾਲ 2002 ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਦੇ ਅਨੁਸਾਰ ਪੰਜਾਬੀ ਭਾਸ਼ਾ ਦੇ ਆਉਂਦੇ 50 ਸਾਲਾਂ ਵਿਚ ਖ਼ਤਮ ਹੋਣ ਦੇ ਆਸਾਰ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਨੂੰ ਬਚਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਵਿਚ ਇਸ ਨੂੰ ਰਾਜ ਦੀ ਸਰਕਾਰੀ ਭਾਸ਼ਾ ਬਣਾਉਣਾ ਅਤੇ ਇਸ ਵਿਚ ਕੰਮ-ਕਾਜ ਕਰਨਾ ਜ਼ਰੂਰੀ ਤੌਰ 'ਤੇ ਸ਼ਾਮਲ ਹੈ। ਉਨ੍ਹਾਂ ਦੀ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਪੰਜਾਬੀ ਨੂੰ ਸੰਸਾਰ ਦੀਆਂ 7400 ਭਾਸ਼ਾਵਾਂ ਵਿੱਚੋਂ ਅਹਿਮ ਭਾਸ਼ਾ ਹੋਣ ਦਾ ਮਾਣ ਹਾਸਲ ਹੈ ਅਤੇ ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਸਾਹਿਤਕਾਰਾਂ ਨੇ ਇਸ ਦੇ ਵਿਚ ਆਪਣੀ ਬਾਣੀ ਅਤੇ ਵੱਖ-ਵੱਖ ਰਚਨਾਵਾਂ ਰਚ ਕੇ ਇਸ ਨੂੰ ਅਮੀਰ ਬਣਾਇਆ ਹੈ। ਹੁਣ ਸਮੇਂ ਨਾਲ ਇਸ ਵਿੱਚੋਂ ਕਈ ਸ਼ਬਦ ਅਲੋਪ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਥਾਂ 'ਤੇ ਦੂਸਰੀਆਂ ਭਾਸ਼ਾਵਾਂ ਵਿਚੋਂ ਬਹੁਤ ਸਾਰੇ ਨਵੇਂ ਸ਼ਬਦ ਇਸ ਵਿਚ ਬੜੀ ਤੇਜ਼ੀ ਨਾਲ ਸ਼ਾਮਲ ਹੋ ਰਹੇ ਹਨ ਜਿਨ੍ਹਾਂ ਨੂੰ ‘ਜੀ ਆਇਆਂ’ ਕਹਿਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਕਦੇ ਨਹੀਂ ਮਰਦੀ, ਉਸ ਦੇ ਕਈ ਸ਼ਬਦ ਹੀ ਮਰਦੇ ਹਨ ਅਤੇ ਹੋਰ ਕਈ ਨਵੇਂ ਸ਼ਬਦ ਉਨ੍ਹਾਂ ਦੀ ਥਾਂ ਲੈ ਲੈਂਦੇ ਹਨ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਆਪਣੇ ਘਰਾਂ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨ ਅਤੇ ਇਸ ਨੂੰ ਆਪਸੀ ਬੋਲ-ਚਾਲ ਦੀ ਭਾਸ਼ਾ ਬਨਾਉਣ ਉੱਪਰ ਜ਼ੋਰ ਦਿੱਤਾ।
ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਦੱਸਿਆ ਕਿ ਅੰਗਰੇਜ਼ੀ ਵਿਚ 60 ਤੋਂ 70 ਫ਼ੀਸਦੀ ਸ਼ਬਦ ਦੂਸਰੀਆਂ ਭਾਸ਼ਾਵਾਂ ਦੇ ਹਨ। ਉਨ੍ਹਾਂ ਕਿਹਾ ਕਿ 'ਸ਼ਬਦ' ਉਹ ਹੈ ਜੋ ਲੋਕਾਂ ਵੱਲੋਂ ਬੋਲਿਆ ਜਾਂਦਾ ਹੈ ਅਤੇ ਡਿਕਸ਼ਨਰੀਆਂ ਵਿਚਲੇ ਸ਼ਬਦ 'ਸ਼ਬਦ' ਨਹੀਂ ਹਨ। ਉਨ੍ਹਾਂ ਦੇ ਅਨੁਸਾਰ ਭਾਸ਼ਾ ਇਕ ਦੂਸਰੇ ਨਾਲ ਗੱਲਬਾਤ ਕਰਨ ਦਾ ਸੰਚਾਰ-ਮਾਧਿਅਮ ਹੈ ਅਤੇ ਸ਼ਬਦ ਇਸ ਦੇ ਸਾਧਨ ਮਾਤਰ ਹਨ। ਇਸ ਦੌਰਾਨ ਪਰਮਜੀਤ ਸਿੰਘ ਗਿੱਲ ਦਾ ਕਹਿਣਾ ਸੀ ਕਿ ਕੋਈ ਵੀ ਭਾਸ਼ਾ ਓਨਾ ਚਿਰ ਵਿਕਾਸ ਨਹੀਂ ਕਰ ਸਕਦੀ ਜਿੰਨਾ ਚਿਰ ਉਸ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਨਹੀਂ ਹੁੰਦੀ। ਾਂ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਅਜੋਕੀ ਤਰਸਯੋਗ ਸਥਿਤੀ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਪ੍ਰਾਈਵੇਟ ਸਕੂਲਾਂ ਵਿਚ ਅੰਗਰੇਜ਼ੀ ਅਤੇ ਹਿੰਦੀ ਪੜ੍ਹਨ ਅਤੇ ਇਨ੍ਹਾਂ ਭਾਸ਼ਾਵਾਂ ਵਿਚ ਹੀ ਗੱਲਬਾਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਕਈਆਂ ਸਕੂਲਾਂ ਵਿਚ ਤਾਂ ਵਿਦਿਆਰਥੀਆਂ ਵੱਲੋਂ ਪੰਜਾਬੀ ਬੋਲਣ 'ਤੇ ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ। ਹੁਣ ਪੰਜਾਬੀ ਕੇਵਲ ਸਰਕਾਰੀ ਸਕੂਲਾਂ ਵਿਚ ਹੀ ਦਲਿਤ ਅਤੇ ਯੂ.ਪੀ., ਮੱਧ ਪ੍ਰਦੇਸ਼, ਬਿਹਾਰ ਤੇ ਹੋਰ ਰਾਜਾਂ ਤੋਂ ਆਏ ਭਈਆਂ ਦੇ ਬੱਚੇ ਹੀ ਪੜ੍ਹ ਰਹੇ ਹਨ। ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਉਨ੍ਹਾਂ ਦੇ ਇਸ ਕਥਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਇਹ ਚਿੱਟੇ ਦਿਨ ਵਰਗੀ ਸੱਚਾਈ ਹੈ ਅਤੇ ਇਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਪੰਜਾਬ ਅਤੇ ਅਮਰੀਕਾ, ਕੈਨੇਡਾ ਵਰਗੇ ਇਨ੍ਹਾਂ ਵਿਕਸਤ ਦੇਸ਼ਾਂ ਵਿਚ ਬੱਚੇ ਪੰਜਾਬੀ ਪੜ੍ਹਨਾ ਨਹੀਂ ਚਾਹੁੰਦੇ ਅਤੇ ਉਹ ਅੰਗਰੇਜ਼ੀ, ਸਪੈਨਿਸ਼, ਫ਼ਰੈਂਚ ਤੇ ਹੋਰ ਭਾਸ਼ਾਵਾਂ ਨੂੰ ਤਰਜੀਹ ਦੇ ਰਹੇ ਹਨ। ਸਭਾ ਦੇ ਇਕ ਹੋਰ ਸਰਗ਼ਰਮ ਮੈਂਬਰ ਸੇਵਾ-ਮੁਕਤ ਵਕੀਲ ਦਰਸ਼ਨ ਸਿੰਘ ਦਰਸ਼ਨ ਵੱਲੋਂ ਵੀ ਆਪਣੇ ਸੰਬੋਧਨ ਪੰਜਾਬੀ ਭਾਸ਼ਾ ਲਈ ਸਰਕਾਰੀ ਸਰਪ੍ਰਸਤੀ ਦੀ ਜ਼ੋਰਦਾਰ ਵਕਾਲਤ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਹੈ ਕਿ ਪੰਜਾਬ ਦੀਆਂ ਅਜੋਕੀਆਂ ਸਰਕਾਰਾਂ ਇਸ ਜਿ਼ਮੇਂਵਾਰੀ ਤੋਂ ਪਿੱਛੇ ਹੱਟ ਰਹੀਆਂ ਹਨ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਕਈ ਦਰਬਾਰ ਦੇ ਸੰਚਾਲਨ ਦੀ ਜਿ਼ਮੇਂਵਾਰੀ ਸਭਾ ਦੇ ਕੋਆਰਡੀਨੇਟਰ ਪਰਮਜੀਤ ਢਿੱਲੋਂ ਨੇ ਸੰਭਾਲੀ ਅਤੇ ਵਾਰੋ-ਵਾਰੀ ਜਨਾਬ ਮਕਸੂਦ ਚੌਧਰੀ, ਸੁਰਿੰਦਰ ਸ਼ਰਮਾ, ਸੁਖਦੇਵ ਝੰਡ, ਪ੍ਰੀਤਮ ਧੰਜਲ, ਸਤਿੰਦਰ ਕਾਹਲੋਂ, ਸੁਰਜੀਤ ਕੌਰ, ਇਕਬਾਲ ਬਰਾੜ, ਲਖਬੀਰ ਸਿੰਘ ਕਾਹਲੋਂ, ਰਮੇਸ਼, ਗਿਆਨ ਸਿੰਘ ਦਰਦੀ, ਦਰਸ਼ਨ ਸਿੱਧੂ, ਪਰਮਜੀਤ ਬਾਸੀ, ਪਰਮਜੀਤ ਦਿਓਲ, ਤਲਵਿੰਦਰ ਮੰਡ, ਡਾ. ਪਰਗਟ ਸਿੰਘ ਬੱਗਾ, ਜਰਨੈਲ ਸਿੰਘ ਮੱਲ੍ਹੀ ਅਤੇ ਕਰਨ ਅਜਾਇਬ ਸਿੰਘ ਸੰਘਾ ਨੂੰ ਆਪਣੀ ਰਚਨਾਵਾਂ ਪੇਸ਼ ਕਰਨ ਲਈ ਮੰਚ 'ਤੇ ਆਉਣ ਦਾ ਸੱਦਾ ਦਿੱਤਾ। ਜਿੱਥੇ ਹੋਰ ਸਾਰੇ ਕਵੀਆਂ/ਕਵਿੱਤਰੀਆਂ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਸੁਣਾਈਆਂ, ਉੱਥੇ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਸ਼ਹੂਰ ਲੋਕਗੀਤ 'ਕਿਤੇ ਤਾਂ ਲਾਨੀਆਂ ਟਾਹਲੀਆਂ, ਪੱਤਾਂ ਵਾਲੀਆਂ, ਨੀ ਮੇਰਾ ਪਤਲਾ ਮਾਹੀ', ਰਮੇਸ਼ ਨੇ ਚਰਨ ਸਿੰਘ ਸਫ਼ਰੀ ਦਾ ਇਕ ਗੀਤ ਅਤੇ ਲਖਬੀਰ ਕਾਹਲੋਂ ਨੇ 'ਹੀਰ' ਦੇ ਕੁਝ ਬੰਦ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਕਰਨ ਅਜਾਇਬ ਸਿੰਘ ਸੰਘਾ ਨੇ ਪ੍ਰਧਾਨਗੀ-ਭਾਸ਼ਨ ਵਿਚ ਮਲੂਕ ਸਿੰਘ ਕਾਹਲੋਂ ਦੇ ਪਰਿਵਾਰਿਕ ਪਿਛੋਕੜ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਨੂੰ ਵਿਰਸੇ ਵਿਚ ਮਿਲੀਆਂ ਨਿੱਗਰ ਕਦਰਾਂ-ਕੀਮਤਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ .ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਬਲਰਾਜ ਚੀਮਾ ਵੱਲੋਂ ਆਏ ਮਹਿਮਾਨਾਂ ਅਤੇ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗ਼ਮ ਦਾ ਵਿਸ਼ੇਸ਼ ਹਾਸਲ ਸੀ ਇਸ ਵਿਚ ਕਈ ਨਵੇਂ ਕਵੀ/ਕਵਿੱਤਰੀਆਂ ਦਰਸ਼ਨ ਸਿੱਧੂ, ਰਮੇਸ਼, ਸਤਿੰਦਰ ਕਾਹਲੋਂ, ਸੁਰਜੀਤ ਕੌਰ, ਪਰਮਜੀਤ ਬਾਸੀ ਆਦਿ ਸ਼ਾਮਲ ਹੋਏ ਅਤੇ ਉਨ੍ਹਾਂ ਅੱਗੋਂ ਵੀ ਇੰਜ ਹੀ ਸਭਾ ਦੇ ਸਮਾਗ਼ਮਾਂ ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ। ਹਾਜ਼ਰੀਨ ਵਿਚ ਜਸਵਿੰਦਰ ਸਿੰਘ, ਬਿਅੰਤ ਸਿੰਘ ਵਿਰਦੀ, ਕਾਮਰੇਡ ਸੁਖਦੇਵ ਧਾਲੀਵਾਲ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ ਮੇਅਰ ਚਾਓ ਨੇ ਗਰਮੀ ਰਾਹਤ ਰਣਨੀਤੀ ਦੀ ਸਮੀਖਿਆ ਦੀ ਕੀਤੀ ਮੰਗ ਟੋਰਾਂਟੋ ਦੇ ਦੋ ਵਿਅਕਤੀਆਂ ਸਣੇ ਤਿੰਨ `ਤੇ ਈਨੋਵੇਸ਼ਨ ਘੁਟਾਲੇ ਵਿਚ 3 ਲੱਖ ਡਾਲਰ ਦੀ ਧੋਖਾਧੜੀ ਦੇ ਲੱਗੇ ਦੋਸ਼ ਦਿਲਜੀਤ ਦੋਸਾਂਝ 'ਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸ਼ੁਰੂ ਕਰੇਗੀ ਕੋਰਸ