Welcome to Canadian Punjabi Post
Follow us on

25

January 2021
ਟੋਰਾਂਟੋ/ਜੀਟੀਏ

‘ਰੋਜ਼ ਥੀਏਟਰ’ ਵਿਚ ਚਾਰ ਘੰਟੇ ਲਗਾਤਾਰ ਚੱਲੀ ਪਾਤਰ ਦੀ ਸ਼ਾਇਰੀ ਤੇ ਸੁਰਾਂ ਦੀ ਸਰਗਮ

August 21, 2019 01:14 AM

-ਸੁਰਜੀਤ ਪਾਤਰ ਤੇ ਵਰਿਆਮ ਸੰਧੂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ

  
ਬਰੈਂਪਟਨ, (ਡਾ. ਝੰਡ) ਲੰਘੇ ਸ਼ਨੀਵਾਰ 17 ਅਗੱਸਤ ਨੂੰ ਬਰੈਂਪਟਨ ਦੇ ‘ਰੋਜ਼ ਥਇੇਟਰ’ ਵਿਚ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਨਾਲ ਉਨ੍ਹਾਂ ਦੀ ਸ਼ਾਇਰੀ ਬਾਰੇ ਦਿਲਚਸਪ ਰੂ-ਬ-ਰੂ ਅਤੇ ਉਨ੍ਹਾਂ ਦੀਆਂ ਗ਼ਜ਼ਲਾਂ ਤੇ ਗੀਤਾਂ ਦਾ ਸੰਗੀਤਮਈ ਸਮਾਗ਼ਮ ਸ਼ਾਮ 6.00 ਵਜੇ ਤੋਂ ਰਾਤ ਦੇ 10.00 ਵਜੇ ਤੱਕ ਚੱਲਦਾ ਰਿਹਾ। ਇਸ ਦੌਰਾਨ ਪਾਤਰ ਦੀ ਸ਼ਖ਼ਸੀਅਤ ਦੀਆਂ ਵੱਖ-ਵੱਖ ਪਰਤਾਂ ਪੰਜਾਬੀ ਦੇ ਪ੍ਰਸਿਧ ਲੇਖਕ ਡਾ. ਵਰਿਆਮ ਸਿੰਘ ਸੰਧੂ ਵੱਲੋਂ ਕੀਤੇ ਗਏ ਰੌਚਕ ਸੁਆਲਾਂ ਅਤੇ ਪਾਤਰ ਵੱਲੋਂ ਦਿੱਤੇ ਗਏ ਉਨ੍ਹਾਂ ਦੇ ਖ਼ੂਬਸੂਰਤ ਜੁਆਬਾਂ ਨਾਲ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਆਪਣੇ ਦਿਲਚਸਪ ਸੁਆਲਾਂ ਦੌਰਾਨ ਵਰਿਆਮ ਸੰਧੂ ਨੇ ਪਦਮਸ਼੍ਰੀ ਸੁਰਜੀਤ ਪਾਤਰ ਨੂੰ ‘ਲੋਕ-ਮਨਾਂ ਦਾ ਸ਼ਾਇਰ’ ਤੇ ‘ਪੰਜਾਬੀ ਸ਼ਾਇਰੀ ਦਾ ਮਾਊਂਟ ਐਵਰਿਸਟ’ ਵਰਗੇ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਪਾਤਰ ਹੋਰਾਂ ਨੂੰ ਉਨ੍ਹਾਂ ਦੇ ਬਚਪਨ, ਪੰਜਾਬ ਤੇ ਪਰਵਾਸ, ਸ਼ਾਇਰੀ ਦੀ ਪ੍ਰਕਿਰਿਆ ਤੇ ਪਿਛੋਕੜ, ਜਵਾਨੀ ਦੇ ਦਿਨਾਂ ਦੀਆਂ ਖ਼ੂਬਸੂਰਤ ਯਾਦਾਂ, ਵਿਵਾਹਿਤ-ਜੀਵਨ, ਗ਼ਜਲ਼ਾਂ ਤੇ ਗੀਤਾਂ ਵਿਚ ਬਿਰਖਾਂ ਦੇ ਬਾਰ-ਬਾਰ ਜਿ਼ਕਰ, ਆਦਿ ਬਾਰੇ ਕਈ ਸੁਆਲ ਕੀਤੇ ਜਿਨ੍ਹਾਂ ਦੇ ਜੁਆਬ ਪਾਤਰ ਵੱਲੋਂ ਆਪਣੀਆਂ ਗ਼ਜ਼ਲਾਂ ਦੇ ਕਈ ਸਿ਼ਅਰਾਂ ਅਤੇ ਗੀਤਾਂ ਦੇ ਹਵਾਲਿਆਂ ਨਾਲ ਕਲਾਤਮਿਕ ਅੰਦਾਜ਼ ਵਿਚ ਦਿੱਤੇ ਗਏ। ਸੁਆਲਾਂ-ਜੁਆਬਾਂ ਦੇ ਇਸ ਦਿਲਚਸਪ ਸਿਲਸਿਲੇ ਦੌਰਾਨ ਵਰਿਆਮ ਸੰਧੂ ਨੇ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸੂਤਰਧਾਰ ਦੀ ਭੁਮਿਕਾ ਬਾਖ਼ੂਬੀ ਨਿਭਾਈ।
ਦਿਲਕਸ਼ ਜੁਆਬਾਂ ਵਿਚ ਪਾਤਰ ਨੇ ਸ਼ੁਰਆਤੀ ਦੌਰ ਵਿਚ ਲਿਖੀਆਂ ਆਪਣੀਆਂ ਗ਼ਜ਼ਲਾਂ ‘ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ’ ਤੇ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਆਦਿ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਵਿਚ ਬਿਰਖਾਂ ਦਾ ਜਿ਼ਕਰ ਸੁੱਤੇ-ਸਿੱਧ ਹੀ ਆ ਗਿਆ ਜਦੋਂ ਉਨ੍ਹਾਂ ਨੇ ਪੀ.ਏ.ਯੂ. ਵਿਚ ਰੁੱਖਾਂ ਹੇਠੋਂ ਲੰਘਦੀਆਂ ਕੁੜੀਆਂ ਦੇ ਝੁੰਡ ਨੂੰ ਤੱਕਿਆ ਅਤੇ ਲੁਧਿਆਣੇ ਦੀ ਪੁਰਾਣੀ ਕਚਹਿਰੀ ਨੇੜਿਉਂ ਲੰਘਦਿਆਂ ਉਨ੍ਹਾਂ ਦੀ ਨਜਰ ਉੱਥੇ ਕਚਹਿਰੀ ਵਿਚਲੇ ਉੱਚੇ-ਉੱਚੇ ਰੁੱਖਾਂ ‘ਤੇ ਪਈ ਜੋ ਉਨ੍ਹਾਂ ਨੂੰ ਕਚਹਿਰੀ ਵਿਚ ਖੜੇ ਬੰਦਿਆਂ ਵਾਂਗ ਜਾਪੇ। ਉਨ੍ਹਾਂ ਸਰੋਤਿਆਂ ਨਾਲ ਆਪਣੀਆਂ ਗ਼ਜ਼ਲਾਂ ਦੇ ਕਈ ਸਿ਼ਅਰ ਸਾਂਝੇ ਕੀਤੇ ਜਿਨ੍ਹਾਂ ਵਿਚੋਂ ‘ਲੋਕਾਂ ਨੂੰ ਜਦ ਯਾਦ ਕੀਤਾ, ਮੈਂ ਇਕੱਲਾ ਰਹਿ ਗਿਆ, ਸਤਿਗੁਰਾਂ ਨੂੰ ਯਾਦ ਕੀਤਾਂ, ਮੈਂ ਸਵਾ ਲੱਖ ਹੋ ਗਿਆ’, ‘ਖੋਲ੍ਹ ਦੇਂਦਾ ਦਿਲ ਜੇ ਸ਼ਬਦਾਂ ਵਿਚ ਯਾਰਾਂ ਦੇ ਨਾਲ, ਖੋਲ੍ਹਣਾ ਪੈਦਾ ਨਾ ਫਿਰ ਇਹ ਅੱਜ ਔਜ਼ਾਰਾਂ ਦੇ ਨਾਲ’ ਅਤੇ ‘ਮੇਰੇ ਅੰਦਰ ਵੀ ਚੱਲਦੀ ਏ ਇਕ ਗੁਫ਼ਤਗੂ, ਜਿੱਥੇ ਪੁਰਖ਼ੇ ਤੇ ਵਾਰਿਸ ਹੋਵਣ ਰੂ-ਬਰੂ’ ਆਦਿ ਨੂੰ ਸਰੋਤਿਆਂ ਦੀਆਂ ਭਰਪੂਰ ਤਾੜੀਆਂ ਮਿਲੀਆਂ। ਸਰੋਤਿਆਂ ਦੀ ਫ਼ਰਮਾਇਸ਼ ‘ਤੇ ਉਨ੍ਹਾਂ ਨੇ ਆਪਣੀਆਂ ਕੁਝ ਗ਼ਜਲਾਂ ਤਰੰਨਮ ਵਿਚ ਗਾਈਆਂ। ਇਸ ਦੌਰਾਨ ਬਚਪਨ ਵਿਚ ਬਾਪ ਦੇ ਸੱਤ-ਸਮੁੰਦਰ ਪਾਰ ਜਾਣ ਸਮੇਂ ਦਰਵਾਜ਼ੇ ਵਿਚ ਗੜਵੀ ਵਿਚ ਪਾਣੀ ਲੈ ਕੇ ਖੜੀ ਵੱਡੀ ਭੇਣ ਦੇ ਉਸ ‘ਕੁੰਭ’ ਵਿਚ ਬਾਪ ਵੱਲੋਂ ਉਸ ਦੇ ਵਿਚ ਸੁੱਟੇ ਗਏ ਸਿੱਕੇ ਅਤੇ 1996 ਦੀ ਕੋਲੰਬੀਆ ਦੀ ਫੇਰੀ ਦੌਰਾਨ ਸਪੈਨਿਸ਼ ਲੋਕਾਂ ਦੇ ਵੱਡੇ ਇਕੱਠ ਵਿਚ ਸੁਣਾਈ ਗਈ ਕਵਿਤਾ ‘ਮਾਂ’ ਜਿਸ ਦਾ ਸਪੈਨਿਸ਼ ਭਾਸ਼ਾ ਵਿਚ ਨਾਲ਼ੋ-ਨਾਲ਼ ਤਰਜਮਾ ਕੀਤਾ ਗਿਆ ਸੀ, ਤੋਂ ਪ੍ਰੜਾਵਿਤ ਹੋਏ ਇਕ ਬੱਚੇ ਉੱਪਰ ਲਿਖੀ ਕਵਿਤਾ ‘ਜਾਗੂਗਰ’ ਦੇ ਜਿ਼ਕਰ ਨੇ ਸਰੋਤਿਆਂਾਂ ਨੂੰ ਭਾਵੁਕ ਕਰ ਕੀਤਾ।
ਸਮਾਗ਼ਮ ਵਿਚ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਉਨ੍ਹਾਂ ਦੇ ਛੋਟੇ ਭਰਾ ਉਪਕਾਰ ਸਿੰਘ, ਹੋਣਹਾਰ ਸਪੁੱਤਰ ਮਨਰਾਜ ਪਾਤਰ ਅਤੇ ਮੋਹਸਿਨ ਸ਼ੌਕਤ ਅਲੀ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਮਾਸਟਰ ਨਦੀਮ ਅਲੀ ਦੇ ਮਿਊਜਿ਼ਕ ਗਰੁੱਪ ਦੀ ਸੰਗਤ ਨਾਲ ਆਪੋ ਆਪਣੇ ਵਿਲੱਖਣ ਅੰਦਾਜ਼ ਵਿਚ ਗਾਇਆ ਜਿਸ ਨੂੰ ਖਚਾ-ਖੱਚ ਭਰੇ ਹਾਲ ਵਿਚ ਸਰੋਤਿਆਂ ਨੇ ਖ਼ੂਬ ਮਾਣਿਆਂ ਅਤੇ ਆਪਣੀਆਂ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਨੂੰ ਭਰਪੂਰ ਦਾਦ ਦਿੱਤੀ। ਤਿੰਨਾਂ ਗਾਇਕਾਂ ਵੱਲੋਂ ਪਾਤਰ ਦੀਆਂ ਵੱਖ-ਵੱਖ ਗ਼ਜ਼ਲਾਂ ਦੀ ਗਾਇਕੀ ਦੇ ਦੌਰ ਤੋਂ ਬਾਅਦ ਉਸ ਦੇ ਗੀਤਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿਚ ਮਨਰਾਜ ਪਾਤਰ ਦੇ ਗਾਏ ਗੀਤ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’ ਨੇ ਸਰੋਤਿਆਂ ਦੀ ਵਿਸ਼ੇਸ਼ ਵਾਹ-ਵਾਹ ਖੱਟੀ।
ਇਸ ਸ਼ੁਭ ਅਵਸਰ ‘ਤੇ 'ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ' ਅਤੇ ਆਰ.ਬੀ.ਸੀ. ਦੇ ਅਵਾਰਡ ਜੇਤੂ ਸੀਨੀਅਰ ਮੌਰਟਗੇਜ ਸਪੈਸ਼ਲਿਸਟ ਸਰਬਜੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਸੁਰਜੀਤ ਪਾਤਰ ਨੂੰ ਉਨ੍ਹਾਂ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਸੇਵਾਵਾਂ ਸਦਕਾ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਵਾਲਿਆਂ ਵਿਚ ਕਾਨਫ਼ਰੰਸ ਦੇ ਚੇਅਰਮੈਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ, ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ, ਸਰਬਜੀਤ ਸਿੰਘ, ਡਾ. ਗੁਰਚਰਨ ਸਿੰਘ ਅਤੇ ਕਈ ਹੋਰ ਸ਼ਾਮਲ ਸਨ। ਇਸ ਦੇ ਨਾਲ ਹੀ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੂੰ ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਦੇ ਉਪਰੋਕਤ ਅਹੁਦੇਦਾਰਾਂ ਅਤੇ ‘ਕਰਾਊਨ ਇਮੀਗ੍ਰੇਸ਼ਨ’ ਦੇ ਸੰਚਾਲਕ ਰਾਜਪਾਲ ਹੋਠੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿਚ ਉਨ੍ਹਾਂ ਤੋਂ ਇਲਾਵਾ ਨਵਪਾਲ ਹੋਠੀ, ਬਵਨੀਤ ਅਮਲੋਹ, ਦਿਲਪ੍ਰੀਤ ਜੌਹਲ ਅਤੇ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ। ਸ਼ਾਇਰੀ ਦੀ ਇਸ ਸੁਰਮਈ ਸ਼ਾਮ ਦੇ ਆਯੋਜਿਕ ਟੋਰਾਂਟੋੋ ਦੇ ਜਾਣੇ-ਪਛਾਣੇ ਮੀਡੀਆਕਾਰ ‘ਪ੍ਰਾਈਮ ਏਸ਼ੀਆ’ ਟੀ.ਵੀ. ਦੇ ਹਰਮਨ-ਪਿਆਰੇ ਪ੍ਰੋਗਰਾਮ ‘ਸੀਰਤ’ ਦੇ ਸੰਚਾਲਕ ਸੁਪਨ ਸੰਧੂ ਸਨ ਜਿਨ੍ਹਾਂ ਨੇ ਰਾਜਬੀਰ ਦੇ ਨਾਲ ਮੰਚ-ਸੰਚਾਲਨ ਦੀ ਭੁਮਿਕਾ ਬਾਖ਼ੂਬੀ ਨਿਭਾਈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
24 ਘੰਟੇ ਵਿੱਚ ਟੋਅ ਟਰੱਕ ਡਰਾਈਵਰਾਂ ਨਾਲ ਜੁੜੇ ਤਿੰਨ ਮਾਮਲਿਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ
ਇੰਡਸਟਰੀਅਲ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ
ਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾ
ਮਹਿਲਾ ਉੱਤੇ ਚਾਕੂ ਨਾਲ ਕੀਤਾ ਗਿਆ ਹਮਲਾ 2 ਮਸ਼ਕੂਕਾਂ ਦੀ ਪੁਲਿਸ ਕਰ ਰਹੀ ਹੈ ਭਾਲ
ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਅਦਾਰਿਆਂ ਤੇ ਵਿਅਕਤੀਆਂ ਨੂੰ ਹੋ ਸਕਦਾ ਹੈ ਜੁਰਮਾਨਾ ਤੇ ਸਜ਼ਾ
ਬੈਰੀ ਐਲਟੀਸੀ ਹੋਮ ਵਿੱਚ ਐਲਾਨੀ ਗਈ ਆਊਟਬ੍ਰੇਕ ਕੋਵਿਡ-19 ਵੇਰੀਐਂਟ ਮਿਲਣ ਦਾ ਖਦਸ਼ਾ
ਨੌਰਥ ਯੌਰਕ ਵਿੱਚ ਚੱਲੀ ਗੋਲੀ, ਦੋ ਘਰਾਂ ਤੇ ਗੱਡੀਆਂ ਨੂੰ ਹੋਇਆ ਨੁਕਸਾਨ
ਕੈਨੇਡਾ ਪੋਸਟ ਦੀ ਮਿਸੀਸਾਗਾ ਫੈਸਿਲਿਟੀ ਦੇ 121 ਮੁਲਾਜ਼ਮ ਹੁਣ ਤੱਕ ਪਾਏ ਜਾ ਚੁੱਕੇ ਹਨ ਕੋਵਿਡ-19 ਪਾਜ਼ੀਟਿਵ
ਜੀਟੀਏ ਭਰ ਵਿੱਚ ਸਸਪੈਂਡ ਰਹੇਗੀ ਇਨ-ਪਰਸਨ ਲਰਨਿੰਗ
ਨਿਯਮਾਂ ਦੀ ਉਲੰਘਣਾ ਦੇ ਸਬੰਧ ਵਿੱਚ ਵਾਲਮਾਰਟ, ਕੌਸਕੋ, ਸ਼ਾਪਰਜ਼ ਡਰੱਗ ਮਾਰਟ ਨੂੰ ਕੀਤਾ ਗਿਆ ਜ਼ੁਰਮਾਨਾ