ਕਿਊਬਿਕ, 19 ਅਗਸਤ (ਪੋਸਟ ਬਿਊਰੋ) : 2011 ਤੋਂ ਐਨਡੀਪੀ ਐਮਪੀ ਵਜੋਂ ਸੇਵਾ ਨਿਭਾਅ ਰਹੇ ਪਿਏਰੇ ਨੈਂਟਲ ਅਕਤੂਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਗ੍ਰੀਨ ਪਾਰਟੀ ਦੇ ਬੈਨਰ ਹੇਠ ਚੋਣ ਲੜਨਗੇ।
ਨੈਂਟਲ ਨੇ ਸੋਮਵਾਰ ਨੂੰ ਆਪਣੇ ਲੌਂਗਉਇਲ ਕਿਊਬਿਕ ਹਲਕੇ ਤੋਂ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਦੀ ਹਾਜ਼ਰੀ ਵਿੱਚ ਇਹ ਐਲਾਨ ਕੀਤਾ। ਦੂਜੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਦੀਆਂ ਰਿਪੋਰਟਾਂ ਮਿਲਣ ਉਪਰੰਤ ਸੁ਼ੱਕਰਵਾਰ ਨੂੰ ਨੈਂਟਲ ਨੂੰ ਐਨਡੀਪੀ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਦੋਂ ਤੋਂ ਹੀ ਨੈਂਟਲ ਪੂਰੀ ਸਰਗਰਮੀ ਨਾਲ ਕਲਾਈਮੇਟ ਚੇਂਜ ਤੇ ਵਾਤਾਵਰਣ ਸਬੰਧੀ ਮੁੱਦਿਆਂ ਉੱਤੇ ਟਵੀਟ ਕਰ ਰਹੇ ਹਨ।
ਐਨਡੀਪੀ ਵਿੱਚੋਂ ਬਾਹਰ ਕੀਤੇ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਨੈਂਟਲ ਨੇ ਫਰੈਂਚ ਵਿੱਚ ਟਵੀਟ ਕੀਤਾ ਕਿ ਉਨ੍ਹਾਂ ਦੀਆਂ ਤਰਜੀਹਾਂ ਪਹਿਲਾਂ ਵਾਂਗ ਹੀ ਕਿਊਬਿਕ ਤੇ ਕਲਾਈਮੇਟ ਰਹਿਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਂਟਲ ਨੇ ਆਖਿਆ ਕਿ ਵਾਤਾਵਰਣ ਵਿੱਚ ਕੁੱਝ ਤਾਂ ਗੜਬੜ ਹੋ ਰਹੀ ਹੈ। ਸਾਨੂੰ ਇਸ ਪ੍ਰਤੀ ਸੰਜੀਦਗੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਜੇ ਤੁਸੀਂ ਕਲਾਈਮੇਟ ਲਈ ਫਿਕਰਮੰਦ ਹੋਂ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਲਿਬਰਲ ਹੋਂ, ਕੰਜ਼ਰਵੇਟਿਵ ਹੋਂ, ਖੁਦਮੁਖ਼ਤਿਆਰ ਹੋਂ ਜਾਂ ਕਿਸੇ ਵੀ ਹੋਰ ਪਾਰਟੀ ਨਾਲ ਸਬੰਧਤ ਹੋਂ। ਪਰ ਤੁਹਾਨੂੰ ਇਸ ਸਾਲ ਗ੍ਰੀਨ ਨੂੰ ਹੀ ਵੋਟ ਕਰਨਾ ਹੋਵੇਗਾ।
ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੇ ਇੱਕ ਐਨਡੀਪੀ ਕੁਲੀਗ ਨੇ ਉਨ੍ਹਾਂ ਉੱਤੇ ਟੀਮ ਪਲੇਅਰ ਨਾ ਹੋਣ ਦਾ ਦੋਸ਼ ਵੀ ਲਾਇਆ। ਇਸ ਵਾਰੀ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਗ੍ਰੀਨ ਪਾਰਟੀ ਦੇ ਵੀ ਉਭਰ ਕੇ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਹਨ। ਚੋਣ ਸਰਵੇਖਣਾਂ ਤੇ ਫੰਡਰੇਜਿ਼ੰਗ ਵਿੱਚ ਇਸ ਵਾਰੀ ਗ੍ਰੀਨ ਪਾਰਟੀ ਦੀ ਚੜ੍ਹਤ ਨਜ਼ਰ ਆਈ ਹੈ।