Welcome to Canadian Punjabi Post
Follow us on

25

January 2021
ਮਨੋਰੰਜਨ

ਅੰਦਰ ਦੀ ਗੱਲ

August 14, 2019 10:13 AM

-ਐਸ ਸਾਕੀ
ਰਮਨ ਕਪੂਰ ਦੀ ਜ਼ਿੰਦਗੀ ਬਹੁਤ ਵਧੀਆ ਟੁਰ ਰਹੀ ਸੀ। ਸਿੰਜਾਈ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ 'ਤੇ ਸੀ, ਜਿਸ ਹੇਠ ਬਹੁਤ ਵੱਡਾ ਸਟਾਫ ਕੰਮ ਕਰਦਾ ਸੀ। ਘਰ ਵਿੱਚ ਪਤਨੀ ਰਾਧਾ ਕਪੂਰ ਸੀ, ਬਹੁਤ ਨੇਕ ਅਤੇ ਚੰਗੇ ਸੁਭਾਅ ਦੀ ਪਤੀ ਪਤਨੀ ਬਹੁਤ ਪਿਆਰ ਨਾਲ ਰਹਿੰਦੇ ਸਨ। ਉਨ੍ਹਾਂ ਦਾ ਵਿਆਹ ਹੋਇਆਂ ਤਾਂ ਭਾਵੇਂ ਦਸ ਵਰ੍ਹੇ ਹੋ ਗਏ ਸਨ, ਪਰ ਔਲਾਦ ਕੋਈ ਨਹੀਂ ਸੀ। ਇਸ ਵਿੱਚ ਕੋਈ ਵੀ ਇਕ ਦੂਜੇ ਨੂੰ ਦੋਸ਼ੀ ਨਾ ਠਹਿਰਾਉਂਦਾ। ਜਦੋਂ ਉਨ੍ਹਾਂ ਦੋਵਾਂ ਨੇ ਡਾਕਟਰਾਂ ਕੋਲੋਂ ਚੈਕਅਪ ਕਰਵਾਇਆ ਤਾਂ ਦੋਵੇਂ ਠੀਕ ਸਨ। ਦੋਵੇਂ ਮਾਤਾ ਪਿਤਾ ਬਣ ਸਕਦੇ ਸਨ। ਇਹ ਤਾਂ ਬੱਸ ਰੱਬ ਦਾ ਭਾਣਾ ਜਾਂ ਰੱਬ ਦਾ ਕਰੋਪ ਸੀ ਕਿ ਦੋਵਾਂ ਦੇ ਠੀਕ ਹੋਣ 'ਤੇ ਵੀ ਉਨ੍ਹਾਂ ਘਰ ਕੋਈ ਬਾਲ ਨਾ ਖੇਡਿਆ। ਕਈ ਵਾਰੀ ਪਤੀ ਪਤਨੀ ਬੈਠੇ ਗੱਲਾਂ ਕਰਦੇ। ਪਤੀ ਨੂੰ ਲਿਖਣ ਦਾ ਬਹੁਤ ਸ਼ੌਕ ਸੀ। ਉਹਦਾ ਸਾਹਿਤ ਖੇਤਰ ਵਿੱਚ ਕਹਾਣੀਕਾਰ ਹੋਣ ਨਾਤੇ ਖਾਸਾ ਨਾਂ ਸੀ। ਜਦੋਂ ਕੋਈ ਨਵੀਂ ਰਚਨਾ ਉਸ ਦੀ ਕਲਮ ਤੋਂ ਜਨਮ ਲੈਂਦੀ ਤਾਂ ਸਭ ਤੋਂ ਪਹਿਲਾਂ ਉਹ ਪਤਨੀ ਨੂੰ ਸੁਣਾਉਂਦਾ ਕਿਉਂਕਿ ਉਹ ਉਸ ਦੀ ਪਹਿਲੀ ਪਾਠਕ ਤੇ ਆਲੋਚਕ ਸੀ। ਭਾਵੇਂ ਘਰ ਵਿੱਚ ਸਭ ਕੁਝ ਸੀ। ਵੱਡੀ ਚੰਗੀ ਨੌਕਰੀ ਸੀ। ਪੈਸੇ ਦੀ ਕੋਈ ਤੰਗੀ ਨਹੀਂ ਸੀ, ਪਰ ਤਾਂ ਵੀ ਦੋਵਾਂ ਨੂੰ ਆਪਣਾ ਜੀਵਨ ਸੁੰਨਾ-ਸੁੰਨਾ ਲੱਗਦਾ ਤੇ ਘਰ ਖਾਲੀ-ਖਾਲੀ ਜਾਪਦਾ ਸੀ।
‘ਰਾਧਾ, ਮੈਂ ਇਕ ਗੱਲ ਸੋਚੀ ਹੈ।' ਇਕ ਦਿਨ ਸ਼ਾਮੀਂ ਲਾਅਨ ਵਿੱਚ ਚਾਹ ਪੀਂਦੇ ਹੋਏ ਰਮਨ ਕਪੂਰ ਨੇ ਪਤਨੀ ਨੂੰ ਕਿਹਾ। ਪਤੀ ਦੀ ਗੱਲ ਸੁਣ ਕੇ ਉਹ ਅੱਗੋਂ ਬੋਲੀ ਕੁਝ ਨਹੀਂ, ਸਗੋਂ ਇਹ ਜਾਣਨ ਲਈ ਉਸ ਦੇ ਚਿਹਰੇ ਵੱਲ ਵੇਖਣ ਲੱਗੀ ਕਿ ਉਸ ਨੇ ਕੀ ਗੱਲ ਸੋਚੀ ਹੈ।
‘ਮੈਂ ਸੋਚਦਾਂ ਅਸੀਂ ਯਤੀਮਖਾਨੇ ਤੋਂ ਕੋਈ ਬਾਲ ਗੋਦ ਲੈ ਲੈਂਦੇ ਹਾਂ ਤੇ ਉਸ ਨੂੰ ਆਪਣਾ ਪੁੱਤਰ ਬਣਾ ਕੇ ਪਾਲਦੇ ਹਾਂ। ਇਸ ਬਾਰੇ ਤੇਰਾ ਕੀ ਵਿਚਾਰ ਹੈ?'
ਕੁਝ ਚਿਰ ਰਾਧਾ ਕਪੂਰ ਕੁਝ ਨਹੀਂ ਬੋਲੀ, ਫਿਰ ਸੋਚ ਕੇ ਉਸ ਨੇ ਕਿਹਾ, ‘ਤੁਸੀਂ ਠੀਕ ਕਹਿੰਦੇ ਹੋ। ਇਹ ਜ਼ਰੂਰੀ ਤਾਂ ਨਹੀਂ ਕਿ ਆਪਣਾ ਪੈਦਾ ਕੀਤਾ ਬੱਚਾ ਹੀ ਆਪਣਾ ਹੁੰਦੈ। ਕਿਸੇ ਵੀ ਬੱਚੇ ਨੂੰ ਆਪਣਾ ਬਣਾਇਆ ਜਾ ਸਕਦਾ ਹੈ। ਮੈਨੂੰ ਤੁਹਾਡੀ ਗੱਲ ਬਹੁਤ ਠੀਕ ਲੱਗੀ ਹੈ।' ਫੇਰ ਕੀ ਅਗਲੇ ਦਿਨ ਹੀ ਦੋਵੇਂ ਪਤੀ-ਪਤਨੀ ਯਤੀਮਖਾਨੇ ਪਹੁੰਚ ਗਏ। ਮੈਨੇਜਰ ਦੇ ਦਫਤਰ 'ਚ ਜਾ ਕੇ ਉਹ ਦੋਵੇਂ ਮੈਨੇਜਰ ਸਾਹਮਣੇ ਕੁਰਸੀਆਂ 'ਤੇ ਬੈਠ ਗਏ।
‘ਹਾਂ ਜੀ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?' ਮੈਨੇਜਰ ਨੇ ਕਿਹਾ।
‘ਮੈਨੇਜਰ ਸਾਹਿਬ, ਮੈਂ ਰਮਨ ਕਪੂਰ ਹਾਂ। ਸਿੰਚਾਈ ਵਿਭਾਗ ਵਿੱਚ ਅਸਿਸਟੈਂਟ ਕਮਿਸ਼ਨਰ ਹਾਂ। ਇਹ ਮੇਰੀ ਪਤਨੀ ਰਾਧਾ ਹੈ। ਸਾਡਾ ਵਿਆਹ ਹੋਇਆਂ ਦਸ ਵਰ੍ਹੇ ਹੋ ਗਏ ਨੇ, ਪਰ ਰੱਬ ਦੀ ਮਰਜ਼ੀ ਸਾਡੇ ਕੋਈ ਬਾਲ ਨਹੀਂ ਹੋਇਆ, ਜਦੋਂ ਕਿ ਅਸੀਂ ਦੋਵੇਂ ਬਿਲਕੁਲ ਤੰਦਰੁਸਤ ਹਾਂ। ਅਸੀਂ ਸੋਚਿਆ ਯਤੀਮਖਾਨੇ ਤੋਂ ਕੋਈ ਬੱਚਾ ਗੋਦ ਲੈ ਲੈਂਦੇ ਹਾਂ। ਉਸ ਨੂੰ ਆਪਣਾ ਪੁੱਤ ਬਣਾ ਪਾਲਦੇ ਹਾਂ। ਕੀ ਤੁਹਾਡੇ ਕੋਲ ਕੋਈ ਬਹੁਤ ਛੋਟਾ ਮੁੰਡਾ ਹੈ, ਜਿਹੜਾ ਮਸਾਂ ਛੇ ਮਹੀਨੇ ਦਾ ਹੋਵੇ? ਤੁਹਾਡੇ ਨਾਲ ਲਿਖਤ ਪੜ੍ਹਤ ਕਰਕੇ ਅਸੀਂ ਬੱਚਾ ਗੋਦ ਲਵਾਂਗੇ। ਉਂਝ ਵੀ ਮੈਂ ਯਤੀਮਖਾਨੇ ਦੀ ਮਦਦ ਕਰਦਾ ਰਹਾਂਗਾ।' ਰਮਨ ਕਪੂਰ ਨੇ ਆਪਣੀ ਜਾਣ ਪਛਾਣ ਕਰਵਾਉਂਦਿਆਂ ਕਿਹਾ।
‘ਹਾਂ ਕਪੂਰ ਸਾਹਿਬ, ਸਮਝੋ ਤੁਹਾਡਾ ਕੰਮ ਬਣ ਗਿਆ। ਆਹ ਕੋਈ ਛੇ ਮਹੀਨੇ ਪਹਿਲਾਂ ਇਕ ਦਿਨ ਜਦੋਂ ਚੌਕੀਦਾਰ ਨੇ ਸਵੇਰ ਵੇਲੇ ਯਤੀਮਖਾਨੇ ਦਾ ਵੱਡਾ ਗੇਟ ਖੋਲ੍ਹਿਆ ਤਾਂ ਉਸ ਨੇ ਵੇਖਿਆ ਕਿ ਯਤੀਮਖਾਨੇ ਮੂਹਰੇ ਦਹਿਲੀਜ਼ਾਂ 'ਤੇ ਕੱਪੜੇ ਵਿੱਚ ਲਿਪਟਿਆ ਇਕ ਨਵਜੰਮਿਆ ਮੁੰਡਾ ਆਪਣਾ ਅੰਗੂਠਾ ਚੂਸ ਰਿਹਾ ਸੀ। ਪਤਾ ਨਹੀਂ ਕਿਹੜੀ ਮਾਂ ਦੀ ਮਜਬੂਰੀ ਸੀ, ਜਿਹੜੀ ਆਪਣੇ ਨਵਜੰਮੇ ਬੱਚੇ ਨੂੰ ਇਸ ਤਰ੍ਹਾਂ ਯਤੀਮਖਾਨੇ ਤੋਂ ਬਾਹਰ ਦਹਿਲੀਜ਼ਾਂ 'ਤੇ ਛੱਡ ਗਈ ਸੀ। ਬੱਸ ਕਪੂਰ ਸਾਹਿਬ, ਅਸੀਂ ਉਸ ਬੱਚੇ ਨੂੰ ਚੁੱਕ ਕੇ ਅੰਦਰ ਲੈ ਆਏ। ਅਸੀਂ ਬਹੁਤ ਕੋਸ਼ਿਸ਼ ਕੀਤੀ। ਅਖਬਾਰ ਵਿੱਚ ਬੱਚੇ ਦੀ ਫੋਟੋ ਛਪਵਾਈ, ਪਰ ਬੱਚੇ ਦੀ ਮਾਂ ਦਾ ਪਤਾ ਨਹੀਂ ਲੱਗਾ। ਸਾਡੇ ਇਥੇ ਰੁਕਮਣੀ ਨਾਂ ਦੀ ਖਿਡਾਵੀ ਕੰਮ ਕਰਦੀ ਹੈ। ਉਸ ਦਾ ਬਾਲ ਅਜੇ ਮਸਾਂ ਦਸ ਦਿਨਾਂ ਦਾ ਹੋਇਆ ਸੀ। ਅਸੀ ਬਾਹਰ ਮਿਲਿਆ ਉਹ ਬੱਚਾ ਰੁਕਮਣੀ ਨੂੰ ਸੰਭਾਲ ਦਿੱਤਾ। ਅੱਗੋਂ ਇੰਨੀ ਚੰਗੀ ਕਿ ਆਪਣੇ ਬਾਲ ਦੇ ਨਾਲ ਹੀ ਉਸ ਬਾਲ ਨੂੰ ਵੀ ਦੁੱਧ ਪਿਲਾਵੇ ਜਿਹੜਾ ਯਤੀਮਖਾਨੇ ਤੋਂ ਬਾਹਰ ਮਿਲਿਆ ਸੀ। ਇਸ ਵੇਲੇ ਉਹ ਬੱਚਾ ਛੇ ਮਹੀਨਿਆਂ ਦਾ ਹੋ ਗਿਆ ਹੈ। ਕਪੂਰ ਸਾਹਿਬ, ਤੁਸੀਂ ਆਪਣਾ ਸਾਰਾ ਵੇਰਵਾ ਦੇ ਜਾਵੋ। ਮੈਂ ਕਾਗਜ਼ ਤਿਆਰ ਕਰਵਾ ਲਵਾਂਗਾ। ਤੁਸੀਂ ਕੱਲ੍ਹ ਆ ਜਾਓ, ਬੱਚਾ ਤੁਹਾਨੂੰ ਮਿਲ ਜਾਵੇਗਾ।'
ਬੱਸ ਫੇਰ ਕੀ, ਰਮਨ ਕਪੂਰ ਅਤੇ ਰਾਧਾ ਖੁਸ਼ੀ-ਖੁਸੀ ਘਰ ਆ ਗਏ। ਫੇਰ ਬਾਕੀ ਦਾ ਬਚਿਆ ਦਿਨ ਤੇ ਰਾਤ ਉਨ੍ਹਾਂ ਮਸਾਂ ਕੱਟੀ। ਅਗਲੇ ਦਿਨ ਉਹ ਸਵੇਰੇ ਅੱਠ ਵਜੇ ਯਤੀਮਖਾਨੇ ਪਹੁੰਚ ਗਏ, ਜਦੋਂ ਕਿ ਇਸ ਦਾ ਖੁੱਲ੍ਹਣ ਦਾ ਵਕਤ ਤਾਂ ਨੌਂ ਵਜੇ ਸੀ। ਸਾਰੀ ਕਾਰਵਾਈ ਪੂਰੀ ਕਰਕੇ ਮੈਨੇਜਰ ਨੇ ਬੱਚਾ ਸ੍ਰੀਮਤੀ ਰਾਧਾ ਕਪੂਰ ਦੀ ਝੋਲੀ ਪਾ ਦਿੱਤਾ। ਬੱਚਾ ਗੋਦ ਲੈ ਕੇ ਰਾਧਾ ਨੂੰ ਇਉਂ ਲੱਗਾ ਜਿਵੇਂ ਦਸ ਵਰ੍ਹਿਆਂ ਦੀ ਸ਼ਾਦੀ ਪਿੱਛੋਂ ਉਹ ਮਾਂ ਬਣੀ ਹੈ ਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਘਰ ਆ ਕੇ ਰਮਨ ਕਪੂਰ ਨੇ ਇਕ ਵੱਡੀ ਸਾਰੀ ਪਾਰਟੀ ਰੱਖੀ, ਜਿਸ ਵਿੱਚ ਉਨ੍ਹਾਂ ਆਪਣੇ ਨੇੜੇ ਦੇ ਜਾਣਨ ਵਾਲਿਆਂ ਨੂੰ ਸੱਦਿਆ।
ਹੌਲੀ-ਹੌਲੀ ਵਕਤ ਲੰਘਣ ਲੱਗਾ। ਦਸ ਵਰ੍ਹਿਆਂ ਤੋਂ ਵਿਹਲੀ ਰਹਿੰਦੀ ਰਾਧਾ ਕਪੂਰ ਨੂੰ ਪੁੱਤਰ ਦਾ ਏਨਾ ਕੰਮ ਮਿਲ ਗਿਆ ਕਿ ਉਸ ਨੂੰ ਪਤਾ ਹੀ ਨਾ ਲੱਗਦਾ, ਕਦੋਂ ਦਿਨ ਚੜ੍ਹਦਾ ਤੇ ਕਦੋਂ ਬੀਤ ਜਾਂਦਾ। ਉਧਰ ਰਮਨ ਕਪੂਰ ਜਿਹੜਾ ਪਹਿਲਾਂ ਦਫਤਰ ਤੋਂ ਛੁੱਟੀ ਕਰਕੇ ਆਪਣੇ ਮਿੱਤਰਾਂ ਘਰ ਚੱਲਿਆ ਜਾਂਦਾ ਸੀ, ਅੱਜਕੱਲ੍ਹ ਦਫਤਰ ਵਿੱਚ ਬੈਠਾ ਇਹੋ ਸੋਚਦਾ ਰਹਿੰਦਾ ਕਿ ਕਦੋਂ ਪੰਜ ਵੱਜਣ ਤੇ ਕਦੋਂ ਉਹ ਸਿੱਧਾ ਤੀਰ ਵਾਂਗ ਘਰ ਪਹੁੰਚੇ।
ਜਦੋਂ ਰਾਧਾ ਕਪੂਰ ਨੇ ਇਕ ਦਿਨ ਘਰ ਆਏ ਪਤੀ ਰਮਨ ਕਪੂਰ ਨੂੰ ਦੁਧ ਪਿਲਾਉਣ ਵਾਲੀ ਬੋਤਲ ਲਿਆਉਣ ਲਈ ਆਖਿਆ ਤਾਂ ਉਹ ਬਾਜ਼ਾਰੋਂ ਆਪਣੇ ਦੇਸ਼ ਦੀਆਂ ਤੇ ਵਿਦੇਸ਼ੀ ਪੰਜ ਛੇ ਬੋਤਲਾਂ ਲੈ ਆਇਆ। ਪੁੱਤਰ ਦੇ ਪਹਿਨਣ ਲਈ ਉਸ ਨੇ ਕੱਪੜਿਆਂ ਦਾ ਢੇਰ ਲਾ ਦਿੱਤਾ। ਉਨ੍ਹਾਂ ਘਰ ਵਿੱਚ ਪੂਜਾ ਕਰਵਾਈ ਤੇ ਬੱਚੇ ਦਾ ਨਾਂ ਅਜੀਤ ਰੱਖਿਆ। ਜਦੋਂ ਅਜੀਤ ਥੋੜ੍ਹਾ ਵੱਡਾ ਹੋਇਆ ਤਾਂ ਰਮਨ ਕਪੂਰ ਉਸ ਲਈ ਚਾਬੀ ਅਤੇ ਬੈਟਰੀ ਨਾਲ ਚੱਲਣ ਵਾਲੇ ਕਿੰਨੇ ਹੀ ਖਿਡੌਣੇ ਲੈ ਆਇਆ। ਹੌਲੀ-ਹੌਲੀ ਅਜੀਤ ਤਿੰਨ ਸਾਲਾਂ ਦਾ ਹੋ ਗਿਆ ਤਾਂ ਉਸ ਨੂੰ ਸਕੂਲ ਭੇਜਣ ਬਾਰੇ ਸੋਚਿਆ। ਘਰ ਦੇ ਨੇੜੇ ਇਕ ਬਹੁਤ ਵੱਡੇ ਅਤੇ ਪ੍ਰਸਿੱਧ ਸਕੂਲ ਵਿੱਚ ਉਹਦਾ ਦਾਖਲਾ ਕਰਵਾ ਦਿੱਤਾ। ਰਮਨ ਕਪੂਰ ਆਪ ਸਵੇਰੇ ਅੱਠ ਵਜੇ ਬੱਚੇ ਨੂੰ ਸਕੂਲ ਛੱਡਣ ਜਾਂਦਾ। ਭਾਵੇਂ ਨਰਸਰੀ ਦੇ ਬੱਚਿਆਂ ਦੀ ਛੁੱਟੀ ਤਾਂ ਇਕ ਵਜੇ ਹੁੰਦੀ ਸੀ, ਪਰ ਰਾਧਾ ਕਪੂਰ ਬਾਰਾਂ ਵਜੇ ਹੀ ਸਕੂਲ ਪਹੁੰਚ ਜਾਂਦੀ।
ਰਮਨ ਕਪੂਰ ਆਪ ਦਫਤਰ ਤੋਂ ਘਰ ਆ ਕੇ ਪਹਿਲਾਂ ਪੁੱਤ ਅਜੀਤ ਦਾ ਹੋਮਵਰਕ ਕਰਵਾਉਂਦਾ। ਉਹ ਉਸ ਨੂੰ ਇਸ ਤਰ੍ਹਾਂ ਪੜ੍ਹਾਉਂਦਾ ਜਿਵੇਂ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇ। ਫੇਰ ਕੀ ਵਕਤ ਲੰਘਦਾ ਗਿਆ ਤੇ ਅਜੀਤ ਕਪੂਰ ਨੇ ਹਾਈ ਸਕੂਲ ਪਾਸ ਕਰ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈ ਲਿਆ। ਉਹ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਉਸ ਦੇ ਜਨਮ ਦੇਣ ਵਾਲੇ ਮਾਤਾ ਪਿਤਾ ਨਹੀਂ ਸਨ।
ਇਕ ਵਾਰੀ ਰਮਨ ਕਪੂਰ ਦੀ ਤਾਈ ਉਨ੍ਹਾਂ ਘਰ ਆਈ। ਜਦੋਂ ਉਸ ਨੇ ਅਜੀਤ ਨੂੰ ਵੇਖਿਆ ਤਾਂ ਉਸ ਨੇ ਰਾਧਾ ਨੂੰ ਕਹਿ ਹੀ ਦਿੱਤਾ, ‘ਬਹੂ ਤੇਰਾ ਕਮਾਲ ਹੈ। ਤੂੰ ਯਤੀਮਖਾਨੇ ਤੋਂ ਗੋਦ ਲਏ ਬੱਚੇ ਨੂੰ ਵੀ ਆਪਣਾ ਪੁੱਤ ਬਣਾ ਕਿਵੇਂ ਚਾਅ ਨਾਲ ਪਾਲਿਆ, ਇਸ ਤਰ੍ਹਾਂ ਤਾਂ ਇਹਦੀ ਅਸਲੀ ਮਾਂ ਵੀ ਨਾ ਕਰਦੀ।'
ਉਸ ਦੀ ਕਹੀ ਗੱਲ ਨਾਲ ਦੇ ਕਮਰੇ ਵਿੱਚ ਪੜ੍ਹਾਈ ਕਰਦੇ ਅਜੀਤ ਕਪੂਰ ਨੇ ਸੁਣੀ ਤਾਂ ਉਸ ਨੂੰ ਇਕ ਵਾਰੀ ਧੱਕਾ ਜਿਹਾ ਲੱਗਾ। ਫੇਰ ਕੀ, ਅਜੀਤ ਨੇ ਰਾਧਾ ਕਪੂਰ ਨੂੰ ਇਸ ਬਾਰੇ ਪੁੱਛਿਆ, ਜਿਸ ਨੂੰ ਉਹ ਅੱਜ ਤੀਕ ਆਪਣੀ ਜਨਮਦਾਤੀ ਸਮਝਦਾ ਸੀ। ਇਸ 'ਤੇ ਉਸ ਨੂੰ ਪੁੱਤ ਨੂੰ ਸਾਰੀ ਕਹਾਣੀ ਦੱਸਣੀ ਪਈ। ਇਸ ਤੋਂ ਬਾਅਦ ਤਾਂ ਅਜੀਤ ਆਪਣੇ ਅਸਲੀ ਸਮਝੇ ਜਾਂਦੇ ਮਾਪਿਆਂ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਕਰਨ ਲੱਗਾ, ਜਿਨ੍ਹਾਂ ਪਤਾ ਨਹੀਂ ਕਿਸ ਮਾਂ ਰਾਹੀਂ ਕੂੜਾ ਸਮਝ ਯਤੀਮਖਾਨੇ ਦੇ ਬਾਹਰ ਸੁੱਟ ਦਿੱਤੇ ਬਾਲ ਨੂੰ ਏਨੇ ਪਿਆਰ ਨਾਲ ਪਾਲਿਆ ਸੀ।
ਫੇਰ ਇੰਜੀਨੀਅਰਿੰਗ ਕਰਦੇ ਵੇਲੇ ਅਜੀਤ ਕਪੂਰ ਦੇ ਜੀਵਨ ਵਿੱਚ ਉਹਦੇ ਨਾਲ ਪੜ੍ਹਦੀ ਰੋਜ਼ੀ ਨਾਂ ਦੀ ਇਕ ਕੁੜੀ ਆਈ ਜਿਹੜੀ ਇਕ ਸਾਧਾਰਨ ਜਿਹੇ ਪਰਵਾਰ ਦੀ ਸੀ। ਉਨ੍ਹਾਂ ਦੀ ਮਾਲੀ ਹਾਲਤ ਚੰਗੀ ਨਹੀਂ ਸੀ।
ਇੰਜੀਨੀਅਰਿੰਗ ਕਰਨ ਬਾਅਦ ਭਾਵੇਂ ਰਮਨ ਕਪੂਰ ਅਤੇ ਰਾਧਾ ਕਪੂਰ ਨੂੰ ਉਹ ਕੁੜੀ, ਉਹ ਘਰ ਪਰਵਾਰ ਬਹੁਤਾ ਪਸੰਦ ਨਹੀਂ ਸੀ, ਪਰ ਪੁੱਤ ਦੀ ਖੁਸ਼ੀ ਲਈ ਉਨ੍ਹਾਂ ਨੂੰ ਉਸ ਕੁੜੀ ਨੂੰ ਘਰ ਦੀ ਨੂੰਹ ਬਣਾਉਣਾ ਹੀ ਪਿਆ।
ਫੇਰ ਅਜੀਤ ਕਪੂਰ ਅਤੇ ਰੋਜ਼ੀ ਕਪੂਰ ਨੂੰ ਇੰਜੀਨੀਅਰ ਵਜੋਂ ਪਿਤਾ ਦੇ ਵਿਭਾਗ ਵਿੱਚ ਨੌਕਰੀ ਮਿਲ ਗਈ। ਉਧਰ ਰੋਜ਼ੀ ਘਰ ਵਿੱਚ ਰਹਿੰਦਿਆਂ ਵੀ ਕਿਸੇ ਕੰਮ ਨੂੰ ਹੱਥ ਨਾ ਲਾਵੇ। ਸਾਰਾ ਕੁਝ ਰਾਧਾ ਨੂੰ ਕਰਨਾ ਪਵੇ। ਉਹ ਤਾਂ ਸੱਸ ਨਾਲ ਬੋਲੇ ਵੀ ਠੀਕ ਨਾ। ਭਾਵੇਂ ਘਰ ਵਿੱਚ ਕੰਮ ਕਰਨ ਲਈ ਰਮਨ ਕਪੂਰ ਦੇ ਦਫਤਰ ਦਾ ਇਕ ਬੰਦਾ ਆਉਂਦਾ ਸੀ, ਪਰ ਉਹ ਬੱਸ ਘਰ ਦੀ ਸਫਾਈ ਕਰ ਚਲਿਆ ਜਾਂਦਾ। ਰੋਜ਼ੀ ਤਾਂ ਰਸੋਈ ਵਿੱਚ ਜਾਵੇ ਹੀ ਨਾ।
ਜਦੋਂ ਰਾਧਾ ਕਪੂਰ ਨੇ ਨੂੰਹ ਦੇ ਵਰਤਾਓ ਬਾਰੇ ਪਤੀ ਨਾਲ ਗੱਲ ਕੀਤੀ ਤਾਂ ਉਸ ਨੇ ਰਾਧਾ ਨੂੰ ਚੁੱਪ ਰਹਿਣ ਬਾਰੇ ਆਖਿਆ। ਉਹ ਨਹੀਂ ਸੀ ਚਾਹੁੰਦਾ ਕਿ ਇਸ ਦਾ ਪੁੱਤ ਨੂੰ ਪਤਾ ਲੱਗੇ ਤਾਂ ਉਹ ਦੁਖੀ ਹੋਵੇ। ਉਹ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸਨ। ਉਧਰ ਪੁੱਤ ਵੀ ਉਨ੍ਹਾਂ ਨਾਲ ਦਿਲੋਂ ਜੁੜਿਆ ਹੋਇਆ ਸੀ। ਇਸ ਲਈ ਉਹ ਇਕ ਦੂਜੇ ਨੂੰ ਭੋਰਾ ਵੀ ਦੁੱਖ ਨਹੀਂ ਦੇ ਸਕਦੇ ਸਨ। ਵਕਤ ਲੰਘਦਿਆਂ ਰਮਨ ਕਪੂਰ ਨੂੰ ਸੱਠ ਹਜ਼ਾਰ ਰੁਪਏ ਮਹੀਨੇ ਦੀ ਪੈਨਸ਼ਨ ਮਿਲ ਗਈ। ਇਹ ਸਾਰੇ ਪੈਸੇ ਰਾਧਾ ਕਪੂਰ ਆਪਣੀ ਨੂੰਹ ਨੂੰ ਫੜਾ ਦਿੰਦੀ ਸੀ, ਜਿਹੜੀ ਘਰ ਦੇ ਨੌਕਰ ਦੀ ਮਦਦ ਨਾਲ ਘਰ ਟੋਰਦੀ ਸੀ।
ਰਮਨ ਕਪੂਰ ਅਤੇ ਰਾਧਾ ਕਪੂਰ ਫੇਰ ਵਿਹਲੇ ਹੋ ਗਏ। ਕਈ ਵਾਰੀ ਉਹ ਪਹਿਲਾਂ ਵਾਂਗ (ਜਦੋਂ ਤੀਕ ਉਨ੍ਹਾਂ ਅਜੀਤ ਕਪੂਰ ਨੂੰ ਗੋਦ ਨਹੀਂ ਲਿਆ ਸੀ) ਚਾਹ ਪੀਂਦੇ ਹੋਏ ਇਕੱਠੇ ਬੈਠੇ ਬੀਤੇ ਵਕਤ ਦੀਆਂ ਗੱਲਾਂ ਕਰਨ ਲੱਗਦੇ। ਫੇਰ ਉਨ੍ਹਾਂ ਦੀਆਂ ਗੱਲਾਂ ਉੁਥੇ ਪਹੁੰਚ ਜਾਂਦੀਆਂ ਜਦੋਂ ਉਨ੍ਹਾਂ ਛੇ ਮਹੀਨੇ ਦੇ ਅਜੀਤ ਨੂੰ ਗੋਦ ਲਿਆ ਸੀ। ਕਿਵੇਂ ਸਵੇਰੇ ਅੱਠ ਵਜੇ ਹੀ ਉਹ ਯਤੀਮਖਾਨੇ ਜਾ ਪਹੁੰਚੇ ਸਨ। ਹੌਲੀ-ਹੌਲੀ ਨੂੰਹ ਦੀ ਜ਼ਿਆਦਤੀ ਦਾ ਪਹਿਲਾਂ ਘਰ ਵਿੱਚ ਰਹਿੰਦੇ ਨੌਕਰ ਨੂੰ ਪਤਾ ਲੱਗਾ। ਫੇਰ ਉਸ ਰਾਹੀਂ ਇਹ ਗੱਲ ਘਰ ਦੇ ਨੇੜੇ ਰਹਿੰਦੇ ਲੋਕਾਂ ਤੀਕ ਪਹੁੰਚੀ, ਪਰ ਰਮਨ ਕਪੂਰ ਅਤੇ ਰਾਧਾ ਦੇ ਮੂੰਹ 'ਤੇ ਕੋਈ ਕੁਝ ਨਾ ਕਹਿੰਦਾ। ਇਸ ਦਾ ਅਜੀਤ ਕਪੂਰ ਨੂੰ ਭੋਰਾ ਵੀ ਪਤਾ ਨਾ ਲੱਗਾ। ਉਹ ਇਸ ਗੱਲ ਉਤੇ ਖੁਸ਼ ਸੀ ਕਿ ਉਹਦੀ ਪਤਨੀ ਠੀਕ ਘਰ ਟੋਰ ਰਹੀ ਸੀ। ਉਹ ਆਪਣੇ ਤਨਖਾਹ ਦੇ ਪੈਸੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਲੈਂਦਾ। ਇਕ ਦਿਨ ਰਮਨ ਕਪੂਰ ਨੂੰ ਅਜਿਹਾ ਦਿਲ ਦਾ ਦੌਰਾ ਪਿਆ ਕਿ ਉਹ ਸੰਭਲਿਆ ਹੀ ਨਾ। ਡਾਕਟਰ ਦੇ ਜਾਂਦੇ ਵੇਲੇ ਉਸ ਨੇ ਰਾਹ ਵਿੱਚ ਦਮ ਤੋੜ ਦਿੱਤਾ।
ਰਮਨ ਕਪੂਰ ਦੀ ਮ੍ਰਿਤਕ ਦੇਹ ਨੂੰ ਭੁੰਜੇ ਪਈ ਵੇਖ ਰਾਧਾ ਕਪੂਰ ਧਾਹਾਂ ਮਾਰ-ਮਾਰ ਰੋਵੇ। ਆਂਢ ਗੁਆਂਢ ਅਤੇ ਦੂਜੇ ਜਾਣਨ ਵਾਲਿਆਂ ਦੀਆਂ ਵੀ ਅੱਖਾਂ ਭਰੀਆਂ ਹੋਈਆਂ ਸਨ। ਅਜੀਤ ਕਪੂਰ ਤੋਂ ਪਿਉ ਨੂੰ ਵੇਖ ਆਪਣਾ ਰੋਣਾ ਠੱਲ੍ਹਿਆ ਨਹੀਂ ਜਾ ਰਿਹਾ ਸੀ, ਪਰ ਉਨ੍ਹਾਂ ਵਿੱਚ ਬੈਠੀ ਰੋਜ਼ੀ ਕਪੂਰ ਤਾਂ ਇਉਂ ਚੁੱਪ ਸੀ, ਜਿਵੇਂ ਕੁਝ ਵੀ ਨਾ ਹੋਇਆ ਹੋਵੇ। ਰਮਨ ਕਪੂਰ ਦਾ ਸਸਕਾਰ ਕਰ ਦਿੱਤਾ ਗਿਆ। ਫੇਰ ਰਮਨ ਕਪੂਰ ਦੀ ਸੱਠ ਹਜ਼ਾਰ ਰੁਪਏ ਮਹੀਨੇ ਦੀ ਪੈਨਸ਼ਨ ਰਾਧਾ ਕਪੂਰ ਨੂੰ ਮਿਲਣ ਲੱਗੀ ਜਿਹੜੀ ਉਹ ਹਰ ਵਾਰੀ ਨੂੰਹ ਨੂੰ ਫੜਾ ਦਿੰਦੀ। ਇਕ ਵਾਰੀ ਰਾਧਾ ਕਪੂਰ ਬੜੀ ਬਿਮਾਰ ਹੋ ਗਈ। ਐਵੇਂ ਤਾਪ ਚੜ੍ਹ ਗਿਆ। ਅਸਲ ਵਿੱਚ ਉਹ ਉਸੇ ਦਿਨ ਤੋਂ ਢਿੱਲੀ ਰਹਿਣ ਲੱਗੀ ਸੀ ਜਿਸ ਦਿਨ ਦਾ ਰਮਨ ਕਪੂਰ ਪਰਲੋਕ ਸਿਧਾਰ ਗਿਆ ਸੀ। ਉਸ ਨੂੰ ਕੁਝ ਵੀ ਚੰਗਾ ਨਾ ਲੱਗਦਾ। ਮਨ 'ਚ ਆਉਂਦਾ ਰੱਬ ਚੁੱਕ ਲਵੇ। ਫੇਰ ਇਕੱਲਾ ਰਹਿਣਾ ਵੀ ਕਾਹਦਾ ਰਹਿਣਾ, ਪਰ ਮੂੰਹੋਂ ਮੰਗਿਆਂ ਮੌਤ ਕਦੋਂ ਮਿਲਦੀ ਹੈ। ਸੱਸ ਦੇ ਢਿੱਲੀ ਹੋਣ 'ਤੇ ਰੋਜ਼ੀ ਕਪੂਰ ਦੇ ਤਾਂ ਜਿਵੇਂ ਹੱਥ ਪੈਰ ਹੀ ਫੁੱਲ ਗਏ।
ਉਸ ਵਿੱਚ ਇਕ ਬਦਲਾਅ ਆ ਗਿਆ। ਘਰ ਵਿੱਚ ਰਹਿੰਦੀ ਰੋਜ਼ੀ ਕਪੂਰ ਇਕੋ ਵਾਰੀ ਬਦਲ ਗਈ। ਉਹ ਨਹੀਂ ਸੀ ਚਾਹੁੰਦੀ ਕਿ ਸੱਸ ਨੂੰ ਕੁਝ ਹੋ ਜਾਵੇ। ਉਸ ਨੇ ਸੱਸ ਨਾਲ ਉਲਟੀ ਸਿੱਧੀ ਭਾਸ਼ਾ ਬੋਲਣੀ ਇਕੋ ਵਾਰੀ ਬੰਦ ਕਰ ਦਿੱਤੀ। ਉਹ ਦਿਨ ਰਾਤ ਸੱਸ ਦੀ ਸੇਵਾ ਕਰੇ। ਕਦੇ ਕਿਸੇ ਡਾਕਟਰ ਨੂੰ ਦਿਖਾਵੇ ਕਦੇ ਕਿਸੇ ਮਹਿੰਗੇ ਡਾਕਟਰ ਨੂੰ ਘਰ ਸੱਦੇ।
ਉਹ ਇਕ ਗੁਆਂਢੀ ਦੇ ਕਿਹਾਂ ਸੱਸ ਨੂੰ ਕਿਸੇ ਵੈਦ ਕੋਲ ਵੀ ਲੈ ਗਈ। ਉਹ ਇਕ ਟੰਗ ਦੇ ਭਾਰ ਖੜੀ ਹੋ ਸੱਸ ਦੀ ਸੇਵਾ ਕਰੇ, ਪਰ ਕਰਨੀ ਰੱਬ ਦੀ, ਰਾਧਾ ਕਪੂਰ ਵੀ ਪਤੀ ਵਾਂਗ ਟੁਰਦੀ ਬਣੀ।
ਇਸ ਵਾਰੀ ਫੇਰ ਸਾਰਾ ਆਂਢ ਗੁਆਂਢ, ਸਾਰੇ ਜਾਣਕਾਰ, ਸਾਰੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਜੁੜੇ ਬੈਠੇ ਸਨ। ਮਾਹੌਲ ਗਮਗੀਨ। ਸੱਸ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਰੋਜ਼ੀ ਕਪੂਰ ਸਭ ਤੋਂ ਵੱਧ ਉਚੀ ਆਵਾਜ਼ ਵਿੱਚ ਰੋਵੇ। ਸਾਰੀਆਂ ਔਰਤਾਂ ਸਾਰੇ ਮਰਦ ਹੈਰਾਨ ਕਿ ਇਹ ਸਭ ਕਿਵੇਂ ਹੋ ਗਿਆ? ਇਸ ਔਰਤ ਨੇ ਸਹੁਰੇ ਦੇ ਪਰਲੋਕ ਸਿਧਾਰ ਗਿਆਂ 'ਤੇ ਉਫ ਤੀਕ ਨਹੀਂ ਸੀ ਕੀਤੀ, ਪਰ ਅੱਜ ਸੱਸ ਦੇ ਚੱਲੇ ਜਾਣ 'ਤੇ ਇਹ ਵਿਰਲਾਪ ਕਿਉਂ? ਅੰਦਰ ਦੀ ਗੱਲ ਦਾ ਬੱਸ ਰੋਜ਼ੀ ਕਪੂਰ ਨੂੰ ਪਤਾ ਸੀ। ਸੱਸ ਦੇ ਮਰਿਆਂ ਉਹਦੇ ਪਤੀ ਰਮਨ ਕਪੂਰ ਦੀ ਮਿਲਦੀ ਸੱਠ ਹਜ਼ਾਰ ਰੁਪਏ ਦੀ ਪੈਨਸ਼ਨ ਬੰਦ ਜੋ ਹੋ ਗਈ ਸੀ।

Have something to say? Post your comment