Welcome to Canadian Punjabi Post
Follow us on

25

January 2021
ਮਨੋਰੰਜਨ

ਤਾਰੀਫ ਨਾਲ ਵਧਦਾ ਹੈ ਹੌਸਲਾ : ਜਾਨ ਅਬਰਾਹਮ

August 14, 2019 10:09 AM

ਜਾਨ ਅਬਰਾਹਮ ਜਲਦੀ ਰਿਲੀਜ਼ ਹੋਣ ਵਾਲੀ ਆਪਣੀ ਫਿਲਮ ‘ਬਾਟਲਾ ਹਾਊਸ’ ਬਾਰੇ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਸ ਤੋਂ ਪਹਿਲਾਂ ਉਸ ਦੀਆਂ ਫਿਲਮਾਂ ‘ਰਾਅ’, ‘ਸਤਯਮੇਵ ਜਯਤੇ’ ਅਤੇ ‘ਪਰਮਾਣੂ : ਦਿ ਸਟੋਰੀ ਆਫ ਪੋਖਰਣ’ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਉਹ ਫਿਲਮ ਨਿਰਮਾਣ 'ਚ ਵੀ ਕਾਫੀ ਸਮੇਂ ਤੋਂ ਸਰਗਰਮ ਹੈ ਅਤੇ ਉਸ ਦਾ ਮੰਨਣਾ ਹੈ ਕਿ ਐਕਟਰ ਅਤੇ ਪ੍ਰੋਡਿਊਸਰ ਦੇ ਤੌਰ 'ਤੇ ਉਸ ਦਾ ਕਰੀਅਰ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ। ਪੇਸ਼ ਹਨ ਜਾਨ ਨਾਲ ਹੋਈ ਇੱਕ ਗੱਲਬਾਤ ਦੇ ਮੁੱਖ ਅੰਸ਼ :
* ਤੁਹਾਡੀ ਅਗਲੀ ਫਿਲਮ ‘ਬਾਟਲਾ ਹਾਊਸ’ ਦਾ ਵਿਸ਼ਾ ਬਹੁਤ ਸੁਰਖੀਆਂ 'ਚ ਹੈ। ਇਸ ਬਾਰੇ ਕੁਝ ਦੱਸੋ?
-ਦਰਅਸਲ ਇਸ ਫਿਲਮ ਦਾ ਵਿਸ਼ਾ ਸੰਵੇਦਨਸ਼ੀਲ ਹੈ। ਫਿਲਮ 'ਚ ਸਿਰਫ ਐਕਸ਼ਨ ਹੀ ਨਹੀਂ, ਇਮੋਸ਼ਨ ਵੀ ਖੂਬ ਹਨ। ਫਿਲਮ ਦੇ ਇਮੋਸ਼ਨਲ ਪਾਰਟ ਨੂੰ ਸਮਝਣ ਦੀ ਲੋੜ ਹੈ। ਨਿਖਿਲ ਅਡਵਾਨੀ ਨੇ ਸ਼ਾਨਦਾਰ ਕੰਮ ਕੀਤਾ ਹੈ। ਮੈਂ ਇਸ ਫਿਲਮ ਦੇ ‘ਬਿਹਾਈਂਡ ਦਾ ਸੀਨ’ ਵੀ ਸ਼ੇਅਰ ਕੀਤੇ ਸਨ। ਇਸ 'ਚ ਫਿਲਮ ਦੇ ਕੁਝ ਸੀਨ ਦਿਖਾਏ ਗਏ, ਜਿਸ ਵਿੱਚ ਖਤਰਨਾਕ ਸਟੰਟ ਸ਼ਾਮਲ ਹਨ। ਨਾਲ ਕਿਸ ਆਡੀਓਲੋਜੀ, ਅਪਰੋਚ ਅਤੇ ਮਿਹਨਤ ਨਾਲ ਸੀਨਜ਼ ਦੀ ਸ਼ੂਟਿੰਗ ਹੋਈ ਹੈ, ਇਹ ਵੀ ਇਸ ਵੀਡੀਓ ਵਿੱਚ ਦਿਖਾਇਆ ਗਿਆ ਸੀ। ਸਾਨੂੰ ਇਸ ਤੋਂ ਬਹੁਤ ਆਸਾਂ ਹਨ। ਫਿਲਮ 2008 ਵਿੱਚ ਹੋਏ ਬਾਟਲਾ ਹਾਊਸ ਐਨਕਾਊਂਟਰ 'ਤੇ ਆਧਾਰਤ ਹੈ, ਜਿਸ ਨੇ ਦੇਸ਼ 'ਚ ਬਹੁਤ ਸੁਰਖੀਆਂ ਖੱਟੀਆਂ ਸਨ ਅਤੇ ਬਹੁਤ ਹੰਗਾਮਾ ਹੋਇਆ ਸੀ।”
* ਇਸ ਤਰ੍ਹਾਂ ਦੀ ਫਿਲਮ ਵਿੱਚ ਰੀਅਲ ਲਾਈਫ ਕਰੈਕਟਰ ਨਿਭਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ?
- ਮੈਂ ਮੰਨਦਾ ਹਾਂ ਕਿ ਰੀਅਲ ਲਾਈਫ ਕਰੈਕਟਰ ਨਿਭਾਉਣਾ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ। ਇਸ ਵਾਰ ਜ਼ਿੰਮੇਵਾਰੀ ਹੋਰ ਵੱਡੀ ਹੈ ਕਿਉਂਕਿ ਮੈਂ ਜਿਸ ਪੁਲਸ ਅਫਸਰ ਸੰਜੀਵ ਕੁਮਾਰ ਯਾਦਵ ਦਾ ਕਿਰਦਾਰ ਨਿਭਾ ਰਿਹਾ ਹਾਂ, ਉਹ ਅਜੇ ਨੌਕਰੀ ਕਰ ਰਹੇ ਹਨ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦਾ ਕਿਰਦਾਰ ਸਹੀ ਤਰ੍ਹਾਂ ਨਹੀਂ ਨਿਭਾਇਆ ਤਾਂ ਮੈਨੂੰ ਗੋਲੀ ਮਾਰ ਸਕਦੇ ਹਨ। (ਹੱਸਦੇ ਹੋਏ), ਖੈਰ, ਇਹ ਮਜ਼ਾਕ ਦੀ ਗੱਲ ਸੀ, ਪਰ ਇਹ ਕਿਰਦਾਰ ਤੇ ਕਹਾਣੀ ਸੰਵੇਦਨਸ਼ੀਲ ਹੈ ਅਤੇ ਮੇਰੀ ਜ਼ਿੰਮੇਵਾਰੀ ਅਤੇ ਚੁਣੌਤੀ ਹੋਰ ਵੀ ਵਧ ਜਾਂਦੀ ਹੈ।
* ਤੁਹਾਡੀ ਫਿਲਮ ਦੀ ਟੱਕਰ ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਮੰਗਲ’ ਨਾਲ ਹੋਵੇਗੀ ਕਿਉਂਕਿ ਦੋਵੇਂ ਫਿਲਮਾਂ ਆਜ਼ਾਦੀ ਦਿਵਸ ਨੂੰ ਰਿਲੀਜ਼ ਹੋ ਰਹੀਆਂ ਹਨ। ਕੀ ਕਹੋਗੇ?
- ਇਮਾਨਦਾਰੀ ਨਾਲ ਦੱਸਾਂ ਤਾਂ ਜੇ ਕੰਟਰੋਵਰਸੀ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਮੈਂ ਜ਼ਰੂਰ ਕ੍ਰੀਏਟ ਕਰਦਾ, ਪਰ ਮੈਂ ਅਤੇ ਅਕਸ਼ੈ ਚੰਗੇ ਦੋਸਤ ਹਾਂ। ਅਸੀਂ ਮਿਲਦੇ ਰਹਿੰਦੇ ਹਾਂ। ਸਾਨੂੰ ਇੱਕੋ ਦਿਨ ਫਿਲਮ ਰਿਲੀਜ਼ ਦੀ ਕੋਈ ਮੁਸ਼ਕਲ ਨਹੀਂ।
* ਤੁਹਾਡੀਆਂ ਪਿਛਲੀਆਂ ਫਿਲਮਾਂ ਨੂੰ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲਿਆ ਸੀ। ਕੀ ਕਹੋਗੇ?
- ਸੁਭਾਵਿਕ ਤੌਰ 'ਤੇ ਜਦੋਂ ਤੁਹਾਡੀ ਮਿਹਨਤ ਨੂੰ ਪ੍ਰਸ਼ੰਸਾ ਮਿਲੇ ਤਾਂ ਹੌਸਲਾ ਵਧਦਾ ਹੈ। ਖਾਸ ਕਰ ਕੇ ਫਿਲਮ ‘ਪਰਮਾਣੂ' ਬਾਰੇ ਕਹਿਣਾ ਚਾਹਾਂਗਾ ਕਿ ਉਹ ਮੇਰੇ ਲਈ ਕਾਫੀ ਮੁਸ਼ਕਲ ਸਮਾਂ ਸੀ, ਕਿਉਂਕਿ ਦੋ ਸਾਲ ਤੱਕ ਮੈਂ ਕੋਈ ਕੰਮ ਨਹੀਂ ਕੀਤਾ ਸੀ। ਨਾਲੇ ਮੇਰੇ ਕੋ-ਪ੍ਰੋਡਿਊਸਰ ਨਾਲ ਮੇਰਾ ਵਿਵਾਦ ਸੀ। ਉਹ ਮੇਰੇ ਲਈ ਕਾਫੀ ਭਾਰੀ ਸਮਾਂ ਸੀ, ਪਰ ਅਸੀਂ ਜੀਅ-ਜਾਨ ਲਾ ਕੇ ਫਿਲਮ ਰਿਲੀਜ਼ ਕਰਵਾਈ ਅਤੇ ਸਾਡੀ ਮਿਹਨਤ ਰੰਗ ਲਿਆਈ।
* ਪ੍ਰੋਡਿਊਸਰ ਬਣਨ ਤੋਂ ਬਾਅਦ ਤੁਹਾਡੀ ਐਕਟਿੰਗ 'ਤੇ ਕੀ ਕੋਈ ਅਸਰ ਪਿਆ ਹੈ?
- ਨਹੀਂ ਕੋਈ ਅਸਰ ਨਹੀਂ ਪਿਆ। ਲੋਕ ਕਹਿੰਦੇ ਹਨ ਕਿ ਮੈਂ ਇੱਕ ਸਫਲ ਪ੍ਰੋਡਿਊਸਰ ਹੋ ਗਿਆ ਹਾਂ, ਜਿਸ ਨੇ ਆਫਬੀਟ ਫਿਲਮਾਂ ਬਣਾਈਆਂ ਹਨ। ਇਹ ਸੁਣ ਕੇ ਚੰਗਾ ਲੱਗਦਾ ਹੈ।

Have something to say? Post your comment