Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤਨਾਰਥ ਯਾਰਕ ਵਿੱਚ ਦੋਹਰੇ ਕਤਲਕਾਂਡ ਦੇ ਸ਼ੱਕੀ ਦੀ ਪੁਲਿਸ ਨੂੰ ਭਾਲਟੋਰਾਂਟੋ ਦੇ ਪੱਛਮ ਇੰਡ `ਤੇ ਵਾਹਨ ਇੱਕ ਘਰ ਨਾਲ ਟਕਰਾਇਆ, ਡਰਾਈਵਰ ਗ੍ਰਿਫ਼ਤਾਰਨਾਰਥ ਯਾਰਕ ਵਿੱਚ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆਇਆ, ਹਸਪਤਾਲ ਦਾਖਲਦਰਹਮ ਬਸ ਵਿੱਚ ਯੌਨ ਸ਼ੋਸ਼ਣ ਤੋਂ ਬਾਅਦ ਸ਼ੱਕੀ ਦੀ ਭਾਲਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
 
ਨਜਰਰੀਆ

ਧਾਰਮਿਕ ਸਰਗਰਮੀਆਂ ਅਤੇ ਸ਼ੋਰ ਪ੍ਰਦੂਸ਼ਣ

August 09, 2019 08:45 AM

-ਮਹਿੰਦਰ ਸਿੰਘ ਦੋਸਾਂਝ
ਸਾਡੇ ਸਮਾਜ ਦੇ ਇਕ ਵੱਡੇ ਵਰਗ ਨੇ ਮਜਬੂਰੀ ਵਸ ਜਾਂ ਅਣਮੰਨੇ ਮਨ ਨਾਲ ਸ਼ੋਰ ਸ਼ਰਾਬੇ ਨੂੰ ਮਾਨਤਾ ਦਿੱਤੀ ਹੋਈ ਹੈ। ਬੱਸਾਂ ਵਿੱਚ, ਟਰੈਕਟਰਾਂ 'ਤੇ ਅਤੇ ਦੁਕਾਨਾਂ ਅੰਦਰ ਉਚੀ ਆਵਾਜ਼ ਵਿੱਚ ਗੀਤ ਗਾਣੇ ਚਲਾਉਣੇ, ਮੱਠਾਂ ਮੜ੍ਹੀਆਂ 'ਤੇ ਜਾਂਦੇ ਆਉਂਦਿਆਂ ਉਚੀ ਆਵਾਜ਼ ਵਿੱਚ ਢੋਲ ਕੁੱਟਣ ਦਾ ਵਰਤਾਰਾ ਤੇਜ਼ੀ ਨਾਲ ਵਧਿਆ ਹੈ।
ਬੀਤੇ ਸਮੇਂ ਵਿੱਚ ਦੂਰ ਦੁਰਾਡੇ ਦੇ ਲੋਕ ਜਦ ਕਦੇ ਪੰਜਾਬ 'ਚ ਆਉਂਦੇ ਸਨ, ਇਥੇ ਉਨ੍ਹਾਂ ਦੇ ਮਨਾਂ ਨੂੰ ਸਭ ਤੋਂ ਵੱਧ ਸਵੇਰ ਅਤੇ ਸ਼ਾਮ ਦੇ ਸਮੇਂ ਦੀ ਸ਼ਾਂਤੀ ਮੋਹ ਲੈਂਦੀ ਸੀ। ਫੇਰ ਰੇਡੀਓ ਤੇ ਟੈਲੀਵਿਜ਼ਨ ਦੀ ਸਹੂਲਤ ਪ੍ਰਾਪਤ ਹੋਈ ਤਾਂ ਬਹੁਤ ਸਾਰੇ ਲੋਕ ਇਨ੍ਹਾਂ ਰਾਹੀਂ ਮੱਠੀ ਆਵਾਜ਼ ਵਿੱਚ ਭਜਨ, ਕੀਰਤਨ ਤੇ ਗੁਰਬਾਣੀ ਸੁਣ ਲੈਂਦੇ ਸਨ। ਅਜੋਕੇ ਸਮੇਂ ਵਿੱਚ ਬਹੁਤੇ ਧਾਰਮਿਕ ਸਥਾਨਾਂ ਦੀਆਂ ਛੱਤਾਂ 'ਤੇ ਪਾਈਪ ਗੱਡ ਕੇ ਇਨ੍ਹਾਂ ਉਤੇ ਚੌਮੁਖੀਏ ਹਾਰਨ ਲਾ ਦਿੱਤੇ ਗਏ ਹਨ। ਜਦੋਂ ਇਹ ਹਾਰਨ ਸ਼ਾਮ ਸਵੇਰ ਆਪਣੀ ਜ਼ੋਰਦਾਰ ਆਵਾਜ਼ ਛੱਡਦੇ ਹਨ ਤਾਂ ਸਵੇਰ ਸ਼ਾਮ ਦੀ ਸੁਖਾਵੀਂ ਸ਼ਾਂਤੀ ਭੰਗ ਹੋ ਜਾਂਦੀ ਹੈ। ਆਪਣੀਆਂ ਮਧੁਰ ਆਵਾਜ਼ਾਂ ਦਾ ਖੂਬਸੂਰਤ ਸੰਗੀਤ ਵਿੱਚੇ ਛੱਡ ਕੇ ਪੰਛੀ ਭੱਜ ਕੇ ਦੂਰ ਚਲੇ ਜਾਂਦੇ ਹਨ। ਮੱਧਮ ਆਵਾਜ਼ ਵਿੱਚ ਪਾਠ ਕੀਰਤਨ ਸੁਣਨ ਵਾਲੇ ਸ਼ਾਂਤੀ ਪਸੰਦ ਲੋਕਾਂ ਨੂੰ ਆਪਣਾ ਰੇਡੀਓ ਟੈਲੀਵਿਜ਼ਨ ਬੰਦ ਕਰਨਾ ਪੈ ਜਾਂਦਾ ਹੈ।
ਇਥੇ ਹੀ ਬੱਸ ਨਹੀਂ, ਰਾਤ ਅਤੇ ਤੜਕੇ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪੈਂਦਾ ਹੈ ਤੇ ਰਾਤ ਨੂੰ ਦੇਰ ਤੱਕ ਪੜ੍ਹਨ ਵਾਲੇ ਬੱਚਿਆਂ ਤੇ ਦੇਰ ਰਾਤ ਤੱਕ ਕੰਮ ਕਰਨ ਵਾਲੇ ਥੱਕੇ ਟੁੱਟੇ ਲੋਕਾਂ ਨੂੰ ਜਿਹੜੇ ਸਵੇਰ ਤੱਕ ਆਰਾਮ ਕਰਨ ਦੀ ਇੱਛਾ ਰੱਖਦੇ ਹਨ, ਧਾਰਮਿਕ ਸਥਾਨਾਂ 'ਤੇ ਵੱਜਦੇ ਲਾਊਡ ਸਪੀਕਰ ਉਨ੍ਹਾਂ ਨੂੰ ਵੱਡੇ ਤੜਕੇ ਉਠਾ ਕੇ ਬਿਠਾ ਦਿੰਦੇ ਹਨ। ਇਹ ਸ਼ੋਰ ਦਿਲ ਤੇ ਦਿਮਾਗ ਦੇ ਰੋਗੀਆਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਇਨ੍ਹਾਂ ਜ਼ੋਰਦਾਰ ਆਵਾਜ਼ਾਂ ਨਾਲ ਇਨਸਾਨਾਂ ਦੇ ਕੰਨਾਂ ਅਤੇ ਮਨਾਂ 'ਤੇ ਕਿਸ ਤਰ੍ਹਾਂ ਦੇ ਮਾਰੂ ਪ੍ਰਭਾਵ ਪੈਂਦੇ ਹਨ? ਇਸ ਬਾਰੇ ਡਾਕਟਰ ਚੰਗੀ ਤਰ੍ਹਾਂ ਦੱਸ ਸਕਦੇ ਹਨ, ਪਰ ਇਨ੍ਹਾਂ ਧਾਰਮਿਕ ਸਥਾਨਾਂ ਦੇ ਸੰਚਾਲਕਾਂ ਨੂੰ ਸ਼ਾਂਤੀ ਦਾ ਦਾਨ ਬਖਸ਼ਣ ਦੀ ਸਲਾਹ ਦੇਣ ਦੀ ਆਮ ਲੋਕਾਂ ਦੀ ਤਾਂ ਕੀ, ਸਰਕਾਰੀ ਪ੍ਰਸ਼ਾਸਨ ਦੀ ਵੀ ਜੁਰਅਤ ਅਤੇ ਹਿੰਮਤ ਨਹੀਂ ਹੁੰਦੀ। ਜੇ ਕੋਈ ਹਿੰਮਤ ਕਰਦਾ ਹੈ ਤਾਂ ਉਸ ਨੂੰ ਧਰਮ ਦਾ ਦੋਖੀ ਕਿਹਾ ਜਾਂਦਾ ਹੈ। ਸੱਚ ਇਹ ਹੈ ਕਿ ਸਵੇਰ ਤੋਂ ਸ਼ਾਮ ਦੇ ਸਮੇਂ ਜੇ ਕੋਈ ਅੱਲ੍ਹਾ, ਵਾਹਿਗੁਰੂ ਜਾਂ ਭਗਵਾਨ ਧਰਤੀ 'ਤੇ ਆ ਜਾਵੇ ਤਾਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਅੰਦਰ ਤਾਂ ਕੀ ਹੋਣਾ ਹੈ, ਸ਼ਾਇਦ ਦੋ-ਦੋ ਮੀਲ ਤੱਕ ਇਨ੍ਹਾਂ ਦੇ ਨੇੜਿਓਂ ਵੀ ਨਾ ਲੰਘ ਸਕੇ।
ਸਾਡੇ ਧਾਰਮਿਕ ਨਬੀ, ਅਵਤਾਰ ਸ਼ਾਂਤੀ ਦੀ ਭਾਲ ਵਿੱਚ ਕੋਈ ਹੇਮਕੁੰਟ ਸਾਹਿਬ, ਕੋਈ ਕੈਲਾਸ਼ ਪਰਬਤ ਉਤੇ ਅਤੇ ਕੋਈ ਕਿਸੇ ਹੋਰ ਸ਼ਾਂਤ ਸਥਾਨ 'ਤੇ ਗਿਆ ਅਤੇ ਦੇਸ਼ ਤੇ ਸਮਾਜ ਨੂੰ ਪਿਆਰ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਗੁਰਮਤਿ ਦਰਸ਼ਨ ਤਾਂ ਹੈ ਹੀ ਮਿੱਠੀ ਮਧੁਰ ਬਾਣੀ ਅਤੇ ਸ਼ਾਂਤੀ ਦਾ ਅਨੁਪਮ ਸੋਮਾ। ਬਾਬਾ ਨਾਨਕ ਦੀ ਰਬਾਬ 'ਚੋਂ ਮਿੱਠੀ, ਮਧੁਰ ਤੇ ਮੱਧਮ ਸੁਰ ਵਿੱਚ ਝਰਨ ਵਾਲੇ ਸੰਗੀਤ ਵਿੱਚ ਜੋ ਖਿੱਚ ਸੀ, ਜੋ ਸ਼ਕਤੀ ਸੀ,ਉਹ ਖਿੱਚ ਤੇ ਸ਼ਕਤੀ ਲੋਕਾਂ ਦੇ ਮਨਾਂ 'ਚ ਜਗਾਉਣ ਦਾ ਕੰਮ ਇਹ ਉਚੀ ਆਵਾਜ਼ ਵਿੱਚ ਲਪੇਟੇ ਅਜੋਕੇ ਧਾਰਮਿਕ ਸਥਾਨਾਂ ਤੋਂ ਦਿੱਤੇ ਜਾਣ ਵਾਲੇ ਸੰਦੇਸ਼ ਕਰ ਸਕਣਗੇ? ਘੱਟੋ-ਘੱਟ ਮਧੁਰ ਗੁਰਬਾਣੀ ਤੇ ਸ਼ੋਰ ਨੂੰ ਵੱਖ-ਵੱਖ ਕਰਕੇ ਗੁਰਬਾਣੀ ਦੇ ਸੋਨੇ ਨੂੰ ਸ਼ੋਰ ਦੇ ਨਕਲੀ ਪਿੱਤਲ ਤੇ ਤਾਂਬੇ 'ਚੋਂ ਕੱਢਣਾ ਚਾਹੀਦਾ ਹੈ। ਪਾਠੀ, ਰਾਗੀ, ਢਾਡੀ, ਕੀਰਤਨੀਏ ਅਤੇ ਕਥਾਵਾਚਕਾਂ ਵਿੱਚ ਅਨੇਕਾਂ ਸਮਝਦਾਰ ਲੋਕ ਹਨ, ਪਰ ਇਨ੍ਹਾਂ ਵਿੱਚ ਵੱਡਾ ਵਰਗ ਹੈ ਜਿਹੜਾ ਆਪਣੇ ਧਾਰਮਿਕ ਵਪਾਰ ਨੂੰ ਚਮਕਾਉਣ ਲਈ ਬਹੁਤੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕੰਨ ਪਾੜਵੇਂ ਸ਼ੋਰ ਦਾ ਸਹਾਰਾ ਲੈਂਦਾ ਹੈ। ਸੱਚ ਇਹ ਹੈ ਕਿ ਇਹ ਲੋਕ ਸ੍ਰੀ ਅਕਾਲ ਤਖਤ ਦੇ ਹੁਕਮ ਦੀ ਵੀ ਮਾਸਾ ਪ੍ਰਵਾਹ ਨਹੀਂ ਕਰ ਰਹੇ। ਅਜਿਹੇ ਲੋਕਾਂ ਨੇ ਸ਼ੋਰ ਸ਼ਰਾਬੇ ਦੇ ਨਾਂਹਪੱਖੀ ਸੱਭਿਆਚਾਰ ਨੂੰ ਭੋਲੇ ਭਾਲੇ ਆਮ ਤੇ ਧਾਰਮਿਕ ਬਿਰਤੀ ਵਾਲੇ ਲੋਕਾਂ ਦੇ ਮਨਾਂ 'ਚ ਰਸਮ ਦੇ ਰੂਪ ਵਿੱਚ ਸਥਾਪਤ ਕਰ ਦਿੱਤਾ ਹੈ।
ਅਖੌਤੀ ਧਰਮ ਪ੍ਰਚਾਰ ਲਈ ਸ਼ੁਰੂ ਕੀਤੀ ਇਹ ਪਿੱਛੇ ਖਿੱਚੂ ਰਵਾਇਤ ਰੋਕਣ ਲਈ ਸਾਰੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਪੱਛਮੀ ਦੇਸ਼ਾਂ ਵਿੱਚ ਵਸਣ ਵਾਲੇ ਪੰਜਾਬੀ ਆਪਣੇ ਦੇਸ਼ ਵਿੱਚ ਆ ਕੇ ਇਥੋਂ ਦੇ ਭਿ੍ਰਸ਼ਟਾਚਾਰ, ਧੱਕੇਸ਼ਾਹੀ, ਗੁੰਡਾਗਰਦੀ ਦਾ ਰੋਣਾ ਰੋਂਦੇ ਹਨ। ਉਨ੍ਹਾਂ ਦਾ ਰੋਣਾ ਹੈ ਵੀ ਸਹੀ, ਪਰ ਜਦੋਂ ਉਹ ਇਨ੍ਹਾਂ ਅਲਾਮਤਾਂ ਤੋਂ ਮੁਕਤ ਪੱਛਮੀ ਦੇਸ਼ਾਂ ਦੀਆਂ ਸਿਫਤਾਂ ਕਰਦੇ ਹਨ ਤਾਂ ਇਹ ਭੁੱਲ ਜਾਂਦੇ ਹਨ ਕਿ ਜਿਥੋਂ ਉਹ ਆਉਂਦੇ ਹਨ, ਉਥੇ ਘਰ ਦੇ ਅੰਦਰ ਦੀ ਆਵਾਜ਼ ਦੂਜੇ ਘਰ ਤਾਂ ਕੀ ਜਾਣੀ ਹੈ, ਉਹ ਕਿਸੇ ਕੰਧ ਬੂਹੇ ਦੀ ਝੀਤ ਵੀ ਨਹੀਂ ਟੱਪਦੀ। ਉਥੇ ਜਿਸ ਹੋਟਲ ਵਿੱਚ ਬੈਠ ਕੇ ਉਹ ਕੁਝ ਖਾਂਦੇ ਪੀਂਦੇ ਹਨ, ਉਸ ਹੋਟਲ ਵਿੱਚ ਉਥੇ ਬੈਠੇ ਲੋਕਾਂ ਦੀ ਆਵਾਜ਼ ਇਕ ਮੇਜ਼ ਤੋਂ ਦੂਜੇ ਮੇਜ਼ ਤੱਕ ਨਹੀਂ ਜਾਂਦੀ। ਹੈਰਾਨੀ ਇਸ ਗੱਲ ਦੀ ਵੀ ਹੈ ਜਦੋਂ ਇਹ ਪੰਜਾਬੀ ਇਥੇ ਆ ਕੇ ਪਾਠ, ਕੀਰਤਨ ਜਗਰਾਤੇ ਕਰਾਉਂਦੇ ਹਨ ਤਾਂ ਜ਼ੋਰਦਾਰ ਆਵਾਜ਼ ਛੱਡਣ ਵਾਲੇ ਸ਼ਕਤੀਸ਼ਾਲੀ ਮਾਇਕ ਲਾ ਕੇ ਇਹ ਧਾਰਮਿਕ ਰਸਮਾਂ ਕਰਵਾਉਂਦੇ ਹਨ।
ਪੱਛਮੀ ਦੇਸ਼ਾਂ ਵਿੱਚ ਗਏ ਪੰਜਾਬੀ ਉਥੋਂ ਦੇ ਦੇਸ਼ ਤੇ ਸਮਾਜ ਦੇ ਸ਼ਾਨਦਾਰ ਅਸੂਲਾਂ ਤੇ ਨੈਤਿਕਤਾ ਦੇ ਕਿੱਸੇ ਹੁੱਬ-ਹੁੱਬ ਕੇ ਸੁਣਾਉਂਦੇ ਹਨ, ਪਰ ਉਥੇ ਕਿਸੇ ਧਾਰਮਿਕ ਸਥਾਨ 'ਚੋਂ ਕਿਸੇ ਤਰ੍ਹਾਂ ਦੀਆਂ ਧਾਰਮਿਕ ਸਰਗਰਮੀਆਂ ਦੀ ਮਾਸਾ ਆਵਾਜ਼ ਬਾਹਰ ਨਹੀਂ ਨਿਕਲਦੀ। ਇਥੇ ਆ ਕੇ ਉਨ੍ਹਾਂ ਵੱਲੋਂ ਕਰਵਾਈਆਂ ਜਾਂਦੀਆਂ ਧਾਰਮਿਕ ਰਸਮਾਂ 'ਚ ਹੱਦ ਸਿਰੇ ਦਾ ਰੌਲਾ ਪੈਂਦਾ ਹੈ। ਇਸ ਦੇ ਬਾਵਜੂਦ ਇਥੇ ਦੇਸ਼ ਤੇ ਸਮਾਜ ਵਿੱਚ ਚੰਗੇ ਅਸੂਲ ਤੇ ਨੈਤਿਕਤਾ ਕਿਤੇ ਨਜ਼ਰ ਨਹੀਂ ਆਉਂਦੀ। ਸੱਚ ਇਹ ਹੈ ਕਿ ਕਈ ਦਹਾਕੇ ਪਹਿਲਾਂ ਜਦੋਂ ਸਾਡੇ ਦੇਸ਼ ਵਿੱਚ ਲੋਕ ਚੰਗੇ ਅਸੂਲਾਂ 'ਤੇ ਚੱਲਦੇ ਸਨ ਤੇ ਇਥੇ ਨੈਤਿਕਤਾ ਵੀ ਕਿਸੇ ਹੱਦ ਤੱਕ ਜਿਊਂਦੀ ਸੀ, ਉਦੋਂ ਧਾਰਮਿਕ ਸਥਾਨ ਸੀ ਕੱਚੇ ਤੇ ਮਨ ਸੀ ਪੱਕੇ, ਹੁਣ ਚਿਪਸਾਂ ਨਾਲ ਤੇ ਗੁੰਬਦਾਂ 'ਤੇ ਚਾੜ੍ਹੇ ਗਏ ਸੋਨੇ ਦੇ ਕਲਸਾਂ ਨਾਲ ਧਾਰਮਿਕ ਸਥਾਨ ਹੋ ਗਏ ਪੱਕੇ ਤੇ ਮਨ ਹੋ ਗਏ ਕੱਚੇ।
ਗੱਲ ਇਥੇ ਨਹੀਂ ਮੁੱਕ ਜਾਂਦੀ, ਕਿਸੇ ਵੀ ਧਾਰਮਿਕ ਹਸਤੀ ਦੇ ਜਨਮ ਜਾਂ ਸ਼ਹੀਦੀ ਦਿਨ 'ਤੇ ਸ਼ਹਿਰਾਂ ਕਸਬਿਆਂ ਅੰਦਰ ਵੱਡੇ ਇਕੱਠ ਜੋੜ ਕੇ ਨਗਰ ਕੀਰਤਨ ਤੇ ਸੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ਰਸਮ ਲਈ ਸੜਕਾਂ ਖਾਲੀ ਕਰਾ ਲਈਆਂ ਜਾਂਦੀਆਂ ਹਨ ਤੇ ਅੱਧਾ-ਅੱਧਾ ਦਿਨ ਆਵਾਜਾਈ ਰੁਕੀ ਰਹਿੰਦੀ ਹੈ। ਧਰਮਾਂ ਦੇ ਅਜੋਕੇ ਸੰਚਾਲਕਾਂ ਨੇ ਕਦੇ ਇਹ ਸੋਚਿਆ ਹੈ ਕਿ ਕਾਲਜਾਂ ਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਅਗਲੇ ਦਿਨ ਦੀ ਧਾਰਮਿਕ ਛੁੱਟੀ ਤੋਂ ਇਕ ਦਿਨ ਪਹਿਲਾਂ ਮਿਲੀ ਛੁੱਟੀ 'ਚ ਪੰਜਾਬ ਅਤੇ ਦੂਜੇ ਸੂਬਿਆਂ ਵਿੱਚ ਸੈਂਕੜੇ ਮੀਲ ਦੂਰ ਜਾਣ ਲਈ ਬੱਸ ਜਾਂ ਰੇਲ ਚੜ੍ਹਨਾ ਹੁੰਦਾ ਹੈ, ਕਿਸੇ ਨੇ ਗੰਭੀਰ ਹਾਲਤ 'ਚ ਮਰੀਜ਼ ਨੂੰ ਸਮੇਂ ਸਿਰ ਦਵਾਈਆਂ ਪਹੁੰਚਦੀਆਂ ਕਰਨੀਆਂ ਹੁੰਦੀਆਂ, ਕਿਸੇ ਦਾ ਕੋਈ ਪੇਪਰ ਜਾਂ ਜ਼ਰੂਰੀ ਇੰਟਰਵਿਊ ਹੋ ਸਕਦਾ ਹੈ। ਵਿਖਾਵੇ ਕਰਨ ਵਾਲੇ ਲੋਕਾਂ ਅਤੇ ਆਵਾਜਾਈ ਨੂੰ ਨਿਯਮਬੱਧ ਕਰਨ ਵਾਲੇ ਸਰਕਾਰੀ ਆਵਾਜਾਈ ਵਿਭਾਗ ਨੂੰ ਯਾਤਰੀਆਂ ਦੀ ਤਕਲੀਫ ਤੇ ਮਜਬੂਰੀ 'ਤੇ ਕੋਈ ਤਰਸ ਨਹੀਂ ਆਉਂਦਾ।
ਇਸੇ ਵੇਲੇ ਮੈਨੂੰ ਇਕ ਘਟਨਾ ਯਾਦ ਆ ਰਹੀ ਹੈ। ਇਕ ਧਾਰਮਿਕ ਹਸਤੀ ਦੇ ਜਨਮ ਦਿਨ ਦੀ ਮਿਤੀ ਤੋਂ ਇਕ ਦਿਨ ਪਹਿਲਾਂ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਗਿਆ ਤੇ ਸ਼ਹਿਰ ਦੇ ਬੱਸ ਅੱਡੇ ਨਾਲ ਜੁੜਦੀਆਂ ਸਾਰੀਆਂ ਸੜਕਾਂ ਪੁਲਸ ਨੇ ਨਗਰ ਕੀਰਤਨ ਲੰਘਾਉਣ ਲਈ ਖਾਲੀ ਕਰਵਾ ਲਈਆਂ ਤੇ ਉਥੇ ਚਿੜੀ ਤੱਕ ਨਹੀਂ ਸੀ ਫਟਕਦੀ। ਸ਼ਾਮ ਛੇ ਵਜੇ ਦਾ ਸਮਾਂ ਸੀ ਤੇ ਇਥੋਂ 22 ਕਿਲੋਮੀਟਰ ਦੂਰ ਸਾਡੇ ਪਿੰਡ ਨੇੜੇ ਦੇ ਕਸਬੇ ਤੱਕ ਜਾਣ ਵਾਲੀ ਬੱਸ ਵਿੱਚ ਚੜ੍ਹਨ ਦੇ ਲਈ ਅਣਗਿਣਤ ਸਵਾਰੀਆਂ ਬੈਠੀਆਂ ਸਨ, ਪੰਜ ਵਜੇ ਅੱਗੇ ਪਿੱਛੇ ਚੱਲਣ ਵਾਲੀਆਂ ਦੋ ਬੱਸਾਂ ਅੱਡੇ ਵਿੱਚ ਫਸ ਗਈਆਂ ਤੇ ਰਾਹ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਸਨ। ਬੱਚੇ ਵਿਲੂੰ-ਵਿਲੂੰ ਕਰ ਰਹੇ ਸਨ ਤੇ ਔਰਤਾਂ ਘਬਰਾਈਆਂ ਹੋਈਆਂ ਸਨ ਤੇ ਕਈਆਂ ਨੇ ਬੱਸ 'ਚੋਂ ਉਤਰ ਕੇ ਹੋਰ ਅੱਗੇ ਕਾਪੀ ਦੂਰ ਪੈਦਲ ਤੁਰ ਕੇ ਜਾਣਾ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਇਨ੍ਹਾਂ ਪ੍ਰੇਸ਼ਾਨ ਸਵਾਰੀਅ ਦੀ ਰਵਾਇਤੀ ਧਾਰਮਿਕ ਸ਼ਰਧਾ ਦੀਆਂ ਜ਼ੰਜੀਰਾਂ ਵਿੱਚ ਬੱਝੀ ਮਾਨਸਿਕਤਾ ਕਰਕੇ ਸਭ ਸਵਾਰੀਆਂ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰ ਨੂੰ ਪਾਣੀ ਪੀ-ਪੀ ਕੋਸ ਰਹੀਆਂ ਸਨ, ਪਰ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਰਸਮਾਂ ਸੰਪੂਰਨ ਕਰਨ ਲਈ ਕੋਈ ਹੋਰ ਢੰਗ ਤਰੀਕਾ ਅਪਣਾਇਆ ਜਾਵੇ।
ਧਾਰਮਿਕ ਸਰਗਰਮੀਆਂ ਵਿਚਲੇ ਪੇਚੀਦਾ ਮੁੱਦੇ ਬਾਰੇ ਸਲਾਹ ਦੇਣ ਵਾਲਿਆਂ ਦੀ ਆਵਾਜ਼ ਨੂੰ ਬਿਲਕੁਲ ਅਹਿਮੀਅਤ ਨਹੀਂ ਦਿੱਤੀ ਜਾਂਦੀ। ਇਕ ਬਹੁਤ ਸੂਝਵਾਨ ਤੇ ਸੇਵਾਮੁਕਤ ਬਜ਼ੁਰਗ ਅਧਿਆਪਕ ਨੇ ਪਾਠੀਆਂ ਦੇ ਸੰਗਠਨ ਦੇ ਅਹੁਦੇਦਾਰ ਨੂੰ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਮੁਸ਼ਕਿਲ ਦੱਸ ਕੇ ਗੁਰਦੁਆਰੇ ਵਿੱਚ ਲਾਊਡ ਸਪੀਕਰ ਦੀ ਆਵਾਜ਼ ਘੱਟ ਕਰਨ ਲਈ ਬੇਨਤੀ ਕੀਤੀ ਤਾਂ ਜਵਾਬ ਮਿਲਿਆ, ‘ਪਹਿਲਾਂ ਲੋਕਾਂ ਦੇ ਡੀਜੇ ਬੰਦ ਕਰਾਓ, ਫੇਰ ਅਸੀਂ ਵੀ ਆਵਾਜ਼ ਘੱਟ ਕਰ ਲਵਾਂਗੇ।'
ਸਿਆਣੇ ਅਧਿਆਪਕ ਨੇ ਪੁੱਛਿਆ ਕਿ ਤੁਸੀਂ ਡੀ ਜੇ ਅਤੇ ਲਚਰ ਗੀਤ ਗਾਉਣ ਤੇ ਘਟੀਆ ਨਾਚ ਕਰਨ ਵਾਲੇ ਲੋਕਾਂ ਨਾਲ ਘਟੀਆ ਮੁਕਾਬਲੇ ਵਿੱਚ ਸ਼ਾਮਲ ਹੋਣਾ ਹੈ? ਉਸ ਅਧਿਆਪਕ ਨੇ ਪਾਠੀ ਨੂੰ ਸਲਾਹ ਦਿੱਤੀ ਕਿ ‘ਸਿੰਘ ਸਾਹਿਬ ਡੀਜੇ ਤੇ ਲਚਰ ਪ੍ਰੋਗਰਾਮਾਂ ਦੀ ਰਵਾਇਤ ਰੋਕਣ 'ਚ ਵੀ ਤੁਸੀਂ ਸਭ ਤੋਂ ਵੱਧ ਸਹਾਈ ਹੋ ਸਕਦੇ ਓ, ਇਲਾਕੇ ਦੇ ਸਾਰੇ ਪਾਠੀ ਰਲ ਕੇ ਫੈਸਲਾ ਕਰੋ ਕਿ ਜਿਹੜਾ ਪਰਵਾਰ ਡੀਜੇ ਨਾਲ ਕੋਈ ਲਚਰ ਪ੍ਰੋਗਰਾਮ ਕਰਾਏਗਾ, ਉਸ ਪਰਵਾਰ ਦੀ ਕਿਸੇ ਰਸਮ ਸਮੇਂ ਅਸੀਂ ਪਾਠ ਤੇ ਅਰਦਾਸ ਕਰਨ ਨਹੀਂ ਜਾਵਾਂਗੇ, ਤੁਸੀਂ ਅਜਿਹਾ ਫੈਸਲਾ ਕਰ ਸਕੋ ਤਾਂ ਅਸੀਂ ਸਾਰੇ ਤੁਹਾਡੇ ਨਾਲ ਹੋਵਾਂਗੇ।'
‘ਏਦਾਂ ਦਾ ਫੈਸਲਾ ਤੇ ਸਲਾਹ ਤੁਸੀਂ ਆਪਣੇ ਕੋਲ ਹੀ ਰੱਖੋ।' ਆਖ ਕੇ ਪਾਠੀ ਆਪਣੇ ਰਾਹ ਪੈ ਗਿਆ।

 
Have something to say? Post your comment