Welcome to Canadian Punjabi Post
Follow us on

04

July 2020
ਸੰਪਾਦਕੀ

ਸ਼ਰਾਬ ਵਿੱਕਰੀ: ਫੋਰਡ ਸਰਕਾਰ ਲਈ ਦੋ ਧਾਰੀ ਤਲਵਾਰ

July 24, 2019 10:38 AM

ਪੰਜਾਬੀ ਪੋਸਟ ਸੰਪਾਦਕੀ
ਉਂਟੇਰੀਓ ਵਿੱਚ ਸ਼ਰਾਬ ਦੀ ਵਿੱਕਰੀ ਬਾਬਤ ਨੇਮਾਂ ਨੂੰ ਹੋਰ ਮੋਕਲਾ ਕੀਤਾ ਜਾਵੇ ਜਾਂ ਫੇਰ ਇਸ ਦੇ ਸੇਵਨ ਨੂੰ ਘੱਟ ਕਰਨ ਲਈ ਕਦਮ ਚੁੱਕੇ ਜਾਣ, ਡੱਗ ਫੋਰਡ ਸਰਕਾਰ ਨੂੰ ਅਗਲੇ ਦਿਨਾਂ ਵਿੱਚ ਇਹਨਾਂ ਦੋਵੇਂ ਕਠਿਨ ਵਿਕਲਪਾਂ ਵਿੱਚੋਂ ਇੱਕ ਨੂੰ ਚੁਣਨਾ ਹੋਵੇਗਾ। ਇਹ ਦੋਵੇਂ ਵਿਕਲਪ ਅਜਿਹੇ ਹਨ ਕਿ ਇੱਕ ਦੇ ਪੂਰਾ ਹੋਣ ਨਾਲ ਦੂਜੇ ਨੇ ਸਰਕਾਰ ਦਾ ਮੂੰਹ ਚਿੜਾਉਣਾ ਹੈ। ਸੱਭ ਤੋਂ ਪਹਿਲਾਂ ਅਸੀਂ ਦੋਵਾਂ ਵਿਕਲਪਾਂ ਦੀ ਰੂਪ ਰੇਖਾ ਨੂੰ ਵੇਖਦੇ ਹਾਂ।

ਉਂਟੇਰੀਓ ਚੈਂਬਰਜ਼ ਆਫ ਕਾਮਰਸ ਵੱਲੋਂ ਸੋਮਵਾਰ ਵਾਲੇ ਦਿਨ ਇੱਕ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਸਰਕਾਰ ਨੂੰ ਸ਼ਰਾਬ ਵੇਚਣ ਬਾਰੇ ਨੇਮਾਂ ਨੂੰ ਨਰਮ ਕਰਕੇ ਪ੍ਰੋਵਿੰਸ ਦੀ ਆਰਥਕਤਾ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਗਈ ਹੈ। ਸਿਫ਼ਾਰਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਗਰੌਸਰੀ ਸਟੋਰਾਂ ਅਤੇ ਕੋਨਵੀਨੀਐਂਸ ਸਟੋਰਾਂ ਉੱਤੇ ਸਿਰਫ਼ ਵਾਈਨ ਅਤੇ ਬੀਅਰ ਵੇਚਣ ਦੀ ਆਗਿਆ ਦੇਣਾ ਕਾਫੀ ਨਹੀਂ ਹੈ ਸਗੋਂ ਸ਼ਰਾਬ ਵੀ ਵੇਚੇ ਜਾਣ ਦੀ ਇਜ਼ਾਜਤ ਦਿੱਤੇ ਜਾਣਾ ਸਮੇਂ ਦੀ ਲੋੜ ਹੈ। ਚੈਂਬਰ ਮੁਤਾਬਕ ਇਸ ਕਦਮ ਨਾਲ ਉਂਟੇਰੀਓ ਵਾਸੀ ਮਨਪਸੰਦ ਦੀ ਦਾਰੂ ਖਰੀਦਣ ਲਈ ਹੋਣ ਵਾਲੀ ਖੱਜਲਖੁਆਰੀ ਤੋਂ ਬਚ ਜਾਣਗੇ। ਨਾਲ ਹੀ ਸ਼ਰਾਬ ਨੂੰ ਆਨਲਾਈਨ ਵੇਚਣ ਦੀ ਸਿਫਾਰਸ਼ ਕਰਦੇ ਹੋਏ ਚੈਂਬਰ ਨੇ ਕਿਹਾ ਹੈ ਕਿ ਇਹ ਸਹੀ ਸਮਾਂ ਹੈ ਕਿ ਸਰਕਾਰ ਪਬਲਿਕ ਨੂੰ ਸਹੂਲਤ ਦੇ ਕੇ ਅਤੇ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁਨਾਫੇ ਦੇ ਰਾਹ ਤੋਰ ਕੇ ਦੋਵਾਂ ਦੀ ਵਾਹ 2 ਖੱਟੇ।

ਦੂਜੇ ਪਾਸੇ ਉਸੇ ਦਿਨ ਭਾਵ ਸੋਮਵਾਰ ਨੂੰ ਹੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜੌਰਨਲ (Canadian Medical Association Journal) ਵੱਲੋਂ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਸ਼ਰਾਬੀਆਂ ਦੇ ਦਾਖਲ ਹੋਣ ਕਾਰਣ ਉਂਟੇਰੀਓ ਭਰ ਦੇ ਹਸਪਤਾਲਾਂ ਦੇ ਐਮਰਜੰਸੀ ਵਿਭਾਗਾਂ ਵਿੱਚ ਪੈਦਾ ਹੋਈ ਐਮਰਜੰਸੀ ਦਾ ਜਿ਼ਕਰ ਕੀਤਾ ਗਿਆ ਹੈ। ਯੂਨੀਵਰਸਿਟੀ ਆਫ਼ ਓਟਾਵਾ, ਓਟਾਵਾ ਹਸਪਤਾਲ,Bruyere Research Institute ਅਤੇ Institute for Clinical Evaluative Sciences ਦੇ ਸਹਿਯੋਗ ਨਾਲ ਤਿਆਰ ਕੀਤੀ ਇਸ ਰਿਪੋਰਟ ਵਿੱਚ ਸਰਕਾਰ ਨੂੰ ਤਾੜਨਾ ਕੀਤੀ ਗਈ ਹੈ ਕਿ ਸ਼ਰਾਬ ਪਬਲਿਕ ਦੀ ਸਿਹਤ ਵਾਸਤੇ ਉਸੇ ਪੱਧਰ ਉੱਤੇ ਹਾਨੀਕਾਰਕ ਹੈ ਜਿੰਨੇ ਪੱਧਰ ਉੱਤੇ ਕੋਕੇਨ ਅਤੇ ਤੰਬਾਕੂ ਹਨ। ਰਿਪੋਰਟ ਤਿਆਰ ਕਰਨ ਲਈ 2003 ਤੋਂ 2016 ਦੇ ਅਰਸੇ ਦੌਰਾਨ ਹਸਪਤਾਲਾਂ ਦੇ ਐਮਰਜੰਸੀ ਵਿਭਾਗਾਂ ਵਿੱਚ ਦਾਖ਼ਲ ਹੋਏ ਡੇਢ ਕਰੋੜ ਮਰੀਜ਼ਾਂ ਦੇ ਡਾਟੇ ਦਾ ਮੁਲਾਂਕਣ ਕੀਤਾ ਗਿਆ। ਖੋਜ ਵਿੱਚ ਪਾਇਆ ਗਿਆ ਹੈ ਇਹਨਾਂ 13 ਸਾਲ ਦੇ ਅਰਸੇ ਵਿੱਚ 7 ਲੱਖ 65 ਹਜ਼ਾਰ 346 ਐਮਰਜੰਸੀ ਦਾਖਲ ਹੋਣ ਦੇ ਕੇਸ ਸਿਰਫ਼ ਸ਼ਰਾਬੀਆਂ ਦੇ ਸਨ। ਅੰਕੜੇ ਦੱਸਦੇ ਹਨ ਕਿ ਇੱਕ ਵਿਅਕਤੀ ਦੀ ਐਮਰਜੰਸੀ ਵਿਜ਼ਟ ਸਰਕਾਰੀ ਖਜਾਨੇ ਨੂੰ ਘੱਟੋ ਘੱਟ 1000 ਤੋਂ 1500 ਡਾਲਰ ਦੀ ਪੈਂਦੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਹਨਾਂ ਸਾਲਾਂ ਵਿੱਚ ਸ਼ਰਾਬੀ ਹੋ ਕੇ ਐਮਰਜੰਸੀ ਜਾਣ ਵਾਲੀਆਂ ਬੀਬੀਆਂ ਦੀ ਨਫ਼ਰੀ ਵਿੱਚ ਰਿਕਾਰਡ ਤੋੜ 86.5% ਵਾਧਾ ਹੋਇਆ ਹੈ।

Canadian Institute for Health Information (CIHI) ਦੁਆਰਾ ਇੱਕਤਰ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਕੈਨੇਡਾ ਵਿੱਚ ਹਰ ਦਿਨ 10 ਬੰਦੇ ਹਸਪਤਾਲਾਂ ਵਿੱਚ ਸ਼ਰਾਬ ਕਾਰਣ ਮਰਦੇ ਹਨ। ਅੰਕੜਾ ਵਿਭਾਗ ਦੇ 2016 ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ 12 ਸਾਲ ਤੋਂ ਵੱਡੀ ਉਮਰ ਦੇ 5 ਕਰੋੜ 80 ਲੱਖ ਲੋਕ ਹਨ ਜਿਹੜੇ ਜਿ਼ਆਦਾ ਸ਼ਰਾਬ ਪੀਣ ਦੇ ਆਦੀ ਹਨ। ਜੇ 23.8% ਮਰਦਾਂ ਦੇ ਚਾਂਨਸ ਹਨ ਕਿ ਉਹ ਜਿ਼ਆਦਾ ਸ਼ਰਾਬ ਪੀਣ ਦੇ ਆਦੀ ਹਨ ਤਾਂ ਔਰਤਾਂ ਦੀ 14.2% ਗਿਣਤੀ ਵੀ ਕੋਈ ਬਹੁਤੀ ਪਿੱਛੇ ਨਹੀਂ ਹੈ।

ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇੱਕੋ ਦਿਨ ਆਈਆਂ ਦੋ ਵੱਖਰੇ ਪਰੀਪੇਖ ਵਾਲੀਆਂ ਇਹ ਰਿਪੋਰਟਾਂ ਅਗਲੇ ਦਿਨਾਂ ਵਿੱਚ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲੇ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ। ਉਂਟੇਰੀਓ ਚੈਂਬਰ ਆਫ ਼ਕਾਮਰਸ ਦਾ ਆਖਣਾ ਹੈ ਕਿ ਸਰਕਾਰ ਦੁਆਰਾ ਸ਼ਰਾਬ ਦੀ ਵਿੱਕਰੀ ਬਾਰੇ ਕੋਈ ਯੋਜਨਾਬੱਧ ਅਤੇ ਠੋਸ ਪਹੁੰਚ ਨਾ ਅਪਣਾਉਣ ਕਾਰਣ ਸਰਕਾਰ ਅਤੇ ਬਿਜਨਸਾਂ ਦੋਵਾਂ ਨੂੰ ਘਾਟਾ ਪੈ ਰਿਹਾ ਹੈ। ਦੂਜੇ ਪਾਸੇ ਕੈਨੇਡੀਅਨ ਐਸੋਸੀਏਸ਼ਨ ਆਫ਼ ਮੈਂਟਲ ਹੈਲਥ, ਮਦਰਜ਼ ਅਗੇਂਸਟ ਡਰੰਕ ਡਰਾਈਵਿੰਗ ਅਤੇ ਰਜਿਸਟਰਡ ਨਰਸਜ਼ ਐਸੋਸੀਏਸ਼ਨ ਆਫ਼ ਉਂਟੇਰੀਓ ਵਰਗੀਆਂ ਸੰਸਥਾਵਾਂ ਕੋਠੇ ਚੜ ਕੇ ਆਵਾਜ਼ਾਂ ਦੇ ਰਹੀਆਂ ਹਨ ਕਿ ਸਰਕਾਰ ਕੋਈ ਅਜਿਹਾ ਫੈਸਲਾ ਨਾ ਕਰੇ ਜਿਸ ਨਾਲ ਉਂਟੇਰੀਓ ਦੇ ਪਰਿਵਾਰਾਂ ਵਿੱਚ ਮਾਤਮ ਛਾਏ। ਉਂਟੇਰੀਓ ਵਾਸੀ ਇਸ ਗੱਲ ਦੀ ਤੀਬਰਤਾ ਨਾਲ ਉਡੀਕ ਕਰ ਰਹੇ ਹਨ ਕਿ ਉਹਨਾਂ ਦੇ ਵਾਹਨਾਂ ਉੱਤੇ ‘ਓਪਨ ਟੂ ਬਿਜਨਸ’ ਦੀਆਂ ਪਲੇਟਾਂ ਲਾਉਣ ਵਾਲੀ ਸਰਕਾਰ ਆਖਰ ਨੂੰ ਕੀ ਫੈਸਲਾ ਕਰਦੀ ਹੈ।

Have something to say? Post your comment