Welcome to Canadian Punjabi Post
Follow us on

23

September 2019
ਸੰਪਾਦਕੀ

ਵੱਖਰੀ ਤਸਵੀਰ ਕੈਨੇਡਾ ਵਿੱਚ ਅਪਰਾਧਾਂ ਬਾਰੇ ਅੰਕੜਿਆਂ ਦੀ

July 23, 2019 10:37 PM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਕੱਲ ਸਾਲ 2018 ਵਿੱਚ ਹੋਏ ਅਪਰਾਧਾਂ ਬਾਰੇ ਅੰਕੜੇ ਜਾਰੀ ਕੀਤੇ ਗਏ ਜੋ ਇੱਕ ਦਿਲਚਸਪ ਤਸਵੀਰ ਪੇਸ਼ ਕਰਦੇ ਹਨ। ਬੇਸ਼ੱਕ 2018 ਵਿੱਚ ਅਪਰਾਧਾਂ ਦੀ ਗਿਣਤੀ ਵਿੱਚ 2017 ਨਾਲੋਂ ਵਾਧਾ ਰਿਪੋਰਟ ਕੀਤਾ ਗਿਆ ਹੈ ਪਰ ਅਪਰਾਧਾਂ ਦੀ ਵੰਨਗੀ ਅਤੇ ਸੁਭਾਅ (ਕੈਰੇਕਟਰ) ਵਿੱਚ ਤਬਦੀਲੀ ਨੋਟ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ 2018 ਵਿੱਚ ਫਰਾਡ, ਸੈਕੁਸੁਅਲ ਅਸਾਟਲ, ਮਕਾਨਾਂ, ਦੁਕਾਨਾਂ ਅਤੇ ਬਜ਼ਾਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਅਪਰਾਧ ਦੀ ਗਿਣਤੀ ਨੂੰ ਵਧਾਇਆ ਹੈ। ਇਸਤੋਂ ਉਲਟ ਨਫ਼ਰਤ ਕਾਰਣ ਪੈਦਾ ਹੋਣ ਵਾਲੀਆਂ ਅਪਰਾਧਕ ਵਾਰਦਾਤਾਂ ਵਿੱਚ ਕਮੀ ਵੇਖਣ ਨੂੰ ਮਿਲੀ ਹੈ। ਮਿਸਾਲ ਵਜੋਂ ਮੁਸਲਿਮ ਭਾਈਚਾਰੇ ਵਿਰੁੱਧ ਹੋਣ ਵਾਲੀਆਂ ਨਫ਼ਤਰ ਵਾਲੀਆਂ ਵਾਰਦਾਤਾਂ ਵਿੱਚ 50% ਕਮੀ ਵੇਖਣ ਨੂੰ ਮਿਲੀ।

ਜਿੱਥੇ ਉਂਟੇਰੀਓ, ਮੈਨੀਟੋਬਾ, ਪ੍ਰਿੰਸ ਐਡਵਾਰਡ ਆਈਲੈਂਡ, ਨੁਨਾਵਤ, ਨੌਰਥ ਵੈਸਟ ਟੈਰੀਟੋਰੀਜ਼, ਨਿਊ ਬਰੱਨਸਵਿੱਕ ਅਤੇ ਲੈਬਰਾਡੋਰ ਵਿੱਚ ਅਪਰਾਧਕ ਵਾਰਦਾਤਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ, ਉੱਥੇ ਨੋਵਾ ਸਕੋਸ਼ੀਆ, ਸਸਕੈਚਵਨ, ਕਿਉਬਿੱਕ ਅਤੇ ਯੂਕੋਨ ਵਿੱਚ ਕਮੀ ਆਈ। ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਪਿਛਲੇ ਸਾਲ ਦੀ ਦਰ ਉੱਤੇ ਟਿਕੇ ਰਹੇ। ਕੈਨੇਡਾ ਭਰ ਵਿੱਚ ਹੋਣ ਵਾਲੇ ਫਰਾਡਾਂ ਵਿੱਚ 15%, ਸੈਕਸੁਅਲ ਅਸਾਲਟ 15%, ਦੁਕਾਨਾਂ ਵਿੱਚ ਚੋਰੀਆਂ 15% ਅਤੇ 5000 ਡਾਲਰ ਤੋਂ ਵੱਧ ਦੀਆਂ ਵਸਤਾਂ ਦੀ ਚੋਰੀ ਵਿੱਚ 15% ਦਾ ਇਜ਼ਾਫਾ ਨੋਟ ਕੀਤਾ ਗਿਆ। ਮਨੁੱਖੀ ਕਤਲਾਂ ਦੀ ਗਿਣਤੀ ਵਿੱਚ ਕੈਨੇਡਾ ਭਰ ਵਿੱਚ 4% ਕਮੀ ਵੇਖੀ ਗਈ ਜਦੋਂ ਕਿ ਉਂਟੇਰੀਓ ਵਿੱਚ ਵਾਧਾ ਪਾਇਆ ਗਿਆ। ਉਂਟੇਰੀਓ ਵਿੱਚ ਡੈਨਫੋਰਥ ਉੱਤੇ 2, ਯੌਂਗ ਸਟਰੀਟ ਉੱਤੇ ਹੋਏ ਵੈਨ ਅਟੈਕ ਵਿੱਚ 10 ਅਤੇ ਮੈਕਆਰਥਰ ਸੀਰੀਅਲ ਕਿੱਲਰ ਵੱਲੋਂ ਕੀਤੇ 8 ਕਤਲਾਂ ਕਾਰਣ ਵੱਡੀ ਬੜੌਤਰੀ ਵੇਖੀ ਗਈ।

ਚੋਰੀਆਂ ਅਤੇ ਫਰਾਡ ਬਾਰੇ ਜਾਣਦੇ ਹਾਂ ਕਿ ਕਿਵੇਂ ਸਾਡੇ ਸ਼ਹਿਰ ਦਿਨ-ਬ-ਦਿਨ ਅਸੁਰੱਖਿਅਤ ਬਣਦੇ ਜਾ ਰਹੇ ਹਨ। ਬਰੈਂਪਟਨ, ਮਿਸੀਸਾਗਾ, ਟੋਰਾਂਟੋ, ਐਡਮਿੰਟਨ, ਸਰੀ ਅਤੇ ਵੈਨਕੂਵਰ ਆਦਿ ਸ਼ਹਿਰ ਬੇਸ਼ੱਕ ਇੱਕ ਦੂਜੇ ਤੋਂ ਬਹੁਤ ਦੂਰ ਹੋਣ ਪਰ ਇੱਕ ਗੱਲੋਂ ਸਮਾਨਤਾ ਰੱਖਦੇ ਹਨ ਕਿ ਇਹਨਾਂ ਸ਼ਹਿਰਾਂ ਦੀ ਪੁਲੀਸ ਨੇ ਚੋਰੀ ਅਤੇ ਫਰਾਡ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਣਾ ਬੰਦ ਕਰ ਦਿੱਤਾ ਹੈ। ਟੋਰਾਂਟੋ ਸਿਟੀ ਨੇ ਤਾਂ ਪਿਛਲੇ ਸਾਲ ਕਾਨੂੰਨ ਹੀ ਪਾਸ ਕਰ ਦਿੱਤਾ ਸੀ ਕਿ 18 ਸਾਲ ਤੋਂ ਘੱਟ ਉਮਰ ਦੇ ਪਹਿਲੀ ਵਾਰ 1000 ਡਾਲਰ ਤੋਂ ਘੱਟ ਦੀ ਚੋਰੀ ਕਰਨ ਵਾਲੇ ਨੂੰ ਚਾਰਜਸ਼ੀਟ ਹੀ ਨਹੀਂ ਕੀਤਾ ਜਾਵੇਗਾ। ਕੀ ਉਹ ਚਾਹੁੰਦੇ ਹਨ ਕਿ ਛੋਟੀ ਉਮਰ ਦੇ ਅਨੋਭੜ ਚੋਰਾਂ ਨੂੰ ਪੰਜ ਚਾਰ ਚੋਰੀਆਂ ਦਾ ਅਨੁਭਵੀ ਹੋਣ ਤੋਂ ਬਾਅਦ ਹੀ ਫੜਿਆ ਜਾਵੇਗਾ? ਮਿਸੀਸਾਗਾ ਅਤੇ ਬਰੈਂਪਟਨ ਵਿੱਚ ਜਿਊਲਰੀ ਦੀਆਂ ਦੁਕਾਨਾਂ ਉੱਤੇ ਮਾਲਕਾਂ ਅਤੇ ਚੋਰਾਂ ਦਰਮਿਆਨ ਹੋਏ ਮੁਕਾਬਲੇ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਦਾ ਵਿਸ਼ਾ ਰਹੇ ਹਨ। ਪਰ ਇਹ ਗੱਲ ਘੱਟ ਹੀ ਚਰਚਾ ਦਾ ਵਿਸ਼ਾ ਬਣੀ ਕਿ ਪੁਲੀਸ ਨੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਸੀ ਕਿ ਉਹ ਆਪਣੀਆਂ ਦੁਕਾਨਾਂ ਦੀ ਰਾਖੀ ਕਰਨ ਦੇ ਚੱਕਰ ਵਿੱਚ ਚੋਰਾਂ ਉੱਤੇ ਹਮਲਾ ਕਰਨ ਦੇ ਚਾਰਜ ਨਾ ਲੁਆ ਬੈਠਣ। ਵਰਨਣਯੋਗ ਹੈ ਕਿ ਟੋਰਾਂਟੋ ਵਿੱਚ 2014 ਵਿੱਚ 11010 ਦੇ ਮੁਕਾਬਲੇ 2018 ਵਿੱਚ 17000 ਹਜ਼ਾਰ ਦੇ ਕਰੀਬ ਦੁਕਾਨਾਂ ਵਿੱਚੋਂ ਚੋਰੀ ਹੋਣ ਦੀਆਂ ਵਾਰਦਾਤਾਂ ਹੋਈਆਂ ਹਨ।

ਅਪਰਾਧਾਂ ਬਾਰੇ ਅੰਕੜਿਆਂ ਦੀ ਗੱਲ ਕਰਨ ਵੇਲੇ ਚੇਤੇ ਰੱਖਣਾ ਬਣਦਾ ਹੈ ਕਿ ਸਰਕਾਰੀ ਅੰਕੜੇ ਪੁਲੀਸ ਵਿੱਚ ਦਰਜ਼ ਕੀਤੇ ਗਏ ਕੇਸਾਂ ਉੱਤੇ ਆਧਾਰਿਤ ਹੁੰਦੇ ਹਨ ਪਰ ਅੰਕੜਾ ਵਿਭਾਗ ਮੁਤਾਬਕ ਸਿਰਫ਼ 31% ਅਪਰਾਧ ਹੀ ਪੁਲੀਸ ਕੋਲ ਰਿਪੋਰਟ ਹੁੰਦੇ ਹਨ ਬਾਕੀ 59% ਰਿਪੋਰਟ ਕੀਤੇ ਬਗੈਰ ਰਹਿ ਜਾਂਦੇ ਹਨ। ਇਹਨਾਂ ਵਿੱਚ ਖਾਸ ਕਰਕੇ ਔਰਤਾਂ ਖਿਲਾਫ਼ ਹੋਏ ਜੁਰਮ ਹੁੰਦੇ ਹਨ ਕਿਉਂਕਿ ਜਿ਼ਆਦਾਤਰ ਔਰਤਾਂ ਸ਼ਰਮ, ਪਰਿਵਾਰਕ ਦਬਾਅ ਅਤੇ ਸਮਾਜਕ ਨਮੋਸ਼ੀ ਕਾਰਣ ਪੁਲੀਸ ਕੋਲ ਜਾਂਦੀਆਂ ਹੀ ਨਹੀਂ। ਪਤਨੀਆਂ ਹੱਥੋਂ ਹਿੰਸਾ ਅਤੇ ਸੋਸ਼ਣ ਦਾ ਸਿ਼ਕਾਰ ਹੋਣ ਵਾਲੇ ਮਰਦ ਵੀ ਪੁਲੀਸ ਕੋਲ ਘੱਟ ਹੀ ਰਿਪੋਰਟ ਕਰਦੇ ਹਨ।

ਫਰਾਡਾਂ ਦੇ ਸੰਦਰਭ ਵਿੱਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕਿਸ ਕਮਿਉਨਿਟੀ ਨਾਲ ਸਬੰਧਿਤ ਲੋਕ ਫਰਾਡ ਵਿੱਚ ਵਧੇਰੇ ਸ਼ਾਮਲ ਹਨ ਬੇਸ਼ੱਕ ਕਾਨੂੰਨੀ ਪੱਖ ਤੋਂ ਇਸ ਤਰਾਂ ਦੇ ਅੰਕੜੇ ਰੀਲੀਜ਼ ਕਰਨਾ ਸੰਭਵ ਨਾ ਹੋਵੇ ਜਿਸਨੂੰ racial profiling ਆਖਦੇ ਹਨ। ਆਮ ਕਰਕੇ ਹਰ ਕਮਿਉਨਿਟੀ ਵਿੱਚ ਪ੍ਰਭਾਵ ਹੁੰਦਾ ਹੈ ਕਿ ਸਾਡੇ ਲੋਕ ਠੱਗੀਆਂ ਵਿੱਚ ਵੱਧ ਸ਼ਾਮਲ ਹਨ। ਇਸਤੋਂ ਉਲਟ ਮੁੱਖ ਧਾਰਾ ਦੇ ਲੋਕਾਂ ਬਾਰੇ ਫਰਾਡ ਕਰਨ ਦਾ ਪ੍ਰਭਾਵ ਘੱਟ ਪਾਇਆ ਜਾਂਦਾ ਹੈ ਪਰ ਜਰੂਰੀ ਨਹੀਂ ਇਹ ਪ੍ਰਭਾਵ ਸਹੀ ਹੋਵੇ। ਮਿਸੀਸਾਗਾ ਵਿੱਚ ਕਈ ਇਲਾਕੇ ਹਨ ਜਿਹਨਾਂ ਬਾਰੇ ਧਾਰਨਾ ਹੈ ਕਿ ਵੱਡੀ ਗਿਣਤੀ ਵਿੱਚ ਮਰਦ ਆਪਣੇ ਪਰਿਵਾਰਾਂ (ਪਤਨੀਆਂ ਅਤੇ ਬੱਚਿਆਂ) ਨੂੰ ਕੈਨੇਡਾ ਛੱਡ ਕੇ ਮਿਡਲ ਈਸਟਰਨ ਮੁਲਕਾਂ ਵਿੱਚ ਚੰਗੀਆਂ ਨੌਕਰੀਆਂ/ਵਿਉਪਾਰ ਕਰਨ ਚਲੇ ਜਾਂਦੇ ਹਨ। ਪਿੱਛੇ ਰਹਿ ਗਏ ਪਰਿਵਰਕ ਮੈਂਬਰ ਸਰਕਾਰ ਤੋਂ ਸੋਸ਼ਲ ਅਸਿਸਟੈਂਸ ਵੀ ਲੈਂਦੇ ਹਨ। ਪਤਾ ਨਹੀਂ ਇਹ ਰੁਝਾਨ ਕਿੰਨਾ ਕੁ ਵੱਡਾ ਹੈ ਪਰ ਕੁੱਝੁ ਸਾਲ ਪਹਿਲਾਂ ਓਮਨੀ ਟੀ ਵੀ ਵੱਲੋਂ ਇੱਕ ਡਾਕੂਮੈਂਟਰੀ ਜਰੂਰ ਬਣਾਈ ਗਈ ਸੀ ਜਿਸਦਾ ਨਾਮ ‘ਬੇਗਮਪੁਰਾ’ ਸੀ ਭਾਵ ਬੇਗਮਾਂ ਜਾਂ ਪਤਨੀਆਂ ਦਾ ਸ਼ਹਿਰ।

ਮੀਡੀਆ ਨੂੰ ਸਨਸਨੀਖੇਜ ਅਪਰਾਧਾਂ ਬਾਰੇ ਰਿਪੋਰਟਿੰਗ ਕਰਨ ਵਿੱਚ ਜਿ਼ਆਦਾ ਦਿਲਚਸਪੀ ਹੁੰਦੀ ਹੈ ਜਿਸ ਕਾਰਣ ਇਸ ਸਾਲ ਨਸਲੀ ਨਫ਼ਰਤ ਦੀਆਂ ਵਾਰਦਾਤਾਂ ਦੇ ਘੱਟ ਹੋਣ ਨੂੰ ਮੀਡੀਆ ਵੱਲੋਂ ਮੁੱਖ ਸੁਰਖੀ ਵਿੱਚ ਨਹੀਂ ਲਿਆਂਦਾ ਗਿਆ। ਜੇ ਹਾਲਾਤ ਇਸਤੋਂ ਉਲਟ ਹੁੰਦੇ ਤਾਂ ਸੁਰਖੀਆਂ ਦਾ ਰੰਗ ਹੋਰ ਹੀ ਹੋਣਾ ਸੀ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੈਡਰਲ ਚੋਣਾਂ 2019--ਬਰੈਂਪਟਨ ਸਾਊਥ ਲਿਬਰਲ ਕਬਜ਼ੇ ਵਾਲੀ ਇੱਕ ਦਿਲਚਸਪ ਰਾਈਡਿੰਗ
ਪੰਜਾਬੀ ਪੋਸਟ ਵਿਸ਼ੇਸ਼: ਟਰੂਡੋ ਦੀ ਬਰਾਊਨ-ਫੇਸਿੰਗ ਅਤੇ ਲੀਡਰਾਂ ਦੇ ਅਸਲੀ ਚਿਹਰੇ
ਪੰਜਾਬੀ ਪੋਸਟ ਵਿਸ਼ੇਸ਼ -- 2019 ਫੈਡਰਲ ਚੋਣਾਂ: ਬਰੈਂਪਟਨ ਨੌਰਥ: ਦੋ ਵਕੀਲਾਂ ਦਰਮਿਆਨ ਮੁਕਾਬਲਾ, ਫੈਸਲਾ ਵੋਟਰਾਂ ਹੱਥ
2019 ਫੈਡਰਲ-ਚੋਣਾਂਬਰੈਂਪਟਨ ਈਸਟ: ਲਿਬਰਲ ਚੜਤ ਲਾਮਿਸਾਲ
ਫੈਡਰਲ ਚੋਣਾਂ: ਗੰਭੀਰ ਮੁੱਦਿਆਂ ਨੂੰ ਦੋਸ਼ਾਂ ਪ੍ਰਤੀ ਦੋਸ਼ਾਂ ਦੀ ਗੜੇ੍ਹਮਾਰ
ਪੰਜਾਬੀ ਪੋਸਟ ਵਿਸ਼ੇਸ਼: 2019 ਫੈਡਰਲ ਚੋਣਾਂ: ਕਿੱਥੇ ਖੜੀਆਂ ਹਨ ਸਿਆਸੀ ਪਾਰਟੀਆਂ
ਕੈਨੇਡੀਅਨ ਸਭਿਆਚਾਰ ਦੇ ਰੰਗ ਵਿਚ ਆਪਣੇ ਆਪ ਨੂੰ ਰੰਗੋ
ਟਰੂਡੋ ਦੀ ਭਾਰਤ ਫੇਰੀ ਦਾ ਕੈਨੇਡੀਅਨ ਸਿਆਸਤ ਉੱਤੇ ਜਾਰੀ ਹੈ ਪਰਛਾਵਾਂ
ਸੀਨੀਅਰਾਂ ਦੀ ਸੀਰੀਅਲ ਕਿੱਲਰ ਦੀ ਗਾਥਾ ਤੋਂ ਮਿਲਦੇ ਸਬਕ
ਬਰੈਂਪਟਨ ਕਾਉਂਸਲ ਵੱਲੋਂ ਮੀਡੀਆ ਫੰਡ ਕਿਸ ਆਧਾਰ ਉੱਤੇ?