Welcome to Canadian Punjabi Post
Follow us on

25

January 2021
ਸੰਪਾਦਕੀ

ਕੈਨੇਡਾ ਫੂਡ ਗਾਈਡ ਬਣੀ ਭਖਵਾਂ ਮੁੱਦਾ

July 22, 2019 08:05 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ ਸਸਕਾਟੂਨ ਵਿੱਚ ਕੈਨੇਡਾ ਦੇ ਡੇਅਰੀ ਫਾਰਮਰਾਂ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਨੇ ਵਾਅਦਾ ਕੀਤਾ ਕਿ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਕੈਨੇਡਾ ਫੂਡ ਗਾਈਡ ਦਾ ਮੁੜ ਮੁਲਾਂਕਣ ਨਵੀਂ ਫੂਡ ਗਾਈਡ ਵਿੱਚ ਕਈ ਤਰੂਟੀਆਂ ਸਨ ਕਿਉਂਕਿ ਇਸ ਵਿੱਚ ਸੁਝਾਏ ਗਏ ਨੁਕਤੇ ਸਾਇੰਸ ਉੱਤੇ ਆਧਾਰਿਤ ਨਹੀਂ ਹਨ। ਸ਼ੀਅਰ ਮੁਤਾਬਕ ਉਸਦੀ ਸਰਕਾਰ ਫੂਡ ਗਾਈਡ ਨੂੰ ਸਾਇੰਸ ਦੇ ਸਿਧਾਂਤਾਂ ਨੂੰ ਅਪਣਾ ਕੇ ਤਿਆਰ ਕਰੇਗੀ।

ਐਂਡਰੀਊ ਸ਼ੀਅਰ ਦੇ ਬਿਆਨ ਨਾਲ ਫੂਡ ਗਾਈਡ ਦਾ ਮੁੱਦਾ ਇੱਕਦਮ ਸਿਆਸੀ ਚਰਚਾ ਦਾ ਰੂਪ ਧਾਰਨ ਕਰ ਗਿਆ ਹੈ। ਲੰਬੇ ਸਮੇਂ ਵਿੱਚ ਇਹ ਪਹਿਲੀ ਵਾਰ ਸੀ ਕਿ ਇਸ ਸਾਲ ਰੀਲੀਜ਼ ਕੀਤੀ ਗਈ ਫੂਡ ਗਾਈਡ ਵਿੱਚ ਦਰਜ਼ ਸਿਫਾਰਸ਼ਾਂ ਇੰਡਸਟਰੀ ਦੇ ਹਿੱਤਾਂ ਦੀ ਪੂਰਤੀ ਕਰਨ ਵਾਲੀਆਂ ਘੱਟ ਅਤੇ ਪਬਲਿਕ ਦੀ ਸਿਹਤ ਨੂੰ ਤੰਦਰੁਸਤ ਰੱਖਣ ਵਾਲੀਆਂ ਵੱਧ ਸਨ। ਮਿਸਾਲ ਵਜੋਂ ਨਵੀਂ ਫੂਡ ਗਾਈਡ ਵਿੱਚ ਪਾਣੀ ਨੂੰ ਮਨੁੱਖ ਵਾਸਤੇ ਨੰਬਰ ਇੱਕ ਪੇਅ ਪਦਾਰਥ ਦੱਸਿਆ ਗਿਆ ਕਿਉਂਕਿ ਪਾਣੀ ਸਿਹਤ ਲਈ ਚੰਗਾ ਹੈ, ਇਸ ਵਿੱਚ ਕੋਈ ਕੈਲੋਰੀ ਨਹੀਂ, ਇਸਦਾ ਕੋਈ ਸਾਈਡ ਈਫੈਕਟ ਨਹੀਂ ਅਤੇ ਇਸਦਾ ਸੇਵਨ ਮਨੁੱਖ ਦੇ ਅੰਦਰੂਨੀ ਸਿਸਟਮ ਨੂੰ ਤਰੋਤਾਜ਼ਾ ਹੀ ਨਹੀਂ ਰੱਖਦਾ ਸਗੋਂ ਤੰਦਰੁਸਤ ਵੀ ਬਣਾਉਂਦਾ ਹੈ। ਇਵੇਂ ਹੀ ਨਵੀਂ ਫੂਡ ਗਾਈਡ ਵਿੱਚ ਮੀਟ ਦੀ ਥਾਂ ਸਬਜ਼ੀਆਂ ਭਾਜੀਆਂ ਉੱਤੇ ਵਧੇਰੇ ਜ਼ੋਰ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।


ਇਸ ਸਾਲ ਫੂਡ ਗਾਈਡ ਦੇ ਰੀਲੀਜ਼ ਹੋਣ ਵੇਲੇ ਡੇਅਰੀ ਇੰਡਸਟਰੀ ਤੋਂ ਇਲਾਵਾ ਮੀਟ, ਕੋਲਾ ਕੋਲਾ, ਪੈਪਸੀ ਆਦਿ ਪੇਅ ਪਦਾਰਥ ਇੰਡਸਟਰੀ ਨੇ ਖੂਬ ਰੌਲਾ ਰੱਪਾ ਪਾਇਆ ਸੀ। ਵੈਸੇ ਫੂਡ ਗਾਈਡ ਦਾ ਇਤਿਹਾਸ ਰਿਹਾ ਹੈ ਕਿ ਇਸ ਵਿੱਚ ਉਪਭੋਗਤਾਵਾਂ (consumers) ਦੇ ਹਿੱਤਾਂ ਨਾਲੋਂ ਆਰਥਕ ਅਤੇ ਇੰਡਸਟਰੀ ਹਿੱਤ ਵਧੇਰੇ ਪੂਰੇ ਜਾਂਦੇ ਰਹੇ ਹਨ। 1942 ਵਿੱਚ ਪਹਿਲੀ ਵਾਰ ਫੂਡ ਗਾਈਡ ਆਫੀਸ਼ੀਅਲ ਫੂਡ ਰੂਲਜ਼ ਨਾਮ ਤਹਿਤ ਜਾਰੀ ਕੀਤੀ ਗਈ ਸੀ। ਉਸ ਵੇਲੇ ਫੂਡ ਗਾਈਡ ਵਿੱਚ ਵਿਸ਼ਵ ਜੰਗ ਕਾਰਣ ਪੈਦਾ ਹੋਈ ਖਾਣੇ ਦੀ ਘਾਟ ਨਾਲ ਸਿੱਝਣ ਦੀ ਲੋੜ ਨੂੰ ਸਾਹਮਣੇ ਰੱਖ ਕੇ ਸਿਫਾਰਸ਼ਾਂ ਕੀਤੀਆਂ ਗਈਆਂ ਸਨ। ਇਸਤੋਂ ਬਾਅਦ ਆਮ ਕਰਕੇ ਫੂਡ ਗਾਈਡ ਦਾ ਇਤਿਹਾਸ ਪਬਲਿਕ ਦੀ ਸਿਹਤ ਨੂੰ ਅੱਖੋਂ ਪਰੋਖੇ ਕਰਕੇ ਇੰਡਸਟਰੀ ਦੇ ਹਿੱਤਾਂ ਦੀ ਪੂਰਤੀ ਕਰਨ ਵਾਲਾ ਰਿਹਾ ਹੈ।

ਆਪਣਾ ਵਿਵਾਦਗ੍ਰਸਟ ਬਿਆਨ ਦੇਣ ਵੇਲੇ ਐਂਡਰੀਊ ਸ਼ੀਅਰ ਨੇ ਇਹ ਨਹੀਂ ਦੱਸਿਆ ਕਿ ਕਿਸ ਪੜਤਾਲ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਨਵੀਂ ਗਾਈਡ ਸਾਇੰਸ ਦੇ ਸਿਧਾਂਤਾਂ ਉੱਤੇ ਖਰੀ ਨਹੀਂ ਉੱਤਰਦੀ? ਪੌਦਿਆਂ ਆਧਾਰਿਤ ਖਾਣੇ  (plant based food) ਦੀ ਸਾਰਥਕਤਾ ਬਾਰੇ ਵਿਸ਼ਵ ਭਰ ਵਿੱਚ ਮਾਨਤਾ ਪੈਦਾ ਹੋ ਚੁੱਕੀ ਹੈ। ਨਿਊ ਯਾਰਕ ਆਧਾਰਿਤZion Market Research  ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਪੌਦਿਆਂ ਆਧਾਰ ਖਾਣੇ ਦੀ ਮਾਰਕੀਟ ਦਾ ਅਗਲੇ ਪੰਜ ਸਾਲਾਂ ਵਿੱਚ ਸਾਈਜ਼ 21.23 ਬਿਲੀਅਨ ਡਾਲਰ ਹੋ ਜਾਵੇਗਾ। ਇਸਦਾ ਇਹ ਭਾਵ ਨਹੀਂ ਕਿ ਮੀਟ ਦੀ ਖਪਤ ਬਿਲਕੁਲ ਬੰਦ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਰ ਮੈਡੀਕਲ ਸਾਇੰਸ ਦੱਸਦੀ ਹੈ ਕਿ ਮੋਟੇ ਮੀਟ ਅਤੇ ਫੈਟ ਵਾਲੇ ਖਾਣੇ ਨਾਲ ਮਨੁੱਖੀ ਸਿਹਤ ਦਾ ਨੁਕਸਾਨ ਹੁੰਦਾ ਹੈ। ਕੈਨੇਡਾ ਵਿੱਚ ਹਰ ਸਾਲ 66,000 ਲੋਕ ਮੋਟਾਪੇ ਨਾਲ ਜੁੜੀਆਂ ਬਿਮਾਰੀਆਂ ਕਾਰਣ ਮਰਦੇ ਹਨ। 2016 ਵਿੱਚ ਸੀਨੇਟ ਵੱਲੋਂ ਕਰਵਾਈ ਗਈ ਸਟੱਡੀ ਵਿੱਚ ਪਾਇਆ ਗਿਆ ਸੀ ਕਿ 1980 ਤੋਂ ਬਾਅਦ ਕੈਨੇਡਾ ਵਿੱਚ ਮੋਟਾਪੇ ਤੋਂ ਗ੍ਰਸਤ ਬਾਲਗਾਂ ਦੀ ਗਿਣਤੀ ਵਿੱਚ 66% ਵਾਧਾ ਹੋਇਆ ਹੈ ਜਦੋਂ ਕਿ ਬੱਚਿਆਂ ਵਿੱਚ ਮੋਟਾਪਾ ਤਿੰਨ ਗੁਣਾ ਵਧਿਆ ਹੈ।

ਇਸ ਸਾਰੇ ਬਿਰਤਾਂਤ ਦਾ ਮਕਸਦ ਇਹ ਸਿੱਟਾ ਕੱਢਣਾ ਨਹੀਂ ਕਿ ਐਂਡਰੀਊ ਸ਼ੀਅਰ ਨੇ ਫੂਡ ਗਾਈਡ ਬਾਰੇ ਗੱਲ ਕਿਉਂ ਆਖੀ ਕਿਉਂਕਿ ਤਬਦੀਲੀ ਤਾਂ ਕੁਦਤਰ ਦਾ ਨੇਮ ਹੈ। ਜੋ ਚੀਜ਼ ਅੱਜ ਸਹੀ ਹੈ, ਕੱਲ ਨੂੰ ਉਸ ਵਿੱਚ ਸੁਧਾਰ ਕਰਨਾ ਲਾਜ਼ਮੀ ਬਣ ਜਾਣਾ ਹੁੰਦਾ ਹੈ। ਸੁਆਲ ਸਿਰਫ਼ ਇਹ ਹੈ ਕਿ ਸ਼ੀਅਰ ਨੇ ਸਿਹਤ ਦੇ ਮੁੱਦੇ ਨੂੰ ਪਿੱਛੇ ਪਾ ਕੇ ਡੇਅਰੀ ਫਾਰਮਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਫੂਡ ਗਾਈਡ ਨੂੰ ਸਿਆਸੀ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਚੇਤੇ ਰਹੇ ਕਿ ਇਹ ਡੇਅਰੀ ਫਾਰਮਰਾਂ ਦੀ ਹਮਾਇਤ ਹੀ ਸੀ ਜਿਸਨੇ ਸ਼ੀਅਰ ਨੂੰ ਟੋਰੀ ਪਾਰਟੀ ਦਾ ਲੀਡਰ ਬਣਨ ਲਈ ਮੈਕਸਿਮ ਬਰਨੀਏ ਨੂੰ ਹਰਾਉਣ ਵਿੱਚ ਮਦਦ ਕੀਤੀ ਸੀ। ਹੁਣ ਐਂਡਰੀਊ ਸ਼ੀਅਰ ਨੇ ਫੈਡਰਲ ਚੋਣਾਂ ਦੇ ਨੇੜੇ ਆ ਕੇ ਫੂਡ ਗਾਈਡ ਬਾਰੇ ਚਰਚਾ ਨੂੰ ਸਿਆਸੀ ਰੰਗਤ ਦੇ ਦਿੱਤੀ ਹੈ। ਕੀ ਉਹ ਇਹ ਪੱਤਾ ਖੇਡ ਕੇ ਆ ਰਹੀਆਂ ਫੈਡਰਲ ਚੋਣਾਂ ਵਿੱਚ ਮੈਕਸਿਮ ਬਰਨੀਏ ਵਾਗੂੰ ਲਿਬਰਲ ਪਾਰਟੀ ਨੂੰ ਸਿਕਸ਼ਤ ਦੇਣ ਵਿੱਚ ਸਫ਼ਲ ਹੋ ਸਕੇਗਾ?

Have something to say? Post your comment