Welcome to Canadian Punjabi Post
Follow us on

23

September 2019
ਸੰਪਾਦਕੀ

ਡੌਨਾਲਡ ਟਰੰਪ ਦੀ ਸਮੂਹਿਕ ਸਾਈਕੀ ਦਾ ਜਾਲ ਅਤੇ ਲੋਕ

July 19, 2019 09:42 AM

ਪੰਜਾਬੀ ਪੋਸਟ ਸੰਪਾਦਕੀ

ਇਹ ਸਾਡੇ ਸਮਿਆਂ ਦੀ ਦੁਰਭਾਗ ਹੈ ਕਿ ਮਨੁੱਖੀ ਸਮੂਹਿਕ ਸਾਈਕੀ ਵਿੱਚ ਉਸਾਰੂ ਗੱਲਾਂ ਨਾਲੋਂ ਨਾਂ ਪੱਖੀ ਗੱਲਾਂ ਦਾ ਪ੍ਰਭਾਵ ਤੇਜ਼ੀ ਨਾਲ ਉਕੱਰਿਆ ਜਾਂਦਾ ਹੈ। ਇਸੇ ਕਾਰਣ ਅਕਸਰ ਵੇਖਿਆ ਜਾਂਦਾ ਹੈ ਕਿ ਜੇ ਕੋਈ ਗੱਲ ਕਿਸੇ ਇੱਕ ਵਿਅਕਤੀ ਦੇ ਦਿਮਾਗ ਉੱਤੇ ਭਾਰੂ ਹੋ ਜਾਵੇ ਤਾਂ ਹੋਰ ਲੋਕੀ ਭੇਡ ਸੋਚ ਧਾਰਨ ਕਰਕੇ ਉਸਦਾ ਮੁਤਾਲਿਆ ਕਰਦੇ ਸਾਰਾ ਦਿਨ ਬਿਤਾ ਦੇਂਦੇ ਹਨ। ਕਈ ਵਾਰ ਇਹ ਗੱਲ ਦਿਨਾਂ ਹਫ਼ਤਿਆਂ, ਮਹੀਨਿਆਂ ਅਤੇ ਸਾਲਾਂ ਤੱਕ ਜਾ ਪੁੱਜਦੀ ਹੈ। ਅੱਜ ਦਾ ਲੋਕ ਨਾਂਹ ਪੱਖੀ ਸਮੂਹਿਕ ਸਾਈਕੀ ਦਾ ਵਧੇਰੇ ਸਿ਼ਕਾਰ ਹੈ ਜਦੋਂ ਕਿ ਚਲਾਕ ਕਿਸਮ ਦੇ ਅਵਸਰ-ਵਾਦੀ ਲੋਕ ਇਸ ਨੈਗੇਟਿਵ ਸਾਈਕੀ ਦਾ ਇਸਤੇਮਾਲ ਆਪਣੇ ਨਿੱਜੀ ਲਾਭਾਂ ਲਈ ਕਰ ਜਾਂਦੇ ਹਨ। ਕੁੱਝ ਇਹੋ ਜਿਹਾ ਹੀ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਨਿੱਤ ਦਿਨ ਖੇਡੀ ਜਾਂਦੀ ਨੈਗੇਟਿਵ ਖੇਡ ਦੇ ਪਬਲਿਕ ਦੀ ਸਮੂਹਿਕ ਸਾਈਕੀ ਉੱਤੇ ਪੈਂਦੇ ਪ੍ਰਭਾਵ ਬਾਰੇ ਕਿਹਾ ਜਾ ਸਕਦਾ ਹੈ।

ਪਿਛਲੇ ਐਤਵਾਰ ਡੋਨਾਲਡ ਟਰੰਪ ਵੱਲੋਂ ਅਮਰੀਕੀ ਕਾਂਗਰਸ ਦੀਆਂ ਚਾਰ ਡੈਮੋਕਰੇਟ ਮੈਂਬਰਾਂ (ਇਲਹਾਨ ਓਮਰ, ਮਿਨੇਸੋਟਾ ਤੋਂ, ਅਲੈਗਜ਼ੈਂਡੀਆ ਓਕੇਸ਼ੀਓ-ਕੋਰਟੇਜ਼, ਨਿਊ ਯੌਰਕ ਤੋਂ, ਰਸ਼ੀਦਾ ਤਲੇਬ, ਮਿਸ਼ੀਗਨ ਤੋਂ ਅਤੇ ਅਇਆਨਾ ਪਰੈਸਲੀ, ਮੈਸਾਚੁਸੈਟਸ ਤੋਂ) ਬਾਬਤ ਪਾਏ ਗਏ ਟਵੀਟ ਤੋਂ ਬਾਅਦ ਸਾਡੀ ਸਾਈਕੀ ਦੇ ਪ੍ਰਭਾਵਿਤ ਹੋਣ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ। ਟਰੰਪ ਨੇ ਇਹਨਾਂ ਪਰਵਾਸੀ ਮੂਲ ਦੀਆਂ ਔਰਤਾਂ ਬਾਰੇ ਲਿਖਿਆ ਮਾਰਿਆ ਸੀ ਕਿ ਉਹ ਆਪਣੇ ਜੱਦੀ ਮੁਲਕਾਂ ਵਿੱਚ ਵਾਪਸ ਚਲੀਆਂ ਜਾਣ ਅਤੇ ਉੱਥੇ ਜਾ ਕੇ ਅਪਰਾਧ ਨਾਲ ਭਰੇ ਸਮਾਜ ਨੂੰ ਦਰੁਸਤ ਕਰਨ ਤੋਂ ਬਾਅਦ ਸਾਨੂੰ ਆ ਕੇ ਦੱਸਣ ਕਿ ਬੁਰਾਈ ਨੂੰ ਖਤਮ ਕਿਵੇਂ ਕਰੀਦਾ ਹੈ”।

ਕੋਈ ਸ਼ੱਕ ਨਹੀਂ ਕਿ ਟਰੰਪ ਦਾ ਇਹ ਆਖਣਾ ਇੱਕ ਘ੍ਰਿਣਾਯੋਗ ਅਤੇ ਨਿੰਦਣਯੋਗ ਗੱਲ ਹੈ ਪਰ ਸੁਆਲ ਹੈ ਕਿ ਸਾਨੂੰ ਟਰੰਪ ਬਾਰੇ ਸੋਚਣ ਵਿੱਚ ਕਿੰਨਾ ਕੁ ਵਕਤ ਜ਼ਾਇਆ ਕਰਨ ਦੀ ਲੋੜ ਹੈ? ਵਿਸ਼ੇਸ਼ ਕਰਕੇ ਜਦੋਂ ਪਤਾ ਹੈ ਕਿ ਰੱਬ ਨੇ ਉਸ ਵਿੱਚ ਦਿਲ ਅਤੇ ਦਿਮਾਗ ਵਰਗੀਆਂ ਵਸਤੂਆਂ ਪਾਈਆਂ ਹੀ ਨਹੀਂ ਹੋਈਆਂ। ਜੇ ਸੜਕ ਤੁਰੇ ਜਾਂਦਿਆਂ ਪੈਰ ਨੂੰ ਪੱਥਰ ਨਾਲ ਠੁੱਡਾ ਲੱਗ ਜਾਵੇ ਤਾਂ ਤਕਲੀਫ਼ ਜਿੰਨੀ ਮਰਜ਼ੀ ਹੋਵੇ ਪਰ ਅਸੀਂ ਪੱਥਰ ਨੂੰ ਗਾਲਾਂ ਜਾ ਬਦਦੁਆਵਾਂ ਕਦੋਂ ਦੇਂਦੇ ਹਾਂ? ਅਸੀਂ ਜਾਣਦੇ ਹਾਂ ਕਿ ਪੱਥਰ ਨੂੰ ਚੁੱਕ ਕੇ ਲਾਂਭੇ ਕੀਤਾ ਜਾ ਸਕਦਾ ਹੈ ਪਰ ਉਸਨੂੰ ਬੁਰਾ ਭਲਾ ਬੋਲਣ ਦਾ ਕੋਈ ਲਾਭ ਨਹੀਂ। ਡੋਨਾਲਡ ਟਰੰਪ ਦੀਆਂ ਟਿਪੱਣੀਆਂ ਤੋਂ ਖਫ਼ਾ ਹੋਣ ਦਾ ਅਰਥ ਹੈ ਕਿ ਅਸੀਂ ਉਸ ਸਾਈਕੀ ਦੀ ਅੱਗ ਵਿੱਚ ਘਿਉ ਪਾ ਰਹੇ ਹਾਂ ਜੋ ਨਫ਼ਤਰ ਅਤੇ ਘਿਰਣਾ ਦੇ ਸਹਾਰੇ ਵੱਡੀ ਹੁੰਦੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂ ਐਂਡਰੀਊ ਸ਼ੀਅਰ ਲਈ ਟਰੰਪ ਦੇ ਸ਼ਬਦ ਸਿਆਸਤ ਚਮਕਾਉਣ ਦਾ ਚੰਗਾ ਸਬੱਬ ਬਣਦੇ ਹਨ ਪਰ ਆਮ ਆਦਮੀ ਲਈ ਕੀ ਲਾਭ? ਆਮ ਵਿਅਕਤੀ ਲਈ ਜਰੂਰੀ ਹੈ ਕਿ ਉਹ ਇਸ ਨੈਰੇਟਿਵ ਤੋਂ ਜਿੰਨਾ ਹੋ ਸਕੇ, ਬਚ ਕੇ ਰਹੇ। ਇਹ ਲੀਡਰ ਲੋਕ ਇਹ ਜਾਣਦੇ ਹੋਏ ਵੀ ਕਿ ਉਹਨਾਂ ਦੇ ਬਿਆਨਾਂ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਣ ਵਾਲਾ, ਬਿਆਨ ਦੇਂਦੇ ਹਨ। ਅਜਿਹੇ ਬਿਆਨਾਂ ਨੂੰ ਅੰਗਰੇਜ਼ੀ ਵਿੱਚ Lip service ਆਖਦੇ ਹਨ।

ਹਾਂ ਅਮਰੀਕੀ ਵੋਟਰਾਂ ਲਈ ਲਾਜ਼ਮੀ ਹੈ ਕਿ ਉਹ ਅਗਲੀ ਵਾਰ ਫੇਰ ਡੌਨਾਲਡ ਟਰੰਪ ਨਾ ਪੱਲੇ ਮੜ੍ਹ ਲੈਣ। ਅਮਰੀਕਨਾਂ ਨੇ ਪਿਛਲੀ ਵਾਰ ਇੱਕ ਬੇਗੈਰਤ ਅਤੇ ਬਦ-ਦਿਮਾਗ ਜੋਕਰ ਨੂੰ ਸੱਤਾ ਸੌਂਪ ਕੇ ਆਪਣੇ ਦਿਮਾਗੀ ਦਿਵਾਲੀਏਪਣ ਦੀ ਅੱਛੀ ਖਾਸੀ ਨੁਮਾਇਸ਼ ਲੁਆ ਲਈ ਹੈ। ਕਿਸੇ ਦੇਸ਼ ਨੂੰ ਉਹੋ ਜਿਹਾ ਹੀ ਨੇਤਾ ਮਿਲਦਾ ਹੈ ਜਿਸਦੇ ਉਹ ਅਧਿਕਾਰੀ ਹੁੰਦੇ ਹਨ।

ਡੋਨਾਲਡ ਟਰੰਪ ਦੀ ਨਿੰਦਾ ਕਰਨ ਦੀ ਸਮੂਹਿਕ ਸਾਈਕੀ ਤੋਂ ਪ੍ਰਭਾਵਿਤ ਨਾ ਹੋ ਕੇ ਆਮ ਵਿਅਕਤੀ ਨੂੰ ਆਪਣੀ ਮਾਨਸਿਕਤਾ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਸਾਨੂੰ ਚੇਤੇ ਰੱਖਣਾ ਹੋਵੇਗਾ ਕਿ ਟਰੰਪ ਵੱਲੋਂ ਜੋ ਬੋਲ ਕੇ ਕੀਤਾ ਜਾ ਰਿਹਾ ਹੈ, ਕੈਨੇਡਾ ਵਿੱਚ ਉਹੋ ਜਿਹਾ ਹੀ ਵਾਤਾਵਰਣ ਕਾਨੂੰਨ ਬਣਾ ਕੇ ਪੈਦਾ ਕੀਤਾ ਜਾ ਰਿਹਾ ਹੈ। ਸਾਡਾ ਇਸ਼ਾਰਾ ਕਿਉਬਿੱਕ ਵਿੱਚ ਧਾਰਮਿਕ ਚਿੰਨਾਂ ਉੱਤੇ ਲਾਈ ਪਾਬੰਦੀ ਦੇ ਕਾਨੂੰਨ ਵੱਲ ਹੈ ਜਿਸ ਨੂੰ ਰੋਕਣ ਲਈ ਟਰੂਡੋਆਂ ਅਤੇ ਸ਼ੀਅਰਾਂ Lip service ਤੋਂ ਵੱਧ ਕੁੱਝ ਨਹੀਂ ਕੀਤਾ।

ਟਰੰਪ ਬਾਰੇ ਐਨਾ ਜਰੂਰ ਆਖਿਆ ਜਾ ਸਕਦਾ ਹੈ ਕਿ ਉਹ ਜਾਨਵਰਾਂ ਤੋਂ ਵੀ ਭੈੜਾ ਮਨੁੱਖ ਹੈ। ਇਹ ਜਾਣਿਆ ਪਹਿਚਾਣਿਆ ਤੱਥ ਹੈ ਕਿ ਆਮ ਕਰਕੇ ਜਾਨਵਰ ਆਪਣੇ ਹਮਸਾਇਆਂ ਦਾ ਨੁਕਸਾਨ ਨਹੀਂ ਕਰਦੇ ਹੁੰਦੇ ਪਰ ਕਿੰਨੇ ਕੁ ਲੋਕ ਹੋਣਗੇ ਜੋ ਟਰੰਪ ਤੋਂ ਅਜਿਹੀ ਉਮੀਦ ਕਰ ਸਕਦੇ ਹਨ?

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੈਡਰਲ ਚੋਣਾਂ 2019--ਬਰੈਂਪਟਨ ਸਾਊਥ ਲਿਬਰਲ ਕਬਜ਼ੇ ਵਾਲੀ ਇੱਕ ਦਿਲਚਸਪ ਰਾਈਡਿੰਗ
ਪੰਜਾਬੀ ਪੋਸਟ ਵਿਸ਼ੇਸ਼: ਟਰੂਡੋ ਦੀ ਬਰਾਊਨ-ਫੇਸਿੰਗ ਅਤੇ ਲੀਡਰਾਂ ਦੇ ਅਸਲੀ ਚਿਹਰੇ
ਪੰਜਾਬੀ ਪੋਸਟ ਵਿਸ਼ੇਸ਼ -- 2019 ਫੈਡਰਲ ਚੋਣਾਂ: ਬਰੈਂਪਟਨ ਨੌਰਥ: ਦੋ ਵਕੀਲਾਂ ਦਰਮਿਆਨ ਮੁਕਾਬਲਾ, ਫੈਸਲਾ ਵੋਟਰਾਂ ਹੱਥ
2019 ਫੈਡਰਲ-ਚੋਣਾਂਬਰੈਂਪਟਨ ਈਸਟ: ਲਿਬਰਲ ਚੜਤ ਲਾਮਿਸਾਲ
ਫੈਡਰਲ ਚੋਣਾਂ: ਗੰਭੀਰ ਮੁੱਦਿਆਂ ਨੂੰ ਦੋਸ਼ਾਂ ਪ੍ਰਤੀ ਦੋਸ਼ਾਂ ਦੀ ਗੜੇ੍ਹਮਾਰ
ਪੰਜਾਬੀ ਪੋਸਟ ਵਿਸ਼ੇਸ਼: 2019 ਫੈਡਰਲ ਚੋਣਾਂ: ਕਿੱਥੇ ਖੜੀਆਂ ਹਨ ਸਿਆਸੀ ਪਾਰਟੀਆਂ
ਕੈਨੇਡੀਅਨ ਸਭਿਆਚਾਰ ਦੇ ਰੰਗ ਵਿਚ ਆਪਣੇ ਆਪ ਨੂੰ ਰੰਗੋ
ਟਰੂਡੋ ਦੀ ਭਾਰਤ ਫੇਰੀ ਦਾ ਕੈਨੇਡੀਅਨ ਸਿਆਸਤ ਉੱਤੇ ਜਾਰੀ ਹੈ ਪਰਛਾਵਾਂ
ਸੀਨੀਅਰਾਂ ਦੀ ਸੀਰੀਅਲ ਕਿੱਲਰ ਦੀ ਗਾਥਾ ਤੋਂ ਮਿਲਦੇ ਸਬਕ
ਬਰੈਂਪਟਨ ਕਾਉਂਸਲ ਵੱਲੋਂ ਮੀਡੀਆ ਫੰਡ ਕਿਸ ਆਧਾਰ ਉੱਤੇ?