Welcome to Canadian Punjabi Post
Follow us on

12

December 2019
ਟੋਰਾਂਟੋ/ਜੀਟੀਏ

ਫ਼ੈੱਡਰਲ ਸਰਕਾਰ ਕੈਨੇਡਾ-ਵਾਸੀਆਂ ਦੇ ਹਵਾਈ ਯਾਤਰਾ ਦੇ ਵਿਸ਼ਵ-ਪੱਧਰੀ ਅਧਿਕਾਰ ਸੁਰੱਖ਼ਿਅਤ ਕਰੇਗੀ : ਸੋਨੀਆ ਸਿੱਧੂ

July 18, 2019 09:49 AM

ਬਰੈਂਪਟਨ -ਕੈਨੇਡਾ-ਵਾਸੀਆਂ ਦੀ ਭਰੋਸੇਯੋਗ, ਅਸਾਨ ਅਤੇ ਤਸੱਲੀਪੂਰਵਕ ਟ੍ਰਾਂਸਪੋਰਟ ਸਿਸਟਮ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਲਿਬਰਲ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਵੱਲੋਂ ਹਵਾਈ ਯਾਤਰੀਆਂ ਲਈ ਨਵੇਂ ਸੁਰੱਖ਼ਿਆ ਨਿਯਮਾਂ ਦਾ ਐਲਾਨ ਕੀਤਾ ਗਿਆ।
ਦਰਅਸਲ, ਪਿਛਲੇ ਲੰਮੇਂ ਸਮੇਂ ਤੋਂ ਹਵਾਈ ਯਾਤਰੀਆਂ ਨੂੰ ਬੋਰਡਿੰਗ ਤੋਂ ਨਾਂਹ ਹੋਣ, ਹਵਾਈ ਉਡਾਣਾਂ ਵਿਚ ਦੇਰੀ ਅਤੇ ਆਪਣੇ ਬੈਗਾਂ ਦੇ ਗੁਆਚ ਜਾਣ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਮਾਰਕ ਗਾਰਨਿਊ ਨੇ ਕਿਹਾ,"ਪਿਛਲੀ ਕਨਜ਼ਰਵੇਟਿਵ ਸਰਕਾਰ ਦੀ ਕਈ ਸਾਲਾਂ ਦੀ ਭਾਰੀ ਅਣਗਹਿਲੀ ਤੋਂ ਬਾਅਦ ਸਾਡੀ ਫ਼ੈੱਡਰਲ ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਹਨ ਜਿਨ੍ਹਾਂ ਨਾਲ ਕੈਨੇਡਾ-ਵਾਸੀਆਂ ਲਈ ਹਵਾਈ ਸਫ਼ਰ ਕਾਫ਼ੀ ਆਸਾਨ ਹੋ ਜਾਏਗਾ। ਹੁਣ ਉਹ ਹਵਾਈ ਉਡਾਣਾਂ ਸਬੰਧੀ ਵਿਸ਼ਵ-ਪੱਧਰੀ ਅਧਿਕਾਰਾਂ ਦੀ ਵਰਤੋਂ ਕਰ ਸਕਣਗੇ ਅਤੇ ਉਹ ਇਸ ਦੇ ਹੱਕਦਾਰ ਵੀ ਹਨ।" 15 ਜੁਲਾਈ ਨੂੰ ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਹਵਾਈ ਯਾਤਰੀਆਂ ਲਈ ਨਵੇਂ ਸੁਰੱਖ਼ਿਆ ਨਿਯਮਾਂ ਦਾ ਪਹਿਲਾ ਪੜਾਅ ਜਾਰੀ ਕੀਤਾ, ਜਿਸ ਵਿਚ ਹੇਠ ਲਿਖੇ ਨਿਯਮ ਸ਼ਾਮਲ ਹਨ:
ਕਿਸੇ ਵੀ ਯਾਤਰੀ ਨੂੰ ਹਵਾਈ ਸਫ਼ਰ ਤੋਂ ਨਾਂਹ ਹੋਣ ਦੀ ਹਾਲਤ ਵਿਚ ਉਹ ਸਬੰਧਿਤ ਹਵਾਈ ਕੰਪਨੀ ਕੋਲੋਂ 2400 ਡਾਲਰ ਤੱਕ ਦੇ ਹਰਜਾਨੇ ਦਾ ਹੱਕਦਾਰ ਹੋਵੇਗਾ।
ਜੇਕਰ ਕਿਸੇ ਯਾਤਰੀ ਦਾ ਬੈਗ ਗੁੰਮ ਜਾਂਦਾ ਹੈ ਜਾਂ ਇਹ ਰਸਤੇ ਵਿਚ ਖ਼ਰਾਬ ਹੋ ਜਾਂਦਾ ਹੈ ਤਾਂ ਉਸ ਨੂੰ ਹਵਾਈ ਕੰਪਨੀ ਵੱਲੋਂ 2100 ਡਾਲਰ ਤੱਕ ਦਿੱਤੇ ਜਾਣਗੇ।
ਹਵਾਈ ਸਫ਼ਰ ਦੌਰਾਨ ਹੋਈ ਦੇਰੀ ਦੇ ਕਾਰਨਾਂ ਬਾਰੇ ਹਵਾਈ ਕੰਪਨੀ ਨੂੰ ਲੋੜੀਂਦੀ ਜਾਣਕਾਰੀ ਦੇਣੀ ਪਵੇਗੀ।
ਚੈੱਕ-ਇਨ ਹੋਏ ਸੰਗੀਤਕ-ਸਾਜ਼ਾਂ ਜਾਂ ਕੈਰੀ ਬੈਗਾਂ ਦੀ ਹਾਲਤ ਸਬੰਧੀ ਸ਼ਰਤਾਂ ਨਿਰਧਾਰਤ ਕੀਤੀਆਂ ਜਾਣਗੀਆਂ।
ਹਵਾਈ ਜਹਾਜ਼ ਦੇ ਅੰਦਰ ਬੈਠਿਆਂ ਹੋਣ ਵਾਲੀ ਦੇਰੀ (ਟਾਰਮੈਕ ਡੀਲੇਅ) ਲਈ ਸਮੇਂ ਦੀ ਸੀਮਾਂ ਨਿਸ਼ਚਤ ਕੀਤੀ ਜਾਏਗੀ।
ਹਵਾਈ ਕੰਪਨੀਆਂ ਨੂੰ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਸਹੀ ਅਤੇ ਯੋਗ-ਪ੍ਰਣਾਲੀ ਅਪਨਾਉਣੀ ਹੋਵੇਗੀ। ਕਈ ਕੇਸਾਂ ਵਿਚ ਉਨ੍ਹਾਂ ਨੂੰ ਯਾਤਰੀਆਂ ਲਈ ਨਿਯਮਤ ਸਮਾਂ-ਬੱਧ ਕੰਪੈੱਨਸੇਸ਼ਨ ਜਾਰੀ ਕਰਨੇ ਪੈਣਗੇ। ਯਾਤਰੀ ਹਵਾਈ ਕੰਪਨੀ ਨੂੰ ਆਪਣੀ ਸ਼ਿਕਾਇਤ ਸਿੱਧਾ ਹੀ ਕਰ ਸਕੇਗਾ, ਭਾਵ ਇਸ ਲਈ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਹੋਵੇਗੀ। ਹਵਾਈ ਕੰਪਨੀਆਂ ਨੂੰ ਇਹ ਨਵੇਂ ਨਿਯਮ ਲਾਗੂ ਕਰਨੇ ਪੈਣਗੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਭਾਰੀ ਜੁਰਮਾਨੇ ਸਹਿਣੇ ਪੈਣਗੇ।
ਕੁਝ ਹੋਰ ਨਿਯਮ ਜਿਨ੍ਹਾਂ ਵਿਚ ਹੇਠ-ਲਿਖੇ ਨਿਯਮ ਸ਼ਾਮਲ ਹਨ, 15 ਦਸੰਬਰ 2019 ਤੋਂ ਲਾਗੂ ਹੋਣਗੇ:
ਏਅਰ ਪੈਸੰਜਰਜ਼ ਪ੍ਰੋਟੈੱਕਸ਼ਨ ਰੈਗੂਲੇਸ਼ਨਜ਼ ਵਿਚਲੇ ਹਵਾਈ ਉਡਾਣਾਂ ਵਿਚ ਦੇਰੀ, ਇਨ੍ਹਾਂ ਦੇ ਕੈਂਸਲ ਕੀਤੇ ਜਾਣ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਨੇੜਲੀਆਂ ਸੀਟਾਂ ਦੇਣ ਬਾਰੇ ਨਿਯਮ।
ਨਿਯਮਾਂ ਦੇ ਲਾਗੂ ਹੋਣ ਵਿਚ ਹੁੰਦੀ ਢਿੱਲ ਬਾਰੇ ਐਡਮਸਿਟ੍ਰੇਟਿਵ ਮੌਨੇਟਰੀ ਪੈਨੇਲਿਟੀਆਂ ਅਤੇ ਹੋਰ ਆਈਟਮਾਂ।
ਸਰਕਾਰ ਦਾ ਮੰਨਣਾ ਹੈ ਕਿ ਆਮ ਲੋਕਾਂ ਅਤੇ ਸਟੇਕ-ਹੋਲਡਰਾਂ ਨਾਲ ਮਹੀਨਿਆਂ-ਬੱਧੀ ਹੋਈ ਗੱਲਬਾਤ ਤੋਂ ਬਾਅਦ ਸਰਕਾਰ ਵੱਲੋਂ ਬਣਾਏ ਗਏ ਕੈਨੇਡਾ ਦੇ ਯਾਤਰੀਆਂ ਇਹ ਨਿਯਮ ਬੜੇ ਸੁਯੋਗ, ਸਪੱਸ਼ਟ, ਪਾਰਦਰਸ਼ੀ ਅਤੇ ਵਾਦ-ਵਿਵਾਦ ਤੋਂ ਪਰੇ ਹਨ। ਕੈਨੇਡਾ-ਵਾਸੀ ਹੁਣ ਇਨ੍ਹਾਂ ਨਵੇਂ ਨਿਯਮਾਂ ਤਹਿਤ ਕੈਨੇਡਾ ਵਿਚ ਅਤੇ ਕੈਨੇਡਾ ਤੋਂ ਬਾਹਰ ਹੋਰ ਦੇਸ਼ਾਂ ਨੂੰ ਆਪਣਾ ਸਫ਼ਰ ਚਿੰਤਾ-ਮੁਕਤ ਹੋ ਕੇ ਕਰ ਸਕਣਗੇ।
ਇਸ ਦੇ ਬਾਰੇ ਆਪਣੀ ਪ੍ਰਤੀਕਿਰਿਆ ਦੱਸਦਿਆਂ ਹੋਇਆਂ ਮਾਣਯੋਗ ਮੰਤਰੀ ਮਾਰਕ ਗਾਰਨਿਊ ਨੇ ਕਿਹਾ,"ਅੱਜ ਦਾ ਦਿਨ ਕੈਨੇਡਾ ਦੇ ਹਵਾਈ-ਯਾਤਰੀਆਂ ਲਈ ਇਤਿਹਾਸਕ ਹੈ। ਸਾਡੀ ਸਰਕਾਰ ਦਾ ਇਹ ਮੰਨਣਾ ਹੈ ਕਿ ਸਾਡੇ ਮਿਹਨਤਕਸ਼ ਕੈਨੇਡਾ-ਵਾਸੀਆਂ ਨੂੰ ਹਵਾਈ ਸਫ਼ਰ ਦੌਰਾਨ ਵਧੀਆ ਵਿਹਾਰ ਮਿਲੇ। ਇਸ ਲਈ ਅਸੀਂ ਉਨ੍ਹਾਂ ਲਈ ਵਿਸ਼ਵ-ਪੱਧਰੀ ਯਾਤਰੀ-ਅਧਿਕਾਰਾਂ ਦੀ ਵਿਵਸਥਾ ਕੀਤੀ ਹੈ ਜੋ ਉਨ੍ਹਾਂ ਲਈ ਅਤਿ-ਲੋੜੀਂਦੀ ਹੈ। ਇਸ ਦੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਹਵਾਈ-ਕੰਪਨੀਆਂ ਵੀ ਮਜ਼ਬੂਤ ਹੋਣ ਅਤੇ ਉਹ ਸੰਸਾਰ ਦੀਆਂ ਹੋਰ ਕੰਪਨੀਆਂ ਨਾਲ ਮੁਕਾਬਲਾ ਕਰ ਸਕਣ। ਬਹੁਤ ਸਾਰੀ ਲੰਮੀ-ਚੌੜੀ ਗੱਲਬਾਤ ਤੋਂ ਬਾਅਦ ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਹ ਨਵੇਂ ਨਿਯਮ ਇਨ੍ਹਾਂ ਦੋਹਾਂ ਗੱਲਾਂ ਵਿਚਕਾਰ ਸੰਤੁਲਨ ਕਾਇਮ ਰੱਖਣਗੇ ਅਤੇ ਹਵਾਈ ਯਾਤਰੀਆਂ ਨੂੰ ਉਹ ਅਧਿਕਾਰ ਦੇਣਗੇ ਜਿਨ੍ਹਾਂ ਦੇ ਉਹ ਹੱਕਦਾਰ ਹਨ।"
ਇਸ ਸਬੰਧੀ ਸੋਨੀਆ ਸਿੱਧੂ ਦਾ ਕਹਿਣਾ ਸੀ,"ਜਦੋਂ ਹਵਾਈ ਸਫ਼ਰ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਸਰਕਾਰ ਵੱਲੋਂ ਨਵੇਂ ਨਿਯਮਾਂ ਸਬੰਧੀ ਚੁੱਕੇ ਗਏ ਇਨ੍ਹਾਂ ਕਦਮਾਂ ਉੱਪਰ ਬੜਾ ਫ਼ਖ਼ਰ ਮਹਿਸੂਸ ਹੋ ਰਿਹਾ ਹੈ। ਹਵਾਈ ਸਫ਼ਰ ਦੌਰਾਨ ਯਾਤਰੀਆਂ ਨੂੰ ਅਕਸਰ ਹੀ ਬੋਰਡਿੰਗ ਤੋਂ ਨਾਂਹ ਹੋਣ, ਸਫ਼ਰ ਵਿਚ ਦੇਰੀ ਅਤੇ ਬੈਗ ਗਵਾਚਣ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਅਸੀਂ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅੱਗੋਂ ਤੋਂ ਇਹ ਇੰਝ ਨਹੀਂ ਹੋਵੇਗਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਲਿਬਰਲਾਂ ਨੇ ਕਮੇਟੀਆਂ ਵਿੱਚ ਪਾਰਲੀਆਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਬਹਾਲ ਕਰਨ ਦਾ ਲਿਆ ਫੈਸਲਾ
ਮਾਂਟਰੀਅਲ ਦੇ ਘਰ ਵਿੱਚੋਂ ਇੱਕ ਮਹਿਲਾ ਤੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
ਪਬਲਿਕ ਹਾਈ ਸਕੂਲ ਅਧਿਆਪਕਾਂ ਨੇ ਕੀਤੀ ਹੜਤਾਲ ਅਗਲੇ ਹਫਤੇ ਤੋਂ ਮੁੜ ਗੱਲਬਾਤ ਹੋਣ ਦੇ ਆਸਾਰ
ਬਰੈਂਪਟਨ ਦੇ ਘਰ ਵਿੱਚੋਂ ਮ੍ਰਿਤਕ ਮਿਲੀ ਮਹਿਲਾ ਦਾ ਕੀਤਾ ਗਿਆ ਸੀ ਕਤਲ!
ਨਵੀਂ ਨਾਫਟਾ ਡੀਲ ਦੇ ਅਪਡੇਟ ਕੀਤੇ ਗਏ ਟੈਕਸਟ ਉੱਤੇ ਕੈਨੇਡਾ ਨੇ ਕੀਤੇ ਦਸਤਖ਼ਤ
ਬਰੈਂਪਟਨ ਵਿੱਚ ਘਰੇਲੂ ਹਿੰਸਾ ਦੇ ਵੱਧ ਰਹੇ ਮਾਮਲਿਆਂ ਉੱਤੇ ਸਹੋਤਾ ਨੇ ਪ੍ਰਗਟਾਈ ਚਿੰਤਾ
ਸਸਕੈਚਵਨ ਵਿੱਚ ਕੈਨੇਡੀਅਨ ਪੈਸੇਫਿਕ ਗੱਡੀ ਲੀਹ ਤੋਂ ਉਤਰੀ, ਅੱਗ ਲੱਗਣ ਕਾਰਨ ਹਾਈਵੇਅ ਠੱਪ
ਲਿਬਰਲਾਂ ਵੱਲੋਂ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਸਬੰਧੀ ਮਤਾ ਪੇਸ਼
ਨਵੀਂ ਨਾਫਟਾ ਡੀਲ ਨੂੰ ਅੰਤਿਮ ਛੋਹਾਂ ਦੇਣ ਲਈ ਫਰੀਲੈਂਡ ਮੈਕਸਿਕੋ ਰਵਾਨਾ
ਟਾਈਗਰਜ਼ ਵਲੋਂ ਮੈਰੀਕਲ ਆਨ ਮੇਨ ਅੱਜ ਮਿਲਟਨ ’ਚ, 11 ਨੂੰ ਬਰੈਂਪਟਨ `ਚ