Welcome to Canadian Punjabi Post
Follow us on

18

March 2024
 
ਟੋਰਾਂਟੋ/ਜੀਟੀਏ

ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!

October 11, 2018 07:10 AM

18 ਅਕਤੂਬਰ ਤੋਂ ਰੈਗੂਲੇਸ਼ਨ ਰਾਹੀਂ ਸਿੱਖਾਂ ਨੂੰ ਹੈਲਮਟ ਤੋਂ ਦਿੱਤੀ ਜਾਵੇਗੀ ਛੋਟ

ਟੋਰਾਂਟੋ, 10 ਅਕਤੂਬਰ (ਪੋਸਟ ਬਿਊਰੋ) : ਬਰੈਂਪਟਨ ਵਿਖੇ ਇੱਕ ਕਮਿਊਨਿਟੀ ਸੈਂਟਰ ਸਾਹਮਣੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਕੀਤੇ ਗਏ ਇੱਕਠ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ਮੂਲੀਅਤ ਕਰਦਿਆਂ ਐਲਾਨ ਕੀਤਾ ਕਿ 18 ਤਰੀਕ ਨੂੰ ਪਗੜੀਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਲਈ ਰੈਗੂਲੇਸ਼ਨ ਉੱਤੇ ਮੋਹਰ ਲਾ ਦਿੱਤੀ ਜਾਵੇਗੀ। ਇਸ ਨਾਲ ਓਨਟਾਰੀਓ ਵਿੱਚ ਪਗੜੀਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਛੋਟ ਮਿਲ ਜਾਵੇਗੀ ਤੇ ਹੈਲਮਟ ਤੋਂ ਛੋਟ ਦੇਣ ਵਾਲਾ ਓਨਟਾਰੀਓ ਚੌਥਾ ਪ੍ਰੋਵਿੰਸ ਬਣ ਜਾਵੇਗਾ।

ਬੁੱਧਵਾਰ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਆਖਿਆ ਕਿ ਇਹ ਛੋਟ 18 ਅਕਤੂਬਰ ਤੋਂ ਦਿੱਤੀ ਜਾਵੇਗੀ। ਇਹ ਫੈਸਲਾ ਸਿੱਖਾਂ ਦੇ ਸਿਵਲ ਅਧਿਕਾਰਾਂ ਤੇ ਧਾਰਮਿਕ ਮਾਨਤਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਸੜਕਾਂ ਉੱਤੇ ਸਾਡੇ ਨਾਗਰਿਕਾਂ ਦੀ ਸੇਫਟੀ ਹਮੇਸ਼ਾਂ ਸਾਡੀ ਤਰਜੀਹ ਰਹੇਗੀ। ਪਰ ਸਾਡੀ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਹਰੇਕ ਵਿਅਕਤੀ ਵਿਸ਼ੇਸ਼ ਦੀ ਆਪਣਾ ਧਿਆਨ ਰੱਖਣ ਪ੍ਰਤੀ ਕੋਈ ਨਿਜੀ ਜਵਾਬਦੇਹੀ ਤੇ ਜਿ਼ੰਮੇਵਾਰੀ ਵੀ ਬਣਦੀ ਹੈ।
ਪਿਛਲੇ ਹਫਤੇ, ਟੋਰੀ ਵਿਧਾਇਕ ਪ੍ਰਭਮੀਤ ਸਰਕਾਰੀਆ ਵੱਲੋਂ ਹਾਈਵੇਅ ਟਰੈਫਿਕ ਐਕਟ ਵਿੱਚ ਸੋਧ ਕਰਕੇ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਸਬੰਧੀ ਬਿੱਲ ਪੇਸ਼ ਕੀਤਾ ਗਿਆ ਸੀ ਪਰ ਬੁੱਧਵਾਰ ਨੂੰ ਸਰਕਾਰ ਨੇ ਆਖਿਆ ਕਿ ਉਹ ਨਿਯਮਾਂ ਰਾਹੀਂ ਇਸ ਤਰ੍ਹਾਂ ਦੀ ਤਬਦੀਲੀ ਲਿਆਵੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਬਿੱਲ ਦੀ ਪਹਿਲੀ ਰੀਡਿੰਗ 18 ਅਕਤੂਬਰ ਨੂੰ ਹੋਵੇਗੀ ਤੇ ਬਹੁਤੀ ਸੰਭਾਵਨਾ ਇਹ ਹੈ ਕਿ ਉਸੇ ਦਿਨ ਇਸ ਨੂੰ ਰੈਗੂਲੇਸ਼ਨ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਜਾਵੇ। ਸਰਕਾਰੀਆ ਨੇ ਇੱਕ ਬਿਆਨ ਵਿੱਚ ਆਖਿਆ ਕਿ ਓਨਟਾਰੀਓ ਦੇ ਮੋਟਰਸਾਈਕਲ ਚਲਾਉਣ ਵਾਲੇ ਪਗੜੀਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਦੀ ਮੰਗ ਕਰਦਿਆਂ ਨੂੰ ਉਨ੍ਹਾਂ ਨੂੰ ਕਈ ਸਾਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪੱਗ ਬੰਨ੍ਹਣਾ ਸਿੱਖ ਧਰਮ ਦਾ ਜ਼ਰੂਰੀ ਹਿੱਸਾ ਮੰਨਿਆਂ ਗਿਆ ਹੈ ਤੇ ਇਹ ਸਿੱਖਾਂ ਦੀ ਵੱਖਰੀ ਪਛਾਣ ਨੂੰ ਵੀ ਦਰਸਾਉਂਦਾ ਹੈ। ਹੈਲਮਟ ਤੋਂ ਅਜਿਹੀ ਛੋਟ ਸਿੱਖਾਂ ਨੂੰ ਕੈਨੇਡਾ ਦੇ ਹੋਰਨਾਂ ਪ੍ਰੋਵਿੰਸਾਂ ਤੇ ਦੁਨੀਆ ਭਰ ਵਿੱਚ ਮਿਲ ਚੁੱਕੀ ਹੈ। ਅਲਬਰਟਾ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਪੱਗ ਬੰਨ੍ਹਣ ਵਾਲੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਇਸ ਤਰ੍ਹਾਂ ਦੀ ਛੋਟ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
ਓਨਟਾਰੀਓ ਸਰਕਾਰ ਨੇ ਆਖਿਆ ਕਿ ਯੂਨਾਈਟਿਡ ਕਿੰਗਡਮ ਵੱਲੋਂ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਤੋਂ ਅਜਿਹੀ ਛੋਟ 1976 ਵਿੱਚ ਹੀ ਦਿੱਤੀ ਜਾ ਚੁੱਕੀ ਹੈ। ਫੋਰਡ ਨੇ ਆਖਿਆ ਕਿ ਹੈਲਮਟ ਤੋਂ ਅਜਿਹੀ ਛੋਟ ਸਿੱਖ ਕਮਿਊਨਿਟੀ ਦੇ ਤਰਕ ਸੁਣਨ ਤੋਂ ਬਾਅਦ ਹੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਆਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਵੱਲੋਂ ਕੀਤਾ ਗਿਆ ਇੱਕ ਹੋਰ ਵਾਅਦਾ ਉਨ੍ਹਾਂ ਪੁਗਾਇਆ ਹੈ।
ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸਰਕਾਰ ਦੇ ਇਸ ਐਲਾਨ ਦਾ ਸਵਾਗਤ ਕੀਤਾ ਗਿਆ ਹੈ। ਆਪਣੇ ਫੇਸਬੁੱਕ ਪੇਜ ਉੱਤੇ ਕਲੱਬ ਵੱਲੋਂ ਲਿਖਿਆ ਗਿਆ ਹੈ ਕਿ ਜਲਦ ਹੀ ਅਸੀਂ ਆਪਣੇ ਪੂਰੇ ਸਰੂਪ ਵਿੱਚ ਮੋਟਰਸਾਈਕਲ ਚਲਾਇਆ ਕਰਾਂਗੇ। ਸਿੱਖ ਮੋਟਰਸਾਈਕਲ ਕੱਲਬ ਤੋਂ ਇੰਦਰਜੀਤ ਸਿੰਘ ਜਗਰਾਓਂ ਨੇ ਪ੍ਰੀਮੀਅਰ ਡੱਗ ਫੋਰਡ ਦਾ ਧੰਨਵਾਦ ਕਰਦਿਆਂ ਆਖਿਆ ਕਿ ਇੱਕ ਇਤਿਹਾਸਕ ਫੈਸਲਾ ਹੋਵੇਗਾ ਅਤੇ 18 ਤਰੀਕ ਨੂੰ ਇਸ ਬਿੱਲ ਦੀ ਰੀਡਿੰਗ ਮੌਕੇ ਅਸੀਂ ਸਾਰੇ ਕੁਈਨਜ਼ ਪਾਰਕ ਪਹੁੰਚਾਂਗੇ। ਇਸੇ ਤਰ੍ਹਾਂ ਹੀ ਖੁਸ਼ਵੰਤ ਬਾਜਵਾ ਨੇ ਦੱਸਿਆ ਕਿ 18 ਤਰੀਕ ਨੂੰ ਓਨਟਾਰੀਓ ਪਾਰਲੀਆਮੈਂਟ ਤੱਕ ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਐਮਪੀਪੀ ਪ੍ਰਭਮੀਤ ਸਰਕਾਰੀਆ ਵੱਲੋਂ ਜੋ ਕੀਤਾ ਗਿਆ ਹੈ ਉਸ ਦੀ ਲੰਮੇਂ ਸਮੇਂ ਤੋਂ ਲੋੜ ਸੀ। ਉਨ੍ਹਾਂ ਆਖਿਆ ਕਿ ਅੱਜ ਅਸੀਂ ਆਪਣੇ ਚੁਣੇ ਹੋਏ ਉਮੀਦਵਾਰਾਂ ਉੱਤੇ ਮਾਣ ਕਰ ਰਹੇ ਹਾਂ।
ਜਿ਼ਰਕਯੋਗ ਹੈ ਕਿ ਓਨਟਾਰੀਓ ਦੀ ਸਾਬਕਾ ਲਿਬਰਲ ਸਰਕਾਰ ਵੱਲੋਂ ਇਹ ਛੋਟ ਦਿੱਤੇ ਜਾਣ ਤੋਂ ਟਾਲਮਟੋਲ ਕੀਤੀ ਜਾ ਰਹੀ ਸੀ। ਲਿਬਰਲ ਸਰਕਾਰ ਦਾ ਕਹਿਣਾ ਸੀ ਕਿ ਰੋਡ ਸੇਫਟ ਰਿਸਕ ਕਰਕੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਇਹ ਛੋਟ ਬਿਨਾਂ ਅਕਾਦਮਿਕ ਰਿਸਰਚ ਤੇ ਕਾਨੂੰਨੀ ਫੈਸਲੇ ਦੇ ਨਹੀਂ ਦਿੱਤੀ ਜਾ ਸਕਦੀ। ਕੈਨੇਡਾ ਸੇਫਟੀ ਕਾਉਂਸਲ ਦੇ ਜਨਰਲ ਮੈਨੇਜਰ ਆਫ ਪ੍ਰੋਗਰਾਮਜ਼ ਰੇਅਨਾਲਡ ਮਰਚੰਦ ਨੇ ਇਸ ਫੈਸਲੇ ਨੂੰ ਨਿਰਾਸ਼ਾ ਭਰਿਆ ਦੱਸਿਆ ਹੈ। ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਨਾਲ ਇਸ ਲਈ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਫੋਰਡ ਕਈ ਮਹੀਨਿਆਂ ਤੋਂ ਇਸ ਦੇ ਸੰਕੇਤ ਦੇ ਰਹੇ ਸਨ। ਇਸ ਦੌਰਾਨ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਦੇ ਸਿੱਖ ਲੰਮੇਂ ਸਮੇਂ ਤੋਂ ਸਥਾਨਕ ਸਰਕਾਰ ਤੋਂ ਇਹ ਛੋਟ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2 ਵਿਅਕਤੀਆਂ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਰਾਹਗੀਰ ਜ਼ਖ਼ਮੀ ਅੱਗ ਲੱਗਣ ਕਾਰਨ ਵਾਰਡਜ਼ ਆਈਲੈਂਡ ਦਾ ਕਲੱਬਹਾਊਸ ਸੜ ਕੇ ਹੋਇਆ ਸੁਆਹ ਭਾਰੀ ਤਬਾਹੀ ਮਚਾਉਂਦਾ ਹੋਇਆ ਪਿੱਕ ਅੱਪ ਟਰੱਕ ਘਰ ਨਾਲ ਟਕਰਾਇਆ, ਤਿੰਨ ਜ਼ਖ਼ਮੀ ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਈਆਂ ਦੋ ਮਹਿਲਾਵਾਂ ਗ੍ਰਿਫਤਾਰ ਓਨਟਾਰੀਓ ਦੀ ਸਾਬਕਾ ਲਿਬਰਲ ਐਮਪੀ ਕਿੰਮ ਰੱਡ ਦਾ ਹੋਇਆ ਦੇਹਾਂਤ ਘਰ ਵਿੱਚ ਵਾਪਰੀ ਘਟਨਾ ਵਿੱਚ ਮਹਿਲਾ ਹਲਾਕ, ਪੁਰਸ਼ ਹਿਰਾਸਤ ਵਿੱਚ ਅਪਰੈਲ ਵਿੱਚ ਫੈਡਰਲ ਘੱਟ ਤੋਂ ਘੱਟ ਉਜਰਤਾਂ ਵਿੱਚ ਹੋਵੇਗਾ ਵਾਧਾ ਅਲਬਰਟਾ ਵੱਲੋਂ ਸਕਿੱਲਡ ਟਰੇਡ ਵਰਕਰਜ਼ ਰਕਰੂਟ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਤੋਂ ਚਿੰਤਤ ਨਹੀਂ ਹਨ ਫੋਰਡ ਟੋਰਾਂਟੋ ਵਿੱਚ ਪੁਲਿਸ ਨੇ ਬਰਾਮਦ ਕੀਤੇ 13 ਮਿਲੀਅਨ ਡਾਲਰ ਦੇ ਡਰੱਗਜ਼, 9 ਗ੍ਰਿਫਤਾਰ