Welcome to Canadian Punjabi Post
Follow us on

25

January 2021
ਸੰਪਾਦਕੀ

ਹਸਪਤਾਲਾਂ ਦੇ ਹਾਲਵੇਅ ਵਿੱਚ ਰੁਲਦੇ ਮਰੀਜ਼: ਪ੍ਰੀਮੀਅਰ ਦੇ ਜੁਮਲੇ ਅਤੇ ਸਿਹਤ ਮੰਤਰੀ ਦੀ ਸਮਝ ਵਿੱਚ ਫ਼ਰਕ

July 17, 2019 09:38 AM

ਪੰਜਾਬੀ ਪੋਸਟ ਸੰਪਾਦਕੀ

ਜਾਪਦਾ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰੀਮੀਅਰਾਂ ਦੀ ਇੱਕ ਮੀਟਿੰਗ ਦੌਰਾਨ ਉਂਟੇਰੀਓ ਦੇ ਹਸਪਤਾਲਾਂ ਦੇ ਹਾਲਵੇਆਂ ਵਿੱਚ ਰੁਲਦੇ ਮਰੀਜ਼ਾਂ ਦੀ ਹਾਲਤ ਨੂੰ ਸੁਧਾਰਨ ਲਈ ਮਾਰਿਆ ਗਿਆ ਪ੍ਰੀਮੀਅਰ ਡੱਗ ਫੋਰਡ ਦਾ ਦਮਗਜ਼ਾ ਲੋੜ ਤੋਂ ਕੁੱਝ ਜਿ਼ਆਦਾ ਹੀ ਵੱਡਾ ਸੀ। ਪ੍ਰੀਮੀਅਰ ਫੋਰਡ ਨੇ ਦਾਅਵਾ ਕੀਤਾ ਸੀ ਕਿ ਜਿਸ ਵੇਲੇ ਸਾਡੀ ਸਰਕਾਰ ਬਣੀ ਸੀ ਤਾਂ ਮਰੀਜ਼ਾਂ ਨੂੰ ਡਾਕਟਰ ਦੁਆਰਾ ਵੇਖੇ ਜਾਣ ਲਈ 5 ਘੰਟੇ ਤੱਕ ਉਡੀਕ ਕਰਨੀ ਪੈਂਦੀ ਸੀ (ਸ਼ਾਇਦ ਉਸਨੂੰ ਬਰੈਂਪਟਨ ਦੀ ਸਥਿਤੀ ਦਾ ਜਾਇਜ਼ਾ ਨਹੀਂ ਹੋਵੇਗਾ ਜਿੱਥੇ ਕਈ ਵਾਰ ਐਮਰਜੰਸੀ ਵਿੱਚ ਡਾਕਟਰ ਨੂੰ ਮਿਲਣ ਲਈ ਮਰੀਜ਼ਾਂ ਦੀ ਸਾਰੀ ਰਾਤ ਹੀ ਬੀਤ ਜਾਂਦੀ ਹੈ), ਪਰ ਹੁਣ ਉਂਟੇਰੀਓ ਭਰ ਵਿੱਚ ਸਿਰਫ਼ 1000 ਮਰੀਜ਼ ਹਾਲਵੇਆਂ ਵਿੱਚ ਹਨ। ਫੋਰਡ ਨੇ ਭਰੋਸਾ ਦੁਆਇਆ ਕਿ ਉਂਟੇਰੀਓ ਵਾਸੀ ਆਸ ਕਰ ਸਕਦੇ ਹਨ ਕਿ ਅਗਲੇ ਸਾਲ ਤੱਕ ਕੋਈ ਵੀ ਮਰੀਜ਼ ਹਾਲਵੇਆਂ ਵਿੱਚ ਨਹੀਂ ਹੋਵੇਗਾ। ਪ੍ਰੀਮੀਅਰ ਦੇ ਬਿਆਨ ਤੋਂ ਬਾਅਦ ਕੱਲ ਉਂਟੇਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਦਾ ਬਿਆਨ ਆਇਆ ਹੈ ਜਿਸਦਾ ਸਿੱਧਾ 2 ਅਰਥ ਸੀ ਕਿ ਪ੍ਰੀਮੀਅਰ ਫੋਰਡ ਥੋੜਾ ਕਾਹਲ ਵਿੱਚ ਸਨ ਅਤੇ ਹਾਲਵੇਅ ਉਡੀਕ ਸਮੇਂ ਨੂੰ ਖਤਮ ਕਰਨ ਬਾਰੇ ‘ਮੋਟਾ ਜੁਮਲਾ’ ਸੁੱਟ ਬੈਠੇ।

ਉਰਦੂ ਵਿੱਚ ਜੁਮਲੇ ਦਾ ਮਾਅਨਾ ‘ਵਾਕ’ ਹੁੰਦਾ ਹੈ ਪਰ ਭਾਰਤੀ ਸਿਆਸਤ ਵਿੱਚ ਇਸ ਸ਼ਬਦ ਨੂੰ ਉਸ ਸੰਦਰਭ ਵਿੱਚ ਵਰਤਿਆ ਜਾਂਦਾ ਹੈ ਜਦੋਂ ਲੀਡਰ ਕਿਸੇ ਅਹਿਮ ਮਸਲੇ ਦੇ ਹੱਲ ਬਾਰੇ ਦੈਂਤ ਕੱਦ ਦੇ ਵਾਅਦੇ ਕਰਦੇ ਹਨ ਪਰ ਹਕੀਕਤ ਵਿੱਚ ਕਰਨਾ ਕਰਾਉਣਾ ਕੁੱਝ ਨਹੀਂ ਹੁੰਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿਤੇ ਜਾਂਦੇ ਉਹਨਾਂ ਬਿਆਨਾਂ ਨੂੰ, ਜਿਹੜੇ ਸੰਭਵਤਾ ਬਿਨ-ਬੁਨਿਆਦ ਹੁੰਦੇ ਹਨ, ਨੂੰ ‘ਮੋਦੀ ਦੇ ਜੁਮਲੇ’ ਆਖ ਕੇ ਮਜਾਕ ਕੀਤਾ ਜਾਣਾ ਆਮ ਗੱਲ ਹੈ। ਚੇਤੇ ਰਹੇ ਕਿ ਡੌਨਲਡ ਟਰੰਪ ਦੇ ਕਈ ਟਵੀਟ ਵਿਆਕਾਰਣ ਦੇ ਪੱਖ ਤੋਂ ਜੁਮਲੇ ਹੋਣ ਦੇ ਬਾਵਜੂਦ ਜੁਮਲੇ ਨਹੀਂ ਹੁੰਦੇ ਕਿਉਂਕਿ ਟਰੰਪ ਜੋ ਚੰਗੀਆਂ ਮੰਦੀਆਂ ਗੱਲਾਂ ਆਖਦਾ ਹੈ, ਉਹਨਾਂ ਦੇ ਸਹੀ ਜਾਂ ਗਲਤ ਹੋਣ ਬਾਰੇ ਸੋਚੇ ਬਗੈਰ ਪੂਰਾ ਕਰਨ ਲਈ ਕਦਮ ਚੁੱਕਣ ਵਿੱਚ ਝਿਜਕ ਨਹੀਂ ਵਿਖਾਉਂਦਾ। ਇਸਤੋਂ ਉਲਟ ‘ਜੁਮਲੇ’ ਬੱਸ ‘ਸੋਹਣੀਆਂ ਮਿੱਠੀਆਂ ਗੱਲਾਂ ਦੀ ਚਾਸ਼ਣੀ ਨਾਲ ਬਣਾਏ ‘ਕੜਾਹ’ ਵਰਗੇ ਹੁੰਦੇ ਹਨ।


ਉਂਟੇਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਫੋਰਡ ਦੇ ਜੁਮਲੇ ਤੋਂ ਬਾਅਦ ਸਪੱਸ਼ਟ ਕੀਤਾ ਹੈ ਕਿ ਪ੍ਰੀਮੀਅਰ ਫੋਰਡ ਦੀ ਭਾਵਨਾ ਸਿਰਫ਼ ਹਾਲਵੇਅ ਇਲਾਜ ਨੂੰ ਖਤਮ ਕਰਨ ਦੀ ‘ਇੱਛਾ ਜਾਹਰ’ ਕਰਨ ਦੀ ਸੀ, ਨਾ ਕਿ ਉਸਨੇ ‘ਹਾਲਵੇਅ’ ਇਲਾਜ ਖਤਮ ਕਰਨ ਦਾ ਵਾਅਦਾ ਕੀਤਾ ਹੈ। ਦੋਵਾਂ ਨੇਤਾਵਾਂ ਵੱਲੋਂ ਦਿੱਤੇ ਗਏ ਆਪਾ ਵਿਰੋਧੀ ਬਿਆਨਾਂ ਤੋਂ ਬਾਅਦ ਉਂਟੇਰੀਓ ਵਾਸੀ ਭੰਬਲਭੂਸੇ ਵਿੱਚ ਪੈ ਗਏ ਹਨ ਕਿ ਸਰਕਾਰ ਨੇ ਹਾਲਵੇਅ ਸਥਿਤੀ ਨੂੰ ਸੁਧਾਰਨ ਲਈ ਕੁੱਝ ਕਰਨਾ ਵੀ ਹੈ ਜਾਂ ਨਹੀਂ।


ਮਿਸਾਲ ਵਜੋਂ ਅਪਰੈਲ 2016 ਤੋਂ ਅਪਰੈਲ 2017 ਦੇ ਅਰਸੇ ਦੌਰਾਨ ਬਰੈਂਪਟਨ ਸਿਵਕ ਹਸਪਤਾਲ ਵਿੱਚ 4352 ਲੋਕਾਂ ਦਾ ਇਲਾਜ ਹਾਲਵੇਅ ਵਿੱਚ ਕੀਤਾ ਗਿਆ। ਕਈ ਮਰੀਜ਼ਾਂ ਨੂੰ 40 ਤੋਂ ਲੈ ਕੇ 70 ਘੰਟਿਆਂ ਤੱਕ ਹਾਲਵੇਅ ਵਿੱਚ ਰਹਿਣਾ ਪੈਂਦਾ ਰਿਹਾ ਹੈ। ਜੇਮੀ ਲੀ-ਬਾਲ (Jamie-Lee Ballਨਾਮਕ ਇੱਕ ਔਰਤ ਦਾ ਰਿਕਾਰਡ ਹੈ ਕਿ ਉਸਨੇ ਪੰਜ ਦਿਨ ਬਰੈਂਪਟਨ ਸਿਵਕ ਦੇ ਹਾਲਵੇਅ ਵਿੱਚ ਬਿਤਾਏ ਸਨ। ਹੁਣ ਸਥਿਤੀ ਵਿੱਚ ਕਿੰਨਾ ਕੁ ਸੁਧਾਰ ਆ ਚੁੱਕਾ ਹੋਵੇਗਾ, ਵਿਸ਼ੇਸ਼ ਕਰਕੇ ਜਦੋਂ ਹੋਰ ਸ਼ਹਿਰਾਂ ਦੇ ਮੁਕਾਬਲੇ ਬਰੈਂਪਟਨ ਵਿੱਚ ਹਸਪਤਾਲ ਬੈੱਡਾਂ ਵਿੱਚ ਇਜਾਫ਼ਾ ਨਾਮਾਤਰ ਹੀ ਹੋਇਆ ਹੈ। ਬਰੈਂਪਟਨ ਸਿਵਕ ਹਸਪਤਾਲ ਦੀ ਸਮਰੱਥਾ ਇੱਕ ਸਾਲ ਵਿੱਚ 90 ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਇਲਾਜ ਕਰਨ ਦੀ ਹੈ। ਇਸਤੋਂ ਉਲਟ 2016-17 ਵਿੱਚ ਇੱਥੇ 1 ਲੱਖ 38 ਹਜ਼ਾਰ ਮਰੀਜ਼ ਇਲਾਜ ਲਈ ਆਏ ਸਨ। ਬਰੈਂਪਟਨ ਦੀ ਆਬਾਦੀ ਵਿੱਚ 16 ਤੋਂ 20% ਸਾਲਾਨਾ ਵਾਧਾ ਹੋ ਰਿਹਾ ਹੈ, ਸੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਹਾਲਾਤ ਕਿਹੋ ਜਿਹੇ ਹੋਣਗੇ।


ਸਿਹਤ ਮੰਤਰੀ ਅਤੇ ਪ੍ਰੀਮੀਅਰ ਦੋਵਾਂ ਨੂੰ ਦੋ ਗੱਲਾਂ ਕਰਕੇ ਤੱਥਹੀਣ ਬਿਆਨ ਦੇਣੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਹਿਲੀ ਅਤੇ ਸੱਭ ਤੋਂ ਮਹੱਤਵਪੂਰਣ ਇਹ ਗੱਲ ਹੈ ਕਿ ਉਂਟੇਰੀਓ ਵਿੱਚ ਸਿਹਤ ਸੇਵਾਵਾਂ ਨੂੰ ਸੁਧਾਰਨ ਲਈ ਗੰਭੀਰ ਯਤਨ ਕੀਤੇ ਜਾਣ ਦੀ ਲੋੜ ਹੈ। ਇਸ ਵਾਸਤੇ ‘ਜੁਮਲੇ’ ਘੱਟ ਅਤੇ ਫੰਡ ਵੱਧ ਲੋੜੀਂਦੇ ਹਨ। ਦੂਜੀ ਮਹੱਤਵਪੂਰਣ ਗੱਲ ਹੈ ਕਿ ਅਕਤੂਬਰ ਵਿੱਚ ਆ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਇਹ ਦੋਵੇਂ ‘ਜੁਮਲਿਆਂ’ ਅਤੇ ‘ਮੋੜਵੇਂ ਜੁਮਲਿਆਂ’ ਦੀ ਖੇਡ ਖੇਡਕੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਦੀ ਨੀਂਦ ਉਡਾਉਣ ਤੋਂ ਵੱਧ ਕੁੱਝ ਵੀ ਹਾਸਲ ਨਹੀਂ ਕਰ ਰਹੇ।

Have something to say? Post your comment